![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/9b/%25E0%25A8%25AE%25E0%25A8%25B9%25E0%25A8%25BE%25E0%25A8%25A8_%25E0%25A8%2595%25E0%25A9%258B%25E0%25A8%25B8%25E0%25A8%25BC_%25E0%25A8%25AD%25E0%25A8%25BE%25E0%25A8%2597_1.pdf/page1-640px-%25E0%25A8%25AE%25E0%25A8%25B9%25E0%25A8%25BE%25E0%25A8%25A8_%25E0%25A8%2595%25E0%25A9%258B%25E0%25A8%25B8%25E0%25A8%25BC_%25E0%25A8%25AD%25E0%25A8%25BE%25E0%25A8%2597_1.pdf.jpg&w=640&q=50)
ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ ਦੀ ਪੰਜਾਬੀ ਕਿਤਾਬ / From Wikipedia, the free encyclopedia
ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਜਾਂ ਸਿਰਫ਼ ਮਹਾਨ ਕੋਸ਼ ਅਤੇ ਅੰਗਰੇਜ਼ੀ ਸਿਰਲੇਖ ਐਨਸਾਈਕਲੋਪੀਡੀਆ ਆਫ਼ ਸਿੱਖ ਲਿਟਰੇਚਰ ਦੁਆਰਾ ਜਾਣਿਆ ਜਾਂਦਾ ਹੈ, ਇੱਕ ਪੰਜਾਬੀ ਭਾਸ਼ਾ ਦਾ ਵਿਸ਼ਵਕੋਸ਼ ਹੈ ਜਿਸ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਚੌਦਾਂ ਸਾਲਾਂ ਵਿੱਚ ਸੰਕਲਿਤ ਕੀਤਾ ਸੀ। ਇਹ ਪਹਿਲਾ ਪੰਜਾਬੀ ਐਨਸਾਈਕਲੋਪੀਡੀਆ ਸੀ, ਇਸ ਵਿੱਚ 70,000 ਤੋਂ ਵੱਧ ਸ਼ਬਦ ਹਨ, ਜਿਨ੍ਹਾਂ ਵਿੱਚੋਂ ਕੁਝ ਦਾ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਹੋਰ ਸਿੱਖ ਪੁਸਤਕਾਂ ਤੋਂ ਲੋੜੀਂਦਾ ਹਵਾਲਾ ਹੈ। ਇਸ ਨੂੰ ਇਸਦੇ ਪ੍ਰਭਾਵ ਅਤੇ ਇਸਦੀ ਸਕਾਲਰਸ਼ਿਪ ਦੇ ਪੱਧਰ ਦੇ ਰੂਪ ਵਿੱਚ ਇੱਕ ਮਹੱਤਵਪੂਰਨ ਕੰਮ ਮੰਨਿਆ ਜਾਂਦਾ ਹੈ।[1][2][3] ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਕਾਨ੍ਹ ਸਿੰਘ ਨੇ 1926 ਵਿੱਚ ਇਸਨੂੰ ਪੂਰਾ ਕੀਤਾ ਅਤੇ 1930 ਵਿੱਚ ਚਾਰ ਜਿਲਦਾਂ ਵਿੱਚ ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ ਇਸਨੂੰ ਛਪਿਆ।[4] ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰ ਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ।[4] ਹਵਾਲਾ ਸਮੱਗਰੀ ਦੇ ਖੇਤਰ ਵਿੱਚ ਇਸਨੂੰ ਉੱਚਾ ਦਰਜਾ ਹਾਸਲ ਹੈ।
- 20 ਮਈ, 1912 ਦੇ ਦਿਨ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਸ਼ਾਹਕਾਰ 'ਮਹਾਨ ਕੋਸ਼' ਦੀ ਤਿਆਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ। ਮਹਾਨ ਕੋਸ਼ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲੱਗਾ ਸੀ। ਇਸ ਦਾ ਸਾਰਾ ਖ਼ਰਚ ਮਹਾਰਾਜਾ ਭੁਪਿੰਦਰ ਸਿੰਘ (ਪਟਿਆਲਾ) ਨੇ ਦਿਤਾ ਸੀ। ਉਸ ਨੇ ਇਸ ਮਕਸਦ ਵਾਸਤੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਸੂਰੀ ਵਿੱਚ ਇੱਕ ਕੋਠੀ ਦਿਤੀ ਅਤੇ ਪੂਰਾ ਸਟਾਫ਼ ਵੀ ਦਿਤਾ ਜਿਸ ਦਾ ਖ਼ਰਚਾ ਪਟਿਆਲਾ ਰਿਆਸਤ ਦਿਆ ਕਰਦੀ ਸੀ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵਲੋਂ ਹੀ ਕੀਤੀ ਗਈ ਸੀ। ਇਸ ਕੋਸ਼ ਵਿੱਚ 64,263 ਇੰਦਰਾਜ਼ ਹਨ। ਇਸ ਦੇ ਸੱਤ ਐਡੀਸ਼ਨ ਛਾਪ ਚੁਕੇ ਹਨ ਅਤੇ ਅੱਠਵਾਂ ਐਡੀਸ਼ਨ ਛਪਣ ਵਿੱਚ ਵੀਟੀ ਔਕੜ ਕਾਰਨ ਦੇਰੀ ਹੋ ਰਹੀ ਹੈ ਇਸ ਸਮੇਂ ਇਸ ਕੋਸ਼ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪਟਿਆਲਾ ਕੋਲ ਹਨ।[5]