Remove ads
From Wikipedia, the free encyclopedia
ਰਾਬਰਟ ਬੇਡਿਨ ਪਾਵਲ ਪੁਰਾ ਨਾਮ ਰਾਬਰਟ ਸਟੀਫਸਨ ਸਮਿੱਥ ਬੇਡਿਨ ਪਾਵਲ (22 ਫਰਵਰੀ 1857-26 ਜੂਨ 1977) ਦਾ ਜਨਮ ਲੰਡਨ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਹਰਬਰਟ ਜਾਰਜ ਬੇਡਿਨ ਪਾਵਲ ਸੀ ਜੋ ਆਕਸਫੋਰਡ ਯੂਨੀਵਰਸਿਟੀ ਵਿੱਚ ਜਿਊਮੈਟਰੀ ਦੇ ਪ੍ਰੋਫ਼ੈਸਰ ਸਨ। ਮਾਤਾ ਦਾ ਨਾਂ ਹੈੱਨਰੀਟਾ ਗਰੇਸ ਸਮਿੱਥ ਸੀ। ਲਾਰਡ ਬੇਡਿਨ ਪਾਵਲ ਹੁਰੀਂ ਛੇ ਭਰਾ ਅਤੇ ਦੋ ਭੈਣਾਂ ਸਨ। 1860 ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਉਸ ਸਮੇਂ ਸਾਰੇ ਭੈਣ-ਭਰਾ 14 ਸਾਲ ਤੋਂ ਘੱਟ ਉਮਰ ਦੇ ਸਨ। ਰਾਬਰਟ ਸਭ ਤੋਂ ਛੋਟਾ ਸੀ। ਉਨ੍ਹਾਂ ਦੀ ਉਮਰ ਤਿੰਨ ਸਾਲ ਦੀ ਸੀ। ਆਪਣੀ ਮਾਤਾ ਨਾਲ ਭੋਜਨ ਤਿਆਰ ਕਰਨ ਵਿੱਚ ਮਦਦ ਕਰਦੇ ਸਨ। ਉਨ੍ਹਾਂ ਨੇ ਸਕਾਊਟਸ ਨੂੰ ਖਾਣਾ ਤਿਆਰ ਕਰਨ ਦੀ ਕਲਾ ਆਪਣੀ ਮਾਤਾ ਤੋਂ ਸਿੱਖਣ ਲਈ ਕਿਹਾ ਕਿਉਂਕਿ ਉਨ੍ਹਾਂ ਤੋਂ ਵਧੀਆ ਹੋਰ ਕੋਈ ਨਹੀਂ ਸਿਖਾ ਸਕਦਾ।
ਰਾਬਰਟ ਸਟੀਫਸਨ ਸਮਿੱਥ ਬੇਡਿਨ ਪਾਵਲ ਪਹਿਲਾ ਬੈਰਨ ਬੇਡਿਨ ਪਾਵਲ | |
---|---|
ਜਨਮ | 22 ਫਰਵਰੀ 1857 ਪੈਡਿੰਗਟਨ, ਲੰਡਨ ਇੰਗਲੈਂਡ |
ਮੌਤ | 26 ਜੂਨ 1977) ਨਾਈਰੀ ਕੀਨੀਆ |
ਹੋਰ ਨਾਮ | B-P |
ਪੁਰਸਕਾਰ |
|
ਦਸਤਖ਼ਤ | |
ਸਕਾਊਟ ਲਹਿਰ ਦਾ ਜਨਮਦਾਤਾ ਰਾਬਰਟ ਬੇਡਿਨ ਪਾਵਲ ਸੀ। ਉਨ੍ਹਾਂ ਨੇ 5 ਤੋਂ 25 ਸਾਲ ਦੇ ਲੜਕੇ-ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਸਕਾਊਟਿੰਗ ਤੇ ਗਾਈਡਿੰਗ ਲਹਿਰ ਚਲਾਈ। ਇਸ ਲਹਿਰ ਦਾ ਉਦੇਸ਼ ਨੌਜਵਾਨਾਂ ਵਿੱਚ ਰਚਨਾਤਮਕ ਸੋਚ ਦਾ ਵਿਕਾਸ ਕਰਕੇ ਵੱਖ-ਵੱਖ ਸਾਹਸੀ ਕਿਰਿਆਵਾਂ ਰਾਹੀਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਸੀ ਤਾਂ ਜੋ ਉਹ ਸੰਸਾਰ ਦੇ ਚੰਗੇ ਇਨਸਾਨ ਅਤੇ ਸੂਝਵਾਨ ਨਾਗਰਿਕ ਬਣ ਸਕਣ। ਇਸ ਲਹਿਰ ਦੀ ਬੁਨਿਆਦ ਈਮਾਨਦਾਰੀ, ਆਪਸੀ ਵਿਸ਼ਵਾਸ, ਨੈਤਿਕਤਾ ਅਤੇ ਭਰਾਤਰੀ ਭਾਵ ਉਪਰ ਆਧਾਰਤ ਹੈ।
1869 ਵਿੱਚ ਰਾਬਰਟ ਬੇਡਿਨ ਪਾਵਲ ਨੂੰ ਕੈਸਿੰਗਟਨ ਸਕੂਲ ’ਚ ਦਾਖਲ ਕਰਵਾਇਆ ਗਿਆ ਅਤੇ 1870 ਵਿੱਚ ਸਕਾਲਰਸ਼ਿਪ ਦੇ ਆਧਾਰ ’ਤੇ ਲੰਡਨ ਦੇ ਮਸ਼ਹੂਰ ਚਾਰਟਰ ਹਾਊਸ ਸਕੂਲ ਵਿੱਚ ਦਾਖਲਾ ਮਿਲ ਗਿਆ। ਉਹ ਇੱਕ ਵਧੀਆ ਹਾਸਰਸ ਕਲਾਕਾਰ, ਗਾਇਕ ਅਤੇ ਫੁੱਟਬਾਲ ਟੀਮ ਦੇ ਗੋਲਕੀਪਰ ਸਨ ਪਰ ਹਿਸਾਬ ਵਿੱਚ ਕਮਜ਼ੋਰ ਸਨ। ਡਰਾਇੰਗ ਕਰਦੇ ਸਮੇਂ ਦੋਵੇਂ ਹੱਥਾਂ ਦੀ ਵਰਤੋਂ ਕਰਦੇ ਸਨ। ਉਹ ਸਮੇਂ ਦੀ ਕਦਰ ਕਰਦੇ ਸਨ ਅਤੇ ਆਪਣਾ ਵਿਹਲਾ ਸਮਾਂ ਸਕੂਲ ਦੇ ਨਜ਼ਦੀਕ ਜੰਗਲ ਵਿੱਚ ਗੁਜ਼ਾਰਦੇ ਸਨ। ਜੰਗਲ ਵਿੱਚ ਉਹ ਪਸ਼ੂ ਅਤੇ ਪੰਛੀਆਂ ਦੇ ਵਰਤਾਉ ਨੂੰ ਧਿਆਨ ਨਾਲ ਵਾਚਦੇ ਸਨ। ਦੁਪਹਿਰ ਦਾ ਭੋਜਨ ਘੱਟ ਬਾਲਣ ਨਾਲ ਤਿਆਰ ਕਰਨ ਦੀ ਵਿਧੀ ਸਕੂਲ ਸਮੇਂ ਤੋਂ ਹੀ ਸਿੱਖ ਲਈ ਸੀ। ਇਹ ਸਾਰਾ ਕੰਮ ਅੱਧੀ ਛੁੱਟੀ ਦੇ ਸਮੇਂ ਵਿੱਚ ਹੀ ਨਿਪਟਾ ਲੈਂਦੇ ਸਨ। ਰਾਬਰਟ ਬੇਡਿਨ ਪਾਵਲ ਨੇ 19 ਸਾਲ ਦੀ ਉਮਰ ਵਿੱਚ ਗਰੈਜੂਏਸ਼ਨ ਪਾਸ ਕਰਕੇ ਫ਼ੌਜ ਵਿੱਚ ਅਫ਼ਸਰ ਦੀ ਭਰਤੀ ਲਈ ਪ੍ਰੀਖਿਆ ਦਿੱਤੀ।
ਉਹ ਸਬ-ਲੈਫਟੀਨੈਂਟ ਚੁਣੇ ਗਏ। ਉਸ ਸਮੇਂ ਉਨ੍ਹਾਂ ਦੀ ਨਿਯੁਕਤੀ ਭਾਰਤ ਵਿੱਚ ਲਖਨਊ ਵਿਖੇ ਹੋਈ। ਉਹ ਸਖ਼ਤ ਮਿਹਨਤੀ ਹੋਣ ਕਾਰਨ 1883 ਵਿੱਚ 26 ਸਾਲ ਦੀ ਉਮਰ ਵਿੱਚ ਕੈਪਟਨ ਬਣ ਗਏ। 1883 ਵਿੱਚ ਅਫ਼ਰੀਕਾ ਗਏ। 1888 ਵਿੱਚ ਦੱਖਣੀ ਅਫ਼ਰੀਕਾ ਦੇ ਇੱਕ ਕਬੀਲੇ ਜਿਸ ਦਾ ਮੁਖੀ ਦੀਨੀ ਜੂਲੋ ਸੀ, ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਕਰ ਦਿੱਤੀ। ਰਾਬਰਟ ਬੇਡਿਨ ਪਾਵਲ ਨੇ ਬੜੀ ਜਲਦੀ ਜੂਲੋ ਤੋਂ ਆਤਮ-ਸਮਰਪਣ ਕਰਵਾ ਕੇ ਬਗਾਵਤ ਦਬਾ ਦਿੱਤੀ। 1894 ਵਿੱਚ ਅਸ਼ੰਟੀ ਕਬੀਲੇ ਦੇ ਮੁਖੀ ਪ੍ਰੇਮਪੇ ਨੇ ਬਗਾਵਤ ਕੀਤੀ। ਉਸ ਬਗਾਵਤ ਨੂੰ ਵੀ ਰਾਬਰਟ ਬੇਡਿਨ ਪਾਵਲ ਨੇ ਕੁਚਲ ਦਿੱਤਾ। ਮੇਫਕਿੰਗ ਦੱਖਣੀ ਅਫ਼ਰੀਕਾ ਦਾ ਇੱਕ ਸ਼ਹਿਰ ਸੀ ਜਿਹੜਾ ਬਹੁਤ ਵੱਡਾ ਵਪਾਰਕ ਕੇਂਦਰ ਸੀ।
ਇਸ ਉਪਰ ਹਾਲੈਂਡ ਦੇ ਡੱਚਾਂ ਦਾ ਅਧਿਕਾਰ ਸੀ। 13 ਮਈ 1899 ਵਿੱਚ ਡੱਚਾਂ ਤੇ ਅੰਗਰੇਜ਼ਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਡੱਚਾਂ ਪਾਸ ਅੰਗਰੇਜ਼ਾਂ ਦੇ ਮੁਕਾਬਲੇ ਸੈਨਾ ਅਤੇ ਗੋਲੀ ਸਿੱਕਾ ਜ਼ਿਆਦਾ ਸੀ। ਇਸ ਲੜਾਈ ਦੀ ਕਮਾਂਡ ਰਾਬਰਟ ਬੇਡਿਨ ਪਾਵਲ ਨੂੰ ਸੌਂਪੀ ਗਈ। ਜੰਗ 217 ਦਿਨ ਚੱਲੀ, 17 ਮਈ 1900 ਨੂੰ ਉਨ੍ਹਾਂ ਨੇ ਇਹ ਜੰਗ ਜਿੱਤ ਲਈ। ਇਸ ਜੰਗ ਦੌਰਾਨ ਉਨ੍ਹਾਂ ਨੇ ਅਫ਼ਰੀਕਾ ਦੇ ਬੱਚਿਆਂ ਦੀ ਇੱਕ ਮੇਫਕਿੰਗ ਕੈਡਿਟ ਕੋਰ ਸਥਾਪਤ ਕੀਤੀ। ਇਸ ਕੈਡਿਟ ਕੋਰ ਨੇ ਜੰਗ ਜਿੱਤਣ ਵਿੱਚ ਬਹੁਤ ਸਹਾਇਤਾ ਕੀਤੀ। ਉਹ 1901 ਵਿੱਚ ਇੰਗਲੈਂਡ ਆ ਗਏ। ਉਨ੍ਹਾਂ ਦਾ ਬਹੁਤ ਸਨਮਾਨ ਹੋਇਆ। ਰਾਣੀ ਵਿਕਟੋਰੀਆ ਨੇ ਮੇਜਰ ਜਰਨਲ ਦੀ ਤਰੱਕੀ ਦਿੱਤੀ। ਨੌਜਵਾਨਾਂ ਨੇ ਪੱਤਰ ਲਿਖ ਕੇ ਰਾਬਰਟ ਬੇਡਿਨ ਪਾਵਲ ਤੋਂ ਵਿਕਾਸ ਕਰਨ ਲਈ ਸਲਾਹ ਮੰਗੀ। ਉਨ੍ਹਾਂ ਨੇ ਸਭ ਨੂੰ ਇੱਕ ਹੀ ਉੱਤਰ ਦਿੱਤਾ ਕਿ ਹਰ ਨੌਜਵਾਨ ਨੂੰ ਹਰ ਰੋਜ਼ ਘੱਟੋ-ਘੱਟ ਇੱਕ ਭਲਾਈ ਦਾ ਕੰਮ ਜ਼ਰੂਰ ਕਰਨਾ ਚਾਹੀਦਾ ਹੈ।
1901 ਤੋਂ ਲੈ ਕੇ 1910 ਤਕ ਰਾਬਰਟ ਬੇਡਿਨ ਪਾਵਲ ਇੰਗਲੈਂਡ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਸੇਧ ਦੇਣ ਲਈ ਸਕਾਊਟ ਪ੍ਰੋਗਰਾਮ ਚਲਾਉਣ ਬਾਰੇ ਸੋਚਿਆ। ਸਕਾਊਟ ਸ਼ਬਦ ਮਿਲਟਰੀ ਦਾ ਹੈ। ਮਿਲਟਰੀ ਵਿੱਚ ਸਕਾਊਟ ਦਾ ਕੰਮ ਦੁਸ਼ਮਣ ਦਾ ਭੇਦ ਹਾਸਲ ਕਰਨਾ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਨੌਜਵਾਨਾਂ ਦੇ ਵਿਕਾਸ ਵਾਸਤੇ ਸ਼ਾਂਤੀ ਦੇ ਸਕਾਊਟ ਬਣਾਉਣ ਬਾਰੇ ਸੋਚਿਆ। ਮੇਫਕਿੰਗ ਕੈਡਿਟ ਕੋਰ ਦੀ ਕਾਰਗੁਜ਼ਾਰੀ ਤੋਂ ਬਾਅਦ ਉਨ੍ਹਾਂ ਦੇ ਦਿਮਾਗ਼ ਵਿੱਚ ਇਹ ਵਿਚਾਰ ਭਾਰੂ ਹੋ ਗਏ ਕਿ ਨੌਜਵਾਨਾਂ ਵਿੱਚ ਅਥਾਹ ਸ਼ਕਤੀ ਹੁੰਦੀ ਹੈ। ਇਹ ਹਰ ਕੰਮ ਕਰ ਸਕਦੇ ਹਨ ਜੇਕਰ ਇਨ੍ਹਾਂ ਨੂੰ ਸਹੀ ਸਮੇਂ ’ਤੇ ਸਹੀ ਪ੍ਰੋਗਰਾਮ ਦਿੱਤਾ ਜਾਵੇ। ਉਹ ਨੌਜਵਾਨਾਂ ਵਿੱਚ ਅਜਿਹੇ ਗੁਣ ਭਰਨਾ ਚਾਹੁੰਦੇ ਸਨ ਕਿ ਨੌਜਵਾਨ ਦੇਸ਼ ਦੀ ਤਰੱਕੀ ਵਾਸਤੇ ਮੁੱਢਲੀ ਕਤਾਰ ਵਿੱਚ ਰਹਿਣ। ਇਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਆਪਣੀ ਸਿਹਤ ਦੀ ਸੰਭਾਲ ਕਿਵੇਂ ਕਰਨੀ ਹੈ, ਡਾਕਟਰ ਤੋਂ ਕਿਵੇਂ ਦੂਰ ਰਹਿਣਾ ਹੈ। ਛੋਟੇ-ਛੋਟੇ ਚਿੰਨ੍ਹਾਂ ਅਤੇ ਪਦਚਿੰਨ੍ਹਾਂ ਤੋਂ ਕਿਵੇਂ ਨਤੀਜੇ ਕੱਢਣੇ ਹਨ। ਹਿੰਮਤ ਤੇ ਸਾਹਸ ਵਰਗੇ ਗੁਣ ਜਜ਼ਬ ਕਰਕੇ ਦੂਜਿਆਂ ਦੀ ਭਲਾਈ ਲਈ ਹਰ ਵਕਤ ਤਿਆਰ-ਬਰ-ਤਿਆਰ ਰਹਿਣਾ ਹੈ।
ਇਸ ਕਾਰਜ ਲਈ ਉਨ੍ਹਾਂ ਨੇ 29 ਜੁਲਾਈ ਤੋਂ 9 ਅਗਸਤ 1907 ਤਕ ਇੰਗਲਿਸ਼ ਚੈਨਲ ਵਿੱਚ ਸਥਿਤ ਬਰਾਊਨ ਸੀ ਟਾਪੂ ਵਿੱਚ 20 ਬੱਚਿਆਂ ਦਾ ਇੱਕ ਟੈਸਟਿੰਗ ਕੈਂਪ ਲਾਇਆ। ਕੈਂਪ ਦੌਰਾਨ ਦੇਖਿਆ ਕਿ ਬੱਚਿਆਂ ਵਿੱਚ ਸਵੈ-ਅਨੁਸ਼ਾਸਨ, ਆਤਮ-ਵਿਸ਼ਵਾਸ ਆਦਿ ਵਰਗੇ ਗੁਣ ਪੈਦਾ ਹੋਏ। ਅਪਰੈਲ 1908 ਵਿੱਚ ਸਕਾਊਟਿੰਗ ਫਾਰ ਬੁਆਏਜ਼ ਕਿਤਾਬ ਲਿਖੀ, ਜਿਹੜੀ ਪੰਜ ਵਾਰ ਛਾਪਣੀ ਪਈ। 1909 ਵਿੱਚ ਕਰਿਸਟਲ ਪੈਲੇਸ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ 9000 ਸਕਾਊਟਸ ਨੇ ਭਾਗ ਲਿਆ। ਲੜਕੀਆਂ ਵਾਸਤੇ ਮਿਸ ਐਗਨੇਸ ਦੀ ਅਗਵਾਈ ਵਿੱਚ ਗਰਲ ਗਾਈਡ ਸ਼ੁਰੂ ਕੀਤੀ। ਇਸ ਤਰ੍ਹਾਂ ਸਕਾਊਟ ਲਹਿਰ ਦਾ ਆਰੰਭ ਹੋਇਆ।
ਰਾਬਰਟ ਬੇਡਿਨ ਪਾਵਲ 1910 ਵਿੱਚ ਲੈਫਟੀਨੈਂਟ ਜਰਨਲ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਕੇ ਪੂਰੀ ਤਰ੍ਹਾਂ ਸਕਾਊਟ ਲਹਿਰ ਨੂੰ ਸਮਰਪਿਤ ਹੋ ਗਏ। ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਸਕਾਊਟ ਪੈਟਰੋਲ ਸ਼ੁਰੂ ਕੀਤੇ। ਵੈਸਟ ਇੰਡੀਜ਼ ਦੇ ਟੂਰ ’ਤੇ ਉਨ੍ਹਾਂ ਦੀ ਮੁਲਾਕਾਤ ਮਿਸ ਉਲੇਵ ਸੇਂਟ ਕਲੇਅਰ ਸੋਮਜ ਨਾਲ ਹੋਈ। 30 ਅਕਤੂਬਰ 1912 ਨੂੰ ਉਨ੍ਹਾਂ ਦਾ ਵਿਆਹ ਹੋ ਗਿਆ। ਸੋਮਜ ਦੀ ਉਮਰ ਉਸ ਸਮੇਂ 22 ਸਾਲ ਅੱਠ ਮਹੀਨੇ ਸੀ। ਇਨ੍ਹਾਂ ਦੇ ਇੱਕ ਪੁੱਤਰ ਅਤੇ ਦੋ ਲੜਕੀਆਂ ਪੈਦਾ ਹੋਈਆਂ।
ਭਾਰਤ ਵਿੱਚ ਸਕਾਊਟਿੰਗ 13 ਅਕਤੂਬਰ 1916 ਨੂੰ ਮਦਰਾਸ ਹੁਣ ਚੈਨਈ ਵਿਖੇ ਸ਼ੁਰੂ ਹੋਈ। ਰਾਬਰਟ ਬੇਡਿਨ ਪਾਵਲ 26 ਜੂਨ 1977 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਜਨਮਦਿਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸੋਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੁਆਰਾ ਸਥਾਪਤ ਕੀਤਾ ਪ੍ਰੋਗਰਾਮ ਅੱਜ ਵੀ ਦੁਨੀਆ ਦੇ 165 ਦੇਸ਼ਾਂ ਵਿੱਚ ਚੱਲ ਰਿਹਾ ਹੈ ਅਤੇ 3.20 ਕਰੋੜ ਬੱਚੇ ਇਸ ਦਾ ਫ਼ਾਇਦਾ ਉਠਾ ਰਹੇ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.