ਸੁਲਤਾਨਪੁਰ ਲੋਧੀ
From Wikipedia, the free encyclopedia
From Wikipedia, the free encyclopedia
ਸੁਲਤਾਨਪੁਰ ਲੋਧੀ ਭਾਰਤੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਇੱਕ ਤਹਿਸੀਲ ਅਤੇ ਕਈ ਸੌ ਸਾਲ ਸਾਲ ਪੁਰਾਣਾ ਇਤਿਹਾਸਕ ਸ਼ਹਿਰ ਹੈ।[1]
ਪਹਿਲੀ ਤੋਂ ਛੇਵੀਂ ਸਦੀ ਤਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਭਗਤੀ ਮਾਰਗ ਅਤੇ ਗਿਆਨ ਦਾ ਕੇਂਦਰ ਰਿਹਾ ਹੈ। ਉਸ ਸਮੇਂ ਸੁਲਤਾਨਪੁਰ ਲੋਧੀ ਦਾ ਨਾਂ ਸਰਵਮਾਨਪੁਰ ਸੀ। ਬੁੱਧ ਧਰਮ ਦੀ ਪ੍ਰਾਚੀਨ ਪੁਸਤਕ ‘ਅਭਿਨਵ ਪੁਸਤਵਾ’ ਲੇਖਕ ਕਿਤਨਾਇਆ ਨੇ ਇਸੇ ਸ਼ਹਿਰ ਵਿੱਚ ਲਿਖੀ ਸੀ। ਹਿੰਦੂ ਸ਼ਹਿਰ ਹੋਣ ਕਾਰਨ ਮੁਹੰਮਦ ਗ਼ਜ਼ਨਵੀ ਨੇ ਸੁਲਤਾਨਪੁਰ ਨੂੰ ਅੱਗ ਲਾ ਕੇ ਤਬਾਹ ਕਰ ਦਿੱਤਾ ਸੀ ਤੇ ਸਰਵਮਾਨਪੁਰ ਸ਼ਹਿਰ ਦਾ ਅੰਤ ਹੋ ਗਿਆ ਸੀ। ਪੰਜਾਬ ਦੇ ਹਾਕਮ ਮੁਹੰਮਦਖ਼ਾਨ ਸ਼ਹਿਜ਼ਾਦਾ ਸੁਲਤਾਨਖ਼ਾਨ ਇੱਥੋਂ ਦੀ ਲੰਘਿਆ ਤਾਂ ਇਸ ਇਲਾਕੇ ਦੀ ਹਰਿਆਲੀ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਮੁੜ ਇਸ ਸ਼ਹਿਰ ਦਾ ਨਿਰਮਾਣ ਸੁਲਤਾਨਪੁਰ ਲੋਧੀ ਦੇ ਨਾਂ ’ਤੇ ਹੋਇਆ। ਸੁਲਤਾਨਪੁਰ ਲੋਧੀ ਦਿੱਲੀ ਤੋਂ ਲਾਹੌਰ ਜਾਣ ਦਾ ਵਪਾਰਕ ਮਾਰਗ ਵੀ ਰਿਹਾ। ਉਸ ਸਮੇਂ ਸ਼ਹਿਰ ਵਿੱਚ 32 ਬਾਜ਼ਾਰ ਤੇ 5600 ਦੁਕਾਨਾਂ ਹੁੰਦੀਆਂ ਸਨ। ਕਿਸੇ ਸਮੇਂ ਇਹ ਇਸਲਾਮਿਕ ਸਿੱਖਿਆ ਦਾ ਮੁੱਖ ਕੇਂਦਰ ਵੀ ਸੀ।[2]
ਇਹ ਦਿੱਲੀ ਦੇ ਬਾਦਸ਼ਾਹ ਮਹਿਮੂਦ ਗਜ਼ਨਵੀ ਦੇ ਜਰਨੈਲ ਸੁਲਤਾਨ ਖਾਨ ਲੋਧੀ ਦੁਆਰਾ 1103 ਈਸਵੀ ਵਿੱਚ ਵਸਾਇਆ ਗਿਆ ਸੀ। ਇਸ ਸ਼ਹਿਰ ਦਾ ਜ਼ਿਕਰ ਆਈਨ-ਏ-ਅਕਬਰੀ ਵਿੱਚ ਅਨੇਕ ਵਾਰ ਆਉਂਦਾ ਹੈ। ਇਹ ਬਰਸਾਤੀ ਨਦੀ ਵੇਈਂ ਦੇ ਦੱਖਣੀ ਕਿਨਾਰੇ ਤੇ ਸਥਿਤ ਹੈ। ਦੂਜੀ ਰਵਾਇਤ ਅਨੁਸਾਰ ਇਸ ਨਗਰ ਦੀ ਬੁਨਿਆਦ ਸੰਨ 1332 ਈਸਵੀ ਵਿੱਚ ਪੰਜਾਬ ਦੇ ਸੂਬੇਦਾਰ ਵਲੀ ਮੁਹੰਮਦ ਖਾਨ ਦੇ ਪੁੱਤਰ ਸੁਲਤਾਨ ਖਾਨ ਨੇ ਰੱਖੀ ਸੀ। ਤੀਜੀ ਰਵਾਇਤ ਅਨੁਸਾਰ ਇਬਰਾਹੀਮ ਲੋਧੀ ਦੇ ਰਾਜ-ਕਾਲ ਵੇਲੇ ਲਾਹੌਰ ਦੇ ਸੂਬੇਦਾਰ ਦੌਲਤ ਖਾਨ ਲੋਧੀ ਨੇ ਇਸ ਦਾ ਨਿਰਮਾਣ ਕਰਵਾਇਆ ਸੀ। ਇਸ ਨਗਰ ਬਾਰੇ ਮਿਲਦੇ ਇਤਹਾਸਿਕ ਹਵਾਲਿਆਂ ਤੋਂ ਸਿੱਧ ਹੁੰਦਾ ਹੈ ਕਿ ਇਹ ਪੁਰਾਤਨ ਥੇਹ ਤੇ ਉਸਰਿਆ ਨਗਰ ਹੈ। ਬੁੱਧ-ਮੱਤ ਦੀਆਂ ਸਾਹਿੱਤਿਕ ਪਰੰਪਰਾਵਾਂ ਤੋਂ ਪਤਾ ਚਲਦਾ ਹੈ ਕਿ ਈਸਾ ਪੂਰਵ ਚੌਥੀ ਸਦੀ ਵਿੱਚ ਇੱਥੇ ਬੁੱਧ ਧਰਮ ਦਾ ਇੱਕ ਵੱਡਾ ਕੇਂਦਰ ਸੀ। ਯੁਆਂਗ-ਚੁਆਂਗ ਨਾਂ ਦੇ ਇੱਕ ਚੀਨੀ ਯਾਤਰੀ ਨੇ ਲਿਖਿਆ ਹੈ ਕਿ ਸਮਰਾਟ ਅਸ਼ੋਕ ਨੇ ਆਪਣੇ ਰਾਜ-ਕਾਲ (269 ਤੋਂ 232 ਈ.ਪੂ.) ਵੇਲੇ ਇਥੇ ਇੱਕ ਬੋਧੀ ਸਤੂਪ ਦੀ ਉਸਾਰੀ ਕਰਵਾਈ ਸੀ। ਸੱਤਵੀਂ ਸਦੀ ਤਕ ਇਹ ਬੁੱਧ-ਧਰਮ ਦਾ ਇੱਕ ਮਹੱਤਵਪੂਰਨ ਕੇਂਦਰ ਰਿਹਾ। ਗਿਆਰਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਮਹਿਮੂਦ ਗਜਨਵੀ ਨੇ ਧਾਰਮਿਕ ਕੱਟੜਤਾ ਕਾਰਣ ਇਸ ਨਗਰ ਨੂੰ ਲੁੱਟ ਕੇ ਅੱਗ ਲਗਵਾ ਦਿੱਤੀ ਜਿਸ ਦਾ ਪ੍ਰਮਾਣ ਇਸ ਦੇ ਥੇਹ ਹੇਠੋਂ ਨਿਕਲਦੀ ਕਾਲੀ ਮਿੱਟੀ ਅਤੇ ਭੰਨੀਆਂ ਟੁਟੀਆਂ ਚੀਜਾਂ ਤੋਂ ਇਲਾਵਾ ਪੁਰਾਤਨ ਸਿੱਕਿਆ ਤੋਂ ਮਿਲ ਜਾਂਦਾ ਹੈ।
ਇਸ ਤਰ੍ਹਾਂ ਇਸ ਨਗਰ ਦੇ ਇਤਿਹਾਸ ਦੀ ਪੈੜ ਈਸਾ ਪੂਰਵ ਪੰਜਵੀਂ ਸਦੀ ਤੱਕ ਜਾਂਦੀ ਹੈ।
ਸਿੱਖ ਇਤਿਹਾਸ ਵਿੱਚ ਇਸ ਨਗਰ ਦਾ ਵਿਸ਼ੇਸ਼ ਅਤੇ ਉੱਲੇਖਯੋਗ ਸਥਾਨ ਹੈ। ਇਥੇ ਹੀ ਭਾਈਆ ਜੈ ਰਾਮ ਅਤੇ ਬੇਬੇ ਨਾਨਕੀ ਦੀ ਪ੍ਰੇਰਣਾ ਨਾਲ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਵਿੱਚ ਨੌਕਰੀ ਕੀਤੀ। ਇਥੇ ਗੁਰੂ ਸਾਹਿਬ ਲਗਭਗ ਚੌਦਾਂ ਸਾਲ ਰਹੇ। ਇਥੇ ਹੀ ਵੇਈਂਂ ਨਦੀ ਵਿੱਚ ਪ੍ਰਵੇਸ਼ ਕਰ ਕੇ ਗੁਰੂ ਸਾਹਿਬ ਨਿਰੰਕਾਰ ਦੇ ਦਰਬਾਰ ਗਏ ਸਨ ਅਤੇ ਧਰਮ ਨਿਰਪੇਖ ਧਰਮ ਦੀ ਸਥਾਪਨਾ ਕੀਤੀ ਅਤੇ ਇਸ ਦੇ ਪ੍ਰਚਾਰ ਲਈ ਉਦਾਸੀਆਂ ਲਈ ਪ੍ਰਸਥਾਨ ਕੀਤਾ। ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਤੋਂ ਬਾਅਦ ਇਹ ਸ਼ਹਿਰ ਗੁਰੂ ਕੀ ਨਗਰੀ ਵਜੋਂ ਜਾਣਿਆ ਜਾਣ ਲੱਗ ਪਿਆ ਤੇ ਮੌਜੂਦਾ ਸਮੇਂ ਸੁਲਤਾਨਪੁਰ ਲੋਧੀ ਸਿੱਖ ਧਰਮ ਦਾ ਵੱਡਾ ਕੇਂਦਰ ਹੈ।
ਸਿੱਖ-ਇਤਿਹਾਸ ਨਾਲ ਸੰਬੰਧਤ ਇਥੇ ਕਈ ਧਰਮ-ਸਥਾਨ ਹਨ ਜਿਵੇਂ ਬੇਬੇ ਨਾਨਕੀ ਦਾ ਘਰ,ਗੁਰਦੁਆਰਾ ਹੱਟ ਸਾਹਿਬ, ਕੋਠੜੀ ਸਾਹਿਬ, ਗੁਰਦੁਆਰਾ ਸੰਤ ਘਾਟ, ਗੁਰੂ ਕਾ ਬਾਗ, ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਸ਼੍ਰੀ ਅੰਤਰ-ਯਾਮਤਾ, ਧਰਮਸ਼ਾਲਾ ਗੁਰੂ ਅਰਜਨ ਦੇਵ ਜੀ ਆਦਿ।[3]
ਸੁਲਤਾਨਪੁਰ ਲੋਧੀ ਵਿਚਲੇ ਕੁਝ ਪ੍ਰਸਿੱਧ ਗੁਰਦੁਆਰੇ ਇਹ ਹਨ:
ਗੁਰਦੁਆਰਾ ਬੇਬੇ ਨਾਨਕੀ ਸਾਹਿਬ।
ਗੁਰਦੁਆਰਾ ਬੇਰ ਸਾਹਿਬ: ਗੁਰੂ ਨਾਨਕ ਦੇਵ ਜੀ ਪਵਿੱਤਰ ਕਾਲੀ ਵੇਈਂ ਵਿੱਚ ਹਰ ਰੋਜ਼ ਇਸ਼ਨਾਨ ਕਰ ਕੇ ਭਗਤੀ ਕਰਿਆ ਕਰਦੇ ਸਨ। ਇੱਥੇ ਹੀ ਕਾਲੀਂ ਵੇਈਂ ਦੇ ਕੰਢੇ ਮੌਜੂਦਾ ਸਮੇਂ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ’ਤੇ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ, ਜਿਥੇ ਅੱਜ ਭੋਰਾ ਸਾਹਿਬ ਬਣਿਆ ਹੋਇਆ ਹੈ। ਇੱਥੇ ਹੀ ਗੁਰੂ ਜੀ ਨੇ ਆਪਣੇ ਹੱਥੀਂ ਬੇਰੀ ਦਾ ਬੂਟਾ ਲਾਇਆ ਸੀ, ਜੋ ਅੱਜ ਵੀ ਮੌਜੂਦ ਹੈ।[4]
ਗੁਰਦੁਆਰਾ ਸੰਤ ਘਾਟ: ਗੁਰੂ ਨਾਨਕ ਦੇਵ ਜੀ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਨ ਲਈ ਚੁੱਭੀ ਮਾਰਨ ਤੋਂ ਬਾਅਦ ਜਿਸ ਅਸਥਾਨ ’ਤੇ ਪ੍ਰਗਟ ਹੋਏ ਸਨ, ਉੱਥੇ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ। ਇੱਥੇ ਹੀ ਗੁਰੂ ਜੀ ਨੇ ਮੂਲਮੰਤਰ ਦਾ ਉਚਾਰਨ ਕੀਤਾ ਸੀ। ਇੱਥੋਂ ਹੀ ਬਾਣੀ ਦੀ ਸ਼ੁਰੂਆਤ ਹੋਈ ਸੀ।
ਗੁਰਦੁਆਰਾ ਹੱਟ ਸਾਹਿਬ: ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਹੱਟ ਸਾਹਿਬ ਮੌਜੂਦ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਂ ਕੋਲ ਨੌਕਰੀ ਕਰਦੇ ਸਨ। ਦੌਲਤ ਖਾਂ ਨੇ ਗੁਰੂ ਜੀ ਦੇ ਕੰਮ ਤੋਂ ਖ਼ੁਸ਼ ਹੋ ਕੇ ਇਨਾਮ ਵਜੋਂ ਗੁਰੂ ਜੀ ਨੂੰ ਧਨ ਭੇਟ ਕੀਤਾ ਪਰ ਗੁਰੂ ਸਾਹਿਬ ਨੇ ਇਹ ਲੈਣ ਤੋਂ ਇਨਕਾਰ ਕਰਦਿਆਂ ਇਸ ਨੂੰ ਲੋੜਵੰਦਾਂ ਵਿੱਚ ਵੰਡਣ ਲਈ ਕਿਹਾ। ਜਿਨ੍ਹਾਂ ਵੱਟਿਆਂ ਨਾਲ ਗੁਰੂ ਜੀ ਗ਼ਰੀਬਾ ਲਈ ਤੇਰਾਂ-ਤੇਰਾਂ ਕਰ ਕੇ ਤੋਲਦੇ ਸਨ, ਉਹ ਪਵਿੱਤਰ ਵੱਟੇ ਅੱਜ ਵੀ ਇੱਥੇ ਮੌਜੂਦ ਹਨ।
ਗੁਰਦੁਆਰਾ ਕੋਠੜੀ ਸਾਹਿਬ: ਗੁਰਦੁਆਰਾ ਹੱਟ ਸਾਹਿਬ ਦੇ ਨੇੜੇ ਹੀ ਗੁਰਦੁਆਰਾ ਕੋਠੜੀ ਸਾਹਿਬ ਬਣਿਆ ਹੋਇਆ ਹੈ। ਲੋਕਾਂ ਦੀ ਸ਼ਿਕਾਇਤ ’ਤੇ ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਕੋਠੜੀ ਵਿੱਚ ਬੰਦ ਕਰ ਕੇ ਰੱਖਿਆ ਸੀ। ਲੋਕਾਂ ਨੇ ਨਵਾਬ ਦੌਲਤ ਖਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਗੁਰੂ ਜੀ ਵੱਧ ਤੋਲ ਕੇ ਮੋਦੀਖਾਨੇ ਨੂੰ ਘਾਟਾ ਪਾ ਰਹੇ ਹਨ। ਜਦੋਂ ਮੋਦੀਖਾਨੇ ਦਾ ਹਿਸਾਬ ਕਿਤਾਬ ਕੀਤਾ ਗਿਆ ਤਾਂ ਗੁਰੂ ਜੀ ਦੇ 760 ਰੁਪਏ ਵੱਧ ਨਿਕਲੇ।
ਗੁਰਦੁਆਰਾ ਗੁਰੂ ਕਾ ਬਾਗ਼: ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਗੁਰੂ ਕਾ ਬਾਗ਼ ਸੁਸ਼ੋਭਿਤ ਹੈ। ਗੁਰੂ ਨਾਨਕ ਦੇਵ ਜੀ ਭਾਈ ਜੈ ਰਾਮ ਤੇ ਬੇਬੇ ਨਾਨਕੀ ਦੇ ਬੁਲਾਉਣ ’ਤੇ ਸਭ ਤੋਂ ਪਹਿਲਾਂ ਇਸ ਸਥਾਨ ’ਤੇ ਆਏ ਸਨ। ਇੱਥੇ ਹੀ ਗੁਰੂ ਜੀ ਦਾ ਘਰ ਹੁੰਦਾ ਸੀ ਤੇ ਗੁਰੂ ਜੀ ਦੇ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਦਾ ਜਨਮ ਵੀ ਇੱਥੇ ਹੀ ਹੋਇਆ ਸੀ। ਇੱਥੇ ਹੀ ਬੇਬੇ ਨਾਨਕੀ ਜੀ ਗੁਰੂ ਜੀ ਲਈ ਲੰਗਰ ਤਿਆਰ ਕਰਿਆ ਕ। ਇਸ ਅਸਥਾਨ ’ਤੇ ਗੁਰੂ ਜੀ ਦੇ ਸਮੇਂ ਦਾ ਖੂਹ ਵੀ ਸਥਿਤ ਹੈ।
ਗੁਰਦੁਆਰਾ ਸੇਹਰਾ ਸਾਹਿਬ ਤੇ ਬੇਬੇ ਨਾਨਕੀ ਜੀ: ਸੁਲਤਾਨਪੁਰ ਲੋਧੀ ਵਿੱਚ ਹੀ ਗੁਰਦੁਆਰਾ ਸੇਹਰਾ ਸਾਹਿਬ ਅਤੇ ਗੁਰੂ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਨਾਲ ਸਬੰਧਿਤ ਗੁਰਦੁਆਰਾ ਵੀ ਮੌਜੂਦ ਹੈ।
ਪਵਿੱਤਰ ਕਾਲੀ ਵੇਈਂ: ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਸੰਤ ਘਾਟ ਕੋਲੋਂ ਲੰਘਦੀ ਪਵਿੱਤਰ ਕਾਲੀ ਵੇਈਂ ਵਿੱਚ ਗੁਰੂ ਨਾਨਕ ਦੇਵ ਜੀ ਆਪਣੀ 14 ਸਾਲ 9 ਮਹੀਨੇ 13 ਦਿਨ ਦੀ ਠਹਿਰ ਦੌਰਾਨ ਰੋਜ਼ਾਨਾ ਇਸ਼ਨਾਨ ਕਰਦੇ ਸਨ ਤੇ ਇਸ ਦੇ ਕਿਨਾਰੇ ਪ੍ਰਭੂ ਭਗਤੀ ਵਿੱਚ ਲੀਨ ਹੁੰਦੇ ਰਹੇ। ਇੱਕ ਦਿਨ ਇਸੇ ਵੇਈਂ ਵਿੱਚ ਟੁੱਭੀ ਮਾਰ ਕੇ ਤਿੰਨ ਦਿਨ ਲੋਪ ਰਹਿਣ ਪਿੱਛੋਂ ਗੁਰੂ ਸਾਹਿਬ ਨੇ 1507 ਈਸਵੀ ਭਾਦੋਂ ਸੁਦੀ 15 ਪੂਰਨਮਾਸ਼ੀ ਵਾਲੇ ਦਿਨ ਮੁੜ ਪ੍ਰਗਟ ਹੋ ਕੇ ਇਲਾਹੀ ਬਾਣੀ ਦੇ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਨ ਕੀਤਾ। ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਨੇੜੇ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ 160 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਹਰੀ ਕੇ ਪੱਤਣ ਨੇੜੇ ਮੁੜ ਬਿਆਸ ਵਿੱਚ ਸਮਾ ਜਾਣ ਵਾਲੀ ਇਸ ਪਵਿੱਤਰ ਵੇਈਂ ਨੂੰ ਸਿੱਖ ਧਰਮ ਦਾ ਪਹਿਲਾ ਤੀਰਥ ਅਸਥਾਨ ਹੋਣ ਦਾ ਮਾਣ ਵੀ ਹਾਸਲ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.