From Wikipedia, the free encyclopedia
ਲਿਪੀ (ਜਾਂ ਲਿੱਪੀ) ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ।[1] ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
ਪਹਿਲਾਂ ਮਨੁੱਖ ਨੇ ਆਪਣੇ ਭਾਵਾਂ ’ਤੇ ਸੁਨੇਹਿਆਂ ਨੂੰ ਦੂਰ ਬੈਠੇ ਮਿੱਤਰਾਂ-ਰਿਸ਼ਤੇਦਾਰਾਂ ਤੀਕ ਪਹੁੰਚਾਉਣ ਲਈ ਸੂਤਰਾਂ/ਧਾਗਿਆਂ ਨੂੰ ਵੱਖ-ਵੱਖ ਰੰਗ ਦੇ ਕੇ ਜਾਂ ਘੋਗੇ, ਸਿੱਪੀਆਂ ਅਤੇ ਮਣਕੇ ਬੰਨ੍ਹ ਕੇ ਕੰਮ ਲੈਣਾ ਸ਼ੁਰੂ ਕੀਤਾ। ਇਹ ਇੱਕ ਕਿਸਮ ਦਿ ਲਿਪੀ ਹੀ ਸੀ, ਜਿਸ ਨੂੰ ‘ਸੂਤਰ ਲਿਪੀ’ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਰੱਸੀਆ, ਧਾਗਿਆਂ ਅਤੇ ਦਰਖ਼ਤਾਂ ਦੀਆਂ ਛਿੱਲਾਂ ਨੂੰ ਗੰਢਾਂ ਦੇ ਕੇ ਵੀ ਇਹ ਕੰਮ ਲਿਆ ਗਿਆ। ਇਸਨੂੰ ‘ਗੰਢ ਲਿਪੀ’ ਕਿਹਾ ਗਿਆ।
ਸਹੀ ਮਾਅਨਿਆਂ ਵਿੱਚ ਲਿਪੀ ਦਾ ਮੁੱਢਲਾ ਰੂਪ ਚਿਤਰਾਂ ਤੋਂ ਸ਼ੁਰੂ ਹੋਇਆ। ਇਨਸਾਨ ਕਿਸੇ ਚੀਜ਼ ਦੀ ਤਸਵੀਰ ਬਣਾ ਕੇ ਉਸ ਦਾ ਗਿਆਨ ਕਰਾਉਣ ਲੱਗਾ। ਇਸਨੂੰ ‘ਚਿਤਰ ਲਿਪੀ’ ਕਿਹਾ ਜਾਂਦਾ ਹੈ। ਮਗਰੋਂ ਬੁੱਧੀ ਦੇ ਵਿਕਾਸ ਨਾਲ਼ ਮਨੁੱਖ ਨੇ ਇਸ ਦੀ ਥਾਂ ‘ਭਾਵ ਲਿਪੀ’ ਦੀ ਕਾਢ ਕੱਢੀ, ਜਿਸ ਵਿੱਚ ਚਿਤਰਾਂ ਦੀ ਥਾਂ ਸੰਕੇਤ-ਚਿੰਨ੍ਹਾਂ ਨੇ ਲੈ ਲਈ। ਫਿਰ ਇਨਸਾਨ ਨੇ ‘ਭਾਵ ਲਿਪੀ’ ਤੋਂ ‘ਧੁਨੀ ਲਿਪੀ’ ਈਜਾਦ ਕੀਤੀ। ‘ਚਿਤਰ ਲਿਪੀ’ ਅਤੇ ‘ਭਾਵ ਲਿਪੀ’ ਵਿੱਚ ਕਿਸੇ ਚੀਜ਼ ਦਾ ਹੀ ਗਿਆਨ ਹੁੰਦਾ ਸੀ, ਪਰ ‘ਧੁਨੀ ਲਿਪੀ’ ਵਿੱਚ ਬੋਲੀ ਦੇ ਉਚਾਰਣ ਦਾ ਗਿਆਨ ਹੋਣ ਲੱਗਾ। ਅੱਜ-ਕੱਲ੍ਹ ਦੁਨੀਆਂ ਭਰ ਵਿੱਚ ‘ਧੁਨੀ’ ਲਿਪੀਆਂ ਦਾ ਹੀ ਬੋਲਬਾਲਾ ਹੈ।
ਦੱਖਣੀ ਏਸ਼ੀਆ ਵਿੱਚ ਤੀਜੀ ਸਦੀ ਬੀ.ਸੀ.ਈ. ਵਿੱਚ ਖ਼ਰੋਸ਼ਠੀ ਅਤੇ ਬ੍ਰਹਮੀ ਲਿਪੀਆਂ ਹੋਂਦ ਵਿੱਚ ਆਈਆਂ।[2] ਭਾਰਤ ਵਿੱਚ ਪੰਜ ਕੁ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦ ਹੈ। ਬ੍ਰਹਮੀ ਲਿਪੀ ਵਿੱਚ ਸੈਂਕੜੇ ਸ਼ਿਲਾਲੇਖ ਮਿਲ਼ੇ ਹਨ, ਜੋ ਤਕਰੀਬਨ ਢਾਈ ਹਜ਼ਾਰ ਸਾਲ ਪੁਰਾਣੇ ਹਨ। ਹੜੱਪਾ ’ਤੇ ਮੋਹਿੰਜੋਦੜੋ ਦੀਆਂ ਥੇਹਾਂ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਚਿਤਰਾਂ ਦੇ ਰੂਪ ’ਚ ਸਿੰਧੂ ਲਿਪੀ ਦੇ ਨਮੂਨੇ ਮਿਲ਼ੇ ਹਨ, ਜੋ ਕਿ ਹਾਲੇ ਤੀਕ ਪੂਰੀ ਤਰ੍ਹਾਂ ਪੜ੍ਹੇ ਨਹੀਂ ਜਾ ਸਕੇ। ਤੀਜੀ ਸਦੀ ਪੂਰਵ-ਈਸਵੀ ਵਿੱਚ ਸਮਰਾਟ ਅਸ਼ੋਕ ਦੁਆਰਾ ਬ੍ਰਹਮੀ ਅਤੇ ਖ਼ਰੋਸ਼ਠੀ ਲਿਪੀਆਂ ਵਿੱਚ ਆਪਣੇ ਸ਼ਿਲਾਲੇਖ ਲਿਖਵਾਏ ਗਏ। ਬ੍ਰਹਮੀ ਲਿਪੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ, ਜੋ ਕਿ ਗੁਰਮੁਖੀ ਵਾਂਗ ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਹੈ, ਜਦਕਿ ਖ਼ਰੋਸ਼ਠੀ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਸੀ। ਖ਼ਰੋਸ਼ਠੀ ਲਿਪੀ ਤੀਜੀ ਸਦੀ ਈਸਵੀ ਵਿੱਚ ਖ਼ਤਮ ਹੋ ਗਈ, ਪਰ ਬ੍ਰਹਮੀ ਵਿਕਾਸ ਕਰਦੀ ਰਹੀ।[2]
ਬ੍ਰਹਮੀ ਲਿਪੀ ਤੋਂ ਉੱਤਰੀ ਸ਼ੈਲੀ ਅਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ।[2] ਉੱਤਰੀ ਸ਼ੈਲੀ ਤੋਂ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ਸ਼ਾਰਦਾ ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪੁਰਾਣੇ ਰੂਪ ਤੋਂ ਗੁਰਮੁਖੀ ਦੀ ਪੈਦਾਇਸ਼ ਹੋਈ। ਇਸ ਤਰ੍ਹਾਂ ਬ੍ਰਹਮੀ ਤੋਂ ਵੱਖ-ਵੱਖ ਪੜਾ ਪਾਰ ਕਰ ਕੇ ਭਾਰਤ ਦੀਆਂ ਮੌਜੂਦਾ ਲਿਪੀਆਂ- ਦੇਵਨਗਰੀ, ਬੰਗਲਾ, ਕੈਥੀ, ਗੁਰਮੁਖੀ, ਮੋੜੀ, ਗੁਜਰਾਤੀ, ਤੈਲਗੂ ਅਤੇ ਕੰਨੜ ਆਦਿ ਦਾ ਜਨਮ ਹੋਇਆ।[2] ਪੰਜਾਬ ਵਿੱਚ ਸ਼ਾਰਦਾ ਅਤੇ ਗੁਰਮੁਖੀ ਤੋਂ ਬਿਨਾਂ ਟਾਕਰੀ, ਲੰਡੇ, ਭੱਟ ਅੱਛਰੀ, ਸਰਾਫ਼ੀ, ਅਰਧ-ਨਾਗਰੀ, ਸਿੱਧ-ਮਾਤ੍ਰਿਕਾ ਆਦਿ ਲਿਪੀਆਂ ਦਾ ਵਿਕਾਸ ਹੋਇਆ ਪਰ ਇਹਨਾਂ ਵਿਚੋਂ ਹੁਣ ਪੰਜਾਬ ਵਿੱਚ ਸਿਰਫ਼ ਗੁਰਮੁਖੀ ਹੀ ਬਚੀ ਹੈ, ਜੋ ਬਹੁਤ ਹਰਮਨ-ਪਿਆਰੀ ਬਣ ਚੁੱਕੀ ਐ ਇਸਨੂੰ ਸਰਕਾਰੀ ਦਰਜਾ ਵੀ ਹਾਸਲ ਐ ਅਤੇ ਪੰਜਾਬੀ ਲਿਖਣ ਲਈ ਰਾਖਵੀਂ ਲਿਪੀ ਵੀ ਇਹੀ ਹੈ।
ਲੂਈ ਬਰੇਲ ਦੀ ਬਣਾਈ ਬਰੇਲ ਲਿਪੀ ਦੀ ਵਰਤੋਂ ਨੇਤਰਹੀਣ ਲੋਕ ਕਰਦੇ ਹਨ।[3] ਇਹ ਲਿਪੀ ਛੇ ਬਿੰਦੂਆਂ ’ਤੇ ਅਧਾਰਤ ਹੈ ਜਿੰਨ੍ਹਾਂ ਨੂੰ ਛੂਹ ਕੇ ਸਮਝਿਆ ਜਾਂਦਾ ਹੈ ਅਤੇ ਇਹਨਾਂ ਦੇ ਅੱਗੇ-ਪਿੱਛੇ ਕਰਨ ਨਾਲ਼ ਹੀ ਹੋਰ ਅੱਖਰ ਬਣਦੇ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.