ਰੂਸੀ ਕਵੀ From Wikipedia, the free encyclopedia
ਅਲੈਗਜ਼ੈਂਡਰ ਸੇਰਗੇਏਵਿਚ ਪੁਸ਼ਕਿਨ (ਰੂਸੀ: Алекса́ндр Серге́евич Пу́шкин (6 ਜੂਨ [ਪੁਰਾਣਾ ਸਟਾਈਲ: ਮਈ 26 ] 1799 – 10 ਫਰਵਰੀ [ ਪੁਰਾਣਾ ਸਟਾਈਲ: ਜਨਵਰੀ 29 ] 1837) ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ।[1][2][3][4] ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ।[5][6][7]
ਅਲੈਗਜ਼ੈਂਡਰ ਪੁਸ਼ਕਿਨ |
---|
ਪੁਸ਼ਕਿਨ ਮਾਸਕੋ ਵਿੱਚ ਇੱਕ ਰੂਸੀ ਕੁਲੀਨ ਘਰਾਣੇ ਵਿੱਚ ਪੈਦਾ ਹੋਇਆ ਸੀ। ਉਸਦੇ ਖ਼ਾਨਦਾਨ ਦੇ ਬਾਰੇ ਇੱਕ ਉਲੇਖਣੀ ਤੱਥ ਇਹ ਹੈ ਕਿ ਇੱਕ ਉਸਦਾ ਪੜਦਾਦਾ - ਅਬਰਾਮ ਗੈਨੀਬਾਲ - ਅਫਰੀਕਾ ਤੋਂ ਏਕ ਦਾਸ ਵਜੋਂ ਲਿਆਂਦਾ ਗਿਆ ਸੀ ਅਤੇ ਬਾਅਦ ਵਿੱਚ ਇੱਕ ਰਈਸ ਬਣ ਗਿਆ ਸੀ।[8] ਪੁਸ਼ਕਿਨ ਨੇ ਪੰਦਰਾਂ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਵਿਤਾ ਪ੍ਰਕਾਸ਼ਿਤ ਕੀਤੀ ਸੀ, ਅਤੇ ਜਾਰਸਕੋਏ ਸੇਲੋ ਲਾਏਸੀਅਮ ਤੋਂ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਮੁਕਾਉਣ ਦੇ ਸਮੇਂ ਤੱਕ ਉਨ੍ਹਾਂ ਨੂੰ ਸਥਾਪਤ ਸਾਹਿਤਕ ਹਲਕਿਆਂ ਤੋਂ ਮਾਨਤਾ ਪ੍ਰਾਪਤ ਹੋ ਚੁੱਕੀ ਸੀ।
ਜਿਸ ਵਕਤ ਉਹ ਜਾਰ ਦੀ ਰਾਜਨੀਤਕ ਪੁਲਿਸ ਦੀ ਸਖ਼ਤ ਨਿਗਰਾਨੀ ਦੇ ਤਹਿਤ ਸੀ ਅਤੇ ਕੁਝ ਵੀ ਪ੍ਰਕਾਸ਼ਿਤ ਕਰਨ ਤੋਂ ਅਸਮਰਥ ਸੀ, ਪੁਸ਼ਕਿਨ ਨੇ ਆਪਣਾ ਸਭ ਤੋਂ ਪ੍ਰਸਿੱਧ ਡਰਾਮਾ ਬੋਰਿਸ ਗੋਦੂਨੋਵ ਲਿਖਿਆ ਸੀ। ਕਵਿਤਾ ਵਿੱਚ ਉਨ੍ਹਾਂ ਦਾ ਨਾਵਲ, ਯੇਵਗੇਨੀ ਓਨੇਗਿਨ, ਲੜੀਵਾਰ ਰੂਪ ਵਿੱਚ 1825 ਅਤੇ 1832 ਦੇ ਵਿਚਕਾਰ ਛਾਪਿਆ ਗਿਆ ਸੀ।
ਪੁਸ਼ਕਿਨ ਦੇ 38 ਸਾਲ ਦੇ ਛੋਟੇ ਜੀਵਨਕਾਲ ਨੂੰ ਅਸੀਂ 5 ਖੰਡਾਂ ਵਿੱਚ ਵੰਡ ਕੇ ਸਮਝ ਸਕਦੇ ਹਾਂ। 26 ਮਈ 1799 ਨੂੰ ਉਨ੍ਹਾਂ ਦੇ ਜਨਮ ਤੋਂ 1820 ਤੱਕ ਦਾ ਸਮਾਂ ਬਾਲਕਾਲ ਅਤੇ ਅਰੰਭਕ ਸਾਹਿਤ ਰਚਨਾ ਨੂੰ ਸਮੇਟਦਾ ਹੈ। 1820 ਤੋਂ 1824 ਦਾ ਸਮਾਂ ਜਲਾਵਤਨੀ ਦਾ ਕਾਲ ਹੈ। 1824 ਤੋਂ 1826 ਦੇ ਵਿੱਚ ਉਹ ਮਿਖੇਲੋਵਸਕੋਏ ਵਿੱਚ ਰਹੇ। 1826 - 1831 ਵਿੱਚ ਉਹ ਜਾਰ ਦੇ ਕਰੀਬ ਆਕੇ ਪ੍ਰਸਿੱਧੀ ਦੇ ਸਿਖਰ ਤੇ ਪਹੁੰਚੇ। 1831 ਤੋਂ ਉਨ੍ਹਾਂ ਦੀ ਮੌਤ (29 ਜਨਵਰੀ 1837) ਤੱਕ ਦਾ ਕਾਲ ਉਨ੍ਹਾਂ ਦੇ ਲਈ ਬਹੁਤ ਦੁੱਖਦਾਈ ਰਿਹਾ।
ਬਾਰਾਂ ਸਾਲ ਦੀ ਉਮਰ ਵਿੱਚ ਪੁਸ਼ਕਿਨ ਨੂੰ ਜਾਰਸਕੋਏ ਸੇਲੋ ਦੇ ਬੋਰਡਿੰਗ ਸਕੂਲ ਵਿੱਚ ਪੜ੍ਹਨ ਲਈ ਭੇਜਿਆ ਗਿਆ। ਸੰਨ 1817 ਵਿੱਚ ਪੁਸ਼ਕਿਨ ਪੜ੍ਹਾਈ ਪੂਰੀ ਕਰਕੇ ਸੇਂਟ ਪੀਟਰਸਬਰਗ ਆ ਗਏ ਅਤੇ ਵਿਦੇਸ਼ ਮੰਤਰਾਲੇ ਦੇ ਕੰਮਾਂ ਦੇ ਇਲਾਵਾ ਉਨ੍ਹਾਂ ਦਾ ਸਾਰਾ ਸਮਾਂ ਕਵਿਤਾ ਕਰਨ ਅਤੇ ਮੌਜ ਉਡਾਣ ਵਿੱਚ ਗੁਜ਼ਰਿਆ। ਇਸ ਦੌਰਾਨ ਫੌਜ ਦੇ ਨੌਜਵਾਨ ਅਫਸਰਾਂ ਦੁਆਰਾ ਬਣਾਈ ਗਈ ਸਾਹਿਤਕ ਸੰਸਥਾ ਗਰੀਨਲੈਂਪ ਵਿੱਚ ਵੀ ਉਨ੍ਹਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਸੀ, ਜਿੱਥੇ ਉਨ੍ਹਾਂ ਦੀ ਕਵਿਤਾ ਦਾ ਸਵਾਗਤ ਹੋਇਆ। ਅਜ਼ਾਦ ਮਾਹੌਲ ਵਿੱਚ ਆਪਣੇ ਵਿਚਾਰਾਂ ਨੂੰ ਵਿਅਕਤ ਕਰਨ ਦੀ ਅਜ਼ਾਦੀ ਦੀ ਵਰਤੋ ਕਰਦੇ ਹੋਏ ਪੁਸ਼ਕਿਨ ਨੇ ਓਡ ਟੂ ਲਿਬਰਟੀ (ਮੁਕਤੀ ਲਈ ਗੀਤ, 1817), ਚਾਦਾਏਵ ਲਈ (1818) ਅਤੇ ਦੇਸ਼ ਵਿੱਚ (1819) ਵਰਗੀਆਂ ਕਵਿਤਾਵਾਂ ਲਿਖੀਆਂ। ਦੱਖਣ ਵਿੱਚ ਯੇਕਾਤੇਰੀਨੋਸਲਾਵ, ਕਾਕੇਸ਼ਸ ਅਤੇ ਕਰੀਮੀਆ ਦੀਆਂ ਆਪਣੀਆਂ ਯਾਤਰਾਵਾਂ ਦੇ ਦੌਰਾਨ ਉਨ੍ਹਾਂ ਨੇ ਖੂਬ ਪੜ੍ਹਿਆ ਅਤੇ ਖੂਬ ਲਿਖਿਆ। ਇਸ ਦੌਰਾਨ ਉਹ ਬੀਮਾਰ ਵੀ ਹੋਏ ਅਤੇ ਜਨਰਲ ਰਾਏਵਸਕੀ ਦੇ ਪਰਵਾਰ ਦੇ ਨਾਲ ਕਾਕੇਸ਼ਸ ਅਤੇ ਕਰੀਮੀਆ ਗਏ। ਪੁਸ਼ਕਿਨ ਦੇ ਜੀਵਨ ਵਿੱਚ ਇਹ ਯਾਤਰਾ ਯਾਦਗਾਰੀ ਬਣ ਗਈ। ਕਾਕੇਸ਼ਸ ਦੀਆਂ ਖੂਬਸੂਰਤ ਵਾਦੀਆਂ ਵਿੱਚ ਉਹ ਰੋਮਾਂਟਿਕ ਕਵੀ ਬਾਇਰਨ ਦੀ ਕਵਿਤਾ ਤੋਂ ਵਾਕਫ਼ ਹੋਏ। ਸੰਨ 1823 ਵਿੱਚ ਉਨ੍ਹਾਂ ਨੂੰ ਓੱਦੇਸਾ ਭੇਜ ਦਿੱਤਾ ਗਿਆ। ਓੱਦੇਸਾ ਵਿੱਚ ਜਿਨ੍ਹਾਂ ਦੋ ਇਸਤਰੀਆਂ ਨਾਲ ਉਨ੍ਹਾਂ ਦੀ ਨਜਦੀਕੀ ਰਹੀ ਉਨ੍ਹਾਂ ਵਿੱਚ ਇੱਕ ਸੀ ਇੱਕ ਸੇਰਬ ਵਪਾਰੀ ਦੀ ਇਟਾਲੀਅਨ ਪਤਨੀ ਅਮੀਲਿਆ ਰਿਜਨਿਚ ਅਤੇ ਦੂਜੀ ਸੀ ਪ੍ਰਾਂਤ ਦੇ ਗਵਰਨਰ ਜਨਰਲ ਦੀ ਪਤਨੀ ਕਾਉਂਟੈੱਸ ਵੋਰੋਨਤਸੋਵ। ਇਨ੍ਹਾਂ ਦੋਨਾਂ ਔਰਤਾਂ ਨੇ ਪੁਸ਼ਕਿਨ ਦੇ ਜੀਵਨ ਵਿੱਚ ਡੂੰਘੀ ਛਾਪ ਛੱਡੀ। ਪੁਸ਼ਕਿਨ ਨੇ ਵੀ ਦੋਨਾਂ ਨਾਲ ਸਮਾਨ ਭਾਵ ਨਾਲ ਪ੍ਰੇਮ ਕੀਤਾ ਅਤੇ ਆਪਣੀ ਕਵਿਤਾਵਾਂ ਵੀ ਉਨ੍ਹਾਂ ਨੂੰ ਸਮਰਪਤ ਕੀਤੀਆਂ। ਪਰ ਦੂਜੀ ਵੱਲ ਕਾਉਂਟੈੱਸ ਤੋਂ ਵਧ ਨੇੜਤਾ ਉਨ੍ਹਾਂ ਦੇ ਹਿੱਤ ਵਿੱਚ ਨਹੀਂ ਰਹੀ। ਉਨ੍ਹਾਂ ਨੂੰ ਆਪਣੀ ਮਾਂ ਦੀ ਜਾਗੀਰ ਮਿਖਾਏਲੋਵਸਕੋਏ ਵਿੱਚ ਨਿਰਵਾਸਤ ਕਰ ਦਿੱਤਾ ਗਿਆ। ਰੂਸ ਦੇ ਇਸ ਬਹੁਤ ਦੂਰ ਉੱਤਰੀ ਕੋਨੇ ਤੇ ਪੁਸ਼ਕਿਨ ਨੇ ਜੋ ਦੋ ਸਾਲ ਬਿਤਾਏ, ਉਨ੍ਹਾਂ ਵਿੱਚ ਉਹ ਜਿਆਦਾਤਰ ਇਕੱਲੇ ਰਹੇ। ਤੇ ਇਹੀ ਸਮਾਂ ਸੀ ਜਦੋਂ ਉਨ੍ਹਾਂ ਨੇ ਯੇਵਗੇਨੀ ਓਨੇਗਿਨ ਅਤੇ ਬੋਰਿਸ ਗੋਦੂਨੋਵ ਵਰਗੀਆਂ ਪ੍ਰਸਿੱਧ ਰਚਨਾਵਾਂ ਪੂਰੀਆਂ ਕੀਤੀਆਂ ਅਤੇ ਅਨੇਕ ਸੁੰਦਰ ਕਵਿਤਾਵਾਂ ਲਿਖੀਆਂ। ਓੜਕ ਸੰਨ 1826 ਵਿੱਚ 27 ਸਾਲ ਦੀ ਉਮਰ ਵਿੱਚ ਪੁਸ਼ਕਿਨ ਨੂੰ ਜਾਰ ਨਿਕੋਲਸ ਨੇ ਨਿਰਵਾਸਨ ਤੋਂ ਵਾਪਸ ਸੇਂਟ ਪੀਟਰਸਬਰਗ ਸੱਦ ਲਿਆ। ਮੁਲਾਕਾਤ ਦੇ ਦੌਰਾਨ ਜਾਰ ਨੇ ਪੁਸ਼ਕਿਨ ਤੋਂ ਉਸ ਕਹੀ ਚਾਲ ਦੀ ਬਾਬਤ ਪੁੱਛਿਆ ਵੀ ਜਿਸਦੀ ਬਦੌਲਤ ਉਨ੍ਹਾਂ ਨੂੰ ਨਿਰਵਾਸਨ ਭੋਗਣਾ ਪਿਆ ਸੀ। ਸੱਤਾ ਦੀਆਂ ਨਜਰਾਂ ਵਿੱਚ ਉਹ ਸ਼ੱਕੀ ਬਣੇ ਰਹੇ ਅਤੇ ਉਨ੍ਹਾਂ ਦੀ ਰਚਨਾਵਾਂ ਨੂੰ ਵੀ ਸੈਂਸਰ ਦਾ ਸ਼ਿਕਾਰ ਹੋਣਾ ਪਿਆ, ਤੇ ਪੁਸ਼ਕਿਨ ਦਾ ਅਜ਼ਾਦੀ ਦੇ ਪ੍ਰਤੀ ਪ੍ਰੇਮ ਹਮੇਸ਼ਾ ਬਰਕਰਾਰ ਰਿਹਾ। ਸੰਨ 1828 ਵਿੱਚ ਮਾਸਕੋ ਵਿੱਚ ਇੱਕ ਨਾਚ ਦੇ ਦੌਰਾਨ ਪੁਸ਼ਕਿਨ ਦੀ ਭੇਂਟ ਨਾਤਾਲੀਆ ਗੋਂਚਾਰੋਵਾ ਨਾਲ ਹੋਈ। 1829 ਦੇ ਬਸੰਤ ਵਿੱਚ ਉਨ੍ਹਾਂ ਨੇ ਨਾਤਾਲੀਆ ਅਗੇ ਵਿਆਹ ਦਾ ਪ੍ਰਸਤਾਵ ਰਖਿਆ। ਅਨੇਕ ਰੁਕਾਵਟਾਂ ਦੇ ਬਾਵਜੂਦ ਸੰਨ 1831 ਵਿੱਚ ਪੁਸ਼ਕਿਨ ਦਾ ਵਿਆਹ ਨਾਤਾਲੀਆ ਦੇ ਨਾਲ ਹੋ ਗਿਆ।
ਪੁਸ਼ਕਿਨ ਦਾ ਵਿਵਾਹਿਤ ਜੀਵਨ ਸੁਖੀ ਨਹੀਂ ਰਿਹਾ। ਇਸਦੀ ਝਲਕ ਉਨ੍ਹਾਂ ਦੇ ਲਿਖੇ ਪੱਤਰਾਂ ਵਿੱਚ ਮਿਲਦੀ ਹੈ, ਪੁਸ਼ਕਿਨ ਦਾ ਟਕਰਾਓ ਨਾਤਾਲੀਆ ਗੋਂਚਾਰੋਵਾ ਦੇ ਇੱਕ ਦੀਵਾਨੇ ਫਰਾਂਸੀਸੀ ਦਆਂਤੇਸ ਨਾਲ ਹੋਇਆ ਜੋ ਜਾਰ ਨਿਕੋਲਸ ਦਾ ਦਰਬਾਰੀ ਸੀ। ਕਿਹਾ ਜਾਂਦਾ ਹੈ ਕਿ ਦਆਂਤੇਸ ਨਾਤਾਲੀਆ ਨਾਲ ਪ੍ਰੇਮ ਕਰਨ ਲੱਗਾ ਸੀ। ਦਆਂਤੇਸ ਨੇ ਨਾਤਾਲੀਆ ਦੀ ਭੈਣ ਕੈਥਰੀਨ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ। ਫਿਰ ਉਹ ਅਤੇ ਨਾਤਾਲੀਆ ਛੁਪਕੇ ਮਿਲਦੇ, ਹਾਲਾਤ ਹੋਰ ਬਿਗੜ ਗਏ। ਇਹ ਗਲ ਪੁਸ਼ਕਿਨ ਕੋਲੋਂ ਸਹਿ ਨਹੀਂ ਹੋਈ ਅਤੇ ਉਹ ਦਆਂਤੇਸ ਨੂੰ ਦਵੰਦ ਯੁਧ ਦਾ ਸੱਦੇ ਦੇ ਬੈਠੇ। 27 ਜਨਵਰੀ 1837 ਨੂੰ ਹੋਏ ਦਵੰਦ ਯੁਧ ਵਿੱਚ ਪੁਸ਼ਕਿਨ ਦਆਂਤੇਸ ਦੀਆਂ ਗੋਲੀਆਂ ਨਾਲ ਬੁਰੀ ਤਰ੍ਹਾਂ ਜਖ਼ਮੀ ਹੋਏ ਅਤੇ ਦੋ ਦਿਨਾਂ ਬਾਅਦ 29 ਜਨਵਰੀ 1837 ਨੂੰ ਸਿਰਫ 38 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਪੁਸ਼ਕਿਨ ਦੀ ਅਚਾਨਕ ਹੋਈ ਮੌਤ ਨਾਲ ਸਨਸਨੀ ਫੈਲ ਗਈ। ਤਤਕਾਲੀਨ ਰੂਸੀ ਸਮਾਜ ਦੇ ਤਥਾਕਥਿਤ ਕੁਲੀਨਾਂ ਨੂੰ ਛੱਡ ਕੇ ਵਿਦਿਆਰਥੀਆਂ, ਕਾਮਗਾਰਾਂ ਅਤੇ ਬੁੱਧੀਜੀਵੀਆਂ ਸਹਿਤ ਲਗਭਗ ਪੰਜਾਹ ਹਜ਼ਾਰ ਲੋਕਾਂ ਦੀ ਭੀੜ ਕਵੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਸੇਂਟ ਪੀਟਰਸਬਰਗ ਵਿੱਚ ਜਮਾਂ ਹੋਈ ਸੀ। ਕੇਵਲ 38 ਸਾਲ ਜੀ ਕੇ ਪੁਸ਼ਕਿਨ ਨੇ ਸੰਸਾਰ ਵਿੱਚ ਆਪਣਾ ਅਜਿਹਾ ਸਥਾਨ ਬਣਾ ਲਿਆ ਜਿਸਨੂੰ ਉਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਕੁੱਝ ਇਸ ਤਰ੍ਹਾਂ ਵਿਅਕਤ ਕੀਤਾ ਹੈ -
ਮੈਂ ਸਥਾਪਤ ਕਰ ਦਿੱਤਾ ਹੈ
ਆਪਣਾ ਨਿਰਾਲਾ ਸਮਾਰਕ
ਉਸਨੂੰ ਅਣਡਿੱਠਾ ਨਹੀਂ ਕਰ ਸਕੇਗੀ
ਲੋਕਾਈ ਦੀ ਕੋਈ ਵੀ ਧਾਰਾ . . .
ਗਰਿਮਾ ਪ੍ਰਾਪਤ ਹੁੰਦੀ ਰਹੇਗੀ
ਮੈਨੂੰ ਇਸ ਧਰਤ ਤੇ
ਜਦੋਂ ਤੱਕ ਜਿੰਦਾ ਰਹੇਗਾ
ਰਚਨਾਸ਼ੀਲ ਕਵੀ ਇੱਕ ਵੀ
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.