From Wikipedia, the free encyclopedia
ਧਿਆਨ ਇੱਕ ਕਿਰਿਆ ਜਾਂ ਅਭਿਆਸ ਹੈ ਜਿਸਦੇ ਵਿੱਚ ਚੇਤੰਨਤਾ, ਸਾਵਧਾਨੀ ਅਤੇ ਜਾਗਰੂਕਤਾ ਵਧਾਉਣ ਹੇਤ ਕਿਸੇ ਵਿਸ਼ੇਸ਼ ਵਸਤੂ, ਵਿਚਾਰ, ਜਾਂ ਗਤੀਵਿਧੀ 'ਤੇ ਮਨ ਨੂੰ ਕੇਂਦਰਿਤ ਕਰਨ, ਅਤੇ ਮਾਨਸਿਕ ਤੌਰ 'ਤੇ ਸਪੱਸ਼ਟ ਅਤੇ ਭਾਵਨਾਤਮਕ ਤੌਰ 'ਤੇ ਸ਼ਾਂਤ ਅਤੇ ਸਥਿਰ ਅਵਸਥਾ ਪ੍ਰਾਪਤ ਕਰਨ ਦੀਆਂ ਵੱਖਰੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ।[1][2][3][4]
ਕਈ ਧਾਰਮਿਕ ਪਰੰਪਰਾਵਾਂ ਵਿੱਚ ਧਿਆਨ ਦੀਆਂ ਤਕਨੀਕਾਂ ਦਾ ਅਭਿਆਸ ਕੀਤਾ ਜਾਂਦਾ ਹੈ। ਧਿਆਨ ਦਾ ਸਭ ਤੋਂ ਪੁਰਾਣਾ ਉੱਲੇਖ ਉਪਨਿਸ਼ਦਾਂ ਵਿੱਚ ਪਾਇਆ ਜਾਂਦਾ ਹੈ। ਧਿਆਨ ਬੁੱਧ, ਸਿੱਖ ਅਤੇ ਹਿੰਦੂ ਧਰਮ ਦੇ ਚਿੰਤਨਸ਼ੀਲ ਭੰਡਾਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ।[5] 19ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਤੋਂ ਧਿਆਨ ਦੀਆਂ ਤਕਨੀਕਾਂ ਹੋਰ ਸੱਭਿਆਚਾਰਾਂ ਵਿੱਚ ਫੈਲ ਗਈਆਂ ਹਨ ਜਿੱਥੇ ਵਪਾਰ ਅਤੇ ਸਿਹਤ ਵਰਗੇ ਗੈਰ-ਅਧਿਆਤਮਿਕ ਪ੍ਰਸੰਗਾਂ ਵਿੱਚ ਵੀ ਉਨ੍ਹਾਂ ਦਾ ਉਪਯੋਗ ਕੀਤਾ ਗਿਆ ਹੈ।
ਧਿਆਨ ਤਣਾਅ, ਚਿੰਤਾ, ਉਦਾਸੀ ਅਤੇ ਪੀੜ ਨੂੰ ਕਾਫੀ ਹੱਦ ਤੱਕ ਘਟਾ ਸਕਦਾ ਹੈ,[6] ਅਤੇ ਸ਼ਾਂਤੀ, ਸਵੈ-ਧਾਰਨਾ,[7] ਸਵੈ-ਸੰਕਲਪ, ਅਤੇ ਤੰਦਰੁਸਤੀ ਨੂੰ ਵਧਾ ਸਕਦਾ ਹੈ।[8][9][10] ਮਨੋਵਿਗਿਆਨਕ, ਤੰਤੂ ਵਿਗਿਆਨਕ, ਅਤੇ ਰਕਤ ਸੰਚਾਰ ਪ੍ਰਣਾਲੀਗਤ ਸਿਹਤ ਅਤੇ ਹੋਰ ਖੇਤਰਾਂ 'ਤੇ ਧਿਆਨ ਦੇ ਪ੍ਰਭਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਖੋਜ ਜਾਰੀ ਹੈ।
ਸ਼ਬਦ 'ਧਿਆਨ' ਸੰਸਕ੍ਰਿਤ ਮੂਲ ਧਿਆਈ ਤੋਂ ਆਉਂਦਾ ਹੈ, ਜਿਸਦਾ ਅਰਥ ਹੈ ਚਿੰਤਨ ਜਾਂ ਮਨਨ ਕਰਨਾ।[11][12][13]
ਧਿਆਨ ਦਾ ਇਤਿਹਾਸ ਉਸ ਧਾਰਮਿਕ ਪ੍ਰਸੰਗ ਨਾਲ ਜੁੜਿਆ ਹੋਇਆ ਹੈ ਜਿਸ ਦੇ ਅੰਦਰ ਇਸਦਾ ਅਭਿਆਸ ਕੀਤਾ ਗਿਆ ਸੀ।[14] ਆਖਿਆ ਜਾਂਦਾ ਹੈ ਕਿ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਦੇ ਉਭਾਰ ਜਿੜ੍ਹੇ ਧਿਆਨ ਦੇ ਕਈ ਤਰੀਕਿਆਂ ਦਾ ਇੱਕ ਤੱਤ ਹੈ, ਮਨੁੱਖੀ ਜੀਵ-ਵਿਗਿਆਨਕ ਵਿਕਾਸ ਦੇ ਨਵੀਨਤਮ ਪੜਾਵਾਂ ਵਿੱਚ ਯੋਗਦਾਨ ਹੁੰਦਾ ਹੈ।[15][16][17] ਧਿਆਨ ਦੇ ਸਭ ਤੋਂ ਪੁਰਾਣੇ ਸਪੱਸ਼ਟ ਉੱਲ੍ਹੇਖਾਂ ਉਪਨਿਸ਼ਦਾਂ ਅਤੇ ਮਹਾਂਭਾਰਤ (ਭਗਵਦ ਗੀਤਾ ਸਮੇਤ) ਵਿੱਚ ਹਨ।[18][19] ਬ੍ਰਿਹਦਰਣਿਅਕ ਉਪਨਿਸ਼ਦ ਵਿੱਚ "ਸ਼ਾਂਤ ਅਤੇ ਇਕਾਗਰ ਹੋ ਜਾਣ ਨਾਲ, ਵਿਅਕਤੀ ਆਪਣੇ ਆਪ ਨੂੰ (ਆਤਮਾਨ) ਆਪਣੇ ਅੰਦਰ ਅਨੁਭਵ ਕਰਨਾ" ਵਜੋਂ ਧਿਆਨ ਦਾ ਵਰਣਨ ਕੀਤਾ ਗਿਆ।[20]
ਜੈਨ ਧਿਆਨ ਦੀ ਅਧਿਆਤਮਿਕ ਅਭਿਆਸ ਪ੍ਰਣਾਲੀ ਨੂੰ ਮੁਕਤੀ-ਮਾਰਗ ਆਖਿਆ ਜਾਂਦਾ ਹੈ। ਇਸ ਦੇ ਤਿੰਨ ਅੰਗ ਹਨ ਜਿਸ ਨੂੰ ਰਤਨ ਤ੍ਰਿਆ "ਤਿੰਨ ਰਤਨ" ਆਖਿਆ ਜਾਂਦਾ ਹੈ: ਉਚਿਤ ਧਾਰਨਾ ਅਤੇ ਵਿਸ਼ਵਾਸ, ਉਚਿਤ ਗਿਆਨ ਅਤੇ ਉਚਿਤ ਅਚਰਣ।[21] ਜੈਨ ਧਰਮ ਵਿੱਚ ਧਿਆਨ ਦਾ ਉਦੇਸ਼ ਸਵੈ ਨੂੰ ਅਨੁਭਵ ਕਰਨਾ, ਮੁਕਤੀ ਪ੍ਰਾਪਤ ਕਰਨਾ ਅਤੇ ਆਤਮਾ ਨੂੰ ਪੂਰਨ ਮੁਕਤੀ ਵੱਲ ਲੈ ਜਾਣਾ ਹੈ।[22] ਇਸ ਦਾ ਉਦੇਸ਼ ਆਤਮਾ ਦੀ ਸ਼ੁੱਧ ਅਵਸਥਾ ਵਿੱਚ ਪਹੁੰਚਣਾ ਅਤੇ ਬਣੇ ਰਹਿਣਾ ਹੈ ਜਿਸ ਨੂੰ ਕਿਸੇ ਵੀ ਲਗਾਅ ਜਾਂ ਘਿਰਣਾ ਤੋਂ ਪਰੇ, ਸ਼ੁੱਧ ਚੇਤਨਾ ਮੰਨਿਆ ਜਾਂਦਾ ਹੈ। ਅਭਿਆਸ ਕਰਨ ਵਾਲਾ ਕੇਵਲ ਇੱਕ ਜਾਣਕਾਰ-ਦਰਸ਼ਕ (ਗਿਆਤ-ਦ੍ਰਿਸ਼ਟ) ਬਣਨ ਦਾ ਜਤਨ ਕਰਦਾ ਹੈ। ਜੈਨ ਧਿਆਨ ਨੂੰ ਧਰਮ ਧਿਆਨ ਅਤੇ ਸ਼ੁਕਲਾ ਧਿਆਨ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ।
ਬੁੱਧ ਧਰਮ ਵਿੱਚ ਜਾਗਰੂਕਤਾ ਅਤੇ ਨਿਰਵਾਣ ਵੱਲ ਮਾਰਗ ਦੇ ਹਿੱਸੇ ਵਜੋਂ ਧਿਆਨ ਦਾ ਅਭਿਆਸ ਕੀਤਾ ਜਾਂਦਾ ਹੈ।[24] ਬੁੱਧ ਧਰਮ ਦੀਆਂ ਪ੍ਰਾਚੀਨ ਭਾਸ਼ਾਵਾਂ ਵਿੱਚ ਧਿਆਨ ਨਾਲ ਸਬੰਧਤ ਸ਼ਬਦਾਵਲੀ ਵਿੱਚਭਾਵਾ ("ਵਿਕਾਸ") ਅਤੇ <i>ਅਨਾਪਨਸਤੀ</i> ("ਅੰਦਰ-ਬਾਹਰ ਸਾਹ ਲੈਣ ਦੀ ਚੇਤਨਾ")[25] ਦਾ ਮੂਲ ਅਭਿਆਸ ਝਨਾ / ਧਿਆਨ ਜਾਂ ਸਮਾਧੀ ਵਿੱਚ ਸਮਾਪਤ ਹੁੰਦਾ ਹੈ।[26]
ਬੁੱਧ ਧਰਮ ਦੇ ਪ੍ਰਸਾਰਣ ਉਪਰੰਤ ਦੂਜੇ ਏਸ਼ੀਆਈ ਦੇਸ਼ਾਂ ਵਿੱਚ ਧਿਆਨ ਦੀ ਧਾਰਨਾ ਫੈਲੀ ਗਈ ਸੀ, 2ਵੀਂ ਸਦੀ ਈਸਵੀ ਵਿੱਚ ਉਹ ਚੀਨ ਪਹੁੰਚੀ ਸੀ,[27] ਅਤੇ 6ਵੀਂ ਸਦੀ ਵਿੱਚ ਜਾਪਾਨ ਪਹੁੰਚੀ ਸੀ। ਆਧੁਨਿਕ ਯੁੱਗ ਵਿੱਚ, ਏਸ਼ੀਆਈ ਬੁੱਧ ਧਰਮ ਉੱਤੇ ਬੋਧੀ ਆਧੁਨਿਕਤਾ ਦੇ ਪ੍ਰਭਾਵ ਕਾਰਨ, ਬੋਧੀ ਧਿਆਨ ਦੀਆਂ ਤਕਨੀਕਾਂ ਦੁਨੀਆਂ ਵਿੱਚ ਪ੍ਰਸਿੱਧ ਹੋ ਗਈਆਂ ਹਨ, ਅਤੇ ਵਿਸ਼ੇਸ਼ ਕਰਕੇ ਪੱਛਮੀ ਦੁਨੀਆਂ 'ਚ ਜ਼ੇਨ ਧਾਰਨਾ ਦੀ ਲੋਕਪ੍ਰਿਅਤਾ ਨੂੰ ਲੈ ਕੇ ਬਹੁਤ ਸਾਰੇ ਗੈਰ-ਬੋਧੀ ਨੇ ਧਿਆਨ ਦੀਆਂ ਬੋਧ ਸ਼ੈਲੀਆਂ ਦੇ ਅਭਿਆਸਾਂ ਨੂੰ ਆਪਣਾਇਆ। ਮਾਨਸਿਕਤਾ ਦੀ ਆਧੁਨਿਕ ਧਾਰਨਾ (ਬੋਧੀ ਸ਼ਬਦ ਸਤੀ 'ਤੇ ਅਧਾਰਤ) ਅਤੇ ਸਬੰਧਤ ਧਿਆਨ ਅਭਿਆਸਾਂ ਨੂੰ ਅੱਜਕੱਲ੍ਹ ਮਾਨਸਿਕ ਰੋਗਾਂ ਦੀ ਚਿਕਿਸਤਾ 'ਚ ਵਰਤੇ ਜਾਂਦੇ ਹਨ।[28]
ਧਿਆਨ ਗੌਤਮ ਬੁੱਧ (5ਵੀਂ ਸਦੀ) ਦੇ ਸਭ ਤੋਂ ਅਹਿਮਤਰੀਨ ਯੋਗਦਾਨਾਂ ਵਿੱਚੋਂ ਇੱਕ ਹੋ ਸਕਦਾ ਹੈ। ਬਹੁਤ ਸਾਰੇ ਸਮਕਾਲੀ ਵਿਦਵਾਨਾਂ ਅਤੇ ਵਿਦਵਾਨ-ਪ੍ਰੈਕਟੀਸ਼ਨਰਾਂ ਅਨੁਸਾਰ, ਗੌਤਮ ਬੁੱਧ ਦੀ ਧਿਆਨ ਸ਼ੈਲੀ ਦਰਅਸਲ ਸੰਪੂਰਨ ਸਮਤਾ ਅਤੇ ਮਾਨਸਿਕਤਾ ਦੇ ਵਿਕਾਸ ਦਾ ਵਰਣਨ ਹੈ।[29] ਧਿਆਨ ਬੋਧੀ ਪਰੰਪਰਾ ਦੁਆਰਾ ਨਿਰਧਾਰਤ ਸੰਵੇਦਨਾ-ਸੰਜਮ ਅਤੇ ਨੈਤਿਕ ਬੰਦਸ਼ਾਂ ਦਾ ਇੱਕ ਵਿਕਸਿਤ ਬਿੰਦੂ ਹੋ ਸਕਦਾ ਹੈ।[30][31]
ਹਿੰਦੂ ਧਰਮ ਵਿੱਚ ਬਹੁਤ ਸਾਰੀਆਂ ਪਰੰਪਰਾਵਾਂ ਅਤੇ ਧਿਆਨ ਸ਼ੈਲੀਆਂ ਹਨ।[20] ਹਿੰਦੂ ਧਰਮ ਵਿੱਚ, ਯੋਗ ਅਤੇ ਧਿਆਨ ਦਾ ਅਭਿਆਸ 'ਸ਼ੁੱਧ ਜਾਗਰੂਕਤਾ', ਜਾਂ 'ਸ਼ੁੱਧ ਚੇਤਨਾ' ਵਜੋਂ ਕੀਤਾ ਜਾਂਦਾ ਹੈ। ਅਦਵੈਤ ਵੇਦਾਂਤ ਵਿੱਚ ਜੀਵਾਤਮਨ, ਵਿਅਕਤੀਗਤ ਸਵੈ, ਨੂੰ ਭਰਮ ਵਿੱਚ ਮੰਨਿਆ ਜਾਂਦਾ ਹੈ, ਅਤੇ ਅਸਲੀਅਤ ਵਿੱਚ ਸਰਬ-ਵਿਆਪਕ ਅਤੇ ਗੈਰ-ਦਵੈਤ ਆਤਮਾ-ਬ੍ਰਾਹਮਣ ਦੇ ਸਮਾਨ ਹੈ। ਦਵੈਤਵਾਦੀ ਯੋਗ ਦਰਸ਼ਨ ਅਤੇ ਸਾਮਖਿਆ ਵਿੱਚ, ਇਨਸਾਨ ਨੂੰ 'ਪੁਰਸ਼/ਪੁਰਖ' ਆਖਿਆ ਜਾਂਦਾ ਹੈ, ਇੱਕ ਸ਼ੁੱਧ ਚੇਤਨਾ ਜੋ ਕੁਦਰਤ, 'ਪ੍ਰਕਿਰਤੀ' ਦੁਆਰਾ ਬੇਰੋਕ ਹੈ। ਮੁਕਤੀ ਦੀ ਘਟਨਾ ਦਾ ਨੂੰ ਮੋਕਸ਼, ਵਿਮੁਕਤੀ ਜਾਂ ਕੈਵਲਯ ਆਖਿਆ ਜਾਂਦਾ ਹੈ।
ਸਿੱਖ ਧਰਮ ਵਿੱਚ, ਅਧਿਆਤਮਿਕ ਉੱਨਤੀ ਪ੍ਰਾਪਤ ਕਰਨ ਹੇਤ ਸਿਮਰਨ (ਧਿਆਨ) ਅਤੇ ਚੰਗੇ ਕਰਮਾਂ ਦੋਵੇਂ ਜ਼ਰੂਰੀ ਹਨ;[32] ਚੰਗੇ ਕਰਮਾਂ ਤੋਂ ਬਿਨਾਂ ਸਿਮਰਨ ਵਿਅਰਥ ਹੈ। ਜਦੋਂ ਸਿੱਖ ਸਿਮਰਨ ਕਰਦੇ ਹਨ, ਤਾਂ ਉਨ੍ਹਾਂ ਦਾ ਉਦੇਸ਼ ਪਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰਨਾ ਅਤੇ ਬ੍ਰਹਮ ਪ੍ਰਕਾਸ਼ ਵਿੱਚ ਉਭਰਨਾ ਹੁੰਦਾ ਹੈ।[33]
ਤਾਓਵਾਦੀ ਧਿਆਨ ਨੇ ਇਸਦੇ ਲੰਬੇ ਇਤਿਹਾਸ ਵਿੱਚ ਇਕਾਗਰਤਾ, ਦ੍ਰਿਸ਼ਟੀਕੋਣ, ਕਿਊ ਕਾਸ਼ਤ, ਚਿੰਤਨ, ਅਤੇ ਮਨਨਸ਼ੀਲਤਾ ਧਿਆਨ ਸਮੇਤ ਤਕਨੀਕਾਂ ਵਿਕਸਿਤ ਕੀਤੀਆਂ ਹਨ। 5ਵੀਂ ਸਦੀ ਦੇ ਆਸ-ਪਾਸ ਚੀਨੀ ਬੁੱਧ ਧਰਮ ਦੁਆਰਾ ਪਰੰਪਰਾਗਤ ਦਾਓਵਾਦੀ ਧਿਆਨ ਦੇ ਅਭਿਆਸਾਂ ਨੂੰ ਪ੍ਰਭਾਵਿਤ ਕੀਤਾ ਗਿਆ ਅਤੇ ਰਵਾਇਤੀ ਚੀਨੀ ਦਵਾਈ ਅਤੇ ਚੀਨੀ ਮਾਰਸ਼ਲ ਆਰਟਸ ਨੂੰ ਪ੍ਰਭਾਵਿਤ ਕੀਤਾ।
ਯਹੂਦੀ ਧਰਮ ਨੇ ਹਜ਼ਾਰਾਂ ਸਾਲਾਂ ਤੋਂ ਧਿਆਨ ਦੇ ਅਭਿਆਸਾਂ ਦੀ ਵਰਤੋਂ ਕੀਤੀ ਹੈ।[34] ਉਦਾਹਰਨ ਲਈ, ਤੌਰਾ ਵਿੱਚ, ਇਸਹਾਕ ਨੂੰ ਖੇਤ ਵਿੱਚ "לשוח" (ਲਸੋਆਹ) ਹੋਣ ਵਜੋਂ ਦਰਸਾਇਆ ਗਿਆ ਹੈ - ਕਈ ਟਿੱਪਣੀਕਾਰਾਂ ਦੁਆਰਾ ਇਸ ਸ਼ਬਦ ਕਿਸੇ ਕਿਸਮ ਦੇ ਧਿਆਨ ਅਭਿਆਸ ਵਜੋਂ ਸਮਝਿਆ ਜਾਂਦਾ ਹੈ (ਉਤਪਤ 24:63)।[35] ਇਸੇ ਤਰ੍ਹਾਂ, ਤਨਾਖ (ਇਬਰਾਨੀ ਬਾਈਬਲ) ਵਿਚ ਸੰਕੇਤ ਹਨ ਕਿ ਦੂਤਾਂ ਨੇ ਧਿਆਨ ਕੀਤਾ ਸੀ। ਪੁਰਾਣੇ ਨੇਮ ਵਿੱਚ, ਸਿਮਰਨ ਲਈ ਹਿਬਰੂ ਸ਼ਬਦ ਹਨ: ਹਾਗਾ (ਹਿਬਰੂ: הגה) ਜਿਸਦਾ ਅਰਥ ਹੈ ਸਾਹ, ਬੁੜਬੁੜਾਉਣਾ, ਜਾਂ ਮਨਨ ਕਰਨ ਅਤੇ ਸੀਹਾ (ਹਿਬਰੂ: שיחה), ਜਿਸਦਾ ਅਰਥ ਹੈ ਦੁਹਰਾਉਣਾ ਜਾਂ ਜੱਪਣਾ। [36]
ਕ੍ਰਿਸ਼ਚੀਅਨ ਮੈਡੀਟੇਸ਼ਨ ਪ੍ਰਾਰਥਨਾ ਦੇ ਇੱਕ ਰੂਪ ਲਈ ਇੱਕ ਸ਼ਬਦ ਹੈ ਜਿਸ ਵਿੱਚ ਪਰਮੇਸ਼ੁਰ ਦੇ ਖੁਲਾਸੇ ਨੂੰ ਜਾਣ-ਬੁੱਝ ਕੇ ਪ੍ਰਤੀਬਿੰਬਤ ਕਰਨ ਲਈ ਇੱਕ ਢਾਂਚਾਗਤ ਕੋਸ਼ਿਸ਼ ਕੀਤੀ ਜਾਂਦੀ ਹੈ। ਰੋਮਨ ਸਾਮਰਾਜ ਵਿੱਚ, 20 ਈਸਾ ਪੂਰਵ ਤੱਕ ਅਲੈਗਜ਼ੈਂਡਰੀਆ ਦੇ ਫਿਲੋ ਨੇ ਧਿਆਨ (ਪ੍ਰੋਸੋਚ) ਅਤੇ ਇਕਾਗਰਤਾ ਨੂੰ ਸ਼ਾਮਲ ਕਰਨ ਵਾਲੇ "ਅਧਿਆਤਮਿਕ ਅਭਿਆਸਾਂ" ਦੇ ਕੁਝ ਰੂਪਾਂ 'ਤੇ ਲਿਖਿਆ ਸੀ ਅਤੇ ਤੀਜੀ ਸਦੀ ਤੱਕ ਪਲੋਟਿਨਸ ਨੇ ਧਿਆਨ ਦੀਆਂ ਤਕਨੀਕਾਂ ਵਿਕਸਿਤ ਕੀਤੀਆਂ ਸਨ।
ਨਮਾਜ਼ ਪੜ੍ਹਨਾ ਇੱਕ ਲਾਜ਼ਮੀ ਕਿਰਿਆ ਹੈ ਜੋ ਮੁਸਲਮਾਨਾਂ ਦੁਆਰਾ ਪ੍ਰਤੀ ਦਿਨ ਪੰਜ ਵਾਰ ਕੀਤੀ ਜਾਂਦੀ ਹੈ। ਸਰੀਰ ਵੱਖ-ਵੱਖ ਅਸਣਾਂ 'ਚ ਲੰਘਦਾ ਹੈ, ਜਿਸਦੇ ਦੌਰਾਨ ਮਨ ਇਕਾਗਰਤਾ ਦਾ ਇੱਕ ਪੱਧਰ ਪ੍ਰਾਪਤ ਕਰਦਾ ਹੈ ਜਿਸਨੂੰ ਖੁਸ਼ੂ ਕਿਹਾ ਜਾਂਦਾ ਹੈ।
ਸੂਫੀਵਾਦ ਜਾਂ ਇਸਲਾਮੀ ਰਹੱਸਵਾਦ ਵਿੱਚ ਧਿਆਨ ਦੀ ਇੱਕ ਦੂਜੀ ਵਿਕਲਪਿਕ ਕਿਸਮ ਦੀ ਵਿਆਖਿਆ ਕੀਤੀ ਗਈ ਹੈ ਜਿਸਨੂੰ ਜ਼ਿਕਰ ਕਿਹਾ ਜਾਂਦਾ ਹੈ, ਇਸਦਾ ਅਰਥ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਅਤੇ ਉਸਦਾ ਨਾਮ ਲੈਣਾ।[37][38] ਇਹ ਸੂਫੀਵਾਦ ਦੇ ਲਾਜ਼ਮੀ ਤੱਤਾਂ ਵਿੱਚੋਂ ਇੱਕ ਬਣ ਗਿਆ।
ਬਹਾਈ ਵਿਸ਼ਵਾਸ ਦੀਆਂ ਸਿੱਖਿਆਵਾਂ ਵਿੱਚ, ਸਿਮਰਨ ਅਧਿਆਤਮਿਕ ਵਿਕਾਸ ਲਈ ਇੱਕ ਮੁੱਖ ਸਾਧਨ ਹੈ,[39] ਜਿਸ ਵਿੱਚ ਪ੍ਰਮਾਤਮਾ ਦੇ ਸ਼ਬਦਾਂ ਉੱਤੇ ਪ੍ਰਤੀਬਿੰਬ ਸ਼ਾਮਲ ਹੁੰਦਾ ਹੈ।[40] ਜਦੋਂ ਕਿ ਪ੍ਰਾਰਥਨਾ ਅਤੇ ਸਿਮਰਨ ਆਪਸ ਵਿੱਚ ਜੁੜੇ ਹੋਏ ਹਨ, ਜਿੱਥੇ ਧਿਆਨ ਆਮ ਤੌਰ 'ਤੇ ਇੱਕ ਪ੍ਰਾਰਥਨਾਤਮਕ ਰਵੱਈਏ ਵਿੱਚ ਹੁੰਦਾ ਹੈ, ਪ੍ਰਾਰਥਨਾ ਨੂੰ ਖਾਸ ਤੌਰ 'ਤੇ ਪਰਮਾਤਮਾ ਵੱਲ ਮੁੜਨ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ,[41] ਅਤੇ ਧਿਆਨ ਨੂੰ ਆਪਣੇ ਆਪ ਦੇ ਨਾਲ ਇੱਕ ਸਾਂਝ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਜਿੱਥੇ ਕੋਈ ਵਿਅਕਤੀ ਬ੍ਰਹਮ 'ਤੇ ਧਿਆਨ ਕੇਂਦਰਤ ਕਰਦਾ ਹੈ। [40]
19ਵੀਂ ਸਦੀ ਦੇ ਅੰਤ ਤੋਂ ਪੱਛਮ ਵਿੱਚ ਧਿਆਨ ਦੀ ਧਾਰਨਾ ਫੈਲ ਗਈ ਹੈ, ਜਿਸ ਨਾਲ ਦੁਨੀਆਂ ਭਰ ਦੇ ਸੱਭਿਆਚਾਰਾਂ ਵਿੱਚ ਸੰਚਾਰ ਵਧਿਆ ਹੈ। ਸਭ ਤੋਂ ਪ੍ਰਮੁੱਖ ਏਸ਼ੀਆਈ ਅਭਿਆਸਾਂ ਦਾ ਪੱਛਮ ਵਿੱਚ ਪ੍ਰਸਾਰਣ ਹੋ ਰਿਹਾ ਹੈ।
ਧਿਆਨ ਦੀਆਂ ਪ੍ਰਕਿਰਿਆਵਾਂ ਅਤੇ ਇਸਦੇ ਪ੍ਰਭਾਵਾਂ ਬਾਰੇ ਖੋਜ ਨਾੜੀ ਵਿਗਿਆਨ ਦਾ ਅੰਗ ਹੈ।[9] ਆਧੁਨਿਕ ਵਿਗਿਆਨਕ ਤਕਨੀਕਾਂ ਧਿਆਨ ਦੇ ਦੌਰਾਨ ਨਾੜੀ ਪ੍ਰਤੀਕ੍ਰਿਆਵਾਂ ਨੂੰ ਦੇਖਣ ਲਈ ਵਰਤੀਆਂ ਗਈਆਂ ਹਨ।[42] ਧਿਆਨ ਬਾਰੇ ਖੋਜ ਦੀ ਗੁਣਵੱਤਾ 'ਤੇ ਚਿੰਤਾਵਾਂ ਉਠਾਈਆਂ ਗਈਆਂ ਹਨ।[9][43][44][45]
ਧਿਆਨ ਨੂੰ ਕੁਝ ਲੋਕਾਂ ਵਿੱਚ ਅਣਸੁਖਾਵੇਂ ਅਨੁਭਵਾਂ ਨਾਲ ਜੋੜਿਆ ਗਿਆ ਹੈ।[46][47][48][49] ਕੁਝ ਮਾਮਲਿਆਂ ਵਿੱਚ, ਇਸ ਨੂੰ ਕੁਝ ਵਿਅਕਤੀਆਂ ਵਿੱਚ ਮਨੋਵਿਗਿਆਨਕ ਪਾਗਲਪਣ ਨਾਲ ਵੀ ਜੋੜਿਆ ਗਿਆ ਹੈ।[50]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.