ਕਣਕ
ਅਨਜ ਵਾਲੀ ਫ਼ਸਲ / From Wikipedia, the free encyclopedia
ਕਣਕ (ਅੰਗਰੇਜ਼ੀ ਨਾਮ: Wheat), ਇੱਕ ਤਰ੍ਹਾਂ ਦੀ ਘਾਹ ਪ੍ਰਜਾਤੀ ਦੀ ਫ਼ਸਲ ਹੈ, ਜੋ ਕਿ ਪੂਰੀ ਦੁਨੀਆਂ ਵਿੱਚ ਇੱਕ ਵਿਸ਼ਵਵਿਆਪੀ ਮੁੱਖ ਭੋਜਨ ਹੈ।[1][2][3] ਮੱਕੀ ਤੋਂ ਬਾਦ ਇਹ ਦੁਨੀਆ ਭਰ ਵਿੱਚ ਉਗਾਈ ਜਾਣ ਵਾਲੀ ਦੂਸਰੀ ਵੱਡੀ ਅਨਾਜ ਦੀ ਫਸਲ ਹੈ। ਤੀਸਰੇ ਪੱਧਰ 'ਤੇ ਝੋਨੇ (ਚੌਲ) ਦੀ ਫ਼ਸਲ ਆਉਂਦੀ ਹੈ।[4] ਕਣਕ, ਕਿਸੇ ਵੀ ਹੋਰ ਖੁਰਾਕੀ ਫਸਲ (220.4 ਮਿਲੀਅਨ ਹੈਕਟੇਅਰ ਜਾਂ 545 ਮਿਲੀਅਨ ਏਕੜ, 2014) ਨਾਲੋਂ ਵੱਧ ਜ਼ਮੀਨੀ ਖੇਤਰ 'ਤੇ ਉਗਾਈ ਜਾਂਦੀ ਹੈ।[5] ਕਣਕ ਦਾ ਵਿਸ਼ਵ ਵਪਾਰ ਬਾਕੀ ਸਾਰੀਆਂ ਫ਼ਸਲਾਂ ਨਾਲੋਂ ਵੱਧ ਹੈ। ਕਣਕ ਆਟਾ ਬਣਾਉਣ ਲਈ ਵਰਤੀ ਜਾਂਦੀ ਹੈ ਜੋ ਇੱਕ ਮਨਭਾਉਂਦਾ ਖਾਣਾ ਹੈ, ਇਹ ਜਾਨਵਰ ਖੁਰਾਕ ਲਈ ਵੀ ਵਰਤੀ ਜਾਂਦੀ ਹੈ ਅਤੇ ਬੀਅਰ ਕੱਢਣ ਵਿੱਚ ਵੀ ਇੱਕ ਜ਼ਰੂਰੀ ਅੰਗ ਦੇ ਤੌਰ 'ਤੇ ਵਰਤੀ ਜਾਂਦੀ ਹੈ। ਛਿਲਕਾ ਵਖਰਾ ਕਰਕੇ ਛਾਣਬੂਰਾ ਪੀਹ ਕੇ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਕਣਕ ਦੀ ਬਿਜਾਈ ਹਰੇ ਜਾਂ ਸੁੱਕੇ ਚਾਰੇ (forage crop) ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ।
ਕਣਕ ਦੀਆਂ ਕਈ ਕਿਸਮਾਂ ਮਿਲ ਕੇ ਟ੍ਰਾਈਟਿਕਮ ਜੀਨਸ ਅਧੀਨ ਆਉਂਦੀਆਂ ਹਨ। ਸਭ ਤੋਂ ਵੱਧ ਉਗਾਈ ਜਾਣ ਵਾਲੀ ਆਮ ਕਣਕ (ਟ੍ਰੀਟੀਕਮ ਐਸਟੀਵਮ) ਹੈ। ਪੁਰਾਤੱਤਵ ਰਿਕਾਰਡ ਦਰਸਾਉਂਦਾ ਹੈ ਕਿ ਕਣਕ ਦੀ ਕਾਸ਼ਤ ਪਹਿਲੀ ਵਾਰ 9600 ਈਸਾ ਪੂਰਵ ਦੇ ਆਸਪਾਸ ਉਪਜਾਊ ਕ੍ਰੇਸੈਂਟ ਦੇ ਖੇਤਰਾਂ ਵਿੱਚ ਕੀਤੀ ਗਈ ਸੀ। ਬੋਟੈਨੀਕਲ ਤੌਰ 'ਤੇ, ਕਣਕ ਦਾ ਦਾਣਾ ਇੱਕ ਕਿਸਮ ਦਾ ਫਲ ਹੈ, ਜਿਸ ਨੂੰ ਅੰਗ੍ਰੇਜ਼ੀ ਵਿੱਚ ਕੈਰੀਓਪਸਿਸ ਕਿਹਾ ਜਾਂਦਾ ਹੈ।
ਕਣਕ ਹਾੜੀ ਦੀ ਫਸਲ ਦਾ ਇਕ ਪ੍ਰਸਿੱਧ ਤੇ ਮੁੱਖ ਅਨਾਜ ਹੈ। ਕਣਕ ਨੂੰ ਗੰਦਮ, ਗੇਹੂੰ ਵੀ ਕਹਿੰਦੇ ਹਨ। ਕਣਕ ਦੇ ਨਾੜ ਦੇ ਉਤਲੇ ਸਿਰੇ ਉੱਤੇ ਦਾਣਿਆਂ ਵਾਲਾ ਸਿੱਟਾ ਲੱਗਦਾ ਹੈ। ਇਹ ਸਿੱਟਾ ਕਸੀਰਾ ਵਾਲਾ ਹੁੰਦਾ ਹੈ। ਸਭ ਤੋਂ ਜ਼ਿਆਦਾ ਕਣਕ ਦਾ ਅੰਨ ਖਾਧਾ ਜਾਂਦਾ ਹੈ। ਸਾਬਤ ਕਣਕ ਨੂੰ ਭੁੰਨਾ ਵਿਚ ਗੁੜ ਰਲਾ वे ਕੇ ਭੂਤ ਪਿੰਨੇ/ਮਰੂੰਡੇ ਬਣਾ ਕੇ ਖਾਂਦੇ ਹਨ। ਕਣਕ ਨੂੰ ਉਬਾਲ ਕੇ ਵਿਚ ਗੁੜ/ਸ਼ੱਕਰ ਪਾ ਕੇ ਵੀ ਖਾਧਾ ਜਾਂਦਾ ਹੈ। ਕਣਕ ਦਾ ਦਲੀਆ ਬਣਾ ਕੇ ਵੀ ਖਾਂਦੇ ਹਨ। ਕਣਕ ਦੇ ਆਟੇ ਦੀ ਰੋਟੀ ਬਣਾ ਕੇ ਖਾਧੀ ਜਾਂਦੀ ਹੈ। ਰੋਟ ਬਣਾ ਕੇ ਖਾਧਾ ਜਾਂਦਾ ਹੈ। ਇਸਦੇ ਪਰਾਉਂਠੇ ਵੀ ਬਣਾਏ ਜਾਂਦੇ ਹਨ। ਪੂਰੀ, ਕੜਾਹ, ਗੁਲਗੁਲੇ, ਪੂੜੇ, ਮਾਲ ਪੂੜੇ, ਸੇਵੀਆਂ, ਬਿਸਕੁਟ ਅਤੇ ਹੋਰ ਬਹੁਤ ਸਾਰੇ ਖਾਣ ਪਦਾਰਥ ਕਣਕ ਤੋਂ ਬਣਾਏ ਜਾਂਦੇ ਹਨ। ਕਣਕ ਤੋਂ ਸੂਜੀ ਅਤੇ ਮੈਦਾ ਵੀ ਬਣਾਇਆ ਜਾਂਦਾ ਹੈ। ਕਣਕ ਨੂੰ ਪਸ਼ੂਆਂ ਦੇ ਦਾਣੇ (ਫੀਡ) ਵਜੋਂ ਵੀ ਵਰਤਿਆ ਜਾਂਦਾ ਹੈ। ਕਣਕ ਦੀ ਖੇਤੀ ਹੁਣ ਵੀ (ਸਾਲ 2023) ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ।[6]