ਪੰਜਾਬੀ ਸਾਹਿਤ
From Wikipedia, the free encyclopedia
ਕਿਸੇ ਖਿੱਤੇ ਜਾਂ ਕੌਮ ਦੇ ਲੋਕਾਂ ਦਾ ਜੀਵਨ, ਰਹਿਣ ਸਹਿਣ ਤੇ ਓਥੋਂ ਦੇ ਲੋਕਾਂ ਦੇ ਵਿਚਰਨ ਦੇ ਬਿਰਤਾਂਤ ਨੂੰ ਕਿਸੇ ਵੀ ਲਿਖਤ ਦੇ ਰੂਪ ਵਿਚ ਪੇਸ਼ ਕਰਨਾ ਸਾਹਿਤ ਹੁੰਦਾ ਹੈ। ਪੰਜਾਬੀ ਲੋਕਾਂ ਦੇ ਰਹਿਣ ਸਹਿਣ ਨੂੰ ਵੱਖ ਵੱਖ ਲਿਖਤਾਂ (ਕਵਿਤਾਵਾਂ, ਲੇਖਾਂ, ਗੀਤਾਂ, ਕਹਾਣੀਆਂ, ਗ਼ਜ਼ਲਾਂ, ਵਾਰਾਂ, ਕਿੱਸਿਆਂ, ਇਤਿਹਾਸਿਕ ਲੇਖਾਂ ਤੇ ਹੋਰ ਸਭ ਤਰ੍ਹਾਂ ਦੀਆਂ ਧਾਰਮਿਕ ਰਚਨਾਵਾਂ) ਬਿਆਨ ਕਰਦੀਆਂ ਹਨ ਉਹ ਸਭ ਪੰਜਾਬੀ ਸਾਹਿਤ ਦਾ ਹਿੱਸਾ ਹਨ। ਸਾਹਿਤ ਲੋਕਾਂ ਨੂੰ ਉਹਨਾਂ ਦੇ ਪਿਛੋਕੜ ਨਾਲ ਜੋੜ ਕੇ ਰੱਖਣ ਦਾ ਕੰਮ ਕਰਦਾ ਹੈ ਤੇ ਉਹਨਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਉਹਨਾਂ ਵਿਚ ਸਭ ਤਰ੍ਹਾਂ ਦੇ ਰਸ ਵੀ ਭਰਦਾ ਹੈ। ਪੰਜਾਬੀ ਸਾਹਿਤ ਪੰਜਾਬੀ ਭਾਸ਼ਾ ਵਿੱਚ ਲਿਖੇ ਗਏ ਸਾਹਿਤ ਨੂੰ ਕਿਹਾ ਜਾਂਦਾ ਹੈ। ਇਹ ਖਾਸਕਰ ਪੰਜਾਬ ਖੇਤਰ ਦੇ ਲੋਕਾਂ ਅਤੇ ਪੰਜਾਬੀ ਡਾਇਆਸਪੋਰਾ ਦੁਆਰਾ ਲਿਖਿਆ ਗਿਆ ਹੈ। ਪੰਜਾਬੀ ਲਿਖਣ ਲਈ ਕਈ ਲਿਪੀਆਂ ਪ੍ਰਚਲਿਤ ਹਨ ਜਿਹਨਾਂ ਵਿੱਚੋਂ ਸ਼ਾਹਮੁਖੀ ਅਤੇ ਗੁਰਮੁਖੀ ਪ੍ਰਮੁੱਖ ਹਨ। ਪਾਕਿਸਤਾਨੀ ਪੰਜਾਬ ਵਿੱਚ 'ਪੰਜਾਬੀ ਸਾਹਿਤ' ਲਈ 'ਪੰਜਾਬੀ ਅਦਬ' ਸ਼ਬਦ ਦੀ ਵਰਤੋਂ ਵਧੇਰੇ ਆਮ ਹੈ।
ਕਹਿੰਦੇ ਹਨ ਜਿਸ ਬੋਲੀ ਵਿੱਚ (ਭਾਸ਼ਾ ਵਿੱਚ) ਸਭ ਤੋਂ ਵੱਧ ਰਚਨਾਵਾਂ ਰਚੀਆਂ ਜਾਂਦੀਆਂ ਹਨ ਉਸ ਬੋਲੀ, ਤੇ ਉਸ ਕੌਮ ਦਾ ਸਾਹਿਤ ਸਭ ਤੋਂ ਅਮੀਰ ਹੁੰਦਾ ਹੈ। ਇਸੇ ਤਰ੍ਹਾਂ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਲਈ ਪੰਜਾਬ ਦੇ ਬਹੁਤ ਸਾਰੇ ਸਾਹਿਤਕਾਰਾਂ ਨੇ ਆਪਣਾ ਯੋਗਦਾਨ ਪਾਇਆ ਹੈ ਜਿਨਾ ਵਿੱਚੋ ਭਾਈ ਕਾਹਨ ਸਿੰਘ ਨਾਭਾ ਜੀ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾ ਸਕਦਾ ਹੈ ਅਤੇ ਜੇਕਰ ਇਸ ਤੋਂ ਵੀ ਪਹਿਲਾਂ ਕਿਸੇ ਦਾ ਨਾਮ ਲਿਆ ਜਾ ਸਕਦਾ ਹੈ ਤਾਂ ਉਹ ਸਾਡੇ ਸਿੱਖ ਧਰਮ ਦੇ ਗੁਰੂ ਸਾਹਿਬਾਨ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਇਸ ਤੋਂ ਬਾਅਦ ਵਿੱਚ ਪੰਜਾਬ ਦਾ ਸਿੱਖ ਇਤਿਹਾਸ ਬਣਿਆ ਜਿਸ ਨੂੰ ਲੇਖਕਾਂ ਨੇ ਵੱਖ ਵੱਖ ਤਰਾਂ ਪੇਸ਼ ਕੀਤਾ ਹੈ ਅਤੇ ਇਹ ਸਭ ਸਾਡੇ ਸਾਹਿਤ ਦਾ ਹਿੱਸਾ ਹੈ। ਇਸ ਤੋਂ ਬਾਅਦ ਭਾਈ ਵੀਰ ਸਿੰਘ, ਨਾਨਕ ਸਿੰਘ, ਪੀਲੂ, ਦਮੋਦਰ, ਬੁੱਲੇ ਸ਼ਾਹ, ਕਾਦਰਯਾਰ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ ਆਦਿ l ਇਸ ਤਰਾਂ ਦੇ ਹੋਰ ਬਹੁਤ ਨਾਮ ਹਨ ਜਿਆਂ ਨੇ ਸਾਡੇ ਸਾਹਿਤ ਨੂੰ ਅਣਮੁੱਲਾ ਬਣਾਉਣ ਲਈ ਆਪਣਾ ਯੋਗਦਾਨ ਪਾਇਆ।