From Wikipedia, the free encyclopedia
ਵੱਡਾ ਘੱਲੂਘਾਰਾ (Vaḍḍā Ghallūghārā [ʋəɖɖɑ kə̀lːuɡɑ̀ɾɑ] "the great massacre or holocaust") ਅਫ਼ਗਾਨੀ ਦੁਰਾਨੀ ਫੌਜ਼ਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲਾਮ ਨੂੰ ਕਹਿੰਦੇ ਹਨ। ਇਹ 1746 ਦੇ ਛੋਟੇ ਘਲੂਘਾਰੇ ਤੋਂ ਵੱਖਰਾ ਹੈ,[1] ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫ਼ਗਾਨ ਹਮਲਾਵਰਾਂ ਦਾ ਖੂਨੀ ਕਾਰਾ ਸੀ।[2] ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ-ਬਾਹਮਣੀਆਂ
ਵੱਡਾ ਘੱਲੂਘਾਰਾ ਫਰਵਰੀ 1762 ਨੂੰ ਪਿੰਡ ਕੁੱਪ-ਰੁਹੀੜੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਧਲੇਰ-ਝਨੇਰ ਵਿੱਚ ਦੀ ਹੁੰਦਾ ਹੋਇਆ ਅੱਗੇ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾ ਕੇ ਖ਼ਤਮ ਹੋਇਆ। ਘੱਲੂਘਾਰੇ ਦਾ ਮਤਲਬ ਸਭ ਕੁਝ ਬਰਬਾਦ ਹੋ ਜਾਣਾ ਹੈ। ‘ਘੱਲੂਘਾਰੇ’ ਸ਼ਬਦ ਦਾ ਸੰਬੰਧ ਅਫ਼ਗਾਨੀ ਬੋਲੀ ਨਾਲ ਹੈ।
ਵੱਡਾ ਘੱਲੂਘਾਰਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ ਹੈ। ਸਿੱਖ ਇਤਿਹਾਸ ਦੀ ਅਹਿਮ ਘਟਨਾ ਹੈ। ਇਸ ਦੌਰਾਨ ਸਿੱਖਾਂ ਨੂੰ ਸਮੂਹਿਕ ਤੌਰ ’ਤੇ ਸ਼ਹੀਦ ਕਰ ਕੇ ਉਨ੍ਹਾਂ ਦੀਆਂ ਜੜ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਹਨੂੰਵਾਨ ਦੇ ਛੰਭ ਵਿਚ 1746 ਈ. ਨੂੰ ਛੋਟਾ ਘੱਲੂਘਾਰਾ ਵਾਪਰਦਾ ਹੈ ਅਤੇ ਪੂਰੇ 16 ਸਾਲ ਬਾਅਦ 5 ਫਰਵਰੀ, 1762 ਈਸਵੀ ‘ਚ ਕੁੱਪ-ਰਹੀੜੇ ਵਿੱਚ ਵੱਡਾ ਘੱਲੂਘਾਰਾ। ਸਿੱਖ ਦੀਵਾਲੀ, ਵਿਸਾਖੀ ‘ਤੇ ਕੋਈ ਵੱਡਾ ਮਸਲਾ ਹੱਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਜੁੜਦੇ ਸਨ। ਜਦੋਂ ਅਹਿਮਦ ਸ਼ਾਹ ਦੁਰਾਨੀ 1761 ਈਸਵੀ ਵਿਚ ਪੰਜਾਬ ’ਚੋਂ ਲੰਘਿਆ ਤਾਂ ਉਸ ਨੂੰ ਸਿੱਖਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ਸੀ। ਇਸੇ ਹਮਲੇ ਦੌਰਾਨ ਹੀ ਕੈਦ ਕਰ ਕੇ ਲਿਜਾਈਆਂ ਜਾ ਰਹੀਆਂ 2200 ਹਿੰਦੂ ਇਸਤਰੀਆਂ ਨੂੰ ਸਿੱਖਾਂ ਨੇ ਅਹਿਮਦ ਸ਼ਾਹ ਤੋਂ ਛੁਡਾ ਕੇ ਸਤਿਕਾਰ ਨਾਲ ਘਰੋ-ਘਰੀ ਪਹੁੰਚਾਇਆ ਸੀ। ਦੁਰਾਨੀ ਇਸ ਤੋਂ ਬਹੁਤਪ੍ਰੇਸ਼ਾਨ ਸੀ ਅਤੇ ਸਿੱਖਾਂ ਤੋਂ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਪੰਜਾਬ ਵਿਚ ਕੁਝ ਲੋਕ ਅਹਿਮਦ ਸ਼ਾਹ ਲਈ ਸਿੱਖਾਂ ਦੀ ਮੁਖਬਰੀ ਕਰ ਰਹੇ ਸਨ।
ਵੱਡਾ ਘੱਲੂਘਾਰਾ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਅਬਦਾਲੀ ਨੇ ਭਾਰਤ ‘ਤੇ 11 ਹਮਲੇ ਕੀਤੇ ਸਨ। ਅਖੀਰ ਸਿੱਖਾਂ ਹੱਥੋਂ ਹੋਈਆਂ ਬੇਇੱਜ਼ਤੀ ਭਰੀਆਂ ਹਾਰਾਂ ਤੋਂ ਬਾਅਦ ਹੀ ਉਹ ਹਮਲੇ ਕਰਨ ਤੋਂ ਬਾਜ਼ ਨਾ ਆਇਆ। 1761 ਵਿੱਚ ਆਪਣੇ ਪੰਜਵੇਂ ਹਮਲੇ ਸਮੇਂ ਮਰਾਠਿਆਂ ਨੂੰ ਹਰਾਉਣ ਤੋਂ ਬਾਅਦ 25-26 ਹਜ਼ਾਰ ਮਰਾਠਾ ਔਰਤਾਂ, ਬੱਚਿਆਂ ਨੂੰ ਬੰਦੀ ਬਣਾ ਕੇ ਅਬਦਾਲੀ ਕਾਬਲ ਨੂੰ ਚੱਲ ਪਿਆ। ਪੰਜਾਬ ਵਿਚ ਵੜਦੇ ਹੀ ਹਮੇਸ਼ਾ ਵਾਂਗ ਸਿੱਖ ਉਸ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਲੱਖਾਂ ਰੁਪਏ ਦਾ ਮਾਲ ਅਸਬਾਬ ਲੁੱਟ ਲਿਆ ਤੇ ਹਜ਼ਾਰਾਂ ਹਿੰਦੂ ਕੁੜੀਆਂ ਤੇ ਮੁੰਡਿਆਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਛੁਡਵਾ ਕੇ ਘਰੋ-ਘਰੀ ਪਹੁੰਚਾਇਆ।
ਅਬਦਾਲੀ ਨੇ ਭਾਰਤ ਵਿਚ ਮੁਗ਼ਲਾਂ ਤੇ ਮਰਾਠਿਆਂ ਦਾ ਲੱਕ ਤੋੜ ਦਿੱਤਾ ਸੀ। ਹੁਣ ਸਿਰਫ ਸਿੱਖ ਹੀ ਉਸ ਦਾ ਮੁਕਾਬਲਾ ਕਰਨ ਵਾਲੇ ਬਚੇ ਸਨ। ਅਬਦਾਲੀ ਦੇ ਕਾਬਲ ਜਾਂਦੇ ਹੀ ਸਿੱਖਾਂ ਨੇ ਥਾਂ ਥਾਂ ਆਪਣੇ ਕਬਜ਼ੇ ਕਰ ਲਏ। ਅਕਤੂਬਰ 1761 ਨੂੰ ਸਿੱਖਾਂ ਨੇ ਗੁਰਮਤਾ ਕਰਕੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਲਾਹੌਰ ਦੇ ਹਾਕਮ ਉਬੈਦ ਖਾਨ ਨੂੰ ਹਰਾ ਕੇ ਲਾਹੌਰ ‘ਤੇ ਕਬਜ਼ਾ ਕਰ ਲਿਆ। ਨਵਾਬ ਕਪੂਰ ਸਿੰਘ ਨੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ‘ਤੇ ਬਿਠਾ ਕੇ ‘ਸੁਲਤਾਨ-ਉਲ-ਕੌਮ’ ਦੀ ਉਪਾਧੀ ਪ੍ਰਦਾਨ ਕੀਤੀ।
ਸਿੱਖਾਂ ਨੂੰ ਪਤਾ ਸੀ ਕਿ ਅਜੇ ਉਨ੍ਹਾਂ ਕੋਲ ਲਾਹੌਰ ‘ਤੇ ਕਬਜ਼ਾ ਬਰਕਰਾਰ ਰੱਖਣ ਦੀ ਤਾਕਤ ਨਹੀਂ ਹੈ। ਇਸ ਲਈ ਉਨ੍ਹਾਂ ਨੇ ਲਾਹੌਰ ਛੱਡ ਕੇ ਜੰਡਿਆਲੇ ਸਰਕਾਰੀ ਚੁਗਲ ਮਹੰਤ ਆਕਿਲ ਦਾਸ ਨਿਰੰਜਨੀਏ ਨੂੰ ਘੇਰਾ ਪਾ ਲਿਆ। ਉਸ ਨੇ ਭਾਈ ਤਾਰੂ ਸਿੰਘ ਅਤੇ ਮਹਿਤਾਬ ਸਿੰਘ ਮੀਰਾਂਕੋਟੀਏ ਵਰਗੇ ਕਈ ਯੋਧਿਆਂ ਨੂੰ ਚੁਗਲੀ ਕਰਕੇ ਕਤਲ ਕਰਵਾਇਆ ਸੀ।
ਮਹੰਤ ਨੇ ਆਪਣੇ ਦੂਤ ਅਬਦਾਲੀ ਵੱਲ ਭਜਾ ਦਿੱਤੇ। ਅਬਦਾਲੀ ਪਹਿਲਾਂ ਹੀ ਪੰਜਾਬ ਵੱਲ ਚੱਲ ਪਿਆ ਸੀ। ਸਿੱਖਾਂ ਨੂੰ ਵੀ ਅਬਦਾਲੀ ਦੇ ਆਉਣ ਦਾ ਪਤਾ ਚੱਲ ਗਿਆ। ਉਹ ਆਪਣੇ ਟੱਬਰ ਨੂੰ ਮਾਲਵੇ ਦੇ ਰੇਤਲੇ ਇਲਾਕਿਆਂ ਵੱਲ ਛੱਡਣ ਲਈ ਚੱਲ ਪਏ ਤਾਂ ਜੋ ਬੇਫਿਕਰ ਹੋ ਕੇ ਅਬਦਾਲੀ ਦਾ ਮੁਕਾਬਲਾ ਕਰ ਸਕਣ।
ਜਦੋਂ ਅਬਦਾਲੀ ਲਾਹੌਰ ਪਹੁੰਚਿਆ ਤਾਂ ਸਿੱਖ ਸਤਲੁਜ ਟੱਪ ਕੇ ਮਾਲੇਰਕੋਟਲੇ ਦੇ ਨਜ਼ਦੀਕ ਪਿੰਡ ਕੁੱਪ ਨੇੜੇ ਡੇਰਾ ਲਾਈ ਬੈਠੇ ਸਨ। ਸਿੱਖਾਂ ਦੀ ਫੌਜ ਉਸ ਵੇਲੇ 50 ਕੁ ਹਜ਼ਾਰ ਦੇ ਕਰੀਬ ਸੀ। 50-60 ਹਜ਼ਾਰ ਹੀ ਔਰਤਾਂ, ਬੱਚੇ ਤੇ ਬ੍ਰਿਧ। ਸਿੱਖਾਂ ਨੂੰ ਉਸ ਵੇਲੇ ਅਬਦਾਲੀ ਦੇ ਹੁਕਮ ਨਾਲ ਮਾਲੇਰਕੋਟਲੇ ਦੇ ਨਵਾਬ ਭੀਖਣ ਸ਼ਾਹ ਤੇ ਸਰਹਿੰਦ ਦੇ ਸੂਬੇਦਾਰ ਜੈਨ ਖਾਨ ਨੇ ਘੇਰਾ ਪਾਇਆ ਹੋਇਆ ਸੀ।
ਅਬਦਾਲੀ ਨੂੰ ਜਦੋਂ ਸਿੱਖਾਂ ਦੇ ਮਾਲੇਰਕੋਟਲੇ ਲਾਗੇ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ 5 ਫਰਵਰੀ, 1762 ਨੂੰ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਹੀ ਅਬਦਾਲੀ ਨੇ ਦਲ ਖਾਲਸਾ ‘ਤੇ ਬੜਾ ਕਹਿਰੀ ਹਮਲਾ ਕਰ ਦਿੱਤਾ। ਉਸ ਨੇ ਅੱਧੀ ਫੌਜ ਆਪ ਰੱਖੀ ਤੇ ਅੱਧੀ ਆਪਣੇ ਵਜ਼ੀਰ ਸ਼ਾਹਵਲੀ ਖਾਨ ਨੂੰ ਦੇ ਕੇ ਸਮੇਤ ਜੈਨ ਖਾਨ, ਭੀਖਣ ਖਾਨ ਅਤੇ ਦੀਵਾਨ ਲੱਛਮੀ ਨਰਾਇਣ ਸਿੱਖਾਂ ਦੇ ਵਹੀਰ ‘ਤੇ ਹਮਲਾ ਕਰਨ ਲਈ ਭੇਜ ਦਿੱਤਾ।
ਸਿੱਖਾਂ ਨੇ ਆਪਣੇ ਵਹੀਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤੇ ਮੁਕਾਬਲੇ ਲਈ ਡਟ ਗਏ। ਇਸ ਯੁੱਧ ਵਿਚ ਤਕਰੀਬਨ ਸਾਰੀਆਂ ਮਿਸਲਾਂ ਦੇ ਸਰਦਾਰ, ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸ਼ਾਮਲ ਸਨ। ਸ਼ਾਹਵਲੀ ਖਾਨ ਵਜ਼ੀਰ ਨੇ ਵਹੀਰ ਦਾ ਬੜਾ ਨੁਕਸਾਨ ਕੀਤਾ। ਹਜ਼ਾਰਾਂ ਬਿਰਧ ਔਰਤਾਂ ਤੇ ਬੱਚੇ ਮਾਰ ਦਿੱਤੇ ਤੇ ਹਜ਼ਾਰਾਂ ਬੰਦੀ ਬਣਾ ਲਏ। ਪਤਾ ਲੱਗਣ ‘ਤੇ ਸ: ਜੱਸਾ ਸਿੰਘ ਨੇ ਸ: ਸ਼ਾਮ ਸਿੰਘ, ਸ: ਕਰੋੜਾ ਸਿੰਘ, ਸ: ਨਾਹਰ ਸਿੰਘ ਤੇ ਸ: ਕਰਮ ਸਿੰਘ ਨੂੰ ਮਦਦ ਵਾਸਤੇ ਭੇਜਿਆ।
ਸਿੱਖਾਂ ਨੇ ਬੰਦੀ ਛੁਡਵਾ ਲਏ ਤੇ ਸ਼ਾਹ ਵਲੀ ਦੀ ਫੌਜ ਦਾ ਬੜਾ ਨੁਕਸਾਨ ਕੀਤਾ। ਸ: ਚੜ੍ਹਤ ਸਿੰਘ ਹੱਥੋਂ ਜਰਨੈਲ ਸਰ ਬੁਲੰਦ ਖਾਨ ਤੇ ਸ: ਜੱਸਾ ਸਿੰਘ ਹੱਥੋਂ ਪ੍ਰਧਾਨ ਸੈਨਾਪਤੀ ਜਹਾਨ ਖਾਨ ਜ਼ਖ਼ਮੀ ਹੋ ਗਿਆ। ਇਸ ਘਲੂਘਾਰੇ ਵਿਚ ਸਿੱਖਾਂ ਦੀ ਫੌਜ 50,000 ਤੇ ਅਬਦਾਲੀ ਦੀ 2 ਲੱਖ ਸੀ। ਸਿੱਖਾਂ ਦੇ 16-18 ਹਜ਼ਾਰ ਬਾਲ ਬੱਚੇ ਤੇ ਔਰਤਾਂ ਤੇ 10-12 ਹਜ਼ਾਰ ਸਿੱਖ ਫੌਜ ਕਰੀਬ 25-30 ਹਜ਼ਾਰ ਕਤਲ ਹੋਏ। 10-12 ਹਜ਼ਾਰ ਅਬਦਾਲੀ ਦੀ ਫੌਜ ਦੇ ਮਾਰੇ ਗਏ। ਸਿੱਖਾਂ ਦਾ ਸਾਰਾ ਸਮਾਨ ਵੀ ਲੁੱਟ ਲਿਆ ਗਿਆ।
ਅਬਦਾਲੀ ਦੀ ਫੌਜ ਦੇ ਨਾਲ ਪੰਜਾਬ ਦੇ ਸਾਰੇ ਫੌਜਦਾਰ ਤੇ ਚੌਧਰੀਆਂ ਦੀ ਫੌਜ ਸੀ। ਅਬਦਾਲੀ ਨੇ ਸਿੱਖ ਫੌਜਾਂ ਦਾ ਬਰਨਾਲੇ ਤਕ ਪਿੱਛਾ ਕੀਤਾ ਤੇ ਸਿੱਖਾਂ ਦੀਆਂ ਖਿਲਰੀਆਂ ਲਾਸ਼ਾਂ ਨੂੰ ਇਕੱਠਾ ਕਰਕੇ 60 ਗੱਡਿਆਂ ‘ਤੇ ਲੱਦ ਕੇ ਲਾਹੌਰ ਦੇ ਦਰਵਜ਼ੇ ਦੇ ਮਿਨਾਰਾਂ ਉਪਰ ਟੰਗਵਾਂ ਦਿੱਤੀਆਂ। ਇਸ ਲੜਾਈ ਨੂੰ ਸਿੱਖਾਂ ਦੀ ਬਹਾਦਰੀ ਕਰਕੇ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਤੇ ਦਮਦਮਾ ਸਾਹਿਬ ਵਾਲੀਆਂ ਪੁਰਾਤਨ ਬੀੜਾਂ ਅਬਦਾਲੀ ਨੇ ਨਸ਼ਟ ਕਰ ਦਿੱਤੀਆਂ ਸਨ। ਇਸ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਕੁੱਪ-ਰਹੀੜੇ ਵਿੱਚ ਯਾਦਗਾਰ ਸਥਾਪਤ ਹੈ। ਇਹ ਸਿੱਖ ਇਤਿਹਾਸ ਦਾ ਗੌਰਵਮਈ ਪੰਨਾ ਹੈ।[3]
ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ 20 ਸਾਲ ਦੀ ਉਮਰ ਵਿੱਚ ਬਾਦਸ਼ਾਹ ਬਣ ਗਿਆ ਸੀ। ਚੜ੍ਹਦੀ ਉਮਰ, ਰਾਜ ਦਾ ਨਸ਼ਾ, ਆਪਣਾ ਰਾਜ ਵਧਾਉਣ ਬਾਰੇ ਸੋਚਣ ਲੱਗਾ। ਉਸ ਦੇ ਸੂਹੀਏ ਵਪਾਰ ਕਰਨ ਦੇ ਬਹਾਨੇ ਇਥੋਂ ਸਾਰਾ ਭੇਦ ਲੈ ਜਾਂਦੇ। ਸਾਡੇ ਲੋਕਾਂ ਨੂੰ ਤੰਬਾਕੂ ਦੇ ਭੈੜੇ ਐਬ ਦੀ ਦੇਣ ਵੀ ਇਨ੍ਹਾਂ ਦੀ ਹੈ। ਅਖੀਰ ਅਬਦਾਲੀ ਦੀ ਤੇਜ਼-ਤਰਾਰ ਅੱਖ ਬੇਲਗਾਮ ਹਿੰਦੁਸਤਾਨ ’ਤੇ ਆਈ। ਅਬਦਾਲੀ ਨੇ ਭਾਰਤ ’ਤੇ ਹੰਕਾਰੀ ਤੇ ਧਾੜਵੀ ਬਣ ਕੇ 10 ਹਮਲੇ ਕੀਤੇ। ਇਹ ਇਸ ਦਾ ਛੇਵਾਂ ਹਮਲਾ ਸੀ। ਇਸ ਵਾਰ ਅਬਦਾਲੀ ਤੇ ਇਸ ਦੇ ਝੋਲੀ-ਚੁੱਕ ਜਰਨੈਲਾਂ, ਕਮਾਂਡਰਾਂ ਦੇ ਹੌਸਲੇ ਬੁਲੰਦ ਸਨ ਕਿਉਂਕਿ ਇੱਕ ਸਾਲ ਪਹਿਲਾਂ 1761 ਵਿੱਚ ਬਹਾਦਰ ਅਖਵਾਉਣ ਵਾਲੇ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਹਰਾਇਆ ਸੀ। ਕੁਝ ਵੀ ਸੀ ਪਰ ਜਿਨ੍ਹਾਂ ਨੇ ਸਿੰਘਾਂ ਦੇ ਹੱਥ ਵੇਖੇ ਸੀ ਉਹ ਅੰਦਰੋਂ ਤਹਿਕਦੇ ਸਨ। ਸਿੰਘਾਂ ਨੇ ਤੁਰਕਾਂ ਨੂੰ ਕਈ ਵਾਰ ਸਤਲੁਜ, ਝਨਾਬ ਤੇ ਰਾਵੀ ਦਰਿਆ ਦਾ ਕਿਨਾਰਾ ਵਿਖਾਇਆ ਸੀ। ਜਦੋਂ ਅਬਦਾਲੀ ਦਿੱਲੀ, ਕਰਨਾਲ, ਪਾਣੀਪਤ, ਮਥਰਾ ਤੇ ਆਗਰਾ ਵਗੈਰਾ ਤੋਂ ਲੁੱਟ ਦਾ ਮਾਲ ਚਾਂਦੀ, ਸੋਨਾ, ਅੰਨ, ਧਨ, ਧੀਆਂ-ਭੈਣਾਂ ਨੂੰ ਆਪਣੇ ਸਿਪਾਹੀਆਂ ਅੱਗੇ ਇੱਜੜ ਦੀ ਤਰ੍ਹਾਂ ਤੋਰ ਦਿੰਦਾ ਤਾਂ ਹਿੰਦੂ ਲੋਕ ਹੱਥ ਬੰਨ੍ਹ ਕੇ ਮੂਰਤੀਆਂ ਅੱਗੇ ਆਰਤੀਆਂ ਕਰਦੇ ਰਹਿ ਜਾਂਦੇ, ਉਸ ਸਮੇਂ ਤਕ ਧੀਆਂ-ਭੈਣਾਂ ਦੇ ਮੁੱਲ ਪੈ ਜਾਂਦੇ। ਅਬਦਾਲੀ ਦੇ ਸਿਪਾਹੀ ਹਿੰਦੁਆ ਦੇ ਘਰਾਂ ਵਿੱਚੋਂ ਜਿੱਥੇ ਵੀ ਦਾਣੇ ਤੇ ਗਹਿਣੇ ਹੁੰਦੇ ਲੈ ਜਾਂਦੇ। ਹਿੰਦੂ ਲੋਕਾਂ ਦਾ ਮਨੋਬਲ ਇਥੋਂ ਤਕ ਗਿਰ ਚੁੱਕਾ ਸੀ ਕਿ ਕਹਾਵਤ ਬਣ ਗਈ ਸੀ, ‘ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’ ਜੇ ਕੋਈ ਇਨ੍ਹਾਂ ਤੁਰਕਾਂ ਨੂੰ ਵੰਗਾਰਦਾ ਸੀ, ਉਹ ਸਨ ਸਿੱਖ ਸਰਦਾਰ। ਜਦੋਂ ਕਦੇ ਸਿੰਘਾ ਦੀ ਟੱਕਰ ਮੁਗ਼ਲ ਸਿਪਾਹੀਆਂ ਨਾਲ ਹੋ ਜਾਂਦੀ, ਸਿੰਘ ਲੜਕੀਆਂ ਨੂੰ ਛੁਡਾ ਉਨ੍ਹਾਂ ਦੇ ਪਿੰਡ ਛੱਡ ਆਉਂਦੇ। ਲੁੱਟ ਦਾ ਮਾਲ ਤੇ ਘੋੜੇ ਆਪ ਰੱਖਦੇ। ਸਿਪਾਹੀ ਸੂਬੇਦਾਰਾਂ ਕੋਲ ਸ਼ਿਕਾਇਤਾਂ ਲਾਉਂਦੇ। ਤੁਰਕ ਸਿੰਘਾਂ ਤੋਂ ਪਾਣੀ ਵਾਂਗ ਚੱਲਦੇ ਸੀ। ਸਿੰਘਾਂ ਨੇ ਕਈ ਵਾਰ ਮੁਗ਼ਲ ਅਫ਼ਸਰ, ਸੂਬੇਦਾਰ, ਕਮਾਂਡਰ, ਜਰਨੈਲ, ਖਵਾਜਾ ਮਿਰਜ਼ਾ ਉਬੈਦ ਖਾਨ, ਜੈਨ ਖਾਂ, ਨੂਰਦੀਨ ਤੇ ਅਸਲਮ ਵਰਗਿਆਂ ਨੂੰ ਭਜਾ ਕੇ ਰਾਜ ਕੀਤਾ ਸੀ। ਸ. ਜੱਸਾ ਸਿੰਘ ਆਹਲੂਵਾਲੀਆ ਸਿੱਖ ਕੌਮ ਦਾ ਜਬਰਦਸਤ ਬਾਦਸ਼ਾਹ ਬਣਿਆ। ਸੂਰਬੀਰ ਤੇ ਬਹਾਦਰ ਸਿੱਖ ਕੌਮ ਨੇ ਕਾਬਲ ਦੀਆਂ ਕੰਧਾਂ ਤਕ ਤਹਿਲਕਾ ਮਚਾ ਦਿੱਤਾ। ਜੋ ਕੰਮ ਬਹੁ-ਗਿਣਤੀ ਨਾ ਕਰ ਸਕੀ, ਉਹ ਮੁੱਠੀ-ਭਰ ਸਿੰਘਾ ਨੇ ਕਰਕੇ ਵਿਖਾ ਦਿੱਤਾ। ਸਿੱਖਾਂ ਨੇ ਸਾਡੇ ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਉਨ੍ਹਾਂ ਦੇ ਦੇਸ਼ ਤੇ ਘਰ ਤਕ ਜਾ ਕੇ ਵੀ ਸੋਧਿਆ। ਤੁਰਕ ਸਾਡੇ ਇਥੋਂ ਦੇ ਮੁਸਲਮਾਨਾਂ ਨੂੰ ਵੀ ਚੰਗਾ ਨਹੀਂ ਸਮਝਦੇ ਸੀ। ਕੁਝ ਅਮੀਰ ਤੇ ਰਜਵਾੜੇ ਇਨ੍ਹਾਂ ਦੇ ਹਿਮਾਇਤੀ ਸਨ। ਸਿੱਖਾਂ ਦਾ ਕਾਫ਼ੀ ਇਲਾਕੇ ’ਤੇ ਕਬਜ਼ਾ ਹੋ ਗਿਆ। ਸਿੱਖ ਕੌਮ ਦਾ ਸਿੱਕਾ ਚੱਲਣ ਲੱਗਿਆ। ਆਮ ਲੋਕ ਸੁਖੀ ਹੋਏ ਪਰ ਇਹ ਬਹੁਤਾ ਸਮਾਂ ਨਾ ਚੱਲਿਆ। ਅਬਦਾਲੀ ਨੂੰ ਇਸ ਚੜ੍ਹਦੀ ਕਲਾ ਦੀ ਖ਼ਬਰ ਹੋ ਗਈ। ਉਸ ਨੇ ਪੰਜਾਬ ਵੱਲ ਨੂਰਦੀਨ ਦੀ ਅਗਵਾਈ ਹੇਠ ਖਾਸ ਫੁਰਤੀਲੀ ਫੌਜ ਭੇਜੀ। ਆਉਂਦਿਆਂ ਹੀ ਉਸ ਦਾ ਟਾਕਰਾ ਝਨਾਬ ਦਰਿਆ ਦੇ ਕਿਨਾਰੇ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਨਾਲ ਹੋਇਆ। ਸਿੰਘਾਂ ਨੇ ਅਬਦਾਲੀ ਦਾ ਜਬਰਦਸਤ ਦਸਤਾ ਪਤਾਸੇ ਵਾਂਗ ਭੋਰ ਦਿੱਤਾ। ਮੁਗ਼ਲਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਕੁਝ ਭੱਜ ਕੇ ਵਾਪਸ ਚਲੇ ਗਏ। ਰਹਿੰਦੇ ਤੁਰਕਾਂ ਨੂੰ ਦਿਨ ਕੱਟਣੇ ਔਖੇ ਹੋ ਗਏ। ਸਰਹਿੰਦ ਦਾ ਕਮਾਂਡਰ ਜੈਨ ਖਾਂ ਜੋ ਆਪਣੇ ਆਪ ਨੂੰ ਕਾਫ਼ੀ ਚੁਸਤ ਤੇ ਬਹਾਦਰ ਕਹਾਉਂਦਾ ਸੀ, ਉਸ ਨੂੰ ਆਪਣੀ ਕੁਰਸੀ ਦਾ ਖ਼ਤਰਾ ਜਾਪਿਆ। ਉਹਦੀ ਸਿੰਘਾਂ ਨਾਲ ਬਹੁਤ ਲੱਗਦੀ ਸੀ। ਉਹ ਚਾਹੁੰਦਾ ਸੀ ਜਿੰਨੀ ਛੇਤੀ ਹੋ ਸਕੇ ਅਬਦਾਲੀ ਸਿੰਘਾਂ ’ਤੇ ਹਮਲਾ ਕਰੇ। ਸਿੱਖ ਕੌਮ ਨੂੰ ਸੁਚੱਜੇ ਨੇਤਾ ਮਿਲ ਗਏ ਅਤੇ ਦਿਨੋ-ਦਿਨ ਤਰੱਕੀ ਕਰਨ ਲੱਗੇ।
1761 ਦੀ ਦੀਵਾਲੀ ਸਾਰੀ ਸਿੱਖ ਸੰਗਤ ਨੇ ਧੂਮ-ਧਾਮ ਨਾਲ ਮਨਾਈ। ਸ੍ਰੀ ਅੰਮ੍ਰਿਤਸਰ ਵਿੱਚ ਸ. ਜੱਸਾ ਸਿੰਘ ਆਹਲੂਵਾਲੀਏ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ। ਗੁਰਮਤੇ ਪਾਸ ਹੋਏ, ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ। ਹਰ ਧਰਮ ਨੂੰ ਵਧਣ-ਫੁਲਣ ਲਈ ਕੋਈ ਰੁਕਾਵਟ ਨਹੀਂ ਆਵੇਗੀ, ਮੁਖ਼ਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏ। ਸਭ ਤੋਂ ਵੱਡਾ ਮੁਖ਼ਬਰ ਜੰਡਿਆਲੇ ਦਾ ਆਕਲ ਦਾਸ ਸੀ। ਉਸ ਨੇ ਅਨੇਕਾਂ ਨੌਜਵਾਨ ਸ਼ਹੀਦ ਕਰਵਾਏ। ਸਿੱਖ ਕਾਰਵਾਈਆਂ ਦੀ ਸਾਰੀ ਰਿਪੋਰਟ ਅਬਦਾਲੀ ਤਕ ਜਾਂਦੀ ਸੀ। ਸਿੰਘਾਂ ਨੇ ਜੰਡਿਆਲੇ ਜਾ ਕੇ ਆਕਲ ਦਾਸ ਨੂੰ ਘਰੋਂ ਬਾਹਰ ਕੱਢ ਲਿਆ। ਪੁੱਛਣ ’ਤੇ ਮਿੰਨਤਾਂ-ਤਰਲੇ ਕਰਨ ਲੱਗਿਆ। ਅੱਗੇ ਤੋਂ ਅਜਿਹਾ ਨਾ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਤਰਸ ਕਰ ਕੇ ਛੱਡ ਦਿੱਤਾ। ਇਸ ਸਪੋਲੀਏ ਆਕਲ ਦਾਸ ਨੇ ਹੀ ਖਾਲਸਾ ਪੰਥ ਦੇ ਡੰਗ ਮਾਰਿਆ। ਜੈਨ ਖਾਂ ਨੇ ਆਕਲ ਦਾਸ ਨਾਲ ਮਿਲ ਕੇ ਅਬਦਾਲੀ ਵੱਲ ਸੁਨੇਹਾ ਭੇਜਿਆ। ਅਬਦਾਲੀ ਰਾਤ ਦੇ ਹਨ੍ਹੇਰੇ ਵਿੱਚ ਪੱਟੀ ਆਇਆ। ਖਾਨਾਂ ਨਾਲ ਅਤੇ ਆਕਲ ਦਾਸ ਵਰਗੇ ਦੋਗਲਿਆਂ ਨਾਲ ਮੀਟਿੰਗ ਕੀਤੀ। ਅਫ਼ਗਾਨੀ ਆਪਣੇ ਦੁੱਖ ਰੋਣ ਲੱਗੇ, “ਸ਼ਾਹ ਜੀ, ਸਿੰਘਾਂ ਨੇ ਤਾਂ ਸਾਡਾ ਜਿਊਣਾ ਦੁੱਭਰ ਕਰ ਦਿੱਤਾ, ਸਾਨੂੰ ਇਥੋਂ ਲੈ ਚੱਲੋ। ਅਸੀਂ ਤੰਗ ਹਾਂ, ਸਾਨੂੰ ਸਿੰਘਾਂ ਤੋਂ ਡਰ ਲੱਗਦਾ।” ਅਹਿਮਦ ਸ਼ਾਹ ਅਬਦਾਲੀ ਆਪਣੇ ਮੁਹਤਬਰ ਆਦਮੀਆਂ ਨੂੰ ਸਾਵਧਾਨ ਕਰ ਕੇ ਚਲਿਆ ਗਿਆ, ਭੀਖਮ ਸ਼ਾਹ ਮਲੇਰਕੋਟਲਾ, ਜੈਨ ਖਾਂ ਸਰਹਿੰਦ, ਸ਼ਾਹ ਹੁਸੈਨ ਰਾਏਕੋਟ ਤੇ ਹੋਰ ਖਾਨਾਂ ਨੇ ਸਿੰਘਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਆਕਲ ਦਾਸ ਮੁਖ਼ਬਰ ਦਾ ਅੱਗੇ ਦੀ ਅੱਗੇ ਜਾਲ ਪਾਇਆ ਹੋਇਆ ਸੀ। ਸਿੰਘਾਂ ਨੂੰ ਪਤਾ ਲੱਗ ਗਿਆ ਕਿ ਅਬਦਾਲੀ ਬਹੁਤ ਸਾਰੀ ਫੌਜ ਲੈ ਕੇ ਆ ਰਿਹਾ ਹੈ। ਇਹ ਜੰਗ ਇਕੱਲੇ ਸਿੰਘਾਂ ਨਾਲ ਹੋਵੇਗੀ। ਸਿੱਖ ਸਰਦਾਰਾਂ ਨੇ ਮੀਟਿੰਗ ਕੀਤੀ ਮਤਾ ਪਾਸ ਹੋਇਆ ਕਿ ਜੋ ਕਾਫਲੇ ਨਾਲ ਬੱਚੇ, ਔਰਤਾਂ ਤੇ ਬੁੱਢੇ ਹਨ ਇਨ੍ਹਾਂ ਨੂੰ ਬੀਕਾਨੇਰ ਦੇ ਜੰਗਲਾਂ ਵਿੱਚ ਛੱਡ ਆਵੋ ਅਤੇ ਹਥਿਆਰ ਅੱਗੇ ਕਿਸੇ ਥਾਂ ਟਿਕਾਣੇ ਲਾਏ ਜਾਣ। ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗਾ, “ਸਿੰਘੋ! ਇਸ ਅਬਦਾਲੀ ਨੂੰ ਅਜਿਹਾ ਸਬਕ ਸਿਖਾਉਣਾ ਕਿ ਮੁੜ ਕੇ ਸਾਡੇ ਪੰਜਾਬ ਵੱਲ ਅੱਖ ਨਾ ਚੁੱਕੇ। ਉਸ ਦੀ ਵੱਧ ਫੌਜ ਕੁਝ ਨਹੀਂ ਕਰ ਸਕਦੀ।” ਖਾਲਸਾ ਵਹੀਰ ਥਾਂ-ਥਾਂ ਤੋਂ ਸੁਨੇਹੇ ਮਿਲਣ ’ਤੇ ਇੱਕ ਥਾਂ ਇਕੱਠੀ ਹੋ ਗਈ। ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰ ਕੇ ਜਗਰਾਉਂ ਸ਼ਹਿਰ ਪਾਰ ਕਰ ਕੇ ਸੁਧਾਰ, ਆਂਡਲੂ ਤੇ ਜੁੜਾਹਾਂ ਆਦਿ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਅਹਿਮਦਗੜ੍ਹ ਮੰਡੀ ਨੇੜੇ ਸ਼ਾਮ ਤਕ ਪਹੁੰਚ ਗਿਆ। ਅੱਗੇ ਰਾਤ ਕੱਟਣੀ ਸੀ।
[4] ਜਥੇਦਾਰਾਂ ਨੇ ਕਿਹਾ, “ਸਿੰਘੋ! ਅੱਗੇ ਕੋਈ ਸੁਰੱਖਿਅਤ ਥਾਂ ਵੇਖੋ ਤਾਂ ਕੁਝ ਸਿੰਘਾਂ ਨੇ ਪਿੰਡ ਜੰਡਾਲੀ ਤੋਂ ਅੱਗੇ ਪਿੰਡ ਰੁਹੀੜੇ ਨੇੜੇ ਥਾਂ ਵੇਖੀ, ਜਿੱਥੇ ਦਰਖ਼ਤ ਸਰਕੜਾ ਤੇ ਕੇਸੂ ਦੇ ਬੂਟੇ ਬਹੁਤ ਸੀ। ਸਾਰਾ ਖਾਲਸਾ ਦਲ ਇਸ ਥਾਂ ਇਕੱਠਾ ਹੋ ਗਿਆ। ਮੁਖ਼ਬਰ ਸਤਲੁਜ ਤੋਂ ਵਹੀਰ ਦੇ ਪਿੱਛੇ ਲੱਗੇ ਹੋਏ ਸੀ। ਪਹਿਲੀ ਰਾਤ ਨੂੰ ਆਕਲ ਦਾਸ ਦੀ ਮੁਖ਼ਬਰੀ ਦੀ ਖ਼ਬਰ ਸੁਣ ਕੇ ਜੈਨ ਖਾਂ 2000 ਘੋੜ ਸਵਾਰ ਤੇ 3000 ਪੈਦਲ ਨੌਜਵਾਨ ਤੇ ਤੋਪਖਾਨਾ ਲੈ ਕੇ ਕੁੱਪ ਨੇੜੇ ਆ ਗਿਆ, ਨਵਾਬ ਮਲੇਰਕੋਟਲਾ ਵੀ ਆਪਣੀ ਫੌਜ ਲੈ ਕੇ ਆ ਗਿਆ। ਕੁਝ ਸਮੇਂ ਬਾਅਦ ਹੀ ਲੁਧਿਆਣੇ ਵੱਲ ਦੀ ਅਬਦਾਲੀ ਵੀ ਜੰਡਾਲੀ ਨੇੜੇ ਆ ਗਿਆ। ਅਬਦਾਲੀ ਦੀ ਫੌਜ ਲੱਖ ਦੇ ਨੇੜੇ ਸੀ ਜੋ ਕਈ ਪਿੰਡਾਂ ਦੇ ਏਰੀਏ ਵਿੱਚ ਹਰਲ-ਹਰਲ ਕਰਦੀ ਫਿਰਦੀ ਸੀ। ਅਬਦਾਲੀ ਦੀ ਮੀਟਿੰਗ ਜੈਨ ਖਾਂ, ਭੀਖਮ ਸ਼ਾਹ, ਸ਼ਾਹ ਹੁਸੈਨ ਤੇ ਆਪਣੇ ਫੌਜ ਦੇ ਕਮਾਂਡਰਾਂ ਤੇ ਜਰਨੈਲਾਂ ਨਾਲ ਹੋਈ। ਪਹਿਲਾ ਮਸ਼ਵਰਾ ਪਾਸ ਹੋਇਆ ਕਿ ਫੌਜ ਦੀ ਤੇ ਇਸ ਏਰੀਏ ਦੀ ਅਤੇ ਸਿੱਖਾਂ ਦੀ ਜਾਂਚ ਕੀਤੀ ਜਾਵੇ ਕਿ ਕਿੰਨੇ ਕੁ ਹਨ। ਦੂਜਾ ਮਸ਼ਵਰਾ ਹੋਇਆ ਕਿ ਸਵੇਰੇ 2 ਘੰਟਿਆਂ ਵਿੱਚ ਸਿੱਖਾਂ ਨੂੰ ਖ਼ਤਮ ਕਰ ਕੇ, ਅੱਗੇ ਤੋਂ ਕੋਈ ਸਿਰ ਨਾ ਚੁੱਕੇ, ਸਖ਼ਤਾਈ ਕਰ ਕੇ ਅਬਦਾਲੀ ਵਾਪਸ ਮੁੜ ਜਾਵੇਗਾ। ਸਿੱਖ ਵਹੀਰ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ। ਛਾਪਾਮਾਰ ਢੰਗ ਨਾਲ ਫੌਜ ਇੱਕ ਦੂਜੇ ਨਾਲ ਜੁੜ ਗਈ। ਸਿੰਘਾਂ ਨੂੰ ਇਸ ਕਾਰਵਾਈ ਦਾ ਬਿਲਕੁਲ ਪਤਾ ਨਾ ਲੱਗਿਆ। ਸਿੰਘਾਂ ਦੇ ਮਨ ਵਿੱਚ ਇਹ ਗੱਲ ਸੀ ਕਿ ਅਬਦਾਲੀ 4-5 ਦਿਨਾਂ ਤਕ ਉਨ੍ਹਾਂ ਨੇੜੇ ਲੱਗੇਗਾ। ਅਬਦਾਲੀ ਦੇ ਸਿਪਾਹੀਆਂ ਦੇ ਲਾਲ ਰੰਗ ਦੀ ਵਰਦੀ ਪਾਈ ਹੋਈ ਸੀ। ਉਥੇ ਕੇਸੂ ਦੇ ਬੂਟਿਆਂ ਨੂੰ ਲਾਲ ਰੰਗ ਦੇ ਫੁੱਲ ਸੀ। ਇਹ ਭੁਲੇਖਾ ਵੀ ਸਿੰਘਾਂ ਨੂੰ ਘਾਟੇ ਵਿੱਚ ਗਿਆ। ਸਿੰਘ ਬੇਫ਼ਿਕਰ ਹੋ ਕੇ ਸੌਂ ਗਏ। ਕੁਝ ਆਲੇ-ਦੁਆਲੇ ਪਹਿਰਾ ਦੇਣ ਲੱਗੇ। ਸਿੰਘ 4 ਵਜੇ ਉਂਠੇ। ਪਸ਼ੂਆਂ ਨੂੰ ਕੱਖ-ਪੱਠੇ ਪਾਉਣ ਲੱਗੇ ਤਾਂ ਜੈਨ ਖਾਂ ਦੇ ਕਮਾਂਡਰ ਲੱਸੀ ਰਾਮ ਸਰਹਿੰਦ ਨੇ ਮਲੇਰਕੋਟਲੇ ਵਾਲੇ ਪਾਸੇ ਤੋਂ ਅਚਾਨਕ ਵਹੀਰ ’ਤੇ ਹਮਲਾ ਕਰ ਦਿੱਤਾ। ਪਹਿਲਾਂ-ਪਹਿਲ ਸਿੰਘਾਂ ਦਾ ਕਾਫ਼ੀ ਨੁਕਸਾਨ ਹੋਇਆ ਪਰ ਸਿੰਘ ਛੇਤੀ ਹੀ ਸੰਭਲ ਗਏ। ਸਿੰਘਾਂ ਨੂੰ ਜਦੋਂ ਪਤਾ ਲੱਗਿਆ ਕਿ ਦੁਸ਼ਮਣ ਤਾਂ ਸਿਰ ’ਤੇ ਚੜ੍ਹਿਆ ਬੈਠਾ, ਉਹ ਜਥੇਦਾਰਾਂ ਦੀ ਅਗਵਾਈ ਹੇਠ ਇੱਕ ਤੂਫਾਨ ਦੀ ਤਰ੍ਹਾਂ ਉਂਠੇ, ਜੋ ਵੀ ਹਥਿਆਰ-ਸ਼ਸਤਰ ਹੱਥ ਆਇਆ, ਉਸ ਨਾਲ ਹੀ ਮੁਕਾਬਲਾ ਕਰਨ ਲੱਗੇ। ਅਬਦਾਲੀ 18000 ਬਲੋਚਾਂ ਨਾਲ ਨਮਾਜ਼ ਪੜ੍ਹ ਕੇ, ਦੁਆ ਕਰ ਕੇ ਚੱਲਿਆ ਸੀ ਕਿ ਮੈਂ ਕਾਫ਼ਰਾਂ ਨੂੰ ਖ਼ਤਮ ਕਰ ਦੇਵਾਂਗਾ ਪਰ ਉਹ ਅੱਲ੍ਹਾ-ਤਾਅਲਾ ਝੂਠੀਆਂ ਦੁਆਵਾਂ ਕਬੂਲ ਨਹੀਂ ਕਰਦੇ। ਸਾਡੇ ਪਿੰਡ, ਸਾਡੇ ਸ਼ਹਿਰ, ਸਾਡੇ ਖੇਤ, ਸਾਡਾ ਦੇਸ਼, ਸਾਡੇ ਨੌਜਵਾਨ, ਇਸ ਅਬਦਾਲੀ ਦਾ ਕੀ ਹੱਕ ਹੈ? ਸਾਡਾ ਵੱਡਾ ਦੁਸ਼ਮਣ ਹੈ ਜੋ ਸਾਨੂੰ ਗ਼ੁਲਾਮ ਰੱਖ ਕੇ ਲੁੱਟਣਾ ਚਾਹੁੰਦਾ ਹੈ। ਸਿੱਖ ਨੌਜਵਾਨਾਂ ਦੇ ਚਿਹਰੇ ਦੂਣ-ਸਵਾਏ ਹੋ ਗਏ। ਘਬਰਾਏ ਨਹੀਂ। ਜੈਨ ਖਾਂ ਦੀ ਟੱਕਰ ਚੜ੍ਹਤ ਸਿੰਘ ਸ਼ੁਕਰਚੱਕੀਏ ਨਾਲ ਹੋਈ। ਅਹਿਮਦਗੜ੍ਹ ਵਾਲੇ ਪਾਸੇ, ਜਥੇਦਾਰ ਜੱਸਾ ਸਿੰਘ ਜੀ ਖੁਦ ਆਪ ਸਿੰਘਾਂ ਨੂੰ ਨਾਲ ਲੈ ਕੇ ਅਬਦਾਲੀ ਦੇ ਨੌਜਵਾਨਾਂ ਨੂੰ ਪਛਾੜ ਰਹੇ ਸੀ। ਸ. ਰਾਮ ਸਿੰਘ, ਸ. ਬਘੇਲ ਸਿੰਘ, ਸਿੰਘਾਂ ਸਮੇਤ ਅਬਦਾਲੀ ਦੇ ਚੋਣਵੇਂ ਜਵਾਨਾਂ ਨਾਲ ਟੱਕਰ ਲੈ ਰਹੇ ਸੀ। ਕੁਝ ਸਿੰਘ ਵਿਚਕਾਰ ਰਹਿ ਕੇ ਸਮਾਨ ਅਤੇ ਜੋ ਨਹੀਂ ਲੜ ਸਕਦਾ ਸੀ, ਉਸ ਨੂੰ ਅੱਗੇ-ਪਿੱਛੇ ਕਰ ਰਹੇ ਸੀ। ਸਿੰਘਾਂ ਦੇ ਚਿਹਰਿਆਂ ’ਤੇ ਜੋਸ਼ ਦੀਆਂ ਲਾਲੀਆਂ ਆ ਗਈਆਂ। ਸਿੰਘ ਜੈਕਾਰੇ ਲਗਾ ਰਹੇ ਸੀ। ਸਿੱਖ ਜਵਾਨ ਜ਼ਖਮੀ ਤੇ ਸ਼ਹੀਦ ਹੁੰਦੇ ਹੋਏ ਪੂਰੇ ਤਾਣ ਨਾਲ ਮੁਕਾਬਲਾ ਕਰ ਰਹੇ ਸੀ। ਸਿੰਘ ਦੁਸ਼ਮਣ ਨੂੰ ਪਾੜ-ਪਾੜ ਸੁੱਟਣ ਲੱਗੇ। ਸ. ਬਘੇਲ ਸਿੰਘ, ਸ. ਸ਼ੇਰ ਸਿੰਘ ਵਰਗੇ ਸੂਰਮੇ ਦੁਸ਼ਮਣ ਨੂੰ ਨਿੰਬੂ ਵਾਂਗ ਨਚੋੜ ਰਹੇ ਸੀ। ਸਿੰਘ ਤਿੰਨੇ ਪਾਸੇ ਫੌਲਾਦੀ ਕੰਧਾਂ ਵਾਂਗ ਡੱਟ ਗਏ। ਸਿੰਘ ਪੂਰੀ ਵਿਉਂਤਬੰਦੀ ਨਾਲ ਲੜ ਰਹੇ ਸੀ। ਮਰ ਰਹੀ ਫੌਜ ਦੀ ਗਿਣਤੀ ਸੁਣ ਕੇ ਅਬਦਾਲੀ ਨੂੰ ਚਾਰ-ਚੁਫੇਰੇ ਪੀਲ਼ਾ-ਪੀਲ਼ਾ ਦਿੱਸਣ ਲੱਗ ਪਿਆ। ਅਬਦਾਲੀ ਨੂੰ ਖੜ੍ਹਨਾ ਔਖਾ ਹੋ ਗਿਆ। ਲੜਾਈ ਚੱਲਦੀ ’ਤੇ ਸਿੰਘਾਂ ਨੂੰ ਪਤਾ ਨਾ ਲੱਗਿਆ ਕਿੱਥੇ-ਕਿੱਥੇ ਮੁਕਾਬਲਾ ਹੁੰਦਾ। ਇੱਕ ਪਾਸੇ ਸਿਰ ਤਲੀ ’ਤੇ ਧਰ ਕੇ ਲੜਨ ਵਾਲੇ ਅਤੇ ਦੂਜੇ ਪਾਸੇ ਨੌਕਰੀ ਵਾਲੇ ਜਿਨ੍ਹਾਂ ਨੂੰ ਅਬਦਾਲੀ ਦੇ ਕਮਾਂਡਰ ਖਿੱਚ-ਖਿੱਚ ਸਿੰਘਾਂ ਅੱਗੇ ਜਾਨ ਦੇਣ ਲਈ ਕਰ ਰਹੇ ਸੀ। ਲੱਸੀ ਰਾਮ ਤੇ ਜੈਨ ਖਾਂ ਤਾਂ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਹੀ ਆਪਣੇ ਨੌਜਵਾਨ ਮਰਵਾ ਕੇ ਸਰਹਿੰਦ ਵੱਲ ਚਲੇ ਗਏ। ਮੁਗ਼ਲ ਸੋਚਣ ਲਈ ਮਜਬੂਰ ਕਰ ਦਿੱਤੇ। ਸਿੰਘਾਂ ਨੇ ਇੱਕ ਵਾਰ ਤਾਂ ਅਬਦਾਲੀ ਦੇ ਪੈਰ ਹਿਲਾ ਦਿੱਤੇ। ਅਬਦਾਲੀ ਦੇ ਕਮਾਂਡਰ ਸਿੰਘਾਂ ਵੱਲੋਂ ਚੱਲ ਰਹੇ ਹਥਿਆਰਾਂ ਨੂੰ ਵੇਖ ਕੇ ਪਿੱਛੇ ਹਟ ਰਹੇ ਸੀ। ਕਈ ਖਾਨ ਝਾੜੀਆਂ ਵਿੱਚ ਬੈਠੇ ਆਪਣੀ ਜਾਨ ਦੀ ਖ਼ੈਰ ਮੰਗ ਰਹੇ ਸੀ। ਸਿੰਘ ਪੱਛਮ ਵੱਲ ਪਿੰਡ ਧਲੇਰ-ਝਨੇਰ ਵੱਲ ਵਧਣ ਲੱਗੇ। ਸਿੰਘ ਵੀ ਬਹੁਤ ਸ਼ਹੀਦ ਹੋ ਰਹੇ ਸੀ। ਪਰ ਤੁਰਕਾਂ ਦੀ ਬੁਰੀ ਹਾਲਤ ਸੀ। ਸਿੰਘਾਂ ਦੇ ਕਾਰਨਾਮੇ ਵੇਖ ਕੇ ਤੁਰਕ ਕਹਿ ਰਹੇ ਸੀ ਕਿ ਜਿਸ ਕੌਮ ਦੇ ਰਾਜੇ ਆਪ ਹਥਿਆਰ ਚਲਾ ਰਹੇ ਹੋਣ ਤੇ ਜ਼ਨਾਨੀਆਂ ਬਰਾਬਰ ਸ਼ਸਤਰ ਚਲਾ ਰਹੀਆਂ ਹੋਣ, ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ। ਨਿਹੰਗ ਸਿੰਘਾਂ ਤੋਂ ਤੁਰਕ ਇਸ ਤਰ੍ਹਾਂ ਚੱਲਦੇ ਸੀ, ਜਿਵੇਂ ਆਜੜੀ ਅੱਗੇ ਇੱਜੜ ਹੋਵੇ। ਸਿੰਘਾਂ ਨੇ ਅਬਦਾਲੀ ਦੇ ਚੋਟੀ ਦੇ ਨੌਜਵਾਨ ਦੋ ਘੰਟਿਆਂ ਵਿੱਚ ਖ਼ਤਮ ਕਰ ਦਿੱਤੇ। ਸਿੰਘ ਗਰਜ-ਗਰਜ ਤੁਰਕਾਂ ਨੂੰ ਸਦਾ ਦੀ ਨੀਂਦ ਸੁਲਾ ਰਹੇ ਸੀ। ਸਿੰਘ ਜੋ ਜ਼ਖਮੀ ਹੋ ਜਾਂਦਾ ਉਹ ਜੋਸ਼ ਵਿੱਚ ਆ ਕੇ ਦੁਸ਼ਮਣ ਦੇ ਕੰਨ ਭੰਨੀ ਜਾਂਦਾ। ਸਿੰਘਾਂ ਨੂੰ ਦੋ ਘੰਟਿਆਂ ਵਿੱਚ ਖ਼ਤਮ ਕਰਨ ਵਾਲਾ ਜੰਗ ਦੀ ਸੂਚਨਾ ਸੁਣ-ਸੁਣ ਅਧਮੋਇਆ ਬੈਠਾ ਸੀ। ਅਬਦਾਲੀ ਦਾ ਰੰਗ ਪੀਲ਼ਾ ਹੋ ਗਿਆ ਸੀ। ਇਕ-ਇਕ ਸਿੰਘ 10-10 ਨੂੰ ਨੇੜੇ ਨਹੀਂ ਸੀ ਲੱਗਣ ਦੇਂਦਾ। ਸਿੰਘ ਲੜਦੇ-ਲੜਦੇ ਕੁਤਬਾ ਬਾਹਮਣੀਆਂ ਪਿੰਡ ਦੀ ਜੂਹ ’ਚ ਚਲੇ ਗਏ, ਪਿੱਛੇ-ਪਿੱਛੇ ਹੀ ਤੁਰਕ। ਢਾਬ ’ਤੇ ਪਹੁੰਚ ਕੇ ਤੁਰਕ ਪਾਣੀ ਪੀ ਕੇ ਵਾਪਸ ਮਲੇਰਕੋਟਲੇ ਵੱਲ ਮੁੜ ਆਏ ਤੇ ਸਿੰਘ ਸਾਰੇ ਜੋ ਖਿੰਡੇ ਸੀ ਇੱਕ ਥਾਂ ਇਕੱਠੇ ਹੋਏ ਅਤੇ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਬਰਨਾਲੇ ਵੱਲ ਚਲੇ ਗਏ। ਇਸ ਲੜਾਈ ਵਿੱਚ 30-35 ਹਜ਼ਾਰ ਸਿੰਘ ਸ਼ਹੀਦ ਹੋਏ। ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਦੇ ਸਰੀਰ ’ਤੇ 22 ਨਿਸ਼ਾਨ ਜ਼ਖਮਾਂ ਦੇ ਸੀ ਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਦੇ 18 ਨਿਸ਼ਾਨ ਸੀ। ਅਗਲੇ ਸਾਲ ਹੀ 1763 ਨੂੰ ਸਿੱਖਾਂ ਨੇ ਸਰਹਿੰਦ ਜਿੱਤ ਲਈ ਤੇ ਜੈਨ ਖਾਂ ਨੂੰ ਮਾਰ-ਮੁਕਾਇਆ ਅਤੇ ਮੁਖ਼ਬਰ ਆਕਲ ਦਾਸ ਨੂੰ ਵੀ ਗੱਡੀ ਚਾੜ੍ਹ ਦਿੱਤਾ। ਗੁਰਮਤ ਪ੍ਰਕਾਸ਼ ਦੇ ਲੇਖ ਤੇ ਅਧਾਰਿਤ
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.