Remove ads

30°29′21″N 77°43′44″E ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਹ ਯੁੱਧ 15 ਅਪਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ।

ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਭੰਗਾਣੀ ਦੀ ਜੰਗ

ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ।ਇਹ ਯੁੱਧ 15 ਅਪ੍ਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ।

ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁੱਖਾਂ ਨੂੰ ਪ੍ਰਭਾਵਿਤ ਕੀਤਾ, ਤਦ ਤੋਂ ਹੀ ਬ੍ਰਾਹਮਣ ਜਮਾਤ ਅਤੇ ਰਾਜਪੂਤ ਹਿੰਦੂ ਰਜਿਆਂ ਨੇ ਸਿੱਖ ਸੰਸਥਾ ਉਤੇ ਵਾਰ ਕਰਨੇ ਸੁਰੂ ਕਰ ਦਿੱਤੇ ਸਨ। ਇਹ ਟੱਕਰ, ਦਸਵੇਂ ਗੁਰੂ ਦੇ ਸਮੇਂ ਆਪਣੀ ਅੰਤਿਮ ਮੰਜ਼ਿਲ ਤੇ ਪਹੁੰਚ ਚੁੱਕੀ ਸੀ।ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਗੁਰਸਿੱਖਾਂ ਨੇ ਇਸ ਜ਼ਿਆਦਤੀ ਦਾ ਮੁਕਾਬਲਾ ਕਰਨਾ ਆਪਣਾ ਧਰਮ ਸਮਝਿਆ ਅਤੇ ਉਹ ਟਾਕਰੇ ਲਈ ਪੂਰੀ ਤਿਆਰੀ ਕਰ ਰਹੇ ਸਨ।ਹਜਾਰਾਂ ਸਿੱਖ, ਘੋੜ-ਸਵਾਰੀ ਅਤੇ ਸ਼ਸ਼ਤਰ ਵਿੱਦਿਆ ਲੈ ਕੇ ਤਿਆਰ ਹੋ ਚੁੱਕੇ ਸਨ। ਗੁਰੂ ਸਾਹਿਬ ਅਤੇ ਸਿੱਖਾਂ ਦਾ ਸ਼ਿਕਾਰ ਤੇ ਚੜ੍ਹਨਾ ਅਤੇ ਵੱਡੇ-ਵੱਡੇ ਰਾਜਿਆਂ ਦਾ ਗੁਰੂ ਘਰ ਤੇ ਸ਼ਰਦਾ ਰੱਖਣਾ ਪਹਾੜੀ ਰਾਜਿਆਂ ਨੂੰ ਚੁਭ ਰਿਹਾ ਸੀ।

ਇਨ੍ਹੀ ਦਿਨੀਂ ਪੂਰਬੀ ਬੰਗਾਲ ਦੇ ਸ਼ਹਿਰ ਗੌਰੀਪੁਰ ਦਾ ਰਾਜਕੁਮਾਰ ਆਪਣੀ ਮਾਤਾ ਸਮੇਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਆਇਆ ਅਤੇ ਸ਼ਰਧਾ ਵਜੋਂ ਕੁਝ ਕੀਮਤੀ ਤੌਹਫੇ ਲਿਆਇਆ ਜਿਵੇਂ ਕਿ ਪ੍ਰਸਾਦੀ ਹਾਥੀ, ਪੰਚ-ਕਲਾ ਸ਼ਸਤ੍ਰ, ਅਤੇ ਘੋੜੇ ਆਦਿ।ਅਨੰਦਪੁਰ ਸਾਹਿਬ, ਰਿਆਸਤ ਕਹਿਲੂਰ ਵਿੱਚ ਪੈਂਦਾ ਸੀ, ਜਿੱਥੋਂ ਦਾ ਰਾਜਾ ਭੀਮ ਚੰਦ ਸੀ ਅਤੇ ਇਸ ਦੀ ਰਾਜਧਾਨੀ ਬਿਲਾਸਪੁਰ ਸੀ।ਭੀਮ ਚੰਦ ਦੇ ਲੜਕੇ ਅਜਮੇਰ ਚੰਦ ਦੀ ਕੁੜਮਾਈ ਫ਼ਤਿਹ ਸ਼ਾਹ ਦੀ ਲੜਕੀ ਨਾਲ ਹੋ ਗਈ। ਫ਼ਤਿਹ ਸ਼ਾਹ, ਸ੍ਰੀ ਨਗਰ, ਗੜ੍ਹਵਾਲ ਦਾ ਰਾਜਾ ਸੀ ਅਤੇ  ਗੁਰੂ ਘਰ ਨਾਲ ਹਿੱਤ ਰਖਦਾ ਸੀ।ਇਸ ਮੌਕੇ ਤੇ ਭੀਮ ਚੰਦ ਨੇ ਗੁਰੂ ਸਾਹਿਬ ਪਾਸੋਂ ਤੋਹਫੇ ਠੱਗਣ ਦਾ ਪਾਜ ਬਣਾਇਆ ਕਿ ਕੁੜਮਾਈ ਦੇ ਮੌਕੇ ਤੇ ਪਰਸਾਦੀ ਹਾਥੀ, ਪੰਚ-ਕਲਾ ਸ਼ਸ਼ਤ੍ਰ ਅਤੇ ਘੋੜੇ ਸ਼ਾਮਿਆਨੇ ਕੁਝ ਦਿਨਾਂ ਲਈ ਮੰਗੇ ਜਾਣ ਤੇ ਫਿਰ ਵਾਪਸ ਨਾ ਕਿਤੇ ਜਾਣ।ਪਰ ਗੁਰੂ ਸਾਹਿਬ ਨੇ ਸਾਫ ਨਾਂਹ ਕਰ ਦਿੱਤੀ, ਕਿਉਂਕਿ ਉਹ ਇਸ ਦੀ ਬੇਈਮਾਨੀ ਨੂੰ ਸਮਝਦੇ ਸਨ।ਇਸ ਉਪਰੰਤ ਭੀਮ ਚੰਦ ਅੰਦਰੋਂ-ਅੰਦਰ ਸੜਦਾ ਰਹਿੰਦਾ ਸੀ ਅਤੇ ਮੌਕੇ ਦੀ ਭਾਲ ਵਿੱਚ ਸੀ ਕਿ ਕਿਵੇਂ ਗੁਰੂ ਘਰ ਨੂੰ ਤਬਾਹ ਕੀਤਾ ਜਾਵੇ।

ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਇਲਾਕੇ ਵਿੱਚ ਪ੍ਰਚਾਰ ਦੌਰੇ ਤੇ ਨਿਕਲੇ ਅਤੇ ਨਿੱਕੀਆਂ-ਨਿੱਕੀਆਂ ਪਹਾੜੀਆਂ ਦੇ ਕੰਢਿਆਂ ਤੇ ਵਸੇ ਪਿੰਡਾਂ ਵਿੱਚ ਪ੍ਰਚਾਰ ਕਰਦੇ, ਵਿਸਾਖੀ ਦੇ ਮੌਕੇ ਤੇ ਰਵਾਲਸਰ ਪਹੁੰਚੇ।ਇਸੇ ਵਿਸਾਖੀ ਦੇ ਮੇਲੇ ਤੇ ਸਿਰਮੌਰ ਦਾ ਰਾਜਾ, ਮੇਦਨੀ ਪ੍ਰਕਾਸ਼, ਗੁਰੂ ਸਾਹਿਬ ਦੇ ਗੁਰਮਤਿ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ।ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਉਸਦੀ ਰਿਆਸਤ ਵਿੱਚ ਕੁਝ ਸਮਾਂ ਠਹਿਰਨ ਅਤੇ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨ।ਇਸ ਦੇ ਨਾਲ ਹੀ ਉਸ ਨੇ ਬੇਨਤੀ ਕੀਤੀ ਕਿ ਮੇਰੇ ਇਲਾਕੇ ਦਾ ਕੁਝ ਹਿੱਸਾ ਫ਼ਤਿਹ ਸ਼ਾਹ ਨੇ ਖੋਹ ਲਿਆ ਹੈ, ਉਹ ਕਿਸੇ ਤਰਾਂ ਵਾਪਸ ਕਰਵਾ ਦੇਵੋ। ਗੁਰੂ ਗੋਬਿੰਦ ਸਿੰਘ ਜੀ ਆਪਣੇ 52 ਕਵੀਆਂ, ਅਤੇ ਹੋਰ ਥੋੜੇ ਜਿਹੇ ਸਿੱਖਾਂ ਨਾਲ ਸੰਨ 1685 ਦੇ ਸ਼ੁਰੂ ਵਿੱਚ ਰਿਆਸਤ ਸਿਰਮੌਰ ਦੀ ਰਾਜਧਾਨੀ ਨਾਹਨ ਪਹੁੰਚੇ। ਸਭ ਤੋਂ ਪਹਿਲਾਂ ਗੁਰੂ ਜੀ ਨੇ ਰਾਜਾ ਫ਼ਤਿਹ ਸ਼ਾਹ ਨੂੰ ਬੁਲਾ ਕੇ ਰਾਜਾ ਮੇਦਨੀ ਪ੍ਰਕਾਸ਼ ਨਾਲ ਸਮਝੋਤਾ ਕਰਵਾਇਆ ਅਤੇ ਮੇਦਨੀ ਪ੍ਰਕਾਸ਼ ਦਾ ਸਾਰਾ ਇਲਾਕਾ ਵਾਪਸ ਕਰਵਾਇਆ।ਇਸ ਸਮੇਂ  ਸਤਿਗੁਰਾਂ ਪਾਸ 500 ਦੇ ਕਰੀਬ ਸ਼ਸ਼ਤਰਧਾਰੀ ਸਿੱਖ ਸਨ।

ਰਾਜਾ ਮੇਦਨੀ ਪ੍ਰਕਾਸ਼ ਦੀ ਇੱਛਾ ਸੀ ਕਿ ਗੁਰੂ ਜੀ ਉਸਦੀ ਰਿਆਸਤ ਵਿੱਚ ਕਾਫੀ ਸਮਾਂ ਟਿਕਣ, ਤਾਂ ਕਿ ਇੱਕ ਤਾਂ ਉਹ ਸਿੱਖੀ ਦਾ ਪ੍ਰਚਾਰ ਕਰਨਗੇ ਅਤੇ ਨਾਲ ਹੀ ਉਨ੍ਹਾਂ ਦੇ ਹੁੰਦਿਆਂ ਕਿਸੇ ਰਾਜੇ ਦੀ ਹਿੰਮਤ ਨਹੀਂ ਪਵੇਗੀ ਕਿ ਉਸਦੇ ਇਲਾਕੇ ਉਪਰ ਨਜ਼ਰ ਰੱਖ ਸਕੇ।ਰਾਜੇ ਨੇ ਸਤਿਗੁਰਾਂ ਦੇ ਨਿਵਾਸ ਲਈ ਯਮਨਾ ਕਿਨਾਰੇ ਇੱਕ ਸਥਾਨ ਦੀ ਪੇਸ਼ਕਸ਼ ਕੀਤੀ, ਜੋ ਗੁਰੂ ਜੀ ਨੇ ਪ੍ਰਵਾਨ ਕਰਕੇ, ਉਥੇ ਇੱਕ ਕਿਲ੍ਹਾ ਤਿਆਰ ਕਰਵਾਇਆ।ਇਸ ਅਸਥਾਨ ਦਾ ਨਾਮ ਪਾਉਂਟਾ ਸਾਹਿਬ ਰੱਖਿਆ ਗਿਆ, ਜਿਸ ਦਾ ਅਰਥ ਹੈ 'ਪੈਰ ਰੱਖਣ ਦੀ ਥਾਂ'। ਇੱਥੇ ਹੀ ਕੁੰਜਪੁਰ, ਜ਼ਿਲਾ ਕਰਨਾਲ, ਦੇ 500 ਪਠਾਣ, ਪੀਰ ਬੁੱਧੂ ਸ਼ਾਹ ਦੀ ਸਿਫਾਰਸ਼ ਲੈ ਕੇ ਨੌਕਰੀ ਲਈ ਹਾਜਰ ਹੋਏ। ਇਹ ਪਠਾਣ ਸਿਪਾਹੀ ਔਰੰਗਜ਼ੇਬ ਦੀ ਫੌਜ ਵਿੱਚੋਂ ਕੱਢੇ ਗਏ ਸਨ ਅਤੇ ਕੋਈ ਵੀ ਰਾਜਾ ਡਰ ਦੇ ਕਾਰਨ ਇਹਨਾਂ ਨੂੰ ਨੌਕਰ ਰੱਖਣ ਨੂੰ ਤਿਆਰ ਨਹੀਂ ਸੀ।ਗੁਰੂ ਜੀ ਨੇ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ।ਇਹਨਾਂ ਪਠਾਣ ਸਿਪਾਹੀਆਂ ਦੇ ਸਰਦਾਰ ਸਨ, ਨਜ਼ਬਤ ਖ਼ਾਂ, ਕਾਲਾ ਖ਼ਾਂ, ਭੀਖਨ ਖ਼ਾਂ, ਹਯਾਤ ਖ਼ਾਂ ਅਤੇ ਉਮਰ ਖ਼ਾਂ।ਇਸ ਤੋਂ ਇਲਾਵਾ 500 ਉਦਾਸੀ ਵੀ ਮਹੰਤ ਕ੍ਰਿਪਾਲ ਦਾਸ ਦੇ ਨਾਲ ਗੁਰੂ ਜੀ ਪਾਸ ਟਿਕੇ ਹੋਏ ਸਨ।

ਇਸ ਸਮੇਂ ਰਾਜਾ ਭੀਮ ਚੰਦ ਦੇ ਪੁੱਤਰ ਅਜ਼ਮੇਰ ਚੰਦ ਅਤੇ ਫ਼ਤਿਹ ਚੰਦ ਦੀ ਲੜਕੀ ਦੀ ਸ਼ਾਦੀ ਦੇ ਸਮੇਂ ਸਾਰੇ ਪਹਾੜੀ ਰਾਜੇ ਇਕੱਠੇ ਹੋਣੇ ਸਨ।ਰਾਜਾ ਭੀਮ ਚੰਦ ਨੇ ਗੁਰੂ ਘਰ ਤੋਂ ਬਦਲਾ ਲੇਣ ਲਈ ਇਸ ਮੌਕੇ ਦਾ ਫ਼ਾਇਦਾ ਉਠਾਣਾ ਚਾਹਿਆ।ਇਸ ਨੇ ਸੋਚਿਆ ਕਿ ਇਸ ਸਮੇਂ ਗੁਰੂ ਜੀ ਥੋੜੇ ਜਿਹੇ ਸਿੱਖਾਂ ਨਾਲ ਪਾਉਂਟਾ ਸਾਹਿਬ ਠਹਿਰੇ ਹਨ, ਕਿਉਂ ਨਾ ਗੜਵਾਲ ਜਾਂਦੇ ਹੋਏ ਰਾਹ ਵਿੱਚ ਉਨ੍ਹਾਂ ਉਤੇ ਹਮਲਾ ਕੀਤਾ ਜਾਵੇ।ਉਸ ਨੇ ਗੁਰੂ ਜੀ ਨੂੰ ਖਤ ਲਿਖਿਆ, ਜਿਸ ਵਿੱਚ ਬੇਨਤੀ ਕੀਤੀ ਕਿ ਬਰਾਤ ਨੂੰ ਪਾਉਂਟਾ ਸਾਹਿਬ ਵਲੋਂ ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇ। ਨਾਲ ਹੀ ਇਹ ਧਮਕੀ ਵੀ ਦਿੱਤੀ ਕਿ ਜੇਕਰ ਬਰਾਤ ਨੂੰ ਰੋਕਿਆ ਗਿਆ ਤਾਂ ਉਹ ਵਾਪਸੀ ਤੇ ਸਿੱਖਾਂ ਨਾਲ ਲੜਾਈ ਕਰਨਗੇ।ਗੁਰੂ ਜੀ ਨੇ ਅਜਮੇਰ ਚੰਦ ਅਤੇ ਉਸ ਦੇ ਕੁਝ ਸਾਥਿਆਂ ਤੋਂ ਸਿਵ ਹੋਰ ਕਿਸੇ ਨੂੰ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ। ਭੀਮ ਚੰਦ ਨੇ ਸੋਚਿਆ ਕਿ ਵਿਆਹ ਦੇ ਸਮੇਂ ਸਾਰੇ ਪਹਾੜੀ ਰਾਜੇ ਇਕੱਠੇ ਹੋ ਰਹੇ ਹਨ, ਇਸ ਲਈ ਵਿਆਹ ਤੋਂ ਵਾਪਸ ਆਉਂਦਿਆਂ ਹੋਇਆਂ ਉਨਾਂ ਨੂੰ ਚੁੱਕ-ਚੁਕਾ ਕੇ ਇੱਕ ਮਿਲਵੀਂ ਤਾਕਤ ਨਾਲ ਗੁਰੂ ਘਰ ਤੇ ਹਮਲਾ ਕਰਕੇ ਉਸਨੂੰ ਸਮਾਪਤ ਕਰ ਦਿਆਂਗੇ।

ਇਸ ਵਿਆਹ ਦੇ ਮੌਕੇ ਤੇ ਫ਼ਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸੱਦਾ ਭੇਜਿਆ ਸੀ।ਗੁਰੂ ਜੀ ਤਾਂ ਨਾ ਗਏ, ਪਰ ਕੁਝ ਕੀਮਤੀ ਤੋਹਫ਼ਿਆਂ ਦਾ ਤੰਬੋਲ ਭਾਈ ਦਇਆ ਰਾਮ ਅਤੇ ਦੀਵਾਨ ਚੰਦ ਦੇ ਹੱਥ ਘੱਲ ਦਿੱਤਾ, ਅਤੇ ਕੁੱਝ ਸਿੰਘਾਂ ਨੂੰ ਵੀ ਨਾਲ ਭੇਜਿਆ।ਜਦ ਇਸ ਦਾ ਪਤਾ ਭੀਮ ਚੰਦ ਨੂੰ ਲੱਗਾ ਤਾਂ ਉਸਨੇ ਫ਼ਤਿਹ ਸ਼ਾਹ ਨੂੰ ਗੁਰੂ ਜੀ  ਵਲੋਂ ਭੇਜਿਆ ਤੰਬੋਲ ਵਾਪਸ ਕਰਨ ਲਈ ਕਿਹਾ ਅਤੇ ਡਰਾਵਾ ਦਿਤਾ ਕਿ ਜੇਕਰ ਉਸਨੇ ਇਹ ਤੰਬੋਲ ਪ੍ਰਵਾਨ ਕੀਤਾ ਤਾਂ ਉਹ ਵਿਆਹੀ ਨੂੰਹ ਨੂੰ ਛੱਡ ਜਾਵੇਗਾ। ਫ਼ਤਿਹ ਸ਼ਾਹ ਨੇ ਤੰਬੋਲ ਵਾਪਸ ਕਰ ਦਿੱਤਾ।ਭੀਮ ਚੰਦ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਸਿੱਖਾਂ ਨੂੰ ਖ਼ਤਮ ਕਰ ਦਿਤਾ ਜਾਵੇ ਅਤੇ ਤੰਬੋਲ ਤੇ ਤੋਹਫੇ ਵੀ ਲੁੱਟ ਲਏ ਜਾਣ। ਸਿੱਖਾਂ ਨੇ ਛੋਟੀ ਜਿਹੀ ਟੱਕਰ ਦੇ ਬਾਵਜੂਦ ਤੋਹਫੇ ਬਚਾ ਲਏ ਅਤੇ ਵਾਪਸ ਆ ਕੇ ਗੁਰੂ ਸਹਿਬ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਅਤੇ ਇਹ ਵੀ ਦੱਸਿਆ ਕਿ ਭੀਮ ਚੰਦ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਾ ਕਰਕੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜੰਗ ਦੀ ਤਿਆਰੀ ਆਰੰਭ ਕਰ ਦਿੱਤੀ। ਇਸ ਲਈ ਪੂਰੀ ਦੇਖ ਭਾਲ ਪਿੱਛੋਂ ਪਾਉਂਟਾ ਸਾਹਿਬ ਤੋਂ ਸੱਤ ਮੀਲ ਦੂਰ ਭੰਗਾਣੀ ਦਾ ਸਥਾਨ ਨਿਸ਼ਚਿਤ ਕੀਤਾ ਗਿਆ। ਗੁਰੂ ਜੀ ਦੇ ਮਾਮਾ ਕ੍ਰਿਪਾਲ ਚੰਦ ਜੀ ਨੇ ਅਤੇ ਗੁਰੂ ਜੀ ਦੀ ਭੂਆ ਬੀਬੀ ਵੀਰੋ ਜੀ ਦੇ ਪੁੱਤਰਾਂ, ਸੰਗੋ ਸ਼ਾਹ, ਜੀਤ ਮੱਲ, ਮੋਹਰੀ ਚੰਦ, ਗੁਲਾਬ ਰਾਇ, ਗੰਗਾ ਰਾਮ ਅਤੇ ਦੀਵਾਨ ਚੰਦ ਨੇ ਗੁਰੂ ਜੀ ਨਾਲ ਬੈਠ ਕੇ ਜੰਗ ਦਾ ਪੂਰਾ ਨਕਸ਼ਾ ਤਿਆਰ ਕੀਤਾ।ਛੋਟੇ ਜਿਹੇ ਮੈਦਾਨ ਤੋਂ ਬਾਅਦ ਪਹਾੜੀ ਸੀ, ਅਤੇ ਫਿਰ ਮੈਦਾਨ, ਜਿੱਥੇ ਗੁਰੂ ਜੀ ਨੇ ਮੋਰਚੇ ਲਗਾਏ ਹੋਏ ਸਨ ਤਾਂ ਕਿ ਦੁਸ਼ਮਣ ਮਾਰ ਖਾ ਕੇ ਜੇ ਪਿੱਛੇ ਨਸੇ, ਤਾਂ ਯਮਨਾ ਪਾਰ ਵਕਤ ਦਬਾਇਆ ਜਾਵੇ।ਭਾਈ ਰਾਮ ਕੋਇਰ ਮੇਹਰੇ ਅਤੇ ਕਾਲਾ ਖਾਂ ਨੂੰ ਪਾਉਂਟਾ ਸਾਹਿਬ ਦੀ ਰੱਖਿਆ ਲਈ ਛੱਡਿਆ ਗਿਆ।

ਉੱਧਰ ਪਹਾੜੀ ਰਾਜਿਆਂ ਨੇ ਆਪਣਾ ਦੂਤ ਭੇਜ ਕੇ 500 ਪਠਾਣਾਂ ਦੇ ਸਰਦਾਰਾਂ ਨੂੰ ਲਾਲਚ ਦੇ ਕੇ ਨੱਸ ਜਾਣ ਲਈ ਕਿਹਾ। ਯੁੱਧ ਤੋਂ ਇੱਕ ਰਾਤ ਪਹਿਲਾਂ ਹੀ 400 ਪਠਾਣ ਨੱਸ ਗਏ ਅਤੇ ਦੁਸ਼ਮਣ ਦੀਆਂ ਫੌਜਾਂ ਵਿੱਚ ਸ਼ਾਮਲ ਹੋ ਗਏ, ਕੇਵਲ ਕਾਲਾ ਖਾਂ ਹੀ ਆਪਣੇ 100 ਸਿਪਾਹੀਆਂ ਸਮੇਤ ਟਿਕਿਆ ਰਿਹਾ। ਇਸ ਤੋਂ ਇਲਾਵਾ ਗੁਰੂ ਸਾਹਿਬ ਪਾਸ ਆਇਆ 500 ਉਦਾਸੀ ਸਾਧਾਂ ਦਾ ਟੋਲਾ ਵੀ ਜੰਗ ਦੀ ਖ਼ਬਰ ਸੁਣਦਿਆਂ ਰਾਤ ਨੂੰ ਨੱਸ ਗਏ, ਅਤੇ ਕੇਵਲ ਉਹਨਾਂ ਦਾ ਆਗੂ ਮਹੰਤ ਕਿਰਪਾਲ ਦਾਸ ਹੀ ਗੁਰੂ ਜੀ ਕੋਲ ਰਿਹਾ।ਜਦ ਪਠਾਣਾਂ ਦੀ ਬੇਵਫਾਈ ਦੀ ਖ਼ਬਰ ਪੀਰ ਬੁੱਧੂ ਸ਼ਾਹ ਜੀ ਨੂੰ ਪਹੁੰਚੀ ਤਾਂ ਆਪਣੇ ਚਾਰੇ ਪੁੱਤਰ, ਦੋਵੇਂ ਭਰਾ ਅਤੇ 700 ਮੁਰੀਦ ਲੈ ਕੇ ਭੰਗਾਣੀ ਪਹੁੰਚ ਗਏ। ਯੁੱਧ ਦੀ ਖਬਰ ਸੁਣ ਕੇ ਆਸ-ਪਾਸ ਕੇ ਇਲਾਕੇ ਦੇ ਸਿੱਖ ਵੀ ਯੁੱਧ ਵਿੱਚ ਹਿੱਸਾ ਲੇਣ ਲਈ ਪਹੂੰਚੇ ਅਤੇ ਯੁੱਧ ਵਿੱਚ ਜਿੱਤ ਪ੍ਰਾਪਤ ਕੀਤੀ।

ਇਹ ਯੁੱਧ 15 ਅਪ੍ਰੈਲ 1687 ਨੂੰ ਸ਼ੁੱਕਰਵਾਰ ਵਾਲੇ ਦਿਨ ਹੋਇਆ। ਸਾਰਾ ਦਿਨ ਬੜੀ ਭਿਆਨਕ ਜੰਗ ਹੋਈ। ਦੋਹਾਂ ਧਿਰਾਂ ਨੇ ਵੱਧ ਚੜ੍ਹ ਕੇ ਵਾਰ ਕੀਤੇ।ਸੰਗੋ ਸ਼ਾਹ ਦੀ ਸ਼ਹੀਦੀ ਉਪਰੰਤ ਗੁਰੂ ਸਾਹਿਬ ਆਪ ਮੈਦਾਨ ਵਿੱਚ ਕੁੱਦ ਗਏ। ਹੌਲੀ-ਹੌਲੀ ਵੇਖਦਿਆਂ ਵੇਖਦਿਆਂ ਸਾਰੇ ਪਹਾੜੀਏ ਨਸ ਉੱਠੇ, ਸਿੱਖਾਂ ਨੇ ਦੁਸ਼ਮਣਾਂ ਨੂੰ ਯਮਨਾ ਵਿੱਚ ਠੇਲ ਕੇ ਦਮ ਲਿਆ। ਇਸ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸਈਅਦ ਅਸ਼ਰਫ਼, ਸਈਅਦ ਮੁਹੰਮਦ ਸ਼ਾਹ ਤੇ ਭਰਾ ਭੂਰੇ ਸ਼ਾਹ ਸ਼ਹੀਦ ਹੋਏ।ਇਸ ਜੰਗ ਵਿੱਚ ਬੀਬੀ ਵੀਰੋ ਦੇ ਦੋ ਪੁੱਤਰ, ਸੰਗੋ ਸ਼ਾਹ ਤੇ ਜੀਤ ਮਲ ਅਤੇ ਹੋਰ ਬਹੁਤ ਸਾਰੇ ਸਿੱਖ ਸ਼ਹੀਦ ਹੋਏ।ਦੂਜੇ ਪਾਸੇ ਪਠਾਣਾਂ ਵਿੱਚੋਂ ਨਜ਼ਾਬਤ ਖ਼ਾਂ ਤੇ ਹਯਾਤ ਖ਼ਾਂ ਮਾਰੇ ਗਏ, ਅਤੇ ਚਾਰ ਪਹਾੜੀ ਰਾਜੇ ਅਤੇ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਪਠਾਣ ਫੌਜੀ ਮਾਰੇ ਗਏ।

Remove ads

ਬਾਹਰੀ ਕੜੀਆਂ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.

Remove ads