ਝਾਂਜਰ
From Wikipedia, the free encyclopedia
ਝਾਂਜਰ ਪੰਜਾਬੀ ਸੱਭਿਆਚਾਰ ਤੇ ਜੀਵਨ ਜਾਂਚ ਦੇ ਕੁਝ ਨਿਵੇਕਲੇ ਪਛਾਣ ਚਿੰਨ੍ਹਾਂ ਵਿੱਚੋਂ ਗਹਿਣੇ ਅਹਿਮ ਥਾਂ ਰੱਖਦੇ ਹਨ। ਇਹ ਸਾਡੀ ਵਿਰਾਸਤ ਤੇ ਵਰਤਮਾਨ ਦਾ ਅਨਿੱਖੜਵਾਂ ਅੰਗ ਅਤੇ ਸਾਡੇ ਸੱਭਿਆਚਾਰਕ ਵਿਰਸੇ ਦੀ ਪਛਾਣ ਹਨ। ਮੁਟਿਆਰ ਨੂੰ ਕਿਸੇ ਮੇਲੇ ਤਿਉਹਾਰ, ਕਿਸੇ ਰਸਮ-ਰਿਵਾਜ ਜਾਂ ਵਿਆਹ ਸਮੇਂ ਝਾਂਜਰ ਪਾਉਂਣ ਦਾ ਸ਼ੋਕ ਹੁੰਦਾ ਹੈ। ਪੰਜਾਬੀ ਵਿਰਸੇ ਨਾਲ ਜੁੜੇ ਅਨੇਕਾਂ ਗਹਿਣੇ ਸਮੇਂ-ਸਮੇਂ ’ਤੇ ਪੰਜਾਬੀ ਔਰਤਾਂ-ਮਰਦਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਹਨ। ਇਨ੍ਹਾਂ ਵਿੱਚ ਸਿੰਙ ਤਵੀਤ, ਬੁਗਤੀਆਂ, ਚੂੜੀਆਂ, ਰੇਲਾਂ, ਹਮੇਲਾਂ, ਪਰੀਬੰਦ, ਰਾਣੀ ਹਾਰ, ਚੰਨਣ ਹਾਰ, ਬੰਦ, ਕੰਗਣ, ਡੰਡੀ, ਕੈਂਠਾ, ਮੁਰਕੀਆਂ, ਨੱਤੀਆਂ, ਪਿੱਪਲ-ਪੱਤੀਆਂ, ਸੱਗੀ ਫੁੱਲ, ਗੋਖੜੂ, ਗਜਰੇ, ਲੌਂਗ, ਕੋਕਾ, ਤੀਲੀ, ਮਛਲੀ, ਟਿੱਕਾ, ਨੱਥ, ਛਾਪਾਂ-ਛੱਲੇ, ਮੁੰਦਰੀਆਂ, ਬਾਜ਼ੂਬੰਦ, ਕਾਂਟੇ, ਕੜੇ, ਵਾਲੀਆਂ, ਜ਼ੰਜੀਰੀਆਂ ਤੇ ਝਾਂਜਰਾਂ ਪ੍ਰਮੁੱਖ ਹਨ।
ਇਸਤਰੀਆਂ ਦੇ ਗਿੱਟਿਆਂ ਤੇ ਪਾਉਣ ਵਾਲੇ ਚਾਂਦੀ ਦੇ ਬਣੇ ਪੱਟੀਨੁਮਾ ਲੜੀਆਂ ਵਾਲੇ ਗਹਿਣੇ ਨੂੰ ਝਾਂਜਰਾਂ ਕਹਿੰਦੇ ਹਨ। ਝਾਂਜਰਾਂ ਨੂੰ ਗੋਲ ਅਕਾਰ ਦੇ ਛੋਟੇ-ਛੋਟੇ ਘੁੰਗਰੂ ਲੱਗੇ ਹੁੰਦੇ ਹਨ। ਪਹਿਲੇ ਸਮਿਆਂ ਵਿਚ ਕੁਆਰੀਆਂ ਕੁੜੀਆਂ ਲਈ ਹਰ ਗਹਿਣਾ ਪਾਉਣਾ ਵਰਜਿਤ ਹੁੰਦਾ ਸੀ। ਵਿਆਹ ਤੋਂ ਬਾਅਦ ਹੀ ਮੁਟਿਆਰਾਂ ਝਾਂਜਰਾਂ ਪਾਉਂਦੀਆਂ ਹੁੰਦੀਆਂ ਸਨ। ਪਹਿਨੀਆਂ ਹੋਈਆਂ ਝਾਂਜਰਾਂ ਦੀ ਛਣਕਾਰ ਦੂਰ ਤੱਕ ਸੁਣਾਈ ਦਿੰਦੀ ਸੀ। ਝਾਂਜਰਾਂ ਹਰ ਰੋਜ ਦਾ ਪਹਿਨਣ ਵਾਲਾ ਗਹਿਣਾ ਨਹੀਂ ਸੀ। ਇਹ ਵਿਆਹਾਂ ਸਮੇਂ, ਖੁਸ਼ੀ ਦੇ ਸਮਾਮਗਾਂ ਸਮੇਂ ਅਤੇ ਤਿੱਥ ਤਿਉਹਾਰਾਂ ਦੇ ਸਮੇਂ ਹੀ ਪਹਿਨੀਆਂ ਜਾਂਦੀਆਂ ਸਨ। ਹੁਣ ਪੈਰਾਂ ਵਿਚ ਗਹਿਣੇ ਪਾਉਣ ਦਾ ਰਿਵਾਜ ਬਹੁਤ ਘੱਟ ਗਿਆ ਹੈ। ਕੋਈ-ਕੋਈ ਮੁਟਿਆਰ ਹੀ ਹੁਣ ਝਾਂਜਰਾਂ ਪਾਉਂਦੀ ਹੈ।[1]