From Wikipedia, the free encyclopedia
ਸਿਧ ਗੋਸਟ ਜਾਂ ਸਿਧ ਗੋਸਟਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੈ ਜੋ ਗੁਰੂ ਨਾਨਕ ਸਾਹਿਬ ਦੁਆਰਾ ਰਚਿਆ ਸਿਧਾਂ ਨਾਲ ਸ਼ਿਵਰਾਤਰੀ ਦੇ ਮੇਲੇ ਦੌਰਾਨ ਅੱਚਲ ਵਟਾਲੇ ਵਿਖੇ ਹੋਏ ਵਾਰਤਾਲਾਪ ਜਾਂ ਸੰਵਾਦ ਦਾ ਰਿਕਾਰਡ ਹੈ। ਇਸ ਵਿੱਚ ੭੩ ਪਦੇ ਹਨ।ਇਹ ਸਵਾਲ-ਜਵਾਬ ਦੀ ਸ਼ਕਲ ਵਿੱਚ ਹਨ।ਸਵਾਲ ਸਿਧਾਂ ਨੇ ਪੁੱਛੇ ਹਨ ਤੇ ਜਵਾਬ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਗਏ ਹਨ। ਇਹ ਵਾਰਤਾਲਾਪ ਅੰਤਰ ਧਰਮ ਵਿਚਾਰ ਵਟਾਂਦਰੇ ਦੀ ਇੱਕ ਉਦਾਹਰਨ ਹੈ ਜੋ ਗੁਰੂ ਸਾਹਿਬ ਨੇ ਉਸ ਸਮੇਂ ਵਿੱਚ ਕਾਇਮ ਕੀਤੀ। ਮਿਸਾਲ ਦੇ ਤੌਰ 'ਤੇ:
"ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥" ਜਿਸ ਦਾ ਉੱਤਰ ਦਰਜ ਹੈ
"ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥"
"ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥ ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥ ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥"
ਜਿਸ ਦਾ ਜਵਾਬ ਹੈ: "ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥ ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥"
ਇਸ ਬਾਣੀ ਦੀ ਤਰਤੀਬ ਪਉੜੀਆਂ ਵਿੱਚ ਹੈ ਅਤੇ ਪਹਿਲੀ ਪਉੜੀ ਮੰਗਲਾਚਰਨ ਦੀ ਹੈ। ਇਸ ਵਿੱਚ ਸੰਤ ਸਭਾ ਦੀ ਵਡਿਆਈ ਕੀਤੀ ਗਈ ਹੈ ਕਿ 'ਸਤਸੰਗ' ਦੀ ਬਰਕਤ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
ਗੁਰੂ ਨਾਨਕ ਦੇਵ ਜੀ ਤੋਂ ਨਿਜੀ ਪ੍ਰਸ਼ਨ:
ਇਸ ਤਰ੍ਹਾਂ ਦੇ ਅਨੇਕਾਂ ਹੀ ਸੁਆਲ ਸਿੱਧ ਗੁਰੂ ਨਾਨਕ ਸਾਹਿਬ ਤੋਂ ਕਰਦੇ ਹਨ।
ਹਰੇਕ ਸ਼ਬਦ ਦਾ, ਜਾਂ, ਲੰਮੀ ਬਾਣੀ ਦਾ ਕੇਂਦਰੀ ਭਾਵ ਉਹਨਾਂ ਤੁਕਾਂ ਵਿੱਚ ਹੋਇਆ ਕਰਦਾ ਹੈ ਜਿਨ੍ਹਾਂ ਦੇ ਅਖ਼ੀਰ ਤੇ ਲਫ਼ਜ਼ "ਰਹਾਉ" ਲਿਖਿਆ ਹੁੰਦਾ ਹੈ। ਲਫ਼ਜ਼ 'ਰਹਾਉ' ਦਾ ਅਰਥ ਹੈ "ਠਹਿਰ ਜਾਓ", ਭਾਵ, ਜੇ ਤੁਸਾਂ ਸਾਰੇ ਸ਼ਬਦ ਜਾਂ ਸਾਰੀ ਬਾਣੀ ਦਾ ਕੇਨਦਰੀ ਭਾਵ ਸਮਝਣਾ ਹੈ ਤਾਂ ਇਨ੍ਹਾਂ ਤੁਕਾਂ ਨੂੰ ਗਹੁ ਨਾਲ ਵਿਚਾਰੋ।
'ਸਿਧ ਗੋਸਟਿ' ਦੀਆਂ 'ਰਹਾਉ' ਦੀਆਂ ਤੁਕਾਂ ਇਉਂ ਹਨ:
ਕਿਆ ਭਵੀਐ? ਸਚਿ ਸੂਚਾ ਹੋਇ।। ਸਾਚ ਸਬਦ ਬਿਨੁ ਮੁਕਤਿ ਨ ਹੋਇ।।
ਸੋ, "ਸਿਧ ਗੋਸਟਿ" ਦਾ ਕੇਂਦਰੀ ਖਿਆਲ ਹੈ - ਗ੍ਰਿਹਸਤ ਛੱਡਣ ਦਾ ਕੋਈ ਲਾਭ ਨਹੀਂ। ਗ੍ਰਹਿਸਤ ਛੱਡਿਆਂ ਸੁੱਚਾ ਨਹੀਂ ਹੋ ਸਕੀਦਾ, ਮਾਇਆ ਦੇ ਬੰਧਨਾਂ ਤੋਂ ਅਜ਼ਾਦੀ ਨਹੀਂ ਮਿਲਦੀ। ਪਰਮਾਤਮਾ ਦੀ ਯਾਦ ਵਿੱਚ ਜੁਵਿਆਂ ਹੀ ਮਨ ਪਵਿਤਰ ਹੁੰਦਾ ਹੈ। ਜਦ ਤਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿੱਚ ਮਨ ਨਾ ਜੁੜੇ, ਮਾਇਆ ਦੀ ਖਿੱਚ ਤੋਂ ਖਲਾਸੀ ਨਹੀਂ ਹੁੰਦੀ।[3]
ਇਸ ਬਾਣੀ ਦੇ ਤਕਰੀਬਨ ਪੌਣੇ ਸੱਠ ਜਜ਼ਾਰ ਅੱਖਰ ਹਨ। ਪਰ ਅਸਚਰਜ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨੌਂ ਸਫ਼ਿਆਂ ਦੀ ਬਾਣੀ ਵਿੱਚ ਸਿਰਫ਼ ਹੇਠ-ਲਿਖੇ 15 ਲਫ਼ਜ਼ ਅਰਬੀ ਫ਼ਾਰਸੀ ਬੋਲੀ ਦੇ ਆਏ ਹਨ:
ਰਜਾਏ, ਦੁਨੀਆ, ਤਮਾਈ, ਹੁਕਮੁ, ਸਿਫਤਿ, ਨਦਰਿ, ਹਜੂਰੇ, ਕੀਮਤਿ, ਫੁਰਮਾਣੇ।
ਬਖਸਿ, ਦਰਗਹ, ਪਿਰਹਨੁ, ਦਾਨਾ, ਬੀਨਾ, ਗੁਬਾਰਿ।
ਗੁਰੂ ਸਾਹਿਬ ਨੇ ਇਹ ਸ਼ਬਦ ਵੀ ਹੂਬਹੂ ਜਾਂ ਤਤਸਮ ਰੂਪ ਵਿੱਚ ਨਹੀਂ ਵਰਤੇ, ਸਗੋਂ ਇਹਨਾਂ ਨੂੰ ਤਤਭਵ ਰੂਪ ਵਿੱਚ ਵਰਤਿਆ ਗਿਆ ਹੈ।...ਅਰਬੀ ਦੇ ਅੱਖਰ ਜ਼ੇ, ਜ਼ੁਇ, ਜ਼ੁਆਦ ਦਾ ਉੱਚਾਰਨ ਪੰਜਾਬੀ ਵਿੱਚ ਆਮ ਤੌਰ 'ਤੇ ਅੱਖਰ 'ਦੱਦੇ' ਨਾਲ ਹੋਣ ਲੱਗ ਪਿਆ। ਅਜਿਹੀਆਂ ਤਬਦੀਲੀਆਂ ਜਾਣ-ਬੁੱਝ ਕੇ ਨਹੀਂ ਕੀਤੀਆਂ ਜਾਂਦੀਆਂ, ਵਖ-ਵਖ ਜਲ-ਵਾਯੂ ਦੇ ਅਸਰ ਹੇਠ ਬੰਦਿਆਂ ਦੀ ਜੀਭ ਖ਼ਾਸ ਖ਼ਾਸ ਆਵਾਜ਼ਾਂ ਹੀ ਉੱਚਾਰਨ ਗਿੱਝ ਜਾਂਦੀ ਹੈ। ਅਰਬ ਲੋਕ ਆਪ ਭੀ 'ਜ਼ੁਆਦ' ਨੂੰ 'ਜ਼ੁਆਦ' ਅਤੇ 'ਦੁਆਦ' ਦੋਂ ਤਰ੍ਹਾਂ ਉਚਾਰਦੇ ਹਨ। ਗੁਰਬਾਣੀ ਵਿੱਚ ਇਹਨਾਂ ਅੱਖਰਾਂ ਵਾਲੇ ਲਫ਼ਜ਼ ਇਉਂ ਮਿਲਦੇ ਹਨ:
ਕਾਗ਼ਜ਼ - ਕਾਗਜ਼
ਹਜ਼ੂਰਿ - ਹਦੂਰਿ (ਕਿਤੇ ਕਿਤੇ 'ਹਜੂਰਿ' ਭੀ)
ਕਾਜ਼ੀ - ਕਾਦੀ
ਨਜ਼ਰਿ - ਨਦਰਿ।[4]
ਗੁਰੂ ਨਾਨਕ ਸਾਹਿਬ ਦੀਆਂ ਸਿਧਾਂ ਨਾਲ ਹੋਈਆਂ ਚਾਰ ਗੋਸ਼ਟੀਆਂ ਵਿਚੋਂ ਦੋ ਪ੍ਰਮੁੱਖ ਹਨ, ਪਹਿਲੀ ਸੁਮੇਰ ਪਰਬਤ ਵਾਲੀ ਤੇ ਦੂਸਰੀ ਜਿਸ ਦਾ ਰਿਕਾਰਡ ਉਪਰੋਕਤ ਬਾਣੀ ਵਿੱਚ ਹੈ।ਵਗੁਰੂ ਨਾਨਕ ਸਾਹਿਬ ਸ਼ਿਵਰਾਤ ਮੇਲੇ 'ਤੇ ਅਚੱਲ ਵਟਾਲੇ ਆਏ।ਸਿਧ ਜੋਗੀ ਆਮ ਤੌਰ 'ਤੇ ਇਸ ਮੇਲੇ 'ਤੇ ਸਭਾ ਲਾਇਆ ਕਰਦੇ ਸਨ। ਗੁਰੂ ਨਾਨਕ ਦੇ ਮੇਲੇ ਵਿੱਚ ਆਉਣ ਕਰਕੇ ਲੋਕ ਉਨ੍ਹਾਂ ਵੱਲ ਖਿੱਚੇ ਗਏ, ਜਿਸ ਕਾਰਨ ਸਿਧਾਂ ਨੇ ਸ਼ਕਤੀ ਪ੍ਰਦਰਸ਼ਨ ਹੇਤੂ ਰਾਸਧਾਰੀਆਂ ਦਾ ਉਨ੍ਹਾਂ ਦਾ ਉਗਰਾਹੀ ਵਾਲਾ ਲੋਟਾ ਛਿਪਾ ਦਿੱਤਾ ਤੇ ਉਨ੍ਹਾਂ ਨੂੰ ਨਾਨਕ ਤਪੇ ਕੋਲੋਂ ਲਭਾਣ ਲਈ ਪ੍ਰੇਰਿਆ।ਗੁਰੂ ਸਾਹਿਬ ਨੇ ਥੋੜੀ ਇਕਾਗਰਤਾ ਨਾਲ ਹੋਈ ਇਹ ਖੇਡ ਪ੍ਰਗਟਾਉਣ ਲਈ ਲੋਕਾਂ ਦੀ ਸਹਾਇਤਾ ਕੀਤੀ ਤੇ ਲੋਟਾ ਲਭਾ ਦਿੱਤਾ। ਜੋਗੀ ਕ੍ਰੋਧਿਤ ਹੋ ਕੇ ਗੁਰੂ ਸਾਹਿਬ ਨੂੰ ਸੰਵਾਦ ਰਾਹੀਂ ਹਰਾਉਣ ਲਈ ਆਏ।[5]
ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ 'ਵਾਰ' ਵਿੱਚ ਇਸ ਬਹਿਸ ਦਾ ਕਾਫ਼ੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਉਥੇ ਉਹ ਲਿਖਦੇ ਹਨ ਕਿ ਸ਼ਿਵਰਾਤ ਦਾ ਮੇਲਾ ਸੁਣ ਕੇ ਗੁਰੂ ਨਾਨਕ ਦੇਵ ਜੀ ਕਰਤਾਰਪੁਰੋਂ ਅੱਚਲ ਵਟਾਲੇ ਗਏ। ਮੇਲਾ ਖ਼ਤਮ ਹੋਣ ਤੇ ਆਪ ਮੁਲਤਾਨ ਪਹੁੰਚੇ। ਮੁਲਤਾਨ ਤੋਂ ਵਾਪਸ ਕਰਤਾਰਪੁਰ ਆ ਕੇ ਝਬਦੇ ਹੀ ਸਤਿਗੁਰੂ ਜੀ ਨੇ ਬਾਬਾ ਲਹਿਣਾ ਜੀ ਨੂੰ ਆਪਣੀ ਜ਼ਿੰਮੇਵਾਰੀ ਸੌਂਪ ਦਿੱਤੀ।
ਸ਼ਿਵਰਾਤ ਫ਼ਰਵਰੀ-ਮਾਰਚ ਵਿੱਚ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਸਤੰਬਰ 1539 ਵਿੱਚ ਜੋਤੀ ਜੋਤਿ ਸਮਾਏ ਸਨ। ਇਸ ਤੋਂ ਪਰਗਟ ਹੁੰਦਾ ਹੈ ਕਿ ਸਿਧਾਂ ਨਾਲ ਸਤਿਗੁਰੂ ਜੀ ਦੀ ਗੋਸਟਿ ਫ਼ਰਵਰੀ-ਮਾਰਚ ਸੰਨ 1539 ਵਿੱਚ ਹੋਈ ਸੀ, ਤੇ ਮੁਲਤਾਨ ਤੋਂ ਵਾਪਸ ਕਰਤਾਰਪੁਰ ਪਹੁੰਚ ਕੇ ਸਤਿਗੁਰੂ ਜੀ ਨੇ ਬਾਣੀ "ਸਿਧ ਗੋਸਟਿ" ਲਿਖੀ ਸੀ, ਜੋ ਹਰ ਹਾਲਤ ਵਿੱਚ ਸਤੰਬਰ ਤੋਂ ਪਹਿਲਾਂ ਸੀ।
ਹਾਲਾਂਕਿ ਇਸ ਬਾਰੇ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ 'ਸਿਧ ਗੋਸਟਿ' ਸੁਮੇਰ ਪਰਬਤ 'ਤੇ ਗੁਰੂ ਨਾਨਕ ਸਾਹਿਬ ਅਤੇ ਸਿਧਾਂ ਦਰਮਿਆਨ ਹੋਈ ਸੀ।
ਇਸ ਗੋਸ਼ਟੀ ਵਿੱਚ ਨਾਮ,ਸ਼ਬਦ ਗੁਰੂ, ਆਤਮਾ-ਪ੍ਰਮਾਤਮਾ, ਹਉਮੈ, ਸ੍ਰਿਸ਼ਟੀ,ਸੰਸਾਰ, ਜੀਵ, ਮਨਮੁਖ,ਗੁਰਮੁਖ, ਉਦਾਸੀ ਮਾਰਗ, ਗ੍ਰਹਿਸਤ ਮਾਰਗ ਤੇ ਹੋਰ ਅਧਿਆਤਮਕ ਵਿਸ਼ਿਆਂ ਤੇ ਚਰਚਾ ਹੋਈ।ਸਿਧ ਤਪ, ਨਾਟਕ ਚੇਟਕ ਛੇ ਦਰਸ਼ਨਾਂ ਆਦਿ ਰਾਹੀਂ ਗੁਰੂ ਸਾਹਿਬ ਨੂੰ ਜੋਗ ਮੱਤ ਧਾਰਨ ਲਈ ਕਹਿੰਦੇ ਹਨ, ਜਦ ਕਿ ਗੁਰੂ ਸਾਹਿਬ ਬਾਹਰੀ ਭੇਖ ਦੀ ਥਾਂ ਗ੍ਰਹਿਸਤ ਵਿੱਚ ਮਾਇਆਵੀ ਬਿਰਤੀ ਤੋਂ ਉੱਪਰ ਰਹਿ ਕੇ ਸ਼ਬਦ ਗੁਰੂ ਤੇ ਸੁਰਤਿ ਧੁਨਿ ਚੇਲਾ ਦੇ ਸਿਧਾਂਤ ਨੂੰ ਪ੍ਰਕਾਸ਼ਮਾਨ ਕਰਦੇ ਹਨ।ਇਸ ਬਾਣੀ ਦੇ ਅਖੀਰਲੇ ਪਦੇ ਅਨੁਸਾਰ ਨਾ ਕੇਵਲ ਸਿਧ ਸਗੋਂ, ਛੇ ਦਰਸ਼ਨਾਂ ਦੇ ਪੰਡਤ ਵੀ ਗੁਰੂ ਸਾਹਿਬ ਦੁਆਰਾ ਦਰਸਾਏ ਨਾਮ ਮਾਰਗ ਦੇ ਕਾਬਲ ਹੋਏ।[5]
ਗੁਰੂ ਨਾਨਕ ਸਾਹਿਬ ਦੀਆਂ ਗੋਸ਼ਟੀਆਂ ਤੋਂ ਸੇਧ ਮਿਲਦੀ ਹੈ ਕਿ ਦੂਸਰੀ ਧਿਰ ਨੂੰ ਬਣਦਾ ਯੋਗ ਸਤਿਕਾਰ ਦੇ ਕੇ ਜੇ ਸੰਵਾਦ ਰਚਾਇਆ ਜਾਵੇ ਤਾਂ ਗੋਸ਼ਟੀਆਂ ਦੇ ਸਿੱਟੇ ਸਾਰਥਕ,ਸਿਹਤਮੰਦ ਤੇ ਉਸਾਰੂ ਨਿਕਲ ਸਕਦੇ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.