From Wikipedia, the free encyclopedia
ਰੋਲਾਂ ਬਾਰਥ (ਫ਼ਰਾਂਸੀਸੀ: [ʁɔlɑ̃ baʁt]; 12 ਨਵੰਬਰ 1915 – 26 ਮਾਰਚ 1980[1]) ਇੱਕ ਫ਼ਰਾਂਸੀਸੀ ਸਾਹਿਤ-ਚਿੰਤਕ, ਦਾਰਸ਼ਨਿਕ, ਭਾਸ਼ਾ-ਵਿਗਿਆਨੀ, ਆਲੋਚਕ, ਅਤੇ ਚਿਹਨ-ਵਿਗਿਆਨੀ ਸੀ। ਉਹ ਫਰਾਂਸ ਦੇ ਸੰਰਚਨਾਵਾਦੀ ਚਿੰਤਕਾਂ ਅਤੇ ਸਾਹਿਤਕ ਆਲੋਚਕਾਂ ਵਿੱਚ ਸਭ ਤੋਂ ਵੱਧ ਰੌਚਕ ਸੂਝਵਾਨ ਅਤੇ ਨਿਡਰ ਸਿਧਾਂਤਕਾਰ ਸੀ।[2] ਉਸਦਾ ਚਿੰਤਨ ਕਿਸੇ ਕਿਸੇ ਇੱਕ ਨੁਕਤੇ ਤੇ ਖੜ੍ਹੋਤਾ ਹੋਇਆ ਨਹੀਂ ਸਗੋਂ ਉਹ ਪਲ-ਪਲ ਰੰਗ ਵਟਾਉਣ ਵਾਲਾ ਚਿੰਤਕ ਹੈ। ਉਸਦਾ ਸਮੁੱਚਾ ਚਿੰਤਨ ਚਿਹਨ-ਵਿਗਿਆਨ ਤੋਂ ਸੰਰਚਨਾਵਾਦ ਅਤੇ ਸੰਰਚਨਾਵਾਦ ਤੋਂ ਉਤਰ-ਸੰਰਚਨਾਵਾਦ ਤਕ ਦੀ ਯਾਤਰਾ ਕਰਦਾ ਪ੍ਰਤੀਤ ਹੁੰਦਾ ਹੈ।[3] ਰੋਲਾਂ ਬਾਰਥ ਨੇ ਆਪਣੇ ਲੇਖਣ ਦੇ ਮੁਢਲੇ ਦੌਰ ਵਿੱਚ ਚਿਹਨ-ਵਿਗਿਆਨ ਉਤੇ ਦਿੱਤਾ ਅਤੇ ਦੂਸਰੇ ਦੌਰ ਵਿੱਚ ਉਹ ਹੌਲੀ-ਹੌਲੀ ਚਿਹਨ-ਵਿਗਿਆਨ ਤੋਂ ਸਾਹਿਤ ਵੱਲ ਨੂੰ ਆਇਆ।[4]
ਰੋਲਾਂ ਬਾਰਥ | |
---|---|
ਜਨਮ | ਚੇਰਬੌਰਗ, ਫ਼ਰਾਂਸ | 12 ਨਵੰਬਰ 1915
ਮੌਤ | 26 ਮਾਰਚ 1980 64) | (ਉਮਰ
ਕਾਲ | 20ਵੀਂ ਸਦੀ ਦੀ ਵਿਚਾਰਧਾਰਾ |
ਖੇਤਰ | ਪੱਛਮੀ ਫਿਲਾਸਫੀ |
ਸਕੂਲ | ਸੰਰਚਨਾਵਾਦ ਭਾਸ਼ਾ-ਵਿਗਿਆਨ ਉੱਤਰ-ਸੰਰਚਨਾਵਾਦ |
ਮੁੱਖ ਰੁਚੀਆਂ | ਚਿਹਨ-ਵਿਗਿਆਨ, ਸਾਹਿਤ-ਸਿਧਾਂਤ, ਭਾਸ਼ਾ-ਵਿਗਿਆਨ |
ਮੁੱਖ ਵਿਚਾਰ | ਰਚਣਹਾਰ ਦੀ ਮੌਤ ਲਿਖਣ ਡਿਗਰੀ ਜ਼ੀਰੋ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
ਰੋਲਾਂ ਬਾਰਥ ਦਾ ਜਨਮ 12 ਨਵੰਬਰ 1915 ਵਿੱਚ ਨੌਰਮੈਂਡੀ ਚੇਰਬੌਰਗ ਨਾਮਕ ਸ਼ਹਿਰ ਵਿੱਚ ਹੋਇਆ ਸੀ। ਆਪਣੇ ਉਮਰ ਦੇ ਗਿਆਰ੍ਹਵੇਂ ਸਾਲ ਵਿੱਚ ਇਨ੍ਹਾਂ ਦਾ ਪਰਵਾਰ ਪੈਰਸ ਵਿੱਚ ਰਹਿਣ ਚਲਾ ਆਇਆ। ਉੱਥੇ ਇਨ੍ਹਾਂ ਨੂੰ ਇੱਕ ਮਜਬੂਤ ਬੌਧਿਕ ਆਧਾਰ ਪ੍ਰਾਪਤ ਹੋਇਆ। ਰੋਲਾਂ ਬਾਰਥ ਨੂੰ ਸੰਰਚਨਾਵਾਦ ਅਤੇ ਉੱਤਰ-ਸੰਰਚਨਾਵਾਦ ਦੇ ਯੋਜਕ ਕੜੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਫ਼ਰਾਂਸ ਦੇ ਸੰਰਚਨਾਵਾਦੀ ਵਿਚਾਰਕਾਂ ਵਿੱਚ ਰੋਲਾਂ ਬਾਰਥ ਦਾ ਸਥਾਨ ਮੋਹਰਲੀ ਕਤਾਰ ਵਿੱਚ ਰੱਖਿਆ ਜਾਂਦਾ ਹੈ। ਇਸ ਦਾ ਕਾਰਨ ਉਸ ਦੀ ਵਿਲੱਖਣ ਪ੍ਰਤਿਭਾ ਅਤੇ ਕ੍ਰਾਂਤੀਵਾਦੀ ਸੁਭਾਅ ਵਿੱਚ ਲੁੱਕਿਆ ਸੀ। ਉਹ ਕਿਸੇ ਵੀ ਪ੍ਰਕਾਰ ਦੇ ਏਕੀਕਰਨ (ਯੂਨਿਫਿਕੇਸ਼ਨ) ਦੇ ਵਿਰੁਧ ਸੀ। ਬਾਰਥ ਬੁਰਜੁਆ ਮਾਨਸਿਕਤਾ ਅਤੇ ਉਸ ਦੇ ਚਾਲਚਲਣ ਦੇ ਸਖ਼ਤ ਖਿਲਾਫ ਸੀ। ਆਪਣੀ ਲੇਖਣੀ ਵਿੱਚ ਬਾਰਥ ਬੁਰਜੁਆ ਵਰਗ ਦੀ ਧੂਰਤਤਾ ਨੂੰ ਰੇਖਾਂਕਿਤ ਕਰਦੇ ਹੋਏ ਦੱਸਦਾ ਹੈ ਕਿ ਕਿਸ ਪ੍ਰਕਾਰ ਇਹ ਵਰਗ ਆਪਣੇ ਘੱਟੀਆ ਉਤਪਾਦਾਂ ਨੂੰ ਸਾਮਾਜਕ ਮਿਥਕਾਂ ਵਿੱਚ ਮੁੱਲਾਂ ਦੇ ਪ੍ਰਤੀਰੋਪਨ ਦੁਆਰਾ ਸਮਾਜ ਵਿੱਚ ਪ੍ਰਤਿਸ਼ਠਤ ਕਰ ਰਿਹਾ ਸੀ। ਇੰਨਾ ਹੀ ਨਹੀਂ ਬਾਰਥ ਹਰ ਉਸ ਚੀਜ, ਮਤ ਅਤੇ ਚਲਣ ਨੂੰ ਨਕਾਰਦਾ ਸੀ, ਜਿਸ ਨੂੰ ਉਸ ਦੇ ਸਮੇਂ ਦੇ ਬੁਰਜੁਵਾ ਵਰਗ ਨੇ ਬੌਧਿਕਤਾ ਦੇ ਰੂਪ ਵਿੱਚ ਸਵੀਕਾਰ ਕਰ ਰੱਖਿਆ ਸੀ।
ਰੋਲਾਂ ਬਾਰਥ ਦੀ ਪ੍ਰਮੁੱਖ ਰਚਨਾਵਾਂ ਵਿੱਚ “ਰਾਈਟਿੰਗ ਡਿਗਰੀ ਜੀਰੋ” (1953), “ਮਾਇਥਾਲਾਜਿਜ” (1957), “ਐਲੀਮੇਂਟਸ ਆਫ ਸੈਮਿਆਲਾਜੀ” (1965), “ਐਸ/ਜੈੱਡ” (1970), “ਦ ਪਲੇਜਰ ਆਫ ਦ ਟੈਕਸਟ” (1973), “ਰੋਲਾਂ - ਬਾਰਥ ਬਾਈ ਰੋਲਾਂ - ਬਾਰਥ” (1975), 'ਇਮੇਜ - ਮਿਉਜਿਕ - ਟੈਕਸਟ” (1977), ”ਟੈਕਸਚੁਅਲ ਅਨਾਲਿਸਿਸ ਆਫ ਏ ਟੇਲ ਬਾਈ ਐਡਗਰ ਐਲਨ ਪੋ” (1973), ”ਦਾ ਬਲੇਸ ਆਫ ਦਾ ਟੈਕਸਟ” (1975), ”ਏ ਲਵਰ'ਸ ਡਿਸਕੋਰਸ: ਫਰੈਗਮੈਂਟਸ” (1977), “ਦਾ ਲਾਸਟ ਹੈਪੀ ਰਾਈਟਰ” (1971), “ਦਾ ਈਫਲ ਟਾਵਰ ਐਂਡ ਅਦਰ ਮਾਈਥਾਲਾਜਿਜ” (1979), “ਆਨ ਰੇਸਾਈਨ” (1979) ਆਦਿ।
'ਰਾਇਟਿੰਗ ਡਿਗਰੀ ਜ਼ੀਰੋ' ਰੋਲਾਂ ਬਾਰਥ ਦੀ ਪਹਿਲੀ ਪੁਸਤਕ ਹੈ ਜੋ 1953 ਵਿੱਚ ਪ੍ਰਕਾਸ਼ਿਤ ਹੋਈ। ਆਪਣੀ ਇਸ ਪੁਸਤਕ ਵਿੱਚ ਉਸਨੇ ਸਮਕਾਲੀ ਫਰਾਂਸੀਸੀ ਸਾਹਿਤ ਬਾਰੇ ਆਪਣੇ ਆਲੋਚਨਾਤਮਕ ਵਿਚਾਰ ਪੇਸ਼ ਕੀਤੇ ਹਨ। ਇਸ ਪੁਸਤਕ ਵਿੱਚ ਉਸਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਮਾਰਕਸਵਾਦੀ ਦ੍ਰਿਸ਼ਟੀਕੋਣ ਨਾਲ ਫਰਾਂਸੀਸੀ ਸਾਹਿਤ ਦਾ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਹੈ।ਰਾਈਟਿੰਗ ਡਿਗਰੀ ਜ਼ੀਰੋ ਦਾ ਵਿਚਾਰ ਵੀ ਇਸੇ ਚਿੰਤਨ ਚੋਂ ਉਪਜਿਆ ਹੈ। ਰਾਈਟਿੰਗ ਤੋਂ ਬਾਰਥ ਦਾ ਭਾਵ 'ਸਾਹਿਤ' ਤੋਂ ਹੀ ਹੈ ਪਰ ਉਹ ਇਸਦੀ ਥਾਂ ਤੇ 'ਰਾਈਟਿੰਗ' ਸ਼ਬਦ ਵਰਤਦਾ ਹੈ ਜਿਸ ਤੋਂ ਉਸਦਾ ਭਾਵ ਸਮਕਾਲੀ ਸਾਹਿਤਕ ਲਿਖਤਾਂ ਤੋਂ ਹੈ। ਇਹ ਸਾਹਿਤ ਰਚਨਾਵਾਂ ਉਸ ਦੇ ਮਿਆਰਾਂ ਉੱਤੇ ਪੂਰੀਆਂ ਨਾ ਉੱਤਰਦੀਆਂ ਹੋਣ ਕਰਕੇ ਹੀ ਉਹ ਇਹਨਾਂ ਨੂੰ ਸਾਹਿਤ ਕਹਿਣ ਦੀ ਬਜਾਏ ਲਿਖਤ ਤੋਂ ਵੱਧ ਦਾ ਦਰਜਾ ਨਹੀਂ ਦਿੰਦਾ । ਉਹ ਰੰਗਮੁਕਤ, ਮਾਸੂਮ ਅਤੇ ਉਦਾਸੀਨ ਕਿਰਤਾਂ ਨੂੰ ਜ਼ੀਰੋ ਡਿਗਰੀ ਰਚਨਾਵਾਂ ਆਖਦਾ ਹੈ । ਇਉਂ ਜਿਹੜੀਆਂ ਰਚਨਾਵਾਂ ਆਪਣੀ ਸਾਹਿਤਕ ਪਰੰਪਰਾ ਨਾਲੋਂ ਉਦਾਸੀਨ ਹੋਣ , ਉਨਾਂ ਨੂੰ ਰੋਲਾਂ ਬਾਰਤ ਨੇ ਜ਼ੀਰੋ ਡਿਗਰੀ ਦਾ ਨਾਮ ਦਿੱਤਾ। ਇਹ ਪੁਸਤਕ ਲਿਖਣ ਵੇਲੇ ਤੱਕ ਉਹ ਨਾ ਤਾਂ ਸੋਸਿਊਰ ਦੇ ਸੰਰਚਨਾਤਮਕ ਭਾਸ਼ਾ ਵਿਗਿਆਨ ਤੋਂ ਪ੍ਰਭਾਵਿਤ ਸੀ ਅਤੇ ਨਾ ਹੀ ਉਸ ਵਿੱਚ ਚਿਹਨ-ਵਿਗਿਆਨ ਵਾਲੀ ਚੇਤਨਾ ਦਾ ਵਿਕਾਸ ਹੋਇਆ ਸੀ।
ਇਸ ਨਿਬੰਧ ਵਿੱਚ, ਬਾਰਥ ਪਰੰਪਰਾਗਤ ਆਲੋਚਨਾ ਦੀ ਇਸ ਧਾਰਨਾ ਨੂੰ ਰੱਦ ਕਰਦਾ ਹੈ ਕਿ ਸਾਹਿਤ ਕਿਰਤ ਵਿੱਚ ਲੇਖਕ ਕੋਈ ਖਾਸ ਨਿਸ਼ਚਿਤ ਅਰਥ ਭਰਦਾ ਹੈ। ਉਸ ਅਨੁਸਾਰ ਪਾਠ ਕੋਈ ਅਜਿਹੀ ਹੋਂਦ ਨਹੀਂ ਜਿਸਨੂੰ ਲੇਖਕ ਵੱਲੋਂ ਖਾਸ ਅਰਥ ਭਰ ਕੇ, ਬੰਦ ਕਰ ਦਿੱਤਾ ਜਾਵੇ। ਜਦੋਂ ਬਾਰਥ ਸਾਹਿਤ-ਕਿਰਤ ਨੂੰ ਰਚਨਾ ਪਾਠ ਆਖਦਾ ਹੈ ਤਾਂ ਉਸਦਾ ਅਰਥ ਇਹ ਹੈ ਕਿ ਸਾਹਿਤ ਨੂੰ ਉਸਦੇ ਲੇਖਕ ਤੋਂ ਵੱਖਰਾ ਕਰਕੇ ਪੜ੍ਹਿਆ ਜਾਣਾ ਚਾਹੀਦਾ ਹੈ। ਬਾਰਥ ਦੀ ਸਥਾਪਨਾ ਹੈ ਕਿ ਪਾਠ ਆਪਣੇ ਪਿਤਾ ਦੇ ਹਸਤਾਖਰਾਂ ਤੋਂ ਬਿਨਾਂ ਪੜ੍ਹਿਆ ਜਾਂਦਾ ਹੈ-
The text is read without the father's signature.
ਸਾਹਿਤ ਰਚਨਾ ਦਾ ਕੋਈ ਇੱਕ ਨਿਸ਼ਚਿਤ ਅਰਥ ਨਹੀਂ ਹੋ ਸਕਦਾ ਅਤੇ ਨਾ ਹੀ ਇਸਦਾ ਨਿਸ਼ਚਿਤ ਦਰਵਾਜ਼ਾ ਹੁੰਦਾ ਹੈ। ਇਸਦੇ ਉਲਟ ਸਾਹਿਤ ਸਾਹਿਤ ਰਚਨਾਵਾਂ ਦੀ ਹੋਂਦ ਬਹੁਵਚਨੀ ਹੁੰਦੀ ਹੈ ਜਿਸਦੇ ਬਹੁਤ ਸਾਰੇ ਦਰਵਾਜ਼ੇ ਹੁੰਦੇ ਹਨ। ਪਾਠਕ ਕਿਸੇ ਵੀ ਦਰਵਾਜ਼ੇ ਰਾਹੀਂ ਰਚਨਾ ਪਾਠ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਕਿਸੇ ਵੀ ਸਾਹਿਤ -ਰਚਨਾ ਵਿੱਚ ਅਰਥ ਦੀਆਂ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਹਨ।
ਇਸ ਪੁਸਤਕ ਵਿੱਚ ਉਸਨੇ 'ਪਲੱਈਅਰ ਸਿਧਾਂਤ' ਦੀ ਜੁਗਤ ਨਾਲ ਸਾਹਿਤਕ ਪਾਠ ਦੀ ਹੋਂਦ-ਵਿਧੀ ਅਤੇ ਸੰਚਾਰ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬਾਰਥ ਨੇ ਸਾਹਿਤ-ਪਾਠ ਦੀ ਪੜ੍ਹਤ ਤੋਂ ਪ੍ਰਾਪਤ ਹੋਣ ਵਾਲੇ ਆਨੰਦ ਨੂੰ ਮਹਾਂ-ਆਨੰਦ ਆਖ ਕੇ ਇਸਨੂੰ ਇੱਕ ਸਿਧਾਂਤ ਵਜੋਂ ਪੇਸ਼ ਕੀਤਾ ਹੈ। । ਬਾਰਤ ਦਾ ਕਹਿਣਾ ਹੈ ਕਿ ਸਾਹਿਤ ਪਾਠ ਅਤੇ ਪਾਠਕ ਦਾ ਸੰਬੰਧ ਪ੍ਰਸੰਨਤਾ ਦੀ ਦ੍ਰਿਸ਼ਟੀ ਤੋਂ ਰਤੀ ਮੂਲਕ ਹੈ। ਉੱਚ ਪੱਧਰ ਦੀਆਂ ਸਾਹਿਤਕ ਰਚਨਾਵਾਂ ਨੂੰ ਪੜ ਕੇ ਉਹ ਆਨੰਦ ਅਤੇ ਮਹਾਂ ਆਨੰਦ ਨੂੰ ਮਹਿਸੂਸ ਕਰਦਾ ਹੈ।
ਇਸ ਸਿਧਾਂਤ ਦਾ ਉਦੇਸ਼ ਉਸ ਮਨੋਸਥਿਤੀ ਨੂੰ ਜੋ ਪਾਠਕ ਕਿਸੇ ਉੱਚ ਪੱਧਰੀ ਸਾਹਿਤ ਰਚਨਾ ਨੂੰ ਪੜ ਕੇ ਮਹਿਸੂਸ ਕਰਦਾ ਹੈ। ਇਹ ਅਵਸਥਾ ਮਹਾਂ ਆਨੰਦ, ਪ੍ਰਸੰਨਤਾ ਦਾ ਸਿਖਰ, ਡੁੱਬ ਜਾਣ, ਇਕਮਿਕ ਹੋ ਜਾਣ, ਆਤਮ ਸਮਰਪਣ ਜਾਂ ਵਿਸਮਾਦ ਦੀ ਅਵਸਥਾ ਹੈ।
ਰੋਲਾਂ ਬਾਰਤ ਅਨੁਸਾਰ ਦੇਖਣ ਨੂੰ ਹਰੇਕ ਸਾਹਿਤ ਰਚਨਾ ਸ਼ਬਦਾਂ, ਵਾਕਾਂ ਜਾਂ ਪੰਗਤੀਆਂ ਤੋਂ ਹੀ ਬਣੀ ਹੁੰਦੀ ਹੈ। ਇਹ ਸਾਹਿਤ ਦਾ ਦਿਸਵਾਂ ਪ੍ਰਭਾਵ ਹੈ ਪਰ ਜਦੋਂ ਪਾਠਕ ਸਾਹਿਤ ਦੇ ਸਪੱਸ਼ਟ ਅਰਥਾਂ ਤੋਂ ਅਗਾਂਹ ਵਧਦਾ ਹੈ ਤਾਂ ਨਿਵੇਕਲੀਆਂ ਗੂੰਜਾ, ਨਿਵੇਕਲੇ ਸੰਬੰਧ, ਇਸ਼ਾਰੇ ਜਾਂ ਪਰਤ- ਦਰ-ਪਰਤ ਅਰਥ ਉਜਾਗਰ ਹੁੰਦੇ ਹਨ। ਇਸ ਨਾਲ ਪਾਠ ਦਾ ਦਿਸਵਾਂ ਪ੍ਰਭਾਵ ਖਤਮ ਹੋ ਜਾਂਦਾ ਹੈ। ਉਸ ਅਨੁਸਾਰ ਸਾਧਾਰਨ ਲਿਖਤਾਂ ਨਾਲੋਂ ਵਿੱਥ ਸਥਾਪਤ ਕਰਨ ਵਾਲੀ ਸਾਹਿਤ ਰਚਨਾ ਪਾਠਕ ਨੂੰ ਵਧੇਰੇ ਆਕਰਸ਼ਿਤ ਕਰਦੀ ਹੈ ਤੇ ਉਸ ਨੂੰ ਮਹਾਂ-ਆਨੰਦ ਦੀ ਅਵਸਥਾ ਤੱਕ ਲੈ ਜਾਂਦੀ ਹੈ।
ਲੇਖਕ ਦੀ ਮੌਤ ਰਚਨਾ ਵਿੱਚ ਰੋਲਾਂ ਬਾਰਥ ਨੇ ਸੰਰਚਨਾਵਾਦੀ ਚਿੰਤਨ ਦੀ ਸਭ ਤੋਂ ਚੰਗੇਰੀ ਪੇਸ਼ਕਾਰੀ ਕੀਤੀ ਹੈ। ਲੇਖਕ ਦੀ ਮੌਤ ਦਾ ਸਧਾਰਨ ਅਰਥ ਸਾਹਿਤ ਰਚਨਾ ਵਿੱਚੋਂ ਲੇਖਕ ਦੇ ਦਖਲ ਨੂੰ ਪਾਸੇ ਕਰਨਾ ਹੈ ਜਿਸਨੂੰ ਬਾਰਥ ਲੇਖਕ ਦੀ ਮੌਤ ਆਖਦਾ ਹੈ। ਪੂਰਵਲਾ ਚਿੰਤਨ ਇਹ ਮੰਨਦਾ ਹੈ ਕਿ ਸਾਹਿਤ ਪਾਠ ਵਿੱਚ ਅਰਥਾਂ ਦਾ ਉਤਪਾਦਨ ਕੇਵਲ ਲੇਖਕ ਕਰਦਾ ਹੈ। ਲੇਖਕ ਜੋ ਲਿਖ ਦਿੰਦਾ ਹੈ ਸਾਹਿਤ-ਰਚਨਾ ਦੇ ਉਹੀ 'ਨਿਸ਼ਚਿਤ ਅਰਥ' ਨਿਕਲਦੇ ਹਨ । ਪਰ ਰੋਲਾਂ ਬਾਰਥ ਇਹ ਗੱਲ ਜ਼ੋਰ ਦੇ ਕੇ ਆਖਦਾ ਹੈ ਕਿ ਪਾਠ ਦੀ ਅਰਥ-ਉਤਪੱਤੀ ਦੀ ਪ੍ਰਕਿਰਿਆ ਵਿੱਚ ਪਾਠਕ ਵੀ ਬਰਾਬਰ ਦਾ ਹਿੱਸੇਦਾਰ ਹੈ। ਇਸ ਧਾਰਨਾ ਦੇ ਰਾਹੀਂ ਉਹ ਲੇਖਕ ਨੂੰ ਪਰ੍ਹਾਂ ਕਰਕੇ, ਪਾਠਕ/ਆਲੋਚਕ ਨੂੰ ਸ਼ਕਤੀਸ਼ਾਲੀ ਮਹੱਤਵ ਪ੍ਰਦਾਨ ਕਰਦਾ ਹੈ।
ਪਹਿਲਾ ਹਿੱਸਾ
ਰੋਲਾਂ ਬਾਰਤ ਆਪਣੇ ਲੇਖ ਦੇ ਪਹਿਲੇ ਹਿੱਸੇ ਵਿੱਚ ਗੱਲ ਕਰਦਾ ਹੈ ਇੱਕ ਬਾਲਜ਼ਾਕ ਦੀ ਕਹਾਣੀ ਨਾਲ ਕਰਦਾ ਹੈ। ਬਾਲਜ਼ਾਕ ਇੱਕ ਫਰੈਂਚ ਲਿਖਾਰੀ ਸੀ। ਉਸ ਦੀ ਕਹਾਣੀ ਸਾਰਾਸਾਇਨ 1830 ਵਿੱਚ ਛਪਦੀ ਹੈ। ਉਹ ਕਹਾਣੀ ਦੇ ਹਵਾਲੇ ਨਾਲ ਗੱਲ ਕਰਦਾ ਕਿ ਸਾਰਾਸਾਇਨ ਇੱਕ ਹੀਰੋ ਹੁੰਦਾ ਹਾਲਾਂਕਿ ਅਮੀਰ ਬੰਦੇ ਬਹੁਤ ਘੱਟ ਕਲਾਤਮਕ ਰੁਚੀਆਂ ਰੱਖਦੇ ਹਨ ਪਰ ਉਹ ਕਲਾਤਮਕ ਰੁਚੀਆਂ ਰੱਖਣ ਵਾਲਾ ਬੰਦਾ ਸੀ । ਉਹ ਉਪੇਰਾ ਦੇਖਦਾ । ਇਟਲੀ ਤੋਂ ਉਪੇਰਾ ਪਾਰਟੀ ਆਉਂਦੀ ਹੈ। ਇਸ ਵਿੱਚ ਉਪੇਰਾ ਦੀ ਜੋ ਹੀਰੋਇਨ ਹੁੰਦੀ ਹੈ ਜਦੋਂ ਉਹ ਉਸਨੂੰ ਦੇਖਦਾ ਤਾਂ ਉਹ ਉਸ ਤੇ ਮੰਤਰ ਮੁਗਧ ਹੋ ਜਾਂਦਾ। ਉਹ ਉਸਨੂੰ ਮਿਲਣ ਲਈ ਇਟਲੀ ਜਾਂਦਾ। ਇਟਲੀ ਜਾ ਕੇ ਉਸਨੂੰ ਪਤਾ ਲਗਦਾ ਕਿ ਜਿਹੜੀ ਇਹ ਔਰਤ ਦਾ ਰੋਲ ਅਦਾ ਕਰ ਰਹੀ ਹੁੰਦੀ ਹੈ ਉਹ ਕੋਈ ਔਰਤ ਨਹੀਂ ਸੀ ਇਹ ਇੱਕ third gender ਸੀ।
ਕਿਉਂਕਿ ਫਰਾਂਸ ਦੇ ਵਿੱਚ ਤਾਂ ਇਹ ਮਨਜ਼ੂਰੀ ਸੀ ਕਿ ਜਿਹੜੀਆਂ ਔਰਤਾਂ ਸੀ , ਉਹੀ ਔਰਤ ਦਾ ਪਾਤਰ ਅਦਾ ਕਰਦੀਆਂ ਸੀ ਪਰ ਇਟਲੀ ਵਿੱਚ ਔਰਤਾਂ ਦਾ ਪਾਤਰ ਅਦਾ ਕਰਨ ਵਾਲੇ third gender ਜਾਂ ਮਰਦ ਪਾਤਰ ਹੀ ਰੋਲ ਅਦਾ ਕਰਦੇ ਸੀ । ਇਸ ਗੱਲ ਨੂੰ ਲੈ ਕੇ ਉਹ ਬੜਾ ਪਰੇਸ਼ਾਨ ਹੋ ਜਾਂਦਾ ਤਾਂ ਉਹ ਉਸਨੂੰ ਮਾਰਨ ਦੀ ਕੋਸ਼ਿਸ਼ ਕਰਦਾ ਪਰ ਉਹ ਖੁਦ ਹੀ ਮਾਰਿਆ ਜਾਂਦਾ ਹੈ।
ਇਸ ਬਾਰੇ ਰੋਲਾਂ ਬਾਰਤ ਲਿਖਦਾ ਹੈ ਕਿ ਜਿਹੜੀ ਇਹ ਕਹਾਣੀ ਨੂੰ ਸੁਣਾ ਰਿਹਾ ਉਹ ਹੈ ਕੌਣ, ਇਹ ਹਮੇਸ਼ਾ ਮੁਸ਼ਕਿਲ ਹੁੰਦਾ ਕਿ ਇਸਨੂੰ ਕੌਣ ਬੋਲ ਰਿਹਾ ਹੈ ਤੇ ਕੌਣ ਸੁਣਾ ਰਿਹਾ ਹੈ ਤਾਂ ਉਹ ਲੇਖਕ ਦੀ ਸੱਤਾ ਨੂੰ ਵੰਗਾਰਦਾ ਹੈ। ਕਿਸੇ ਵੀ ਲਿਖਤ ਦਾ ਕੋਈ ਵੀ ਇੱਕ ਅਰਥ ਨਹੀਂ ਹੋ ਸਕਦਾ ਨਾ ਹੀ ਇਸਦਾ ਕੋਈ ਆਖਰੀ ਅਰਥ ਹੋਵੇਗਾ।
ਹਰ ਲਿਖਤ ਬਹੁਤ ਸਾਰੇ ਅਪ੍ਰਤੱਖ ਉਚਾਰਾਂ ਤੋਂ ਬਣਿਆ ਇੱਕ ਖਾਸ ਉਚਾਰ ਹੁੰਦੀ ਹੈ ਅਤੇ ਸਾਹਿਤ ਅਸਲ ਵਿੱਚ ਇਸੇ ਇੱਕ ਉਚਾਰ ਦੀ ਖੋਜ ਹੁੰਦਾ ਹੈ, ਜਿਸਦਾ ਅਸੀੰ ਕੋਈ ਮੂਲ ਨਿਰਧਾਰਨ ਨਹੀਂ ਕਰ ਸਕਦੇ। ਸਾਹਿਤ ਉਹ ਨਿਰਪੱਖ, ਮਿਲਗੋਭਾ ਅਤੇ ਅਸਿੱਧੀ ਸ਼ੈਅ ਹੈ ਜਿਸ ਵਿੱਚ ਹਰੇਕ ਕਾਰਕ ਬਚ ਨਿਕਲਦਾ ਹੈ। ਇਹ ਇੱਕ ਐਸਾ ਜਾਲ ਹੈ ਜਿਸ ਵਿੱਚ ਸਾਰੀਆਂ ਪਛਾਣਾਂ ਗੁਆਚ ਜਾਂਦੀਆਂ ਹਨ ਅਤੇ ਸਭ ਤੋਂ ਪਹਿਲਾਂ ਲਿਖਣ ਵਾਲੀ ਦੇਹ ਗੁਆਚਦੀ ਹੈ।
ਦੂਜਾ ਹਿੱਸਾ
ਰੋਲਾਂ ਬਾਰਤ ਆਪਣੇ ਲੇਖ ਦੇ ਦੂਜੇ ਹਿੱਸੇ ਵਿੱਚ ਗੱਲ ਕਰਦਾ ਹੈ ਕਿ ਇਹ ਜੋ ਸੰਕਲਪ ਲੇਖਕ ਦੀ ਮੌਤ ਲਿਆ ਗਿਆ ਹੈ ਇਹ ਸਰੀਰਕ ਮੌਤ ਨਹੀਂ ਹੈ ਤੇ ਜਿਹੜੀ ਲਿਖਤ ਹੈ ਉਸ ਦਾ ਅਰਥ ਲੇਖਕ ਦੁਆਰਾ ਨਹੀਂ ਦਿੱਤਾ ਜਾਂਦਾ ਬਲਕਿ ਪਾਠਕ ਹੀ ਉਸ ਅਰਥ ਨੂੰ ਨਿਰਧਾਰਿਤ ਕਰਦਾ ਹੈ। ਹਰੇਕ ਸੱਭਿਆਚਾਰ ਪਾਠਕ ਨੂੰ ਅਲੱਗ ਤਰੀਕੇ ਨਾਲ ਸਮਝਦਾ। ਜਿਹੜੀ ਲੇਖਕ ਦੀ image ਉਹ ਬਹੁਤ powerful ਹੈ। ਜਿਸ ਤਰਾਂ ਅਸੀਂ ਦੇਖਦੇ ਹਾਂ ਲੇਖਕ ਦੀਆਂ ਜੀਵਨੀਆਂ, ਸਵੈ-ਜੀਵਨੀਆਂ, ਮੈਗਜ਼ੀਨ ਛਪਦੀਆਂ ਨੇ, ਇਹ ਲੇਖਕ ਦੀ ਜ਼ਿੰਦਗੀ ਬਾਰੇ ਜਾਂ ਇੰਟਰਵਿਊ ਬਾਰੇ ਛਪਦੀਆਂ ਨੇ। ਜਿਹੜੇ ਇਹ ਸਾਹਿਤਿਕ ਮੇਲੇ ਹੁੰਦੇ ਨੇ ਉਨਾਂ ਵਿੱਚ ਜ਼ਿਆਦਾਤਰ ਧਿਆਨ ਲੇਖਕ ਦੀ ਜ਼ਿੰਦਗੀ ਨੂੰ celebrate ਕਰਨਾ ਹੀ ਹੁੰਦਾ। ਇਸ ਤਰਾਂ ਲੇਖਕ ਦੀ ਅਹਿਮੀਅਤ ਦਾ ਪਤਾ ਲੱਗਦਾ ਕਿ ਲੇਖਕ ਦੀਆਂ ਬਹੁਤ ਸਾਰੀਆਂ ਡਾਇਰੀਆਂ, ਜਰਨਲ ਛਪਦੀਆਂ ਨੇ, ਇੱਕ ਅਹਿਮ ਰੋਲ ਹੁੰਦਾ।
ਜਦੋਂ ਕੋਈ ਵੀ ਲਿਖਤ ਪੜਦੇ ਹਾਂ ਤਾਂ ਉਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਉਸਦਾ ਲੇਖਕ ਕੌਣ ਹੈ, ਉਸ ਦੀ ਜ਼ਿੰਦਗੀ ਕੀ ਹੈ, ਉਸ ਦਾ ਕਿੱਤਾ ਕੀ ਹੈ, ਉਹ ਕਿਹੋ ਜਿਹੀਆਂ ਰੁਚੀਆਂ ਰੱਖਦਾ। ਜਦੋਂ ਆਲੋਚਨਾ ਕੀਤੀ ਜਾਂਦੀ ਹੈ ਤਾਂ ਉਸ ਲੇਖਕ ਨੂੰ ਧਿਆਨ ਵਿੱਚ ਰੱਖਕੇ ਕੀਤੀ ਜਾਂਦੀ ਹੈ। ਕਿਰਤ ਦੀ ਵਿਆਖਿਆ ਹਮੇਸ਼ਾ ਉਸ ਜੀਅ ਵਿੱਚੋਂ ਲੱਭੀ ਜਾਂਦੀ ਹੈ ਜਿਸਨੇ ਉਸਨੂੰ ਰੂਪ ਦਿੱਤਾ ਹੈ। ਜਿਵੇਂ ਗਲਪ ਦੇ ਘੱਟ ਜਾਂ ਵੱਧ ਸਪਸ਼ਟ ਰੂਪਕ ਰਾਹੀਂ ਇਹ ਸਮਝਿਆ ਜਾਂਦਾ ਹੈ ਕਿ ਇਹ ਆਪਣੇ ਅੰਤਿਮ ਰੂਪ ਵਿੱਚ ਹਮੇਸ਼ਾ ਉਸੇ ਇੱਕੋ ਇੱਕ ਵਿਅਕਤੀ ਅਰਥਾਤ ਲੇਖਕ ਦੀ ਆਵਾਜ਼ ਹੁੰਦੀ ਹੈ, ਜਿਸਨੇ ਇਸ ਰੂਪਕ ਰਾਹੀਂ ਆਪਣੇ ਆਪ ਨੂੰ ਪੇਸ਼ ਕੀਤਾ ਹੈ।
ਤੀਜਾ ਹਿੱਸਾ
ਆਪਣੇ ਲੇਖ ਦੇ ਤੀਜੇ ਹਿੱਸੇ ਵਿੱਚ ਉਹ ਗੱਲ ਕਰਦਾ ਹੈ ਬੇਸ਼ੱਕ ਲੇਖਕ ਦੀ ਸਲਤਨਤ ਅਜੇ ਵੀ ਬਹੁਤ ਤਾਕਤਵਰ ਹੈ। ਹੁਣ ਇਹ ਗੱਲ ਸਪੱਸ਼ਟ ਹੈ ਕਿ ਲੰਬੇ ਸਮੇਂ ਤੋਂ ਕੁਝ ਚਿੰਤਕ ਉਸਦੀ ਸਲਤਨਤ ਨੂੰ ਢਾਅ ਲਾ ਚੁੱਕੇ ਹਨ।
ਫਰਾਂਸ ਵਿੱਚ ਨਿਰੰਸਦੇਹ ਮੈਲਾਰਮੇ ਪਹਿਲਾ ਵਿਅਕਤੀ ਹੈ। ਮੈਲਾਰਮੇ ਜੋ ਗੱਲ ਕਰਦਾ ਉਹ ਕਹਿੰਦਾ ਭਾਸ਼ਾ ਬੋਲਦੀ ਹੈ ਨਾ ਕਿ ਲੇਖ ਬੋਲਦਾ। ਉਹ ਮੁੱਖ ਮੁੱਦਾ ਭਾਸ਼ਾ ਦਾ ਲੈਂਦਾ ਕਿ ਪਾਠਕ ਉਸਨੂੰ ਕਿਸ ਤਰਾਂ ਨਾਲ ਲੈਂਦਾ ਨਾ ਕਿ ਲੇਖਕ। ਲਿਖਣਾ ਉੱਥੇ ਪਹੁੰਚਣਾ ਹੈ ਜਿੱਥੇ ਜਿੱਥੇ ਮਹਿਜ਼ ਭਾਸ਼ਾ ਨੂੰ ਲੇਖਕ ਦੇ ਬਦਲ ਦੇ ਰੂਪ ਵਿੱਚ ਸਮਝਣ ਦੀ ਜ਼ਰੂਰਤ ਨੂੰ ਪੂਰੇ ਵਿਸਥਾਰ ਵਿੱਚ ਦੇਖਦਾ ਹੈ ਤੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦਾ ਹੈ।
ਪਾਲ ਵਲੇਰੀ ਜੋ ਕਿ ਸਵੈ ਦੇ ਮਨੋਵਿਗਿਆਨ ਨਾਲ ਬੋਝ ਗ੍ਰਸਤ ਹੈ, ਨੇ ਮੈਲਾਰਮੇ ਦੇ ਸਿਧਾਂਤ ਨੂੰ ਕਾਫੀ ਸਪੱਸ਼ਟ ਕੀਤਾ, ਪਰੰਤੂ ਉਹ ਕਲਾਤਮਿਕਤਾ ਦੀ ਥਾਵੇਂ ਅਲੰਕਾਰਕ ਵਿੱਦਿਆ ਨੂੰ ਤਰਜੀਹ ਦਿੰਦਾ ਹੈ। ਅਜਿਹਾ ਕਰਦਿਆਂ ਉਹ ਲੇਖਕ ਨੂੰ ਲਗਾਤਾਰ ਸੁਆਲਾਂ ਦੇ ਘੇਰੇ ਵਿੱਚ ਰੱਖਦਾ ਹੈ ਅਤੇ ਉਸਦਾ ਮਾਖੌਲ ਉਡਾਉਂਦਾ ਹੈ। ਉਹ ਭਾਸ਼ਾ ਵਿਗਿਆਨ ਅਤੇ ਉਸਦੇ ਕਾਰਜ ਦੀ ਲਗਭਗ ਆਪਹੁਦਰੀ ਪ੍ਰਕਿਰਤੀ ਉੱਤੇ ਜ਼ੋਰ ਦਿੰਦਾ ਹੈ ਅਤੇ ਆਪਣੀਆਂ ਵਾਰਤਕ ਲਿਖਤਾੰ ਰਾਹੀਂ ਸਾਹਿਤ ਦੀਆਂ ਜ਼ਰੂਰੀ ਸ਼ਾਬਦਿਕ ਸ਼ਰਤਾਂ ਦਾ ਗੁਣ-ਗਾਣ ਕਰਦਾ ਹੈ।
ਇਹ ਵੀ ਸ਼ਪੱਸ਼ਟ ਹੈ ਕਿ ਮਾਰਸਲ ਪਰੂਸਟ ਆਪਣੀਆਂ ਸਪਸਟ ਮਨੋਵਿਗਿਆਨਕ ਵਿਸ਼ੇਸ਼ਤਾਵਾਂ, ਜਿਵੇਂ ਕਿ ਉਸਦੇ ਵਿਸ਼ਲੇਸ਼ਣ ਬਾਰੇ ਆਖਿਆ ਜਾਂਦਾ ਹੈ, ਦੇ ਬਾਵਜੂਦ ਲੇਖਕ ਅਤੇ ਉਸਦੇ ਪਾਤਰਾਂ ਵਿਚਕਾਰ ਨਾ ਰੋਕੇ ਜਾ ਸਕਣ ਵਾਲੇ ਧੁੰਦੂਕਾਰੇ ਦੀ ਆਖ ਕਿ ਜ਼ਿੰਮੇਵਾਰੀ ਲੈਂਦਾ ਹੈ ਕਿ ਬਿਰਤਾਂਤਕਾਰ ਉਹ ਬੰਦਾ ਨਹੀਂ ਹੁੰਦਾ ਜਿਸਨੇ ਦੇਖਿਆ ਜਾਂ ਮਹਿਸੂਸ ਕੀਤਾ ਹੈ ਨਾ ਹੀ ਉਹ ਜਿਸਨੇ ਲਿਖਿਆ ਹੈ ਬਲਕਿ ਇਹ ਤਾਂ ਉਹ ਹੈ ਜੋ ਲਿਖੇਗਾ।
ਭਾਸ਼ਾ ਵਿਗਿਆਨ ਅਨੁਸਾਰ ਲੇਖਕ ਕਦੇ ਵੀ ਉਸ ਬੰਦੇ ਤੋਂ ਵੱਧ ਹੂਰ ਕੁਝ ਨਹੀਂ ਹੈ ਜੋ ਮੈਂ ਬੋਲਦਾ ਹੈ। ਭਾਸ਼ਾ ਇੱਕ ਕਰਤਾ ਨੂੰ ਜਾਣਦੀ ਹੈ ਨਾ ਕਿ ਵਿਅਕਤੀ ਨੂੰ ਅਤੇ ਇਸ ਵਿਧੇਅ ਨੂੰ ਉੱਥੇ ਹੀ ਖਤਮ ਕਰ ਦਿੰਦੀ ਹੈ। ਕਰਤਾ ਉਸ ਉਚਾਰ ਦੇ ਬਾਹਰ ਨਿਰਾਰਥਕ ਹੁੰਦਾ ਹੈ ਜੋ ਇਸਨੂੰ ਪਰਿਭਾਸ਼ਿਤ ਕਰਦਾ ਹੈ।
ਚੌਥਾ ਹਿੱਸਾ
ਆਪਣੇ ਲੇਖ ਦੇ ਚੌਥੇ ਹਿੱਸੇ ਵਿੱਚ ਉਹ ਗੱਲ ਕਰਦਾ ਹੈ ਪਾਠ ਨੂੰ ਇਸ ਤਰਾਂ ਪੜਿਆ ਜਾਂ ਲਿਖਿਆ ਜਾ ਜਾਂਦਾ ਹੈ ਕਿ ਹਰ ਪੱਧਰ ਉੱਤੇ ਲੇਖਕ ਆਪਣੇ ਆਪ ਨੂੰ ਗੈਰ ਹਾਜ਼ਰ ਕਰਦਾ ਹੈ। ਸਭ ਤੋਂ ਪਹਿਲਾਂ ਤਾਂ ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਜਿਵੇਂ ਜਿਵੇਂ ਲੇਖਕ ਦੀ ਮਹੱਤਤਾ ਘਟਦੀ ਜਾਵੇਗੀ, ਉਵੇਂ-ਉਵੇਂ ਜੋ ਵੀ ਸਾਹਿਤਿਕ ਲਿਖਤ ਆ, ਉਸਦੇ ਅਰਥਾਂ ਵਿੱਚ ਤਬਦੀਲੀ ਲਿਆਂਦੀ ਜਾਵੇਗੀ, ਅਰਥ ਹੋਰ ਜ਼ਿਆਦਾ ਗੰਭੀਰ ਤੇ ਸੁਹਜਵਾਦੀ ਹੁੰਦੇ ਜਾਣਗੇ। ਲੇਖਕ ਕਿਤਾਬ ਦੀ ਖੁਰਾਕ ਦਾ ਪ੍ਰਬੰਧ ਕਰਨ ਵਾਲਾ ਮੰਨਿਆ ਜਾਂਦਾ ਹੈ ਅਰਥਾਤ ਉਹ ਪਹਿਲਾਂ ਤੋਂ ਮੌਜੂਦ ਹੈ। ਉਹ ਕਿਤਾਬ ਲਈ ਸੋਚਦਾ ਹੈ ਅਤੇ ਜਿਉਂਦਾ ਹੈ। ਉਸਦਾ ਆਪਣੀ ਕਿਤਾਬ ਨਾਲ ਉਹੀ ਪਿਤਾ-ਪੁਰਖੀ ਸੰਬੰਧ ਹੁੰਦਾ ਹੈ ਜਿਹੜਾ ਕਿ ਪਿਤਾ ਦਾ ਆਪਣੀ ਔਲਾਦ ਨਾਲ ਹੁੰਦਾ ਹੈ। ਇਸਦੇ ਬਿਲਕੁਲ ਉਲਟ ਆਧੁਨਿਕ ਲਿਖਾਰੀ ਆਪਣੇ ਪਾਠ ਦੇ ਨਾਲ ਹੀ ਪੈਦਾ ਹੋਇਆ ਹੈ , ਉਹ ਕਿਸੇ ਵੀ ਤਰਾਂ ਅਜਿਹੀ ਹਸਤੀ ਨਾਲ ਸ਼ਾਮਿਲ ਨਹੀਂ ਹੁੰਦਾ ਜੋ ਕਿ ਲਿਖਤ ਤੋਂ ਪੂਰਵ ਹੈ ਜਾਂ ਲਿਖਤ ਤੋਂ ਬਾਅਦ ਹੁੰਦੀ ਹੋਵੇ । ਜਦੋਂ ਵੀ ਲਿਖਤ ਲਿਖੀ ਜਾਂਦੀ ਹੈ ਪਾਠਕ ਉਸਦੇ ਨਵੇਂ ਅਰਥਾਂ ਦੀ ਸਿਰਜਣਾ ਕਰਦਾ ਹੈ , ਉਸ ਦੀ ਸਕਿਰਿਆ ਭਾਗੇਦਾਰੀ ਹੋ ਜਾਂਦੀ ਹੈ। ਉਹ ਆਪਣੀ ਲਿਖਤ ਰਾਹੀਂ ਬਿਨਾਂ ਕਿਸੇ ਮੂਲ ਦੇ ਖੇਤਰ ਦਾ ਪਤਾ ਲਗਾਉਂਦਾ ਹੈ ਜਾਂ ਜਿਸਦਾ ਆਪ ਭਾਸ਼ਾ ਬਿਨਾਂ ਕੋਈ ਹੋਰ ਮੂਲ ਨਹੀਂ ਹੈ । ਇਹ ਉਹੀ ਵਿਚਾਰ ਹੈ ਜੋ ਲਗਾਤਾਰ ਕਿਸੇ ਮੂਲ ਨੂੰ ਚੁਣੌਤੀ ਦਿੰਦਾ ਹੈ।
ਪੰਜਵਾਂ ਹਿੱਸਾ
ਅਸੀਂ ਜਾਣਦੇ ਹਾਂ ਕਿ ਕੋਈ ਪਾਠ ਸ਼ਬਦਾਂ ਦੀਆਂ ਸਤਰਾਂ ਦਾ ਨਹੀਂ ਬਣਿਆ ਹੁੰਦਾ ਜਿਨ੍ਹਾਂ ਦਾ ਕਈ ਇਕਹਿਰਾ ਧਾਰਮਿਕ ਅਰਥ ਨਿਕਲਦਾ ਹੋਵੇ (ਜਿਵੇਂ ਰੱਬ ਰੂਪੀ ਲੇਖਕ ਦਾ ਕੋਈ ਸੁਨੇਹਾ), ਸਗੋਂ ਇਕ ਪਾਠ ਵਿਚ ਬਹੁਤ ਸਾਰੀਆਂ ਲਿਖਤਾਂ ਪੂਰਕ ਅਤੇ ਵਿਰੋਧੀ ਰੂਪਾਂ ਵਿਚ ਪਈਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਕੋਈ ਵੀ ਉਚਾਰ ਮੌਲਿਕ ਨਹੀਂ ਹੁੰਦਾ। ਅਜਿਹਾ ਹੋਣ ਕਾਰਨ ਪਾਠ ਇੱਕ ਅਜਿਹਾ ਖੇਤਰ ਹੁੰਦਾ ਹੈ ਜੋ ਬਹੁ ਦਿਸ਼ਾਵੀ ਹੁੰਦਾ ਹੈ। ਪਾਠ ਬਹੁਤ ਸਾਰੇ ਅਜਿਹੇ ਹਵਾਲਿਆਂ ਦਾ ਇਕ ਪੁਲੰਦਾ ਹੁੰਦਾ ਹੈ ਜੋ ਕਿ ਸਭਿਆਚਾਰ ਦੇ ਹਜ਼ਾਰਾਂ ਸੋਮਿਆਂ ਤੋਂ ਆਏ ਹੁੰਦੇ ਹਨ। ਨਕਲਾਂ ਤਿਆਰ ਕਰਨ ਵਾਲੇ ਕਲਰਕਾਂ 'ਬੂਵਾਅ ਤੇ ਪੈਕਿਊਸ਼ੇ' (Bouvard and Perucher) ਵਾਂਗੂੰ ਜੋ ਕਿ ਉਦਾਤ ਅਤੇ ਹਾਸੋਹੀਣੇ ਹਨ, ਉਹਨਾਂ ਦਾ ਡੂੰਘਾ ਬੇਤੁਕਾਪਣ (ਗਹਿਰੀ ਊਲ ਜਲੂਲਤਾ) ਲੇਖਕ ਦੀ ਸੋਚਾਈ ਨੂੰ ਠੀਕ ਤਰ੍ਹਾਂ ਨਾਲ ਸਪਸ਼ਟ ਕਰਦਾ ਹੈ। ਲੇਖਕ ਹਮੇਸ਼ਾਂ ਕਿਸੇ ਪੂਰਵਕਾਲੀ ਰੂਪ ਦੀ ਨਕਲ ਹੀ ਕਰ ਸਕਦਾ ਹੈ, ਉਹ ਕਦੇ ਵੀ ਪੂਰੀ ਤਰਾਂ ਮੌਲਕ ਨਹੀਂ ਹੁੰਦਾ।ਲੇਖਕ ਦੀ ਇੱਕੋ ਇੱਕ ਖ਼ਾਸੀਅਤ ਤਰ੍ਹਾਂ-ਤਰ੍ਹਾਂ ਦੀਆਂ ਲਿਖਤਾਂ ਨੂੰ ਇਕੋ ਥਾਵੇਂ ਇਸ ਤਰ੍ਹਾਂ ਇਕੱਠਾ ਕਰਨ ਅਤੇ ਇੱਕ ਦੂਜੇ ਦੇ ਵਿਰੋਧ ਵਿਚ ਖੜ੍ਹਾ ਕਰਨ ਵਿਚ ਹੁੰਦੀ ਹੈ ਅਤੇ ਇਹ ਵੀ ਕਿ ਉਹ ਕਦੇ ਵੀ ਆਪਣੇ ਆਪ ਨੂੰ ਕਿਸੇ ਇੱਕ ਪਾਸੇ ਵੱਲ ਖੜ੍ਹਾ ਨਹੀਂ ਰੱਖ ਸਕਦਾ। ਜੇਕਰ ਉਸਨੇ ਆਪਣੇ ਆਪ ਨੂੰ ਵਿਅਕਤ ਕਰਨਾ ਹੈ ਤਾਂ ਉਸਨੂੰ ਘੱਟੋ-ਘੱਟ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹ ਅੰਦਰਲੀ ਗੱਲ ਜਿਸ ਦਾ ਉਹ ਅਨੁਵਾਦ ਕਰਨ ਦਾ ਦਾਅਵਾ ਕਰਦਾ ਹੈ, ਉਹ ਵੀ ਆਪਣੇ ਆਪ ਵਿਚ ਮਹਿਜ਼ ਇੱਕ ਸ਼ਬਦ ਕੋਸ਼ ਹੈ, ਜਿਸਦੇ ਸ਼ਬਦ ਹੋਰਾਂ ਸ਼ਬਦਾਂ ਰਾਹੀਂ ਹੀ ਪਰਿਭਾਸ਼ਤ ਕੀਤੇ ਜਾ ਸਕਦੇ ਹਨ ਅਤੇ ਇਸੇ ਤਰ੍ਹਾਂ ਉਹ ਸ਼ਬਦ ਹੋਰਾਂ ਸ਼ਬਦਾਂ ਰਾਹੀਂ ਅਤੇ ਸ਼ਬਦਾਂ ਦੀ ਸ਼ਬਦਾਂ ਰਾਹੀਂ ਵਿਆਖਿਆ ਦਾ ਇਹ ਸਿਲਸਿਲਾ ਅਨੰਤ ਤੱਕ ਚੱਲਦਾ ਹੈ। ਨੌਜਵਾਨ ਡੀ. ਕੁਇੰਸੀ' ਜੋ ਯੂਨਾਨੀ ਭਾਸ਼ਾ ਵਿਚ ਮੁਹਾਰਤ ਰੱਖਦਾ ਗੁਣੀ ਬੰਦਾ ਸੀ, ਨੂੰ ਮਿਸਾਲੀ ਤਰੀਕੇ ਨਾਲ ਇੱਕ ਅਨੁਭਵ ਹੁੰਦਾ ਹੈ। ਇਸ ਲਈ ਉਹ ਕੁਝ ਨਿਸ਼ਚਿਤ ਅਤੇ ਪੂਰੀ ਤਰ੍ਹਾਂ ਆਧੁਨਿਕ ਵਿਚਾਰਾਂ ਅਤੇ ਬਿੰਬਾਂ ਨੂੰ ਇੱਕ ਮਰੀ ਹੋਈ ਭਾਸ਼ਾ ਵਿਚ ਅਨੁਵਾਦ ਕਰਦਾ ਹੈ, ਜਿਵੇਂ ਕਿ ਬਦਗੇਲਅਰ (Baudelaire)" ਆਖਦਾ ਹੈ, ਉਸਨੇ ਇਸ ਲਈ ਉਸ ਸ਼ਬਦਕੋਸ਼ ਦੀ ਥਾਵੇਂ ਜੋ ਕਿ ਸ਼ੁੱਧ ਸਾਹਿਤਕ ਵਿਸ਼ਿਆਂ ਦੇ ਅਸ਼ਲੀਲ ਧੀਰਜ ਦਾ ਨਤੀਜਾ ਸਨ, ਇੱਕ ਮਿਆਰੀ ਸ਼ਬਦਕੋਸ਼ ਤਿਆਰ ਕੀਤਾ ਜੋ ਕਿ ਬਹੁਤ ਜ਼ਿਆਦਾ ਜਟਿਲ ਅਤੇ ਵਿਆਪਕ ਸੀ(ਆਰਟੀਫਿਸ਼ੀਅਲ ਪੈਰਾਡਾਇਜ਼)। ਲੇਖਕ ਤੋਂ ਅਗਲੀ ਅਵਸਥਾ ਵਿਚ, ਲਿਖਾਰੀ ਲੰਬਾ ਸਮਾਂ ਆਪਣੇ ਅੰਦਰ ਜਨੂੰਨ, ਰਸ, ਭਾਵਨਾਵਾਂ, ਭਾਵ ਆਦਿ ਸੰਜੋਅ ਕੇ ਨਹੀਂ ਰੱਖਦਾ, ਪਰ ਉਹ ਖ਼ੁਦ ਹੀ ਇਕ ਵੱਡ ਆਕਾਰੀ ਸ਼ਬਦ ਕੋਸ਼ ਹੁੰਦਾ ਹੈ ਜੋ ਨਾ ਕਿਸੇ ਰੁਕਾਵਟ ਨੂੰ ਜਾਣਦਾ ਹੈ ਤੇ ਨਾ ਹੀ ਅੰਤ ਨੂੰ। ਇਸੇ ਸ਼ਬਦ ਕੋਸ਼ ਵਿਚੋਂ ਲਿਖਤ ਪੈਦਾ ਹੁੰਦੀ ਹੈ। ਜ਼ਿੰਦਗੀ ਮਹਿਜ਼ ਕਿਤਾਬਾਂ ਦੀ ਨਕਲ ਹੋ ਸਕਦੀ ਹੈ ਅਤੇ ਕਿਤਾਬ ਵੀ ਚਿੰਨ੍ਹਾਂ ਦਾ ਹੀ ਇੱਕ ਪੁਲੰਦਾ ਹੈ, ਇੱਕ ਲੁਪਤ ਅਤੇ ਅਸੀਮ ਅਨੁਕਰਣ।
ਛੇਵਾਂ ਹਿੱਸਾ
ਜਦੋਂ ਇੱਕ ਵਾਰ ਲੇਖਕ ਗ਼ੈਰ-ਹਾਜ਼ਰ ਹੋ ਗਿਆ ਤਾਂ ਪਾਠ ਨੂੰ ਸਮਝ ਲੈਣ ਦਾ ਦਾਅਵਾ ਮੂਲੋਂ ਹੀ ਨਿਰਾਰਥਕ ਹੋ ਜਾਂਦਾ ਹੈ। ਕਿਸੇ ਪਾਠ ਨੂੰ ਕਿਸੇ ਲੇਖਕ ਨਾਲ ਜੋੜ ਕੇ ਦੇਖਣਾ ਅਸਲ ਵਿਚ ਉਸ ਪਾਠ ਨੂੰ ਸੀਮਾਬੱਧ ਕਰ ਦੇਣ, ਉਸਦਾ ਅੰਤਿਮ ਚਿੰਨ੍ਹੀਕਰਣ ਕਰ ਦੇਣ ਵਾਂਗ ਅਤੇ ਉਸਨੂੰ ਸੀਮਿਤ ਕਰ ਦੇਣ ਵਾਂਗ ਹੈ।ਇਹ ਧਾਰਨਾ ਉਸ ਆਲੋਚਨਾ ਦੇ ਪੂਰੀ ਤਰ੍ਹਾਂ ਅਨੁਕੂਲ ਹੈ ਜੋ ਕਿ ਲਿਖਤ ਦੇ ਪਿੱਛੇ ਲੇਖਕ ਦੀ ਖੋਜ ਨੂੰ ਆਪਣੇ ਮੁੱਖ ਕੰਮ ਵਜੋਂ ਲੈਂਦਾ ਹੈ। ਜਦੋਂ ਲੇਖਕ ਲੱਭ ਲਿਆ ਗਿਆ ਤਾਂ ਸਮਝੋ ਪਾਠ ਦੀ ਵਿਆਖਿਆ ਪੂਰੀ ਹੋ ਗਈ ਅਤੇ ਆਲੋਚਕ ਜਿੱਤ ਗਿਆ ਹੈ। ਇਸ ਲਈ ਇਹ ਗੱਲ ਸ਼ਾਇਦ ਹੀ ਅਚੰਭੇ ਭਰੀ ਹੋਵੇ ਕਿ ਇਤਿਹਾਸਕ ਤੌਰ 'ਤੇ ਲੇਖਕ ਦੀ ਸਰਵਉੱਚਤਾ ਦਾ ਦੌਰ ਹੀ ਆਲੋਚਕ ਦੀ ਸਰਵਉੱਚਤਾ ਦਾ ਦੌਰ ਵੀ ਹੋਣਾ ਚਾਹੀਦਾ ਹੈ। ਪਰੰਤੂ ਉਹ ਆਲੋਚਨਾ (‘ਨਵ ਆਲੋਚਨਾਵਾਦ' ਵੀ) ਲੇਖਕ ਦੇ ਨਾਲ ਹੀ ਸੁੱਟ ਦੇਣੀ ਚਾਹੀਦੀ ਹੈ।ਅਸਲ ਵਿਚ ਇੱਕ ਬਹੁ-ਪੱਖੀ ਲਿਖਤ ਵਿਚ ਸਭ ਕੁਝ ਨੂੰ ਵੱਖੋ-ਵੱਖਰੇ ਕਰਨਾ ਹੁੰਦਾ ਹੈ ਪਰ ਕੁਝ ਵੀ ਸਪਸ਼ਟ ਨਹੀਂ ਕਰਨਾ ਹੁੰਦਾ। ਸਾਰੀਆਂ ਵਾਰ-ਵਾਰ ਦੁਹਰਾਈਆਂ ਜਾ ਰਹੀਆਂ ਚੀਜ਼ਾਂ ਅਤੇ ਪੱਧਰਾਂ ਵਿਚ ਪਰੋਈ ਹੋਈ ਸੰਰਚਨਾ ਨੂੰ ਸਮਝਿਆ ਜਾ ਸਕਦਾ ਹੈ, ਪਰੰਤੂ ਇਸਦੇ ਅੰਤਰ-ਨਿਹਿਤ ਕੋਈ ਬੁਨਿਆਦੀ ਪਿੱਠ-ਭੂਮੀ ਨਹੀਂ ਹੁੰਦੀ।ਲਿਖਤ ਦੇ ਅੰਦਰ ਪ੍ਰਵੇਸ਼ ਨਹੀਂ ਕਰਨਾ ਹੁੰਦਾ ਉਸਦੇ ਪਾਰ ਜਾਣਾ ਹੁੰਦਾ ਹੈ। ਲਿਖਤ ਲਗਾਤਾਰ ਕਿਸੇ ਅਰਥ ਨੂੰ ਮੰਨਦੀ ਹੈ ਪਰ ਹਮੇਸ਼ਾਂ ਇਸ ਨੂੰ ਵਾਸ਼ਪਿਤ (ਉਡਾ ਦੇਣ) ਕਰਨ ਲਈ, ਇਹ ਵਰਤਾਰਾ ਅਰਥ ਦੀ ਇੱਕ ਬਾਕਾਇਦਾ ਛੋਟ ਦੇਣ ਲਈ ਅੱਗੇ ਵਧਦਾ ਰਹਿੰਦਾ ਹੈ।ਇਸ ਲਈ ਸਾਹਿਤ (ਲਿਖਤ ਆਖਣਾ ਬਿਹਤਰ ਹੋਵੇਗਾ), ਪਾਠ ਨੂੰ ‘ਰਹੱਸਮਈ ਸਦੀਵੀਂ ਅਰਥ (ਅਤੇ ਸੰਸਾਰ ਨੂੰ ਇੱਕ ਪਾਠ ਵਾਂਗੂੰ) ਜਾਂ ਕਿਸੇ ਆਖਰੀ ਅਰਥ ਨਾਲ ਨਾ ਜੋੜਣ ਤੋਂ ਇਨਕਾਰ ਕਰਦਿਆਂ, ਇੱਕ ਕਿਰਿਆ ਨੂੰ ਆਜ਼ਾਦ ਕਰਦਾ ਹੈ, ਜਿਸ ਨੂੰ ਅਸੀਂ ਉਲਟ-ਧਾਰਮਿਕ ਅਤੇ ਸਹੀ ਅਰਥਾਂ ਵਿਚ ਇਨਕਲਾਬੀ ਆਖ ਸਕਦੇ ਹਾਂ। ਕਿਉਂਕਿ ਇਕ ਅਰਥ ਨੂੰ ਲੱਭਣ ਤੋਂ ਇਨਕਾਰੀ ਹੋਣਾ ਅਸਲ ਵਿਚ ਇਕ ਰੱਬ ਤੋਂ, ਉਸਦੇ ਕਿਸੇ ਸਾਰ-ਤੱਤ, ਉਸਦੇ ਤਰਕ, ਵਿਗਿਆਨ ਅਤੇ ਉਸਦੇ ਵਿਧਾਨ ਤੋਂ ਇਨਕਾਰੀ ਹੋਣਾ ਹੈ।
ਸੱਤਵਾਂ ਹਿੱਸਾ
ਆਓ ਹੁਣ ਬਾਲਜ਼ਾਕ ਦੇ ਵਾਕ ਵੱਲ ਮੁੜਦੇ ਹਾਂ। ਇਸ ਨੂੰ ਕੋਈ (ਕੋਈ ਵਿਅਕਤੀ) ਨਹੀਂ ਉਚਾਰਦਾ, ਇਸ ਦਾ ਸਰੋਤ, ਇਸਦੀ ਆਵਾਜ਼ ਕਿਸੇ ਸਥਾਨ ਤੋਂ ਨਹੀਂ ਲੱਭੀ ਜਾ ਸਕਦੀ, ਪਰੰਤੂ ਫਿਰ ਵੀ ਇਸ ਨੂੰ ਠੀਕ ਤਰ੍ਹਾਂ ਨਾਲ ਪੜ੍ਹਿਆ ਜਾ ਸਕਦਾ ਹੈ, ਕਿਉਂਕਿ ਲਿਖਤ ਦਾ ਅਸਲ ਧੁਰਾ ਇਸਦੀ ਪੜ੍ਹਤ ਹੈ। ਇੱਕ ਹੋਰ ਵਿਸ਼ੇਸ਼ ਉਦਾਹਰਣ ਰਾਹੀਂ ਇਸ ਨੂੰ ਸਮਝਿਆ ਜਾ ਸਕਦਾ ਹੈ। ਹਾਲ ਹੀ ਵਿਚ ਹੋਈਆਂ ਖੋਜਾਂ (ਜੇ.ਪੀ. ਵਰਨੈੱਟ)' ਨੇ ਯੂਨਾਨੀ ਦੁਖਾਂਤ ਦੀ ਅਸਪਸ਼ਟ ਰਚਨਾਤਮਕ ਪ੍ਰਕਿਰਤੀ ਉੱਤੇ ਰੌਸ਼ਨੀ ਪਾਈ ਹੈ। ਇਹਨਾਂ ਦੁਖਾਂਤਾਂ ਦੇ ਪਾਠ ਦੂਹਰੇ ਅਰਥਾਂ ਵਾਲੇ ਸ਼ਬਦਾਂ ਨਾਲ ਬੁਣੇ ਹੋਏ ਹਨ। ਹਰ ਪਾਤਰ ਇਹਨਾਂ ਦਾ ਮਹਿਜ਼ ਇਕਹਿਰਾ ਅਰਥ ਸਮਝਦਾ ਹੈ (ਇਹ ਨਿਰੰਤਰ ਗ਼ਲਤਫ਼ਹਿਮੀ ਹੀ ਅਸਲ ਵਿਚ ਦੁਖਾਂਤ ਹੈ)। ਪਰੰਤੂ ਕੋਈ ਹੈ ਜੋ ਸਾਰੇ ਸ਼ਬਦਾਂ ਨੂੰ ਦੋਹਰੇ ਅਰਥਾਂ ਵਿਚ ਸਮਝਦਾ ਹੈ ਅਤੇ ਅਗਲੀ ਗੱਲ ਵੀ ਜਾਣਦਾ ਹੈ। ਕੋਈ ਆਖ ਸਕਦਾ ਹੈ ਕਿ ਉਸਦੇ ਸਾਹਮਣੇ ਬੋਲਣ ਵਾਲੇ ਪਾਤਰਾਂ ਦਾ ਇਹ ਬੋਲਾਪਣ ਉਹ ਇਕੱਲਾ ਸਮਝਦਾ ਹੈ। ਇਹ ਕੋਈ ਵਿਅਕਤੀ ਅਸਲ ਵਿਚ ਪਾਠਕ (ਜਾਂ ਇੱਥੇ ਦਰਸ਼ਕ) ਹੈ। ਇਸ ਤਰ੍ਹਾਂ ਲਿਖਤ ਦੀ ਪੂਰੀ ਹਸਤੀ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਇੱਕ ਪਾਠ ਬਹੁਤ ਸਾਰੇ ਸਭਿਆਚਾਰਾਂ ਤੋਂ ਲਈਆਂ ਗਈਆਂ ਬਹੁਤ ਸਾਰੀਆਂ ਲਿਖਤਾਂ ਤੋਂ ਬਣਿਆ ਹੁੰਦਾ ਹੈ। ਬਹੁਤ ਸਾਰੀਆਂ ਲਿਖਤਾਂ ਇੱਕ ਪਾਠ ਵਿਚ ਨਕਲ ਰਾਹੀਂ, ਵਾਦ-ਵਾਦ ਆਦਿ ਰਾਹੀਂ ਸੰਵਾਦ ਵਿਚ ਦਾਖਲ ਹੁੰਦੀਆਂ ਹਨ। ਪਰੰਤੂ ਇੱਕ ਥਾਂ ਹੈ ਜਿੱਥੇ ਇਹ ਬਹੁਤ ਸਾਰੇ ਪੱਖ ਜਾਂ ਬਹੁਲਤਾ ਇਕੱਠੀ ਕਰ ਲਈ ਜਾਂਦੀ ਹੈ ਅਤੇ ਇਹ ਥਾਂ ਜਿਵੇਂ ਅਸੀਂ ਪਹਿਲਾਂ ਆਖ ਚੁੱਕੇ ਹਾਂ ਲੇਖਕ ਨਹੀਂ ਹੈ, ਜੋ ਕਦੇ ਸਮਝਿਆ ਜਾਂਦਾ ਸੀ, ਸਗੋਂ ਇਹ ਪਾਠਕ ਹੈ। ਪਾਠਕ ਹੀ ਉਹ ਥਾਂ ਹੈ ਜਿੱਥੇ ਬਿਨਾਂ ਕਿਸੇ ਨੂੰ ਗੁਆਇਆਂ, ਉਹਨਾਂ ਸਾਰੇ ਹਵਾਲਿਆਂ ਨੂੰ ਉੱਕਰਿਆ ਜਾਂਦਾ ਹੈ, ਜਿਹਨਾਂ ਹਵਾਲਿਆਂ ਦੀ ਲਿਖਤ ਬਣੀ ਹੁੰਦੀ ਹੈ। ਕਿਸੇ ਲਿਖਤ ਦੀ ਸੰਪੂਰਨਤਾ ਉਸਦੇ ਮੂਲ ਵਿਚ ਨਹੀਂ ਹੁੰਦੀ, ਇਹ ਅਸਲ ਵਿਚ ਉਸਦੀ ਮੰਜ਼ਿਲ ਵਿਚ ਹੁੰਦੀ ਹੈ। ਪਰੰਤੂ ਇਹ ਮੰਜ਼ਿਲ ਹੁਣ ਨਿੱਜੀ ਨਹੀਂ ਹੋ ਸਕਦੀ। ਪਾਠਕ ਕਿਸੇ ਇੱਕ ਨਿੱਜੀ ਇਤਿਹਾਸ, ਜੀਵਨ ਵੇਰਵਿਆਂ ਅਤੇ ਮਨੋਵਿਗਿਆਨ ਤੋਂ ਬਿਨਾਂ ਇੱਕ ਵਿਅਕਤੀ ਹੁੰਦਾ ਹੈ। ਉਹ ਉਹੀ ਕੁਝ ਹੁੰਦਾ ਹੈ, ਉਸੇ ਇੱਕ ਖੇਤਰ ਵਿਚ ਇਕੱਠਾ ਹੋਇਆ, ਜਿਸਦੇ ਸਾਰੇ ਰਾਹ ਰਸਤੇ ਉਹੀ ਹੁੰਦੇ ਹਨ ਜਿਹਨਾਂ ਦਾ ਕਿ ਪਾਠ ਬਣਿਆ ਹੁੰਦਾ ਹੈ। ਇਸੇ ਲਈ ਜਦੋਂ ਆਪਣੇ ਆਪ ਨੂੰ ਪਾਠਕ ਦੇ ਹੱਕਾਂ ਦਾ ਮੋਹਰੀ ਥਾਪਣ ਦਾ ਪਾਖੰਡ ਕਰਨ ਵਾਲੀ ਨਵੀਂ ਲਿਖਤ ਨੂੰ ਮਾਨਵਵਾਦ ਦੇ ਨਾਮ ਉਤੇ ਨਿੰਦਿਆ ਜਾਂਦਾ ਹੈ ਤਾਂ ਇਹ ਬਹੁਤ ਊਲ-ਜਲੂਲ ਲਗਦਾ ਹੈ।ਕਲਾਸਿਕੀ ਆਲੋਚਨਾ ਦਾ ਕਦੇ ਵੀ ਪਾਠਕ ਨਾਲ ਕੋਈ ਲਾਗਾ ਦੇਗਾ ਨਹੀਂ ਰਿਹਾ ਕਿਉਂਕਿ ਉਸ ਲਈ ਸਾਹਿਤ ਵਿਚ ਇੱਕ ਹੀ ਵਿਅਕਤੀ ਹੈ ਜੋ ਕਿ ਲੇਖਕ ਹੈ ਅਤੇ ਉਸਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸਾਡਾ ਸਮਾਜ ਬੜੇ ਮਾਣ ਨਾਲ ਅਸਲ ਵਿਚ ਉਹਨਾਂ ਚੀਜ਼ਾਂ ਦਾ ਝੰਡਾ ਬਰਦਾਰ ਬਣਦਾ ਹੈ ਜਿਹਨਾਂ ਨੂੰ ਇਹ ਖ਼ਾਰਜ ਕਰਦਾ ਹੈ, ਨਜ਼ਰਅੰਦਾਜ਼ ਕਰਦਾ ਹੈ, ਲੁਕਾਉਂਦਾ ਹੈ ਜਾਂ ਤਬਾਹ ਕਰਦਾ ਹੈਂ| ਅਸੀਂ ਹੁਣ ਅਜਿਹੇ ਵਿਰੋਧੀ ਵਾਕਾਂ ਦੁਆਰਾ ਨੰਗ ਜਾਣਾ ਬੰਦ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਜੇਕਰ ਲਿਖਤ ਨੇ ਆਪਣੇ ਭਵਿੱਖ ਨੂੰ ਫਿਰ ਤੋਂ ਹਾਸਲ ਕਰਨਾ ਹੈ ਤਾਂ ਸਾਡੇ ਲਈ ਇਸਦੀ ਮਿੱਥ ਨੂੰ ਉਲਟਾਉਣਾ ਲਾਜ਼ਮੀ ਹੈ। ਪਾਠਕ ਦੇ ਜਨਮ ਨੂੰ ਲੇਖਕ ਦੀ ਮੌਤ ਦਾ ਮੁੱਲ ਦੇ ਕੇ ਹੀ ਪ੍ਰਾਪਤ ਕਰਨਾ ਪਵੇਗਾ।
ਰੋਲਾਂ ਬਾਰਥ ਨੇ ਆਪਣੇ ਵਿਲੱਖਣ ਸਾਹਿਤ- ਚਿੰਤਨ ਨਾਲ ਸਾਹਿਤ-ਚਿੰਤਨ ਨੂੰ ਲੇਖਕ ਨਾਲੋਂ ਤੋੜ ਕੇ ਪਾਠਕ ਨਾਲ ਜੋੜ ਦਿੱਤਾ ਹੈ। ਪਾਠਕ ਦੇ ਆਧਾਰ ਤੇ ਹੀ ਉਹ ਸਾਹਿਤ ਰਚਨਾਵਾਂ ਦੀਆਂ ਦੋ ਵੰਨਗੀਆਂ ਨਿਰਧਾਰਿਤ ਕਰਦਾ ਹੈ। ਪਹਿਲੀ ਕਿਸਮ ਦੇ ਸਾਹਿਤ-ਪਾਠਾਂ ਨੂੰ ਉਹ ਪੜ੍ਹਨਯੋਗ ਪਾਠ ਅਤੇ ਦੂਜੀ ਕਿਸਮ ਦੀਆ ਪਾਠਾਂ ਨੂੰ ਲਿਖਣਯੋਗ ਪਾਠ ਆਖਦਾ ਹੈ।
ਪੜ੍ਹਨਯੋਗ ਪਾਠ ਤੋਂ ਰੋਲਾਂ ਬਾਰਥ ਦਾ ਭਾਵ ਭੋਗਣਯੋਗ ਪਾਠ ਤੋਂ ਹੈ। ਇਸ ਕਿਸਮ ਦੇ ਪਾਠ ਰਵਾਇਤੀ ਹੁੰਦੇ ਹਨ। ਉਹ ਕਿਸੇ ਪਾਠਕ ਦੀ ਚੇਤਨਾ ਨੂੰ ਕੋਈ ਹੁਲਾਰਾ ਨਹੀਂ ਦਿੰਦੇ। ਅਜਿਹੇ ਪਾਠ ਲੇਖਕ ਦੇ ਉਦੇਸ਼ ਦੇ ਅਧੀਨ ਵਿਚਰਦੇ ਰਹਿੰਦੇ ਹਨ। ਲਿਖਣਯੋਗ ਪਾਠ ਤੋਂ ਉਸਦਾ ਭਾਵ ਸਿਰਜਣਾਯੋੋਗ ਪਾਠ ਤੋਂ ਹੈ। ਇਸ ਕਿਸਮ ਦੇ ਪਾਠ, ਪੜ੍ਹਨਯੋਗ ਪਾਠਾਂ ਤੋਂ ਬਿਲਕੁਲ ਵੱਖਰੇ ਹੁੰਦੇ ਹਨ। ਇਹ ਪਾਠਕ ਦੀ ਚੇਤਨਾ ਨੂੰ ਹਲੂਣਦੇ ਹਨ।
S/Z ਉਤਰ-ਸੰਰਚਨਾਵਾਦੀ ਦੌਰ ਦੇ ਬਾਰਤ ਦੀ ਸਭ ਤੋਂ ਵੱਧ ਪ੍ਰਤੀਨਿਧ ਅਤੇ ਪ੍ਰਭਾਵਸ਼ਾਲੀ ਪੁਸਤਕ ਹੈ। ਇਸ ਪੁਸਤਕ ਨਾਲ ਬਾਰਥ ਦੀ ਮਸ਼ਹੂਰੀ ਫਰਾਂਸ ਤੋਂ ਬਾਹਰ ਦੂਜੇ ਦੇਸਾਂ ਦੇ ਸਾਹਿਤਕ ਹਲਕਿਆਂ ਵਿੱਚ ਫੈਲ ਗਈ ਅਤੇ ਉਸ ਨੂੰ ਵਿਚਾਰ-ਉਤੇਜਕ ਸਾਹਿਤਕ ਆਲੋਚਕ ਦੇ ਤੌਰ ਤੇ ਜਾਣਿਆ ਜਾਣ ਲੱਗਾ। ਇਸ ਪੁਸਤਕ ਵਿੱਚ ਉਸਨੇ ਫਰਾਂਸੀਸੀ ਨਾਵਲਕਾਰ ਬਾਲਜ਼ਾਕ ਦੇ ਘੱਟ ਜਾਣੇ-ਪਛਾਣੇ ਨਾਵਲੈੱਟ "ਸਾਰਾਸੀਨ" ਨੂੰ ਅਧਾਰ ਬਣਾ ਕੇ ਪੜ੍ਹਤ ਦੇ ਅਨੁਭਵ, ਪਾਠਾਂ ਦੇ ਅੰਦਰਵਾਰ ਉਤਰਨ ਲਈ ਉਸਨੇ ਜਿਸ ਸਿਧਾਂਤਕ-ਪ੍ਰਬੰਧ ਦੀ ਕਲਪਨਾ ਕੀਤੀ ਉਸ ਨੂੰ ਕੋਡਾਂ ਦਾ ਨਾਂ ਦਿੱਤਾ।[6] ਬਾਰਥ ਬਾਲਜ਼ਾਕ ਦੇ "ਸਾਰਾਜ਼ੀਨ" ਨੂੰ 561 ਪੜ੍ਹਨ -ਅੰਗਾਂ lexias ਵਿੱਚ ਵੰਡਦਾ ਹੈ, ਉਨ੍ਹਾਂ ਵਿੱਚੋਂ ਕਈ ਅੰਗ ਇੱਕ ਵਾਕ ਤੋਂ ਜਿਆਦਾ ਨਹੀਂ ਹਨ। ਇਸ ਤੋਂ ਉਪਰੰਤ ਉਹ ਉਨ੍ਹਾਂ ਨੂੰ ਕ੍ਰਮਵਾਰ ਪੰਜ "ਕੋਡਾਂ" ਦੀ ਛਾਨਣੀ grid ਰਾਹੀਂ ਪ੍ਰਵੇਸ਼ ਕਰਾਉਂਦਾ ਹੈ। ਇਹ ਪੰਜ ਕੋਡ ਹਨ
ਵਿਆਖਿਆਤਮਕ ਕੋਡ (Hermeneutic Code)
ਇਹ ਉਨਾਂ ਕੋਡਾਂ ਨੂੰ ਕਿਹਾ ਜਾਂਦਾ ਹੈ ਜੋ ਬਿਰਤਾਂਤ ਵਿੱਚ ਰਹੱਸ ਜਗਾਉਣ ਅਤੇ ਰਹੱਸ ਲੁਕਾਉਲਣ ਲਈ ਕਾਰਜਸ਼ੀਲ ਹੁੰਦੇ ਹਨ । ਇਹ ਕੋਡ ਬਿਰਤਾਂਤ ਵਿੱਚ ਉਲਝਣਾਂ ਪੈਦਾ ਕਰਕੇ ਪਾਠਕ ਦੇ ਦਿਮਾਗ ਵਿੱਚ ਬਹੁਤ ਸਾਰੇ ਪ੍ਰਸ਼ਨਾਂ ਨੂੰ ਜਨਮ ਦਿੰਦੇ ਹਨ ਪਰ ਬਿਰਤਾਂਤਕ ਤੌਰ ਤੇ ਨਾਲੋ-ਨਾਲ ਪਾਠਕ ਦੇ ਕੁਝ ਕ ਪ੍ਰਸ਼ਨਾਂ ਦਾ ਜਵਾਬ ਵੀ ਦਿੰਦੇ ਹਨ ।ਪਰ ਸਮੁੱਚੇ ਤੌਰ ਤੇ ਇਹਨਾਂ ਦਾ ਕੰਮ ਬਿਰਤਾਂਤ ਵਿਚਲੇ ਪਾਤਰਾਂ, ਉਹਨਾਂ ਦੀ ਬਿਰਤਾਂਤਕ ਸਥਿਤੀ ਅਤੇ ਘਟਨਾਵਾਂ ਬਾਰੇ ਰਹੱਸ ਲੁਕਾਵਾ ਅਤੇ ਰਹੱਸ ਪ੍ਰਗਟਾਵਾ ਵੀ ਹੁੰਦਾ ਹੈ ਤੇ ਇਨਾਂ ਦਾ ਅਗਾਂਹ ਵਿਸਤਾਰ ਵੀ ਦਿੱਤਾ ਹੈ । ਇਹ ਵਿਸਤਾਰ ਇਸ ਪ੍ਰਕਾਰ ਹੈ
1.ਵਿਸ਼ਾ ਕਾਰੀਗਰੀ -
ਇਸ ਦਾ ਅਰਥ ਹੈ ਕਿ ਬਿਰਤਾਂਤ ਵਿਚਲੀ ਹਰ ਚੀਜ਼ ਰਹੱਸ ਹੁੰਦੀ ਹੈ । ਬਿਰਤਾਂਤ ਦੇ ਸ਼ੁਰੂ ਹੋਣ ਸਾਰ ਪਾਠਕ ਦੇ ਦਿਮਾਗ ਵਿੱਚ ਬਹੁਤ ਸਾਰੇ ਪ੍ਰਸ਼ਨ ਹੁੰਦੇ ਹਨ । ਜਿਹੜਾ ਪਾਤਰ ਪੇਸ਼ ਹੋਇਆ ਹੈ ਉਹ ਕੌਣ ਹੈ , ਇਸ ਤੋਂ ਮਗਰੋਂ ਆਉਣ ਵਾਲੇ ਪਾਤਰ ਨਾਲ ਇਸਦਾ ਕੀ ਸੰਬੰਧ ਹੈ ?ਬਿਰਤਾਂਤ ਵਿੱਚ ਜੋ ਸਮੱਸਿਆ ਪੇਸ਼ ਕੀਤੀ ਗੲਈ ਹੈ ਉਹ ਕਿਉਂ ਪੈਦਾ ਹੋਈ ਹੈ । ਬਿਰਤਾਂਤ ਨਾਇਕ ਇਸ ਵਿੱਚੋਂ ਸਫਲਤਾ ਹਾਸਿਲ ਕਰ ਵੀ ਸਕੇਗਾ ਜਾਂ ਨਹੀਂ ।
2. ਸਥਿਤੀਗਤਤਾ-
ਉਹ ਘਟਨਾਵਾਂ ਜਾਂ ਪਰਸਥਿਤੀਆਂ ਜੋ ਰਹੱਸ ਨੂੰ ਘਟਾਉਣ ਦੀ ਥਾਂ ਹੋਰ ਵਧਾ ਦਿੰਦੀਆਂ ਹਨ।
3. ਵਾਅਦਾ ਕਰਨਾ
ਪਾਠਕ ਨੂੰ ਬਿਰਤਾਂਤਕਾਰ ਵੱਲੋਂ ਇਹ ਯਕੀਨ ਦੁਆਇਆ ਜਾਂਦਾ ਹੈ ਕਿ ਬਿਰਤਾਂਤ ਵਿਚਲਾ ਰਹੱਸ ਹੌਲੀ-2 ਉਜਾਗਰ ਹੋ ਜਾਵੇਗਾ।
4. ਵਾਅਦਾ ਖਿਲਾਫੀ/ਧੋਖਾ ਦੇਣਾ
ਕਈ ਰਹੱਸ ਭੇਦ ਉਵੇਂ ਨਹੀਂ ਨਿਕਲਦੇ ਜਿਵੇਂ ਪਾਠਕ ਨੇ ਸੋਚਿਆ ਹੁੰਦਾ ਹੈ । ਜਿਵੇਂ ਕਿਸੇ ਰਹੱਸਮਈ ਨਾਵਲ ਚ ਕਾਤਲ ਉਹ ਪਾਤਰ ਨਹੀਂ ਨਿਕਲਦਾ ਜਿਸ ਉੱਤੇ ਪਾਠਕ ਨੂੰ ਸ਼ੱਕ ਕਰਵਾਇਆ ਜਾਂਦਾ ਹੈ।
5. ਦੁੱਚਿਤੀ ਵਿੱਚ ਪਾਉਣਾ
ਪਾਠਕ ਦੋ ਹਾਲਾਤਾਂ ਜਾਂ ਦੋ ਪਾਤਰਾਂ ਵਿੱਚੋਂ ਕਿਸੇ ਇੱਕ ਦੇ ਪੱਖ ਵਿੱਚ ਸੋਚਣ ਤੋਂ ਅਸਮਰੱਥ ਹੋ ਜਾਂਦਾ ਹੈ ।
6. ਅੜਿੱਕਾ ਡਾਹੁਣਾ
ਬਿਰਤਾਂਤ ਵਿੱਚ ਜਦੋਂ ਰਹੱਸ ਉਜਾਗਰੀ ਲਈ ਹਾਲਾਤ ਹੀ ਨਾ ਬਣ ਰਹੇ ਹੋਣ ਤਾਂ ਇਸਨੂੰ ਬਿਰਤਾਂਤ ਅੜਿੱਕਾ ਕਿਹਾ ਜਾਂਦਾ ਹੈ।
7. ਬਰਖਾਸਤਗੀ
ਬਿਰਤਾਂਤ ਵਿੱਚ ਜਦੋਂ ਰਹੱਸ ਦੇ ਨਿਵਾਰਨ ਨੂੰ ਰੋਕ ਦਿੱਤਾ ਜਾਵੇ ਪਰ ਉਸਦੇ ਉਜਾਗਰ ਹੋਣ ਲਈ ਸੰਭਾਵਨਾਵਾਂ ਨੂੰ ਕਾਇਮ ਰੱਖਿਆ ਜਾਵੇ।
8.ਇੱਕ ਪਾਸੜ ਰਹੱਸ ਉਜਾਗਰੀ
ਜਦੋਂ ਬਿਰਤਾਂਤਕਾਰ ਕਥਾ ਦੇ ਅੰਤ ਤੋਂ ਕੁਝ ਸਮਾਂ ਪਹਿਲਾਂ ਰਹੱਸ ਦੀਆਂ ਕੁਝ ਗੰਢਾਂ ਖੋਲ ਦੇਵੇ।
9. ਰਹੱਸ ਉਦਘਾਟਨ-
ਕਥਾ ਦੇ ਅੰਤ ਵਿੱਚ ਜਦੋਂ ਸਾਰੇ ਰਹੱਸ ਉਜਾਗਰ ਹੋ ਜਾਣ ਤੇ ਪਾਠਕ ਹੌਲਾ ਫੁੱਲ ਮਹਿਸੂਸ ਕਰੇ ।
ਕਿਰਿਆਤਮਕ ਕੋਡ
ਇਹਨਾਂ ਦਾ ਸੰਬੰਧ ਬਿਰਤਾਂਤ ਲੜੀਆਂ ਨਾਲ ਹੁੰਦਾ ਹੈ । ਇਹ ਬਿਰਤਾਂਤ ਲੜੀਆਂ ਸਮੁੱਚੇ ਬਿਰਤਾਂਤ ਦਾ ਹਿੱਸਾ ਤਾਂ ਹੁੰਦੀਆਂ ਹਨ ਪਰ ਉਹ ਮੁੱਖ ਕਥਾ ਦਾ ਅਨਿੱਖੜਵਾਂ ਹਿੱਸਾ ਨਹੀਂ ਹੁੰਦੀਆਂ ।
ਅਰਥਗਤ ਕੋਡ
ਇਸ ਦਾ ਸੰਬੰਧ ਪਾਤਰਾਂ ਦੇ ਚਰਿੱਤਰ ਦੀਆਂ ਵਿਸ਼ੇਸ਼ਤਾਵਾਂ ਨਾਲ ਹੈ । ਇਹ ਕੋਡ, ਪਾਤਰ , ਸਥਾਨ ਜਾਂ ਕਿਸੇ ਵਸਤ ਦੇ ਚਰਿੱਤਰ ਨੂੰ ਦਰਸਾਉਂਦਾ ਹੈ। ਇਸ ਕੋਡ ਦੀ ਸਹਾਇਤਾ ਨਾਲ ਬਿਰਤਾਂਤ , ਪੇ। ਹੋਈਆਂ ਮੂਰਤ ਵਸਤਾਂ , ਪਾਤਰਾਂ ਜਾਂ ਸਥਾਨਾਂ ਦੇ ਮਾਧਿਅਮ ਨਾਲ , ਅਮੂਰਤ ਸੰਕਲਪਾਂ ਦੀ ਪੇਸ਼ਕਾਰੀ ਕਰਦਾ ਹੈ । ਬਿਰਤਾਂਤ ਵਿੱਚ ਅਰਥਗਤ ਕੋਡ ਦਾ ਕਾਰਜ ਕੁਝ ਕਹਿਣ ਦੀ ਬਜਾਇ ਕੁਝ ਦਰਸਾਉਂਦਾ ਹੈ । ਇਹ ਕੋਡ ਬਿਰਤਾਂਤ ਵਿੱਚ ਪੇਸ਼ ਹੋਏ ਪਾਤਰਾਂ, ਸਥਾਨਾਂ ਤੇ ਵਸਤਾਂ ਦੀ ਹੈਸੀਅਤ ਨੂੰ ਦਰਸਾ ਕੇ ਨਿਵੇਕਲੀ ਅਰਥ ਉਜਾਗਰੀ ਕਰਦਾ ਹੈ ।
ਪ੍ਰਤੀਕਾਤਮਕ ਕੋਡ
ਇਹ ਰਚਨਾ ਦੇ ਵਿਭਿੰਨ ਵੇਰਵਿਆਂ ਦੀ ਪ੍ਰਤੀਕਾਤਮਕ ਸਾਰਥਕਤਾ ਨਾਲ ਸੰਬੰਧਿਤ ਹੈ । ਇਸ ਵਿੱਚ ਬਹੁਅਰਥਤਾ ਪੈਦਾ ਹੁੰਦੀ ਹੈ ਅਤੇ ਬਿਰਤਾਂਤ ਰਚਨਾ ਵਾਲੀਆਂ ਵਸਤਾਂ ਉਲਟ - ਪੁਲਟ ਹੋ ਜਾਂਦੀਆਂ ਹਨ ਜਿਸ ਨਾਲ ਜਿਨਸੀ ਅਤੇ ਮਾਨਸਿਕ ਸੰਬੰਧਾਂ ਦੇ ਉਹ ਨਮੂਨੇ ਸਾਹਮਣੇ ਆਉਂਦੇ ਹਨ ਜਿਨਾਂ ਵਿੱਚ ਪਾਤਰ ਪ੍ਰਵੇਸ਼ ਕਰਦੇ ਹਨ।
ਸੱਭਿਆਚਾਰਕ ਕੋਡ
ਇਹ ਕੋਡ ਉਨਾਂ ਸਾਰੇ ਪ੍ਰਸੰਗਾਂ ਨੂੰ ਸਮੇਟ ਲੈਂਦਾ ਹੈ , ਜਿਹੜੇ ਜਾਣਕਾਰੀ ਵਿੱਚ ਵਾਧਾ ਕਰਦੇ ਹਨ । ਇਹ ਉਸ ਸਮੁੱਚੇ ਪਰੰਪਰਿਕ ਗਿਆਨ ਭੰਡਾਰ ਵੱਲ ਸੰਕੇਤ ਕਰਦੇ ਹਨ ਜਿਸ ਦੇ ਸੰਦਰਭ ਵਿੱਚ ਬਿਰਤਾਂਤ ਰਚਨਾ ਆਪਣੇ ਵਿਲੱਖਣ ਅਰਥਾਂ ਦਾ ਸੰਚਾਰ ਕਰਦੀ ਹੈ।[7]
ਰੋਲਾਂ ਬਾਰਥ ਨੇ ਅਨੇਕਾਂ ਵਿਸ਼ਿਆਂ ਉਤੇ ਲਿਖਿਆ ਅਤੇ ਜਿਨ੍ਹਾਂ ਵਿਸ਼ਿਆਂ ਉਤੇ ਕਲਮ ਚੁਕੀ ਉਸਦੇ ਰਾਹੀਂ ਆਪਣੀ ਵਿਲੱਖਣ ਪ੍ਰਤਿਭਾ ਅਤੇ ਚਿੰਤਨਸ਼ੀਲ ਬਿਰਤੀ ਨਾਲ ਨਵੇਂ ਨਵੇਂ ਆਯਾਮ ਰੌਸ਼ਨ ਕੀਤੇ। ਉਸਨੇ ਆਪਣੀ ਇੱਕ ਰੌਚਕ ਆਤਮਕਥਾ ਵੀ ਲਿਖੀ ਹੈ : ਰੋਲਾਂ ਬਾਰਥ ਬਾਈ ਰੋਲਾਂ ਬਾਰਥ (1975). ਰੋਲਾਂ ਬਾਰਥ ਸੰਰਚਨਾਵਾਦ ਦੇ ਸੰਦਰਭ ਵਿੱਚ ਨਵੇਂ ਨਵੇਂ ਨੁਕਤੇ ਪੈਦਾ ਕਰਨ ਵਿੱਚ ਲਾਜਵਾਬ ਹੈ। ਉਹ ਖੁਦ ਵੀ ਸੋਚਦਾ ਹੈ ਤੇ ਸੋਚਣ ਲਈ ਮਜਬੂਰ ਵੀ ਕਰਦਾ ਹੈ, ਉਹ ਹੈਰਾਨ ਵੀ ਕਰਦਾ ਹੈ ਅਤੇ ਸੱਟ ਵੀ ਮਾਰਦਾ ਹੈ, ਪਰ ਉਸਦੀ ਗੱਲ ਦਿਲਚਸਪੀ, ਸਚਾਈ ਅਤੇ ਅੰਤਰ-ਦ੍ਰਿਸ਼ਟੀ ਤੋਂ ਖਾਲੀ ਹੁੰਦੀ ਹੈ। ਬਾਰਥ ਨੂੰ ਪੜ੍ਹਨ ਦਾ ਅਰਥ ਹੈ, ਸਾਹਿਤ ਬਾਰੇ ਵਧੇਰੇ ਬੁਧੀਮਤਾ ਨਾਲ ਸੋਚਣਾ ਅਤੇ ਸਾਹਿਤ ਤੋਂ ਆਨੰਦ ਲੈਣ ਲਈ ਪਹਿਲਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੋਣਾ। ਬਾਰਥ ਨੇ ਆਲੋਚਨਾ ਨੂੰ ਰੌਚਕ ਵੀ ਬਣਾਇਆ ਹੈ ਅਤੇ ਪਹਿਲਾਂ ਨਾਲੋਂ ਵਧੇਰੇ ਦਾਰਸ਼ਨਿਕਤਾ ਮੂਲਕ ਵੀ। ਉਹ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਡੂੰਘੀ ਅੰਤਰ ਦ੍ਰਿਸ਼ਟੀ ਰਖਦਾ ਹੈ।[8]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.