ਸ਼ਾਂਤੀਨਿਕੇਤਨ
From Wikipedia, the free encyclopedia
From Wikipedia, the free encyclopedia
ਸ਼ਾਂਤੀਨਿਕੇਤਨ, ਪੱਛਮੀ ਬੰਗਾਲ, ਭਾਰਤ ਵਿੱਚ ਬੀਰਭੂਮ ਜ਼ਿਲ੍ਹੇ ਦੇ ਬੋਲਪੁਰ ਉਪਮੰਡਲ ਵਿੱਚ ਬੋਲਪੁਰ ਕਸਬੇ ਦਾ ਇੱਕ ਗੁਆਂਢ ਹੈ, ਕੋਲਕਾਤਾ ਤੋਂ ਲਗਭਗ 152 ਕਿਲੋਮੀਟਰ ਉੱਤਰ ਵਿੱਚ। ਇਹ ਮਹਾਰਿਸ਼ੀ ਦੇਵੇਂਦਰਨਾਥ ਟੈਗੋਰ ਦੁਆਰਾ ਸਥਾਪਿਤ ਕੀਤਾ ਗਿਆ ਸੀ, ਅਤੇ ਬਾਅਦ ਵਿੱਚ ਉਹਨਾਂ ਦੇ ਪੁੱਤਰ, ਰਬਿੰਦਰਨਾਥ ਟੈਗੋਰ ਦੁਆਰਾ ਇਸਦਾ ਵਿਸਤਾਰ ਕੀਤਾ ਗਿਆ ਸੀ, ਜਿਸਦਾ ਦ੍ਰਿਸ਼ਟੀਕੋਣ ਵਿਸ਼ਵ-ਭਾਰਤੀ ਦੀ ਸਿਰਜਣਾ ਨਾਲ ਹੁਣ ਇੱਕ ਯੂਨੀਵਰਸਿਟੀ ਸ਼ਹਿਰ ਬਣ ਗਿਆ ਹੈ।[1]
ਸ਼ਾਂਤੀਨਿਕੇਤਨ
ਬੋਲਪੁਰ | |
---|---|
ਨੇਬਰਹੁੱਡ | |
ਗੁਣਕ: 23.68°N 87.68°E | |
ਦੇਸ਼ | ਭਾਰਤ |
ਰਾਜ | ਪੱਛਮੀ ਬੰਗਾਲ |
ਜ਼ਿਲ੍ਹਾ | ਬੀਰਭੂਮ |
ਉੱਚਾਈ | 30 m (100 ft) |
ਭਾਸ਼ਾਵਾਂ | |
• ਅਧਿਕਾਰਤ | ਬੰਗਾਲੀ, ਅੰਗਰੇਜ਼ੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 731204 (ਬੋਲਪੁਰ) 731235 (ਸ਼ਾਂਤੀਨਿਕੇਤਨ) 731236 (ਸ੍ਰੀਨਿਕੇਤਨ) |
ਟੈਲੀਫੋਨ ਕੋਡ | +91 03463 |
ਕਲਾ ਭਵਨ
22 ਦਸੰਬਰ 1901 ਵਾਲੇ ਦਿਨ ਟੈਗੋਰ ਨੇ ਬ੍ਰਹਮਚਾਰਯ ਆਸ਼ਰਮ ਦੀ ਸਥਾਪਨਾ ਕੀਤੀ। ਜਿਸ ਅੰਦਰ ਕੁੱਲ 5 ਵਿਦਿਆਰਥੀ ਸਨ, ਜਿਨ੍ਹਾਂ ਵਿੱਚੋਂ ਇੱਕ ਟੈਗੋਰ ਦਾ ਆਪਣਾ ਬੇਟਾ ਰਤਿੰਦਰ ਨਾਥ ਟੈਗੋਰ ਸੀ। ਬੇਸ਼ੁਮਾਰ ਮੁਸ਼ਕਲਾਂ ਦੇ ਬਾਵਜੂਦ ਹੌਲੀ-ਹੌਲੀ ਦੂਰੋਂ ਨੇੜਿਓਂ ਲੋਕ ਇਸ ਆਸ਼ਰਮ ਨਾਲ ਜੁੜਨ ਲੱਗੇ। ਆਸ਼ਰਮ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਲਈ ਟੈਗੋਰ ਨੂੰ ਆਪਣਾ ਘਰ ਵੇਚਣਾ ਪਿਆ ਸੀ। ਉਸਦੀ ਆਮਦਨ ਦਾ ਵੱਡਾ ਹਿੱਸਾ ਇਸੇ ਲੇਖੇ ਲਗਦਾ। ਰਬਿੰਦਰ ਨਾਥ ਨੇ ਆਪਣੀ ਆਤਮਾ ਦੀਆਂ ਅਹੂਤੀਆਂ ਦੇ ਕੇ ਇਸ ਹਵਨ-ਕੁੰਡ ਅੰਦਰਲੀ ਜਵਾਲਾ ਨੂੰ ਪ੍ਰਚੰਡ ਰੱਖਿਆ।
ਦੂਰ-ਨੇੜੇ ਹੁਣ ਰਬਿੰਦਰ ਨਾਥ ਦੀ ਖਿਆਤੀ 'ਗੁਰੂ-ਦੇਵ' ਦੇ ਨਾਂ ਨਾਲ ਹੋਣ ਲੱਗੀ ਸੀ। ਸ਼ਾਂਤੀ ਨਿਕੇਤਨ ਦੇ ਇੱਕ ਅਧਿਆਪਕ ਨੇ, ਜਿਸਦਾ ਨਾਂ ਬ੍ਰਹਮ ਬਾਂਧਵ ਸੀ, ਟੈਗੋਰ ਨੂੰ ਗੁਰੂਦੇਵ ਦੇ ਨਾਮ ਨਾਲ ਪੁਕਾਰਨਾ ਸ਼ੁਰੂ ਕੀਤਾ। ਹੌਲੀ-ਹੌਲੀ ਕਾਫਿਲਾ ਬਣਦਾ ਗਿਆ। ਅਜਿੱਤ ਕੁਮਾਰ ਚਕਰਵਰਤੀ, ਜੋ ਅੰਗ੍ਰੇਜ਼ੀ ਸਾਹਿਤ ਤੇ ਦਰਸ਼ਨ ਦਾ ਵਿਦਵਾਨ ਸੀ, ਆਸ਼ਰਮ ਦੇ ਸੰਪਰਕ 'ਚ ਆਇਆ। ਜਗਦਾਨੰਦ ਰਾਇ ਵਰਗੇ ਮਸ਼ਹੂਰ ਅਧਿਆਪਕ ਵਿਗਿਆਨ ਦੀ ਸਿਖਿਆ ਲਈ ਆ ਗਏ ਤੇ ਫੇਰ ਸੀ.ਐਫ.ਐਂਡ੍ਰਿਊ, ਨੰਦ ਲਾਲ ਬੋਸ , ਵਿਲੀ ਪੀਅਰਸਨ ਤੇ ਵਿਧੂ ਸ਼ੰਕਰ ਸ਼ਾਸਤਰੀ ਵਰਗੇ ਨਾਮ ਇਸ ਨਾਲ ਆਣ ਜੁੜੇ।
ਲਲਿਤ ਕਲਾਵਾਂ ਸੰਗੀਤ ਦੀ ਸਿਖਿਆ ਇਸ ਆਸ਼ਰਮ ਦਾ ਅਹਿਮ ਅੰਗ ਸੀ। ਕਲਾਸਾਂ ਖੁੱਲੇ ਆਕਾਸ਼ ਹੇਠਾਂ ਲਗਦੀਆਂ। ਟੈਗੋਰ ਦੀ ਇਹੋ ਖਾਹਿਸ਼ ਸੀ ਕਿ ਉਨ੍ਹਾਂ ਦੇ ਆਸ਼ਰਮ ਦੇ ਬੱਚੇ ਨਾ ਸਿਰਫ਼ ਕੁਦਰਤ ਦੇ ਹੀ ਨੇੜਲੇ ਸੰਪਰਕ ਵਿੱਚ ਰਹਿਣ, ਸਗੋਂ ਆਸ਼ਰਮ ਦੇ ਦੂਜੇ ਮੈਂਬਰਾਂ ਨਾਲ ਤੇ ਆਸ-ਪੜੋਸ ਦੇ ਕਿਸਾਨਾਂ ਨਾਲ ਵੀ ਆਪਣੇ ਸੰਬੰਧ ਬਣਾਉਣ। ਉਹ ਚਾਹੁੰਦੇ ਕਿ ਅਧਿਆਪਕ ਤੇ ਵਿਦਿਆਰਥੀ ਖੇਤਾਂ ਵਿੱਚ ਕਿਸਾਨਾਂ ਦੇ ਨਾਲ ਹੱਥ ਵਟਾਉਣ, ਉਨ੍ਹਾਂ ਨਾਲ ਮਿਲ ਕੇ ਗਾਉਣ, ਨ੍ਰਿਤ ਕਰਨ ਤੇ ਇੱਕ ਦੂਜੇ ਨਾਲ ਵਿਚਾਰ-ਵਟਾਂਦਰਾ ਵੀ ਕਰਨ। ਇਹ ਉਨ੍ਹਾਂ ਦੇ ਸਿੱਖਿਆ ਦਰਸ਼ਨ ਦਾ ਅਨਿਖੜ ਅੰਗ ਸੀ, ਜਿਸ ਕਾਰਣ ਉਹ ਆਸ਼ਰਮ ਉਨ੍ਹਾਂ 'ਫੈਕਟਰੀਨੁਮਾ ਸਕੂਲਾਂ' ਤੋਂ ਇੰਨਾ ਵੱਖਰਾ ਸੀ, ਜਿਨ੍ਹਾ ਨੂੰ ਟੈਗੋਰ ਦਿਲੋਂ ਨਫਰਤ ਕਰਦੇ ਸਨ। ਉਨ੍ਹਾਂ ਦਾ ਪੱਕਾ ਮੱਤ ਸੀ ਕਿ ਉਸ ਤਰ੍ਹਾਂ ਦੀ ਸਿੱਖਿਆ ਬੱਚਿਆਂ ਨੂੰ ਸਮਾਜ ਤੇ ਕੁਦਰਤ ਦੋਹਾਂ ਨਾਲੋਂ ਤੋੜ ਦਿੰਦੀ ਹੈ।
ਸ਼ਾਂਤੀ ਨਿਕੇਤਨ ਸੱਚਮੁਚ ਹੀ ਉਹ ਥਾਂ ਸੀ ਜਿੱਥੇ 'ਮਨ ਭੈਅ ਤੋਂ ਬਿਨ੍ਹਾਂ' ਖਿੜਦੇ ਸਨ, ਜਿੱਥੇ ਚੇਤਨਾ ਅੰਦਰ ਕੰਧਾਂ ਨਹੀਂ ਸੀ ਖੜੀਆਂ ਕੀਤੀਆਂ ਜਾਂਦੀਆਂ, ਪੁਲ ਉਸਾਰੇ ਜਾਂਦੇ ਸਨ। ਕਈ ਮਹਾਨ ਕਲਾਕਾਰ, ਵਿਦਵਾਨ ਤੇ ਸਿਆਸਤਦਾਨ ਵੀ ਉਸ ਜੀਵੰਤ ਮਾਹੌਲ ਅੰਦਰ ਪਰਵਾਨ ਚੜੇ। ਭਾਰਤ ਦੇ ਨੋਬਲ ਇਨਾਮ ਜੇਤੂ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਜਦੋਂ ਆਪਣੇ ਰਾਂਚੀ ਸਕੂਲ ਦੇ ਇਕ ਚੌਦਾਂ ਸਾਲਾ ਵਿਦਿਆਰਥੀ ਭੋਲਾ ਨਾਥ ਨੂੰ ਉਸ ਦੀਆਂ ਮਿੱਠੀਆ ਤਾਨਾਂ ਦਾ ਰਾਜ਼ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਪਹਿਲਾਂ ਟੈਗੋਰ ਦੇ ਸ਼ਾਂਤੀ ਨਿਕੇਤਨ ਵਿੱਚ ਪੜ੍ਹਦਾ ਰਿਹਾ ਸੀ, ਜਿੱਥੇ ਟੈਗੋਰ ਨੇ ਆਪਣੀ ਰੂਹ ਦੇ ਪ੍ਰਗਟਾਵੇ ਲਈ ਉਨ੍ਹਾਂ ਨੂੰ ਪੰਛੀਆਂ ਦੇ ਵਾਂਗ ਗਾਣਾ ਸਿਖਾਇਆ ਸੀ।
ਟੈਗੋਰ ਦਾ ਖਿਆਲ ਸੀ ਕਿ ਰੱਬ ਨੇ ਬੰਦੇ ਦੇ ਕੰਨ 'ਚ ਬਸ ਇੱਕੋ ਫੂਕ ਮਾਰੀ ਸੀ-'ਪਰਗਟ ਕਰੋ ਖੁਦ ਨੂੰ। ਕਵੀ ਦਾ ਸਕੂਲ ਹਰ ਤਰੀਕੇ ਨਾਲ ਇਸ ਕੰਮ ਵਿੱਚ ਬੱਚਿਆਂ ਦੀ ਮਦਦ ਕਰਦਾ। ਰੰਗ, ਲਕੀਰਾਂ, ਧੁਨਾਂ ਤੇ ਸਬਦ ਸਾਰੇ ਦਰਵਾਜੇ ਚੁਪੱਟ ਖੁੱਲੇ ਸਨ, ਕਿਤੇ ਕੋਈ ਰੋਕ ਟੋਕ ਨਹੀਂ। ਟੈਗੋਰ ਇਹ ਚਾਹੁੰਦੇ ਸਨ ਕਿ ਬੱਚੇ ਤੇ ਅਧਿਆਪਕ ਦਰਮਿਆਨ ਇੱਕ ਨਿੱਜੀ ਰਿਸ਼ਤਾ ਕਇਮ ਹੋਣਾ ਚਾਹੀਦਾ ਹੈ, ਜਿਸ ਲਈ ਬੱਚਿਆਂ ਦੀ ਗਿਣਤੀ ਨੂੰ ਸੀਮਿਤ ਰਖਣਾ ਜ਼ਰੂਰੀ ਸੀ। ਬਚਪਨ ਤੋਂ ਟੈਗੋਰ ਨੂੰ ਇਹ ਸ਼ਿਕਾਇਤ ਸੀ ਕਿ ਅਧਿਆਪਕ ਉਨ੍ਹਾ ਨੂੰ ਦਮ ਲੈਣ ਦਾ ਮੌਕਾ ਵੀ ਨਹੀਂ ਸੀ ਦਿੰਦੇ, ਇੱਕ ਕਲਾਸ ਚੋਂ ਨਿਕਲਦਾ ਤਾਂ ਦੂਜਾ ਪਹਿਲਾਂ ਹੀ ਦਰਵਾਜ਼ੇ 'ਤੇ ਖੜਾ ਹੁੰਦਾ। ਕੁਦਰਤ ਨਾਲੋਂ ਬੱਚੇ ਦਾ ਨਾਤਾ ਬਿਲਕੁਲ ਹੀ ਟੁੱਟ ਜਾਂਦਾ ਸੀ। ਉਹ ਇੱਕੋ ਥਾਂ ਨਾਲ ਠੁੜੇ ਰਹਿ ਜਾਂਦੇ।
ਸ਼ਾਂਤੀ ਨਿਕੇਤਨ ਵਿੱਚ ਬੱਚਿਆਂ ਨੂੰ ਇਹ ਖੁੱਲ ਹਾਸਿਲ ਸੀ। ਪਹਿਲੀ ਗੱਲ ਤਾਂ ਇਹ ਕਿ ਕਲਾਸਾਂ ਖੁੱਲੇ ਆਸਮਾਨ ਹੇਠ ਦਰਖਤਾਂ ਥੱਲੇ ਲਗਦੀਆਂ। ਹਰ ਅਧਿਆਪਕ ਦੀ ਆਪਣੀ ਥਾਂ ਨਿਸ਼ਚਤ ਸੀ। ਪੀਰਿਅਡ ਖਤਮ ਹੋਣ ਤੋਂ ਬਾਦ ਬੱਚੇ ਹੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ। ਇੰਜ ਉਨ੍ਹਾ ਨੂੰ ਸਾਰੇ ਆਲੇ-ਦੁਆਲੇ ਨੂੰ ਨੇੜਿਓਂ ਦੇਖਣ ਤੇ ਉਸ ਨਾਲ ਜੁੜਨ ਦਾ ਵੀ ਮੌਕਾ ਮਿਲਦਾ ਸੀ ਤੇ ਤੌਰੇ-ਫੇਰੇ ਦਾ ਸੁਆਦ ਵੀ। ਕੁਦਰਤ ਦਾ ਅਧਿਐਨ ਉਨ੍ਹਾ ਦੀ ਪੜਾਈ-ਲਿਖਾਈ ਦਾ ਹਿੱਸਾ ਸੀ। ਬੱਚੇ ਆਸ਼ਰਮ ਦੇ ਫੁੱਲ-ਬੂਟਿਆ ਬਾਰੇ, ਕੀਟ-ਪਤੰਗਿਆਂ, ਦਰਖਤਾਂ ਤੇ ਪੰਛੀਆਂ ਬਾਰੇ ਸਿਖਦੇ। ਮੌਸਮਾਂ ਨਾਲ ਜੁੜੇ ਤਿਉਹਾਰ ਮਨਾਉਣ ਪਿੱਛੇ ਇੱਕ ਮੰਤਵ ਇਹ ਵੀ ਸੀ, ਬੱਚੇ ਹਰ ਮੌਸਮ ਦੀ ਵਿਲੱਖਣ ਰੂਹ ਬਾਰੇ ਸਹਿਜ ਹੀ ਜਾਣੂ ਹੋ ਜਾਂਦੇ ਤੇ ਵੱਖ-ਵੱਖ ਫਸਲਾਂ ਦੀ ਬਿਜਾਈ ਤੇ ਕਟਾਈ ਦਾ ਰਿਤੂਆਂ ਦੇ ਚੱਕਰ ਨਾਲ ਦੀ ਸੰਬੰਧ ਹੈ, ਉਹ ਉਨ੍ਹਾ ਦੇ ਧੁਰ ਅੰਦਰ ਤਾਈਂ ਉਤਰ ਜਾਂਦਾ।
ਕਵੀ ਦਾ ਇਹ ਵਿਸ਼ਵਾਸ ਸੀ ਕਿ ਆਪਣੇ ਹੱਥਾਂ-ਪੈਰਾਂ ਦਾ ਇਸਤੇਮਾਲ ਕਰਨ ਨਾਲ ਜੜ੍ਹ ਤੋਂ ਜੜ੍ਹ ਬੱਚੇ ਦੀ ਬੁੱਧੀ ਵੀ ਜਾਗ ਜਾਂਦੀ ਸੀ। ਇਸ ਲਈ ਕ੍ਰਾਫਟ ਤੇ ਬਾਗਵਾਨੀ 'ਤੇ ਖਾਸ ਜੋਰ ਦਿੱਤਾ ਜਾਦਾ ਸੀ। ਟੈਗੋਰ ਦਾ ਖਿਆਲ ਸੀ ਕਿ ਸਾਰੀ ਸਿਖਿਆ ਦਾ ਆਧਾਰ ਬੰਦੇ ਤੇ ਕੁਦਰਤ ਵਿਚਲੇ ਸੰਬੰਧਾਂ ਦੀ ਸਜੀਵਤਾ ਵਿੱਚ ਪਿਆ ਹੈ। ਤੇ ਇਨ੍ਹਾ ਸੰਬੰਧਾਂ ਦੇ ਤਿੰਨ ਪ੍ਰੜ੍ਹਾਵ ਹਨ। ਕੁਦਰਤ ਨਾਲ ਬੰਦੇ ਦੇ ਰਿਸ਼ਤੇ ਦਾ ਸਬ ਤੋਂ ਪਹਿਲਾ 'ਕੰਮ' ਦਾ ਹੈ। ਕਿ ਜੋ ਉਸਨੇ ਜਿੰਦਾ ਰਹਿਣਾ ਹੈ। ਤੇ ਜਿੰਦੇ ਰਹਿਣ ਲਈ ਉਸਨੂੰ ਆਪਣੇ ਆਲੇ-ਦੁਆਲੇ 'ਤੇ ਅਸਰ-ਅੰਦਾਜ਼ ਵੀ ਹੋਣਾ ਪਵੇਗਾ, ਉਸਨੂੰ ਬਦਲਣਾ ਵੀ ਪਵੇਗਾ। ਇਸ ਲਈ ਬੱਚਿਆਂ ਨੂੰ ਘਰ ਪਾਉਣ,ਬੁਣਨ-ਕੱਤਣ ਤੇ ਹਲ-ਵਾਹਣ ਦੇ ਨਾਲ ਹੀ ਦੂਜੀਆਂ ਕਈ ਦਸਤਕਾਰੀਆਂ ਸਿਖਾਈਆਂ ਜਾਂਦੀਆਂ।ਟੈਗੋਰ ਦੇ ਹਿਸਾਬ 'ਚ ਦੂਸਰਾ ਪੜਾਵ ਖਾਲਿਸ ਗਿਆਨ ਦਾ ਸੀ। ਹਾਲਾਂਕਿ ਕੁਦਰਤੀ ਨੇਮਾਂ ਦੀ ਭਾਲ ਤੇ ਉਨ੍ਹਾ ਦੇ ਅੰਤਰ-ਸੰਬੰਧਾਂ ਨੂੰ ਸਮਝਣ ਦੀ ਬੌਧਿਕ ਪ੍ਰਕ੍ਰਿਆ ਨੂੰ ਮੁਢਲੇ ਦੌਰ ਨਾਲੋਂ ਪੂਰੀ ਤਰਾਂ ਤੋੜਣਾ ਅਸੰਭਵ ਸੀ। ਪਰ ਗਿਆਨ ਦੇ ਵਿਕਾਸ ਲਈ ਇਸ ਪੜਾਵ ਦੀ ਸਾਪੇਖਕ ਸੁਤੰਤਰਤਾ ਲਾਜ਼ਮੀ ਸੀ। ਇੱਥੇ ਮਨੁੱਖ ਮਹਿਜ਼ ਮੁਢਲੀਆਂ ਲੋੜਾਂ ਕਰਕੇ ਹੀ ਕੁਦਰਤ ਦੇ ਵਰਤਾਰਿਆਂ ਨਾਲ ਨਹੀਂ ਜੁੜਦਾ, ਉਸਦੇ ਸੰਬੰਧਾਂ ਵਿੱਚ ਇੱਕ ਡੂੰਘਾਈ ਆ ਜਾਂਦੀ ਹੈ। ਉਸਨੂੰ ਆਪਣੀਆਂ ਇੰਦਰੀਆਂ ਦੀਆਂ ਸੀਮਾਵਾਂ ਦਾ ਪਤਾ ਲੱਗਣ ਲਗਦਾ ਹੈ-ਹੁਣ ਉਹ ਪ੍ਰਤਖ ਗਿਆਨ ਤੋਂ ਤਰਕ ਤੇ ਵਿਵੇਕ ਦੇ ਸੂਖਮ ਜਗਤ ਵਿੱਚ ਦਾਖਿਲ ਹੁੰਦਾ ਹੈ। ਹੁਣ ਉਹ ਵੱਖ-ਵੱਖ ਤੇ ਦੂਰ-ਦੁਰਾਡੇ ਦੇ ਵਰਤਾਰਿਆਂ ਵਿਚਲੇ ਅੰਤਰ-ਸੰਬੰਧਾਂ ਨੂੰ ਸਮਝਣ ਲਗਦਾ ਹੈ। ਇਹ ਗਿਆਨ ਦਾ ਪੜਾਵ ਹੈ।
ਕੁਦਰਤ ਤੇ ਬੰਦੇ ਦਾ ਤੀਜਾ ਤੇ ਸਬ ਤੋਂ Tੁੱਚਾ ਪੜਾਵ, ਟੈਗੋਰ ਦੇ ਮੱਤ ਵਿੱਚ, ਪ੍ਰੇਮ ਦਾ ਹੈ। ਹਾਲਾਂਕਿ ਤਿੰਨੋ ਪੜਾਵ ਜ਼ਰੂਰੀ ਹਨ, ਕਿਸੇ ਵੀ ਇੱਕ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਤੀਸਰੇ ਪੜਾਵ 'ਤੇ ਪਹੁੰਚੇ ਬਿਣਾਂ ਪਹਿਲੇ ਦੋਨੇ ਪੜਾ ਨਾ ਸਿਰਫ ਅਧੂਰੇ ਹਨ ਸਗੋਂ ਖਤਰਨਾਕ ਵੀ ਹੋ ਜਾਂਦੇ ਹਨ। ਇਹਨਾਂ ਦੋਹਾਂ ਹੀ ਪੜਾਵਾਂ ਵਿੱਚ ਦਵੈਤ ਕਾਇਮ ਰਹਿੰਦੀ ਹੇ। ਕੁਦਰਤ ਬੰਦੇ ਲਈ ਪੈਦਾਵਾਰ ਤੇ ਕੱਚੇ ਮਾਲ ਦਾ ਇੱਕ ਸੋਮਾ ਹੀ ਬਣੀ ਰਹਿੰਦੀ ਹੈ। ਇੰਜ ਉਹ ਕੁਦਰਤ ਦੀ ਤਬਾਹੀ ਤੇ ਫੇਰ ਆਪਣੀ ਹੀ ਬਰਬਾਦੀ ਦਾ ਰਾਹ ਖੋਲ ਬੈਠਦਾ ਹੈ। 'ਮੁਕਤੀਧਾਰਾ' ਤੇ 'ਲਾਲ ਕਨੇਰ' ਸਮੇਤ ਕਈ ਨਾਟਕਾਂ ਵਿੱਚ ਟੈਗੋਰ ਨੇ ਇਹ ਖੋਫ਼ਨਾਕ ਤਸਵੀਰ ਖਿੱਚੀ ਹੈ। ਟੈਗੋਰ ਦਾ ਕਹਿਣਾ ਹੈ ਕਿ ਤੀਜੇ ਪੜਾਵ ਵਿੱਚ ਦਾਖਿਲ ਹੋ ਕੇ ਬੰਦਾ ਇਸ ਹਕੀਕਤ ਬਾਰੇ ਜਾਗਰੂਕ ਹੋ ਜਾਂਦਾ ਹੈ ਕਿ ਉਹ ਕੁਦਰਤ ਨਾਲੋਂ ਵੱਖ ਨਹੀਂ। ਸਮੇਂ-ਸਥਾਨ ਤੇ ਆਕਾਰ ਦੀਆਂ ਦੂਰੀਆਂ ਉਸ ਲਈ ਅਰਥ ਗਵਾ ਬੈਠਦੀਆਂ ਹਨ-ਇਹ ਅਵਸਥਾ ਪ੍ਰੇਮ ਦੀ ਹੈ। ਜਦੋਂ ਪ੍ਰੇਮ ਉਪਜਦਾ ਹੈ ਤਾਂ ਉਹ ਪਹਿਲੇ ਦੋ ਪੜਾਵਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ ਤੇ ਉਨ੍ਹਾ ਦੇ ਅੰਨੇ ਵਹਿਣ ਨੂੰ ਸੁਜਾਖਾ ਕਰ ਦਿੰਦਾ ਹੈ।
ਟੈਗੋਰ ਵੱਲੋਂ ਸੁਝਾਏ ਗਏ ਮਨੁੱਖੀ ਸ਼ਖਸੀਅਤ ਦੇ ਇਹ ਤਿੰਨੋ ਪੜਾਵ, ਇੱਕ ਤਰਾਂ ਨਾਲ ਕਾਮ-ਅਰਥ, ਧਰਮ ਤੇ ਮੋਖਸ਼ ਦੀ ਪੁਰਾਤਨ ਵੰਡ ਵੱਲ ਵੀ ਧਿਆਨ ਖਿੱਚਦੇ ਹਨ। ਟੈਗੋਰ ਦੇ ਪਹਿਲੇ ਦੋਹੇਂ ਪੜਾਵ ਤਾਂ ਪੂਰੀ ਤਰ੍ਹਾਂ 'ਕਾਮ ਤੇ ਅਰਥ' ਨਾਲ ਮੇਲ ਖਾਂਦੇ ਹਨ। ਪਰ ਤੀਸਰੀ ਥਾ 'ਤੇ ਉਹ ਸੁਚੇਤ ਤੌਰ 'ਤੇ ਧਰਮ ਦੀ ਥਾਂ 'ਤੇ ਪ੍ਰੇਮ ਨੂੰ ਸਥਾਪਿਤ ਕਰਦੇ ਹਨ। ਇਹ ਬਾਉਲ ਕਵੀਆਂ ਜਾਂ ਸੂਫ਼ੀਆਂ ਦੀ ਰੰਗਤ ਹੈ। ਪਰ ਚੌਥੇ ਪੜਾਵ ਮੋਖਸ਼ ਨੂੰ ਉਹ ਪੂਰੀ ਤਰ੍ਹਾਂ ਹੀ ਰੱਦ ਕਰਦੇ ਹਨ, ਕਿਉਂਕਿ ਉਨ੍ਹਾਂ ਦੇ ਚਿੱਤ ਵਿੱਚ ਮੋਖਸ਼ ਦਾ ਵਿਚਾਰ ਵੀ ਦਵੈਤ ਦੀ ਯਾਦ ਦਵਾਉਂਦਾ ਹੈ, ਜਦ ਕਿ ਪ੍ਰੇਮ ਦਵੈਤ ਦੇ ਖੁਰਣ ਦੀ ਅਵਸਥਾ ਹੈ।
ਪ੍ਰੇਮ ਦੀ ਇਸ ਅਵਸਥਾ ਅੰਦਰ ਹੀ ਬੰਦਾ ਸਹੀ ਅਰਥਾਂ ਵਿੱਚ 'ਨਿਰਭੌ' ਹੋ ਸਕਦਾ ਹੈ, ਚੇਤਨਾ ਦੀ ਇਸ ਬੁਲੰਦੀ 'ਤੇ 'ਸੋੜੀਆਂ-ਘਰੋਗੀ ਕੰਧਾਂ' ਅਰਥਹੀਨ ਹੋ ਜਾਂਦੀਆਂ ਹਨ। ਪਰ ਕੀ 'ਪ੍ਰੇਮ' ਦੀ ਸਿਖਿਆ ਸੰਭਵ ਹੈ। ਟੈਗੋਰ ਦਾ ਖਿਆਲ ਹੈ ਕਿ ਬੀਜ ਰੂਪ ਵਿੱਚ ਇਹ ਪ੍ਰੇਮ ਬੱਚੇ ਦੇ ਅੰਦਰ ਹੀ ਮੌਜੂਦ ਹੁੰਦਾ ਹੈ। ਕੋਈ ਵੀ ਕਲਾਸ-ਰੂਮ ਜਾਂ ਸਕੂਲ ਇਸਨੂੰ ਪੈਦਾ ਨਹੀਂ ਕਰ ਸਕਦਾ, ਪਰ ਉਸਦੇ ਖਿੜਨ ਲਈ ਜੋ ਮਾਹੌਲ ਲੋੜੀਂਦਾ ਹੈ, ਉਹ ਮਾਹੌਲ ਸਿਰਜ ਕੇ ਉਹ 'ਪ੍ਰੇਮ' ਦੇ ਖਿੜਨ ਵਿੱਚ ਸਹਾਈ ਹੋ ਸਕਦਾ ਹੈ। ਟੈਗੋਰ ਕਹਿੰਦੇ ਹਨ ਕਿ ਇਸ ਲਈ ਕੁਦਰਤ ਨਾਲ ਨੇੜਤਾ ਹੀ ਕਾਫ਼ੀ ਨਹੀਂ, ਸਗੋਂ ਇਹ ਨੇੜਤਾ ਜਾਗੀ ਹੋਈ ਵੀ ਹੋਣੀ ਚਾਹੀਦੀ ਹੈ-ਚੇਤਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.