ਪੰਜਾਬੀਅਤ
From Wikipedia, the free encyclopedia
ਪੰਜਾਬੀਅਤ[1] ਪੰਜਾਬੀ ਬੋਲੀ ਅਤੇ ਪੰਜਾਬ ਦੀ ਭਾਵਨਾ ਨੂੰ ਦ੍ਰਿੜਾਉਣ ਦੇ ਅੰਦੋਲਨ ਦਾ ਨਾਮ ਹੈ। ਪਾਕਿਸਤਾਨ ਵਿੱਚ ਇਸ ਅੰਦੋਲਨ ਦਾ ਟੀਚਾ ਸਰਕਾਰ ਵਲੋਂ ਪੰਜਾਬੀ ਦੀ ਥਾਂ ਉਰਦੂ ਥੋਪ ਕੇ ਕੀਤੇ ਜਾ ਰਹੇ ਦਮਨ ਨੂੰ ਰੋਕਣਾ ਅਤੇ ਪੰਜਾਬੀ ਨੂੰ ਮਾਣਯੋਗ ਰੁਤਬਾ ਦਿਵਾਉਣਾ ਹੈ, ਅਤੇ ਭਾਰਤ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ਦੇ ਅਹਿਸਾਸ ਨੂੰ ਤਕੜਾ ਕਰਨਾ। ਪੰਜਾਬੀ ਡਾਇਆਸਪੋਰਾ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁਲਿਤ ਕਰਨ ਤੇ ਜੋਰ ਦੇ ਰਿਹਾ ਹੈ।[2]
ਪੰਜਾਬੀਅਤ ਦਾ ਸੰਕਲਪ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਬਹੁਤੀ ਵਾਰ ਅਸੀਂ ਇਹਨਾਂ ਨੂੰ ਸਮਾਨਾਰਥਕ ਸੰਕਲਪਾਂ ਵਜੋਂ ਵੀ ਵਰਤ ਲੈਂਦੇ ਹਾਂ।ਪੰਜਾਬੀ ਸੱਭਿਆਚਾਰ ਇੱਕ ਵਿਸ਼ਾਲ, ਵਿਆਪਕ,ਬਹੁ ਬਣਤਰੀ ਪ੍ਰਬੰਧ ਹੈ ਅਤੇ ਪੰਜਾਬੀਅਤ ਇਸ ਪ੍ਰਬੰਧ ਉੱਤੇ ਉਸਰੀ ਮਾਨਸਿਕਤਾ।[3]
ਪ੍ਰੇਮ ਭਾਟੀਆ ਅਨੁਸਾਰ,"ਪੰਜਾਬੀਅਤ ਦਾ ਠੀਕ ਪ੍ਰਤੀਬਿੰਬ ਪੰਜਾਬੀ ਭਾਸ਼ਾ ਹੀ ਹੈ।"[4] ਪੰਜਾਬੀਅਤ ਆਪਣੇ ਆਪ ਵਿੱਚ ਕੋਈ ਸਥਿਰ ਅਤੇ ਅੰਤਰਮੁਖੀ ਵਰਤਾਰਾ ਨਹੀਂ ਸਗੋਂ ਆਰਥਿਕ ਰਾਜਸੀ ਪਰਿਵਰਤਨ ਅਧੀਨ ਉਸਰਦੀ ਬਦਲਦੀ ਪੰਜਾਬੀ ਮਾਨਸਿਕਤਾ ਦਾ ਅਕਸ ਹੈ।[3] ਪੰਜਾਬੀਅਤ ਇੱਕ ਅਜਿਹਾ ਅਹਿਸਾਸ ਹੈ ਜਿਸ ਤੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਵਿਲਖਣਤਾ ਦਾ ਝਲਕਾਰਾ ਪੈਂਦਾ ਹੈ।ਪੰਜਾਬੀਅਤ ਦਾ ਸਬੰਧ ਪੰਜਾਬ ਦੇ ਭੂਗੋਲਿਕ ਖਿੱਤੇ,ਉਸ ਖੇਤਰ ਦੀ ਸਥਾਨਕ ਭਾਸ਼ਾ,ਲੋਕਾਂ ਦੀ ਰਹਿਤਲ ਅਤੇ ਉਹਨਾ ਦੇ ਵਿਸ਼ੇਸ਼ ਗੁਣਾਂ ਜੀਵਨ ਜਾਚ ਆਦਿ ਨਾਲ ਹੁੰਦਾ ਹੈ।[4] ਜਦੋਂ ਅਸੀਂ ਪੰਜਾਬੀਅਤ ਨੂੰ ਸੰਕਲਪਗਤ ਅਰਥਾਂ ਚ ਵਰਤਦੇ ਹਾਂ ਅਸੀਂ ਵਸਤਾਂ ਵੱਲ ਜਾਂ ਸੰਸਥਾਵਾਂ ਵੱਲ ਰੁਚਿਤ ਨਹੀਂ ਹੁੰਦੇ ਸਗੋਂ ਸਾਡਾ ਭਾਵ ਸ਼ਖਸੀਅਤ ਸੁਭਾਅ ਅਤੇ ਸੋਚਧਾਰਾ ਤੋਂ ਹੁੰਦਾ ਹੈ। ਪੰਜਾਬੀਅਤ ਤੋਂ ਸਾਡਾ ਭਾਵ ਪੰਜਾਬੀ ਜੁੱਸੇ ਅਤੇ ਰੂਹ ਦੀ ਤਾਸੀਰ ਤੋਂ ਹੈ ਉਹ ਜੁੱਸਾ ਜੋ ਇਥੋਂ ਦੇ ਦਿਲਕਸ਼ ਪੌਣ ਪਾਣੀ ਤੇ ਵੰਗਾਰਾਂ ਭਰਪੂਰ ਹੋਣੀਆਂ ਵਿੱਚ ਉੱਸਰਿਆ ਹੈ।[3]
ਪੰਜਾਬੀ ਭਾਸ਼ਾ ਵਿੱਚ ਪੰਜਾਬੀਅਤ ਦੇ ਅੰਸ਼ ਵਿਦਮਾਨ ਹਨ।ਪੰਜਾਬੀ ਦੀ ਭੂਗੋਲਿਕ ਅਤੇ ਇਤਿਹਾਸਕ ਸਥਿਤੀ ਵਿੱਲਖਣ ਹੋਣ ਕਰਕੇ ਪੰਜਾਬੀ ਲੋਕ ਦੂਜੇ ਪ੍ਰਾਤਾਂ ਨਾਲੋਂ ਅਨੋਖਾ ਸਥਾਨ ਰੱੱਖਦੇ ਹਨ।ਮੌਲਾ ਬਖਸ਼ ਕੁਸਤਾ ਲਿਖਦਾ ਹੈ,"ਪੰਜਾਬ, ਸਰਸਬਜ਼ੀ ਦੇੇ ਲਿਹਾਜ਼ ਨਾਲ ਜ਼ਮੀਨ ਦੇ ਉਪਜਾਊ ਹੋਣ ਦੇ ਲਿਹਾਜ਼ ਨਾਲ, ਹਿੰਦੁਸਤਾਨ ਵਿੱਚ ਇੱਕ ਅਨੋਖਾ ਦਰਜਾ ਰੱੱਖਦਾ ਹੈ।ਪੰਜਾਬ ਦੀ ਉੱਨਤ ਹੋੋੋਈ ਬੋੋਲੀ ਤੋਂ ਵੀ ਵੱਧ ਕੇ ਉਨ੍ਹਾਂ ਲੋਕਾਂਂ ਦੀ ਜ਼ਬਾਨ ਵਿੱਚ ਮਿੱਠਤ, ਲਚਕ ਤੇ ਖਿੱੱਚ ਮੌਜੂਦ ਹੈੈ। ਜੋ ਖ਼ਾਲਸ ਪੇਂਡੂ ਤੇੇ ਜਾਂਗੂਲ ਆਖੇੇ ਜਾਂਂਦੇੇ ਹਨ,ਅਤੇ ਜਿਨ੍ਹਾਂ ਤੱਕ ਨਵੀਂ ਰੌੌਸ਼ਨੀ ਵੀ ਵਸ਼ਾ ਵੀ ਨਹੀਂ ਅੱਪੜੀ। ਪੰਜਾਬੀ ਜ਼ਬਾਨ ਦੀ ਇਹ ਹਾਲਤ, ਇਹ ਮਿਠਾਸ ਤੇ ਇਹ ਕਸ਼ਿਸ਼ ਐਸੇ ਹਾਲਤ ਵਿੱਚ ਮੌਜੂਦ ਹੈ, ਜਦਕਿ ਇਸ ਨੂੰ ਕਿਸੇ ਦੀ ਸਰਪ੍ਰਸਤੀ ਨਹੀਂ ਜੁੜੀ।"[5]