From Wikipedia, the free encyclopedia
ਡਾ. ਗੰਡਾ ਸਿੰਘ[1] ਦਾ ਜਨਮ (15 ਨਵੰਬਰ, 1900-27 ਦਸੰਬਰ, 1987) ਪੰਜਾਬ ਦਾ ਇਤਿਹਾਸਕਾਰ ਸੀ।
ਡਾ. ਗੰਡਾ ਸਿੰਘ | |
---|---|
ਜਨਮ | ਹਰਿਆਣਾ, ਹੁਸ਼ਿਆਰਪੁਰ ਜ਼ਿਲ੍ਹਾ, ਬ੍ਰਿਟਿਸ਼ ਪੰਜਾਬ | 15 ਨਵੰਬਰ 1900
ਮੌਤ | 27 ਨਵੰਬਰ 1987 87) | (ਉਮਰ
ਪੇਸ਼ਾ | ਇਤਿਹਾਸਕਾਰ |
ਗੰਡਾ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਹਰਿਆਣਾ ਵਿੱਚ ਪਿਤਾ ਸ. ਜਵਾਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਹੁਕਮ ਦੇਈ ਦੀ ਕੁੱਖ ਤੋਂ ਹੋਇਆ।
ਇਨ੍ਹਾਂ ਆਪਣੀ ਮੁੱਢਲੀ ਸਿੱਖਿਆ ਇਸ ਕਸਬੇ ਦੀ ਮਸੀਤ ਅਤੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਮਿਡਲ ਦੀ ਪ੍ਰੀਖਿਆ ਡੀ. ਏ. ਵੀ. ਸਕੂਲ ਹੁਸ਼ਿਆਰਪੁਰ ਤੋਂ ਪਾਸ ਕੀਤੀ। ਅਤੇ ਨੇ ਮੈਟ੍ਰਿਕ ਤਕ ਦੀ ਵਿੱਦਿਆ ਸਰਕਾਰੀ ਸਕੂਲ ਹੁਸ਼ਿਆਰਪੁਰ ਤੋਂ ਹੀ ਪ੍ਰਾਪਤ ਕੀਤੀ ਤੇ ਇਸ ਉੱਪਰੰਤ ਆਪ ਭਾਰਤੀ ਸੈਨਾ ਵਿੱਚ ਭਰਤੀ ਹੋ ਗਏ। ਸੰਨ 1921 ਵਿੱਚ ਉਹਨਾਂ ਭਾਰਤੀ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ ਈਰਾਨ ਵਿੱਚ ਐਂਗਲੋ-ਪਰਸ਼ੀਅਨ ਆਇਲ ਕੰਪਨੀ ਵਿਖੇ ਅਕਾਊਂਟਸ ਅਫ਼ਸਰ ਦਾ ਅਹੁਦਾ ਸੰਭਾਲਿਆ। ਆਪ ਨੇ 9 ਸਾਲ ਇਸ ਕੰਪਨੀ ਦੀ ਸੇਵਾ ਕੀਤੀ ਤੇ ਉੱਪਰੰਤ ਪੰਜਾਬ ਯੂਨੀਵਰਸਿਟੀ[2], ਲਾਹੌਰ ਤੋਂ ਬੀ.ਏ. ਅਤੇ 1944 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ[3] ਤੋਂ ਐੱਮ.ਏ. ਕਰਨ ਤੋਂ ਬਾਅਦ 1954 ਵਿੱਚ ਅਹਿਮਦ ਸ਼ਾਹ ਦੁਰਾਨੀ ਵਿਸ਼ੇ ’ਤੇ ਪੰਜਾਬ ਯੂਨੀਵਰਸਿਟੀ ਤੋਂ ਪੀ.ਐੱਚਡੀ. ਦੀ ਡਿਗਰੀ ਹਾਸਲ ਕੀਤੀ। ਸੰਨ 1964 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਉਹਨਾਂ ਨੂੰ ਡੀ.ਲਿੱਟ ਦੀ ਆਨਰੇਰੀ ਡਿਗਰੀ ਨਾਲ ਨਿਵਾਜਿਆ। ਉਹਨਾਂ ਨੂੰ ਅੰਗਰੇਜ਼ੀ, ਪੰਜਾਬੀ, ਫ਼ਾਰਸੀ ਅਤੇ ਉਰਦੂ ਭਾਸ਼ਾਵਾਂ ਦਾ ਭਰਪੂਰ ਗਿਆਨ ਹਾਸਲ ਸੀ।
ਬਚਪਨ ਵਿੱਚ ਆਪਣੇ ਦਾਦੀ ਤੋਂ ਸੁਣੀਆਂ ਕਹਾਣੀਆਂ ਅਤੇ ਮਾਸਟਰ ਭਗਵਾਨ ਦਾਸ ਦੀ ਅਗਵਾਈ ਸਦਕਾ ਆਪ ਵਿੱਚ ਇਤਿਹਾਸ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਹੋ ਗਈ ਸੀ। ਅਬਾਦਾਨ ਵਿੱਚ ਉਹ ਸਰ ਆਰਨੋਲਡ ਅਤੇ ਟੀ ਨੂੰ ਮਿਲੇ ਅਤੇ ਉਹਨਾਂ ਦੀ ਪ੍ਰੇਰਨਾ ਸਦਕਾ ਪੰਜਾਬ ਦੀ ਬਿਬਲੀਓਗ੍ਰਾਫ਼ੀ ’ਤੇ ਕੰਮ ਕੀਤਾ। ਉਹਨਾਂ ਦੀ ਕਈ ਸਾਲਾਂ ਦੀ ਸਖ਼ਤ ਮਿਹਨਤ ਸਦਕਾ ਇਹ ਪੁਸਤਕ ਪ੍ਰਕਾਸ਼ਿਤ ਹੋਈ। ਅਕਤੂਬਰ, 1931 ਵਿੱਚ ਡਾ. ਗੰਡਾ ਸਿੰਘ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿੱਚ ਸਿੱਖ ਹਿਸਟਰੀ ਰਿਸਰਚ ਵਿਭਾਗ ਦੇ ਇੰਚਾਰਜ ਬਣੇ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਸੋਰਸ ਮੈਟੀਰੀਅਲ ਇਕੱਤਰ ਕਰਨ ਦਾ ਕੰਮ ਸ਼ੁਰੂ ਕੀਤਾ। ਸੰਨ 1949 ਵਿੱਚ ਉਹ ਪਟਿਆਲਾ ਆ ਗਏ ਅਤੇ ਪੈਪਸੂ ਆਰਕਾਈਵਜ਼ ਦੇ ਡਾਇਰੈਕਟਰ ਬਣੇ। 1956 ਵਿੱਚ ਪੈਪਸੂ ਆਰਕਾਈਵਜ਼ ਦੀ ਸੇਵਾ ਤੋਂ ਰਿਟਾਇਰ ਹੋਣ ਉੱਪਰੰਤ ਆਪ 1963 ਤਕ ਖ਼ਾਲਸਾ ਕਾਲਜ, ਪਟਿਆਲਾ ਦੇ ਆਨਰੇਰੀ ਫਾਊਂਡਰ ਪ੍ਰਿੰਸੀਪਲ ਰਹੇ।
16 ਸਤੰਬਰ, 1963 ਨੂੰ ਆਪ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਸਥਾਪਨਾ ਕੀਤੀ ਅਤੇ 1966 ਤਕ ਇਸ ਦੇ ਡਾਇਰੈਕਟਰ ਰਹੇ। ਉਹਨਾਂ ਦੀ ਯੋਗ ਅਗਵਾਈ ਵਿੱਚ ਇਹ ਵਿਭਾਗ ਪੰਜਾਬ ਇਤਿਹਾਸ ਦੇ ਖੋਜੀਆਂ ਲਈ ਮਹੱਤਵਪੂਰਨ ਕੇਂਦਰ ਬਣ ਗਿਆ। ਵਿਭਾਗ ਵਿੱਚ ਖੋਜ ਕਰਨ ਲਈ ਇੱਕ ਲਾਇਬ੍ਰੇਰੀ ਵੀ ਸਥਾਪਤ ਕੀਤੀ ਗਈ। ਉਹਨਾਂ ਵਿਭਾਗ ਲਈ ਬਹੁਤ ਸਾਰੇ ਪ੍ਰਾਜੈਕਟ ਉਲੀਕੇ ਤੇ ਸੰਨ 1965 ਵਿੱਚ ਪੰਜਾਬ ਹਿਸਟਰੀ ਕਾਨਫਰੰਸ ਸ਼ੁਰੂ ਕੀਤੀ ਜਿਹੜੀ ਅੱਜ ਤਕ ਹਰ ਵਰ੍ਹੇ ਕਾਮਯਾਬੀ ਤੇ ਸ਼ਾਨ ਨਾਲ ਚੱਲ ਰਹੀ ਹੈ। ਸੰਨ 1967 ਵਿੱਚ ਆਪ ਨੇ ‘ਦਿ ਪੰਜਾਬ ਪਾਸਟ ਐਂਡ ਪ੍ਰੈਜੈਂਟ- ਏ ਬਾਈ-ਐਨੂਅਲ ਜਰਨਲ’ ਸ਼ੁਰੂ ਕੀਤਾ ਜੋ ਅੱਜ ਵੀ ਦੇਸ਼ ਦੇ ਪ੍ਰਮੁੱਖ ਇਤਿਹਾਸਕ ਜਰਨਲਾਂ ਵਿੱਚੋਂ ਇੱਕ ਹੈ। ਪੰਜਾਬੀ ਯੂਨੀਵਰਸਿਟੀ[4] ਨੇ ਉਹਨਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਗੰਡਾ ਸਿੰਘ ਰੈਫ਼ਰੈਂਸ ਲਾਇਬ੍ਰੇਰੀ ਵੀ ਸਥਾਪਤ ਕੀਤੀ।
ਇਸ ਮਹਾਨ ਸ਼ਖ਼ਸੀਅਤ ਵੱਲੋਂ ਪੰਜਾਬ ਦੇ ਇਤਿਹਾਸ ਦੀ ਇਤਿਹਾਸਕਾਰੀ ਲਈ ਕੀਤੇ ਯਤਨਾਂ ਸਦਕਾ ਅੱਜ ਪੰਜਾਬੀ ਯੂਨੀਵਰਸਿਟੀ[5], ਪਟਿਆਲਾ ਦਾ ਪੰਜਾਬ ਇਤਿਹਾਸ ਅਧਿਐਨ ਵਿਭਾਗ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਵਿਲੱਖਣ ਸਥਾਨ ਰੱਖਦਾ ਹੈ। ਉਹਨਾਂ ਦੀ ਦੂਰਅੰਦੇਸ਼ੀ, ਇਤਿਹਾਸਕ ਸਰੋਤਾਂ ਦੇ ਇਕੱਤਰੀਕਰਨ ਅਤੇ ਪੰਜਾਬ ਦੇ ਇਤਿਹਾਸ ਨੂੰ ਪ੍ਰਮਾਣਿਕ ਰੂਪ ਵਿੱਚ ਪੇਸ਼ ਕਰਨ ਕਰ ਕੇ ਪੰਜਾਬ ਦੇ ਇਤਿਹਾਸ ਤੇ ਇਤਿਹਾਸਕਾਰੀ ਦਾ ਵਿਲੱਖਣ ਸਥਾਨ ਸਮੁੱਚੀ ਭਾਰਤੀ ਇਤਿਹਾਸਕਾਰੀ ਦੇ ਪ੍ਰਸੰਗ ਵਿੱਚ ਪੂਰੀ ਤਰ੍ਹਾਂ ਸਥਾਪਤ ਹੋ ਚੁੱਕਾ ਹੈ। ਪੰਜਾਬ ਦੇ ਇਤਿਹਾਸ ਅਤੇ ਇਤਿਹਾਸਕਾਰੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਿੱਚ ਇਨ੍ਹਾਂ ਦਾ ਯੋਗਦਾਨ ਇੱਕ ਵਿਅਕਤੀ ਦਾ ਯੋਗਦਾਨ ਨਾ ਹੋ ਕੇ, ਇੱਕ ਸੰਪੂਰਨ ਸੰਸਥਾ ਦਾ ਯੋਗਦਾਨ ਹੈ। ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਅਤੇ ਇਤਿਹਾਸਕਾਰੀ ਨੂੰ ਭਾਰਤੀ ਇਤਿਹਾਸਕਾਰੀ ਦੇ ਕੇਂਦਰ ਵਿੱਚ ਲਿਆਉਣ ਤੇ ਸਥਾਪਤ ਕਰਨ ਦਾ ਸਿਹਰਾ ਇਸ ਮਹਾਨ ਇਤਿਹਾਸਕਾਰ ਦੇ ਸਿਰ ਬੱਝਦਾ ਹੈ। ਉਹਨਾਂ ਪੰਜਾਬ ਦੇ ਇਤਿਹਾਸ ਅਤੇ ਇਤਿਹਾਸਕਾਰੀ ਨੂੰ ਇੱਕ ਨਵੀਂ ਦਿਸ਼ਾ, ਪਰਿਪੇਖ ਅਤੇ ਪ੍ਰਮਾਣਿਕਤਾ ਪ੍ਰਦਾਨ ਕੀਤੀ। ਉਹਨਾਂ ਦੇ ਇਸ ਯਤਨ ਸਦਕਾ ਨਾ ਕੇਵਲ ਪੰਜਾਬ ਸਗੋਂ ਭਾਰਤੀ ਇਤਿਹਾਸਕਾਰੀ ਦੇ ਖੇਤਰ ਵਿੱਚ ਖੇਤਰੀ ਇਤਿਹਾਸਕਾਰੀ ਦੀ ਇੱਕ ਨਵੀਂ ਪ੍ਰਵਿਰਤੀ ਦੀ ਸਥਾਪਨਾ ਹੋਈ।
ਈਰਾਨ 'ਚ ਰਹਿੰਦਿਆਂ ਇਨ੍ਹਾਂ ਆਪਣੀ ਪਹਿਲੀ ਪੁਸਤਕ 'ਮਾਈ ਫਸਟ ਥਰਟੀ ਡੇਜ਼ ਇਨ ਮੇਸੋਪੋਟਾਮੀਆਂ' ਲਿਖੀ। ਉਹਨਾਂ ਵੱਖ-ਵੱਖ ਭਾਸ਼ਾਵਾਂ ਵਿੱਚ ਕਰੀਬਨ 6 ਦਰਜਨ ਪੁਸਤਕਾਂ ਅਤੇ ਲਗਪਗ 350 ਖੋਜ ਪੱਤਰ ਲਿਖੇ। ਉਹਨਾਂ ਦੀਆਂ ਪੁਸਤਕਾਂ ਅਤੇ ਖੋਜ ਪੱਤਰ ਪੰਜਾਬ ਨਾਲ ਸਬੰਧਤ ਕਿਸੇ ਵੀ ਇਤਿਹਾਸਕ ਸੂਚਨਾ ਲਈ ਸ੍ਰੋਤ ਪੁਸਤਕਾਂ ਵਜੋਂ ਸਰਵ-ਪ੍ਰਵਾਨਿਤ ਹਨ। ਪੰਜਾਬੀ ਵਿੱਚ ਮਹਾਰਾਜਾ ਕੌੜਾ ਮੱਲ ਬਹਾਦਰ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਕੂਕਿਆਂ ਦੀ ਵਿਥਿਆ[6], ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ, ਬਾਬਾ ਬੰਦਾ ਸਿੰਘ ਬਹਾਦਰ, ਸ੍ਰੀ ਗੁਰ ਸੋਭਾ, ਹੁਕਮਨਾਮੇ, ਜੱਸਾ ਸਿੰਘ ਆਹਲੂਵਾਲੀਆ ਆਦਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹ ਮਹਾਨ ਇਤਿਹਾਸਕਾਰ ਤੇ ਸਿਰੜੀ ਇਨਸਾਨ 27 ਦਸੰਬਰ, 1987 ਈ: ਵਿੱਚ ਪਟਿਆਲਾ ਵਿਖੇ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਿਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.