From Wikipedia, the free encyclopedia
ਭਾਦੋਂ ਨਾਨਕਸ਼ਾਹੀ ਜੰਤਰੀ ਦਾ ਛੇਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਅਗਸਤ ਅਤੇ ਸਤੰਬਰ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ 30 ਦਿਨ ਹੁੰਦੇ ਹਨ।
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ।।
ਜਦੋਂ ਰੁੱਤਾਂ ਦੇ ਹਿਸਾਬ ਨਾਲ ਦੇਖਦੇ ਹਾਂ ਤਾਂ ਭਾਦੋਂ ਵੀ ਸਾਊਣ ਦੀ ਤਰ੍ਹਾਂ ਹੀ ਬਰਸਾਤ ਰੁੱਤ ਦਾ ਮਹੀਨਾ ਹੈ। ਸਾਊਣ ਵਿੱਚ ਜਿੱਥੇ ਹਾੜ੍ਹ, ਜੇਠ ਦੀਆਂ ਤਪਦੀਆਂ ਧੁੱਪਾਂ ਤੋਂ ਮੀਂਹ ਨਾਲ ਰਾਹਤ ਮਿਲਦੀ ਹੈ, ਊੱਥੇ ਭਾਦੋਂ ਵਿੱਚ ਧਰਤੀ ਗਿੱਲੀ-ਸਿੱਲ੍ਹੀ ਹੋਣ ਕਾਰਨ ਮੌਸਮ ਵੀ ਸਿੱਲ੍ਹਾ ਹੋ ਜਾਂਦਾ ਹੈ। ਸਿੱਲ੍ਹੀ ਸਿੱਲ੍ਹੀ ਆਉਂਦੀ ਹਵਾ ਇੱਕ ਤਰ੍ਹਾਂ ਵਿਛੋੜੇ ਦੇ ਅਹਿਸਾਸ ਦਾ ਪ੍ਰਗਟਾਵਾ ਕਰਦੀ ਜਾਪਦੀ ਹੈ। ਇਸ ਮਹੀਨੇ ਮੌਸਮ ਕਈ ਤਰ੍ਹਾਂ ਦੇ ਰੰਗ ਬਦਲਦਾ ਹੈ। ਕਦੇ ਮੀਂਹ ਪੈਣ ਨਾਲ ਰਾਹਤ ਤੇ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ, ਕਦੇ ਤੇਜ਼ ਕੜਕਦੀ ਧੁੱਪ ਪੈਂਦੀ ਹੈ ਤੇ ਕਦੇ ਹਵਾ ਇੱਕ ਦਮ ਬੰਦ ਹੋ ਜਾਂਦੀ ਹੈ। ਕਦੇ ਸਾਹ ਰੁਕਣ ਲੱਗਦਾ ਹੈ ਤੇ ਕਦੇ ਦਿਨ ਛੁਪਣ ਵੇਲੇ ਕਿਸੇ ਪਾਸਿਓਂ ਠੰਢਾ ਬੁੱਲਾ ਤਪਦੇ ਸਰੀਰਾਂ ਨੂੰ ਠਾਰ ਜਾਂਦਾ ਹੈ। ਇਸ ਮਹੀਨੇ ਜਦੋਂ ਕਦੇ ਦਿਨ ਵਿੱਚ ਇਸ ਤਰ੍ਹਾਂ ਮੌਸਮ ਚਾਰ ਵਾਰ ਬਦਲ ਜਾਵੇ ਤਾਂ ਅਜਿਹੇ ਦਿਨ ਨੂੰ ਹੀ ਚੌਮਾਸਾ ਕਹਿ ਦਿੰਦੇ ਹਨ। [1]
ਭਾਦੋਂ ਦੇ ਮਹੀਨੇ ਵਿਸ਼ੇਸ਼ ਤੌਰ ’ਤੇ ਗੁੱਗੇ ਦੀ ਪੂਜਾ ਹੁੰਦੀ ਹੈ। ਇੱਕ ਕਥਾ ਅਨੁਸਾਰ ਬੀਕਾਨੇਰ ਨੇੜੇ ਇੱਕ ਰਾਜੇ ਦੇ ਪੁੱਤਰ ਗੁੱਗਾ ਨੇ ਆਪਣੀ ਮੰਗ ਵਿਆਹੁਣ ਲਈ ਮਾਸੀ ਦੇ ਪੁੱਤਰ ਅਰਜਨ ਤੇ ਸੁਰਜਨ ਮਾਰ ਦਿੱਤੇ ਸਨ। ਇਸ ਮਗਰੋਂ ਊਸ ਦੀ ਮਾਂ ਵਿਯੋਗ ਵਿੱਚ ਚਲੇ ਜਾਂਦੀ ਹੈ। ਉਸ ਦੇ ਵਿਰਲਾਪ ਦੇਖ ਕੇ ਗੁੱਗਾ ਧਰਤੀ ਵਿੱਚ ਸਮਾ ਜਾਂਦਾ ਹੈ। ਉਹ ਨਾਗ ਦੇਵਤਾ ਦਾ ਪੁਜਾਰੀ ਸੀ। ਗੁੱਗੇ ਦੀ ਪੂਜਾ ਇੱਕ ਤਰ੍ਹਾਂ ਨਾਲ ਨਾਗ ਦੇਵਤਾ ਭਾਵ ਸੱਪਾਂ ਦੀ ਪੂਜਾ ਹੁੰਦੀ ਹੈ। ਗੁੱਗੇ ਦੀ ਪੂਜਾ ਦੌਰਾਨ ਸੇਵੀਆਂ ਬਣਦੀਆਂ ਹਨ। ਇਹ ਸੇਵੀਆਂ ਵੱਟਣ ਦੇ ਵੀ ਕਈ ਤਰੀਕੇ ਹਨ। ਆਮ ਤੌਰ ’ਤੇ ਲੋਕ ਮਸ਼ੀਨ ਨਾਲ ਸੇਵੀਆਂ ਵੱਟ ਲੈਂਦੇ ਨੇ ਪਰ ਮੱਥਾ ਟੇਕਣ ਲਈ ਇੱਕ ਕੋਰੀ ਚਾਟੀ ਮੂਧੀ ਮਾਰ ਕੇ ਊਸ ’ਤੇ ਆਟੇ ਦੀਆਂ ਸੇਵੀਆਂ ਵੱਟੀਆਂ ਜਾਂਦੀਆਂ ਹਨ। ਇੱਕ ਵਿਸ਼ੇਸ਼ ਦਿਨ ਜਿਵੇਂ ਕਿ ਨੌਵੀਂ ਅੱਠੇ ਆਦਿ ਨੂੰ ਪਿੰਡਾਂ ਵਿੱਚ ਮਾੜੀਆਂ ’ਤੇ ਮੱਥਾ ਟੇਕਿਆ ਜਾਂਦਾ ਹੈ ਤੇ ਮਿੱਟੀ ਕੱਢੀ ਜਾਂਦੀ ਹੈ। ਮਾੜੀਆਂ ਨੂੰ ਕਈ ਇਲਾਕਿਆਂ ਵਿੱਚ ਮੈੜੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਮੇਲਿਆਂ ’ਤੇ ਹੀ ਕੁਸ਼ਤੀਆਂ ਜਾਂ ਘੋਲਾਂ ਦੇ ਅਖਾੜੇ ਲੱਗਦੇ ਨੇ। ਇੱਥੋਂ ਹੀ ਪੰਜਾਬ ਦੇ ਗਾਮੇ ਤੇ ਦਾਰੇ ਪੈਦਾ ਹੁੰਦੇ ਨੇ। ਪੰਜਾਬ ਦੇ ਪਿੰਡਾਂ ਵਿੱਚ ਮਾੜੀ ’ਤੇ ਭਾਦੋਂ ਦੇ ਮਹੀਨੇ ਵਿਸ਼ੇਸ਼ ਮੇਲੇ ਲੱਗਦੇ ਨੇ। ਇਸ ਤੋਂ ਪਹਿਲਾਂ ਗੁੱਗੇ ਦੇ ਭਗਤ ਪਿੰਡਾਂ ਵਿੱਚ ਵਿਸ਼ੇਸ਼ ਛੜੀ ਘੁਮਾ ਕੇ ਗੁੱਗੇ ਦੇ ਨਾਂ ’ਤੇ ਘਰੋ-ਘਰੀ ਮੰਗਦੇ ਨੇ।
ਅੱਜ ਵਾਂਗ ਪਹਿਲਾਂ ਮਸ਼ੀਨਾਂ ਨਾਲ ਖੇਤੀ ਨਹੀਂ ਸੀ ਹੁੰਦੀ ਤੇ ਨਾ ਹੀ ਕੋਈ ਪਾਣੀ ਦਾ ਬਹੁਤਾ ਪ੍ਰਬੰਧ ਸੀ। ਖੇਤੀ ਮੀਂਹ ਦੇ ਪਾਣੀ ਉੱਤੇ ਨਿਰਭਰ ਸੀ। ਚੰਗਾ ਮੀਂਹ ਪੈ ਜਾਂਦਾ ਤਾਂ ਖੇਤੀ ਚੰਗੀ ਹੋ ਜਾਂਦੀ ਅਤੇ ਜੇ ਜ਼ਿਆਦਾ ਮੀਂਹ ਪੈ ਜਾਂਦਾ ਤਾਂ ਫ਼ਸਲ ਮਰ ਵੀ ਜਾਂਦੀ ਸੀ। ਜੱਟ ਦਸਾਂ ਨਹੁੰਆਂ ਦੀ ਕਿਰਤ ਕਰਦਾ ਸੀ। ਅੱਜ ਵਾਂਗ ਫ਼ਸਲਾਂ ਦੇ ਚੰਗੇ ਝਾੜ ਵੀ ਨਹੀਂ ਸੀ ਨਿਕਲਦੇ। ਸਾਉਣੀ ਦੀਆਂ ਮੁੱਖ ਫ਼ਸਲਾਂ ਬਾਜਰਾ, ਗੁਆਰ, ਜਵਾਰ, ਕਪਾਹ, ਕਮਾਦ ਆਦਿ ਹੁੰਦੀਆਂ ਸਨ ਤੇ ਹਾੜੀ ਦੀਆਂ ਫ਼ਸਲਾਂ ’ਚ ਕਣਕ, ਜੌਂ, ਸਰੋਂ੍ਹ, ਤੋੜੀਆਂ, ਛੋਲੇ ਆਦਿ ਫ਼ਸਲਾਂ ਹੁੰਦੀਆਂ ਸਨ। ਜੱਟ ਦਿਨ ਭਰ ਆਪਣੇ ਖੇਤ ’ਚ ਮਿਹਨਤ ਕਰਦਾ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਸਾਉਣ ਦਾ ਮਹੀਨਾ ਜਿਸ ਨੂੰ ਪਿਆਰ ਦਾ ਮਹੀਨਾ ਵੀ ਕਿਹਾ ਜਾਂਦਾ ਹੈ, ਦੇ ਸ਼ੁਰੂ ਹੁੰਦਿਆਂ ਹੀ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਸਨ। ਮੀਂਹ ਦੀਆਂ ਉਸ ਸਮੇਂ ਝੜੀਆਂ ਲੱਗਦੀਆਂ ਸਨ । ਕਈ-ਕਈ ਦਿਨ ਮੀਂਹ ਨਾ ਹਟਦਾ। ਚੁੱਲੇ੍ਹ ਦਾ ਬਾਲਣ ਵੀ ਸਿੱਲਾ ਹੋ ਜਾਂਦਾ। ਖੇਤਾਂ ’ਚ ਕੋਈ ਕੰਮ ਨਾ ਹੁੰਦਾ। ਹਰ ਪਾਸੇ ਜਲਥਲ ਹੋਇਆ ਰਹਿੰਦਾ। ਘਰਾਂ ਦੀਆਂ ਛੱਤਾਂ ਵੀ ਚੋਣ ਲੱਗ ਜਾਂਦੀਆਂ। ਪਸ਼ੂਆਂ ਦਾ ਹਰਾ ਚਾਰਾ ਲਿਆਉਣ ਜਾਂ ਪਸ਼ੂਆਂ ਨੂੰ ਚਰਾਦਾਂ ’ਚ ਲਿਜਾਣ ਲਈ ਵੀ ਮੁਸੀਬਤ ਖੜ੍ਹੀ ਹੋ ਜਾਂਦੀ ਸੀ। ਮੌਸਮ ’ਚ ਨਮੀ ਇਸ ਕਦਰ ਆ ਜਾਂਦੀ ਕਿ ਸੁੱਕੇ ਪਏ ਘਾਹ ਦੀਆਂ ਵੀ ਕਰੂੰਬਲਾਂ ਫੁੱਟਣ ਲੱਗ ਪੈਂਦੀਆਂ। ਹਰ ਪਾਸੇ ਹਰਿਆਲੀ ਨੇ ਆਪਣੀ ਚਾਦਰ ਤਾਣ ਰੱਖੀ ਹੁੰਦੀ ਸੀ। ਮੀਂਹ ਦੀਆਂ ਲੰਮੀਆਂ ਝੜੀਆਂ ਲੱਗਣ ਕਾਰਨ ਆਮ ਜਨ-ਜੀਵਨ ਬਹੁਤ ਪ੍ਰਭਾਵਿਤ ਹੁੰਦਾ ਸੀ। ਜਿਉਂ ਹੀ ਸਾਉਣ ਦਾ ਮਹੀਨਾ ਲੰਘ ਜਾਂਦਾ, ਮੀਂਹ ਪੈਣੇ ਬੰਦ ਹੋ ਜਾਂਦੇ। ਭਾਦੋਂ ਦੀ ਚਿੱਟੀ ਧੁੱਪ ਖਿੜਦੀ। ਭਾਦੋਂ ਦੇ ਮਹੀਨੇ ਜੱਟ ਆਪਣੇ ਖੇਤਾਂ ਵੱਲ ਮੋੜਾ ਪਾਉਂਦਾ। ਫ਼ਸਲ ਕਿਤੇ ਨਜ਼ਰ ਨਾ ਆਉਂਦੀ ਸਗੋਂ ਫ਼ਸਲ ਨਾਲੋਂ ਕੱਖ-ਨਦੀਨ ਵੱਡੇ ਦਿਖਾਈ ਦਿੰਦੇ। ਇਸ ਮਹੀਨੇ ਹਵਾ ’ਚ ਨਮੀ ਦੇ ਆ ਜਾਣ ਕਾਰਨ ਹੁੰਮਸ ਭਰੀ ਗਰਮੀ ਪੈਂਦੀ ਹੈ, ਜਿਸ ਕਾਰਨ ਸਰੀਰ ਦਾ ਮੁੜ੍ਹਕਾ ਨਹੀਂ ਸੁੱਕਦਾ। ਭਾਦੋਂ ਦੇ ਮਹੀਨੇ ਨੂੰ ਭੜਦਾਹ ਦੇ ਮਹੀਨੇ ਨਾਲ ਵੀ ਜਾਣਿਆ ਜਾਂਦਾ ਹੈ। ਉਹ ਮਿਹਨਤੀ ਕਿਸਾਨ / ਜੱਟ ਸਵੇਰੇ ਕੁੱਕੜ ਦੀ ਬਾਂਗ ਨਾਲ ਜਲਦੀ ਉੱਠਦਾ। ਦੇਰ ਰਾਤ ਤਕ ਖੇਤਾਂ ’ਚ ਕੰਮ ਕਰਦੇ ਦਾ ਮੁੜ੍ਹਕਾ ਭਾਦੋਂ ਦੀ ਭੜਦਾਹ ’ਚ ਧਰਤੀ ਦੇ ਸੀਨੇ ਉੱਤੇ ਬੂੰਦ-ਬੂੰਦ ਕਰ ਕੇ ਡਿੱਗਦਾ। ਹੁੰਮਸ ਭਰੀ ਗਰਮੀ ’ਚ ਉਹ ਕਿਰਤੀ ਜੱਟ ਆਪਣੇ ਖੇਤਾਂ ’ਚ ਬੇਤਹਾਸ਼ਾ ਮਿਹਨਤ ਕਰਦਾ। ਫ਼ਸਲ ਨੂੰ ਸਾਂਭਣ ਲਈ ਉਹ ਇਕ ਤਰ੍ਹਾਂ ਘਰ ਦਾ ਤਿਆਗ ਕਰ ਦਿੰਦਾ । ਸਾਰੀ ਦੁਨੀਆ ਨੂੰ ਭੁੱਲ ਕੇ ਆਪਣੀ ਫ਼ਸਲ ਨੂੰ ਸੰਭਾਲਣ ਲਈ ਉਹ ਦਿਨ- ਰਾਤ ਇਕ ਕਰ ਦਿੰਦਾ। ਪਿੰਡਾਂ ਦੀਆਂ ਸੱਥਾਂ ਖ਼ਾਲੀ ਹੋ ਜਾਂਦੀਆਂ ਤੇ ਸੁੰਨ ਪੱਸਰ ਜਾਂਦੀ। ਕੋਈ ਦਿਖਾਈ ਨਾ ਦਿੰਦਾ। ਸੁਆਣੀਆਂ ਮੀਂਹ ਪੈਣ ਤੋਂ ਬਾਅਦ ਕੱਚੇ ਘਰਾਂ ਨੂੰ ਸੰਵਾਰਨ ਲੱਗ ਜਾਂਦੀਆਂ। ਭਾਦੋਂ ਦੇ ਮਹੀਨੇ ’ਚ ਕੀਤੀ ਜੱਟ ਦੀ ਮਿਹਨਤ ਕਿਸੇ ਸਾਧ ਦੀ ਤਪੱਸਿਆ ਤੋਂ ਵੱਧ ਸੀ। ਇਸ ਲਈ ਕਿਹਾ ਗਿਆ, ‘ਭਾਦੋਂ ਦਾ ਸਤਾਇਆ ਜੱਟ ਸਾਧ ਹੋ ਗਿਆ।’
ਭਾਦੋਂ ਦੀ ਧੁੱਪ ਦਾ ਇਕ ਕਿੱਸਾ ਹੋਰ ਵੀ ਪ੍ਰਸਿੱਧ ਹੈ। ਭਾਦੋਂ ਦੀ ਤਿੜਕੀ, ਮਤਰੇਈ ਦੀ ਝਿੜਕੀ। ਭਾਦੋਂ ਦੀ ਤਿੜਕੀ ਭਾਵ ਇਸੇ ਮਹੀਨੇ ਵਿਚ ਬਹੁਤ ਤੇਜ਼ ਖੱਟੇ-ਖੱਟੇ ਰੰਗ ਦੀ ਧੁੱਪ ਨਿਕਲਦੀ ਹੈ। ਜਿਵੇਂ ਕੋਈ ਚੀਜ਼ ਇਕਦਮ ਤਿੜਕ ਜਾਂਦੀ ਹੈ ਉਸੇ ਤਰ੍ਹਾਂ ਇਕਦਮ ਤੇਜ਼ ਧੁੱਪ ਆਉਂਦੀ ਹੈ। ਭਾਦੋਂ ਦੀ ਤਿੜਕੀ ਧੁੱਪ ਜਿਵੇਂ ਪ੍ਰੇਸ਼ਾਨ ਕਰਦੀ ਹੈ ਉਸੇ ਤਰ੍ਹਾਂ ਮਤਰੇਈ ਮਾਂ ਜਦੋਂ ਬੱਚਿਆਂ ਨੂੰ ਝਿੜਕਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਮਤਰੇਈ ਮਾਂ ਅਤੇ ਅਸਲ ਮਾਂ ਦੀ ਝਿੜਕ ਵਿਚ ਬਹੁਤ ਫ਼ਰਕ ਰਹਿੰਦਾ ਹੈ। ਉਹ ਗਿਣਤੀ ਦੀਆਂ ਮਤਰੇਈਆਂ ਮਾਵਾਂ ਹੁੰਦੀਆਂ ਹਨ ਜੋ ਅਸਲ ਮਾਂ ਦਾ ਪਿਆਰ ਦਿੰਦੀਆਂ ਹਨ।
ਇਸ ਮਹੀਨੇ ਲੱਗਦੇ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੈ। ਭਾਦੋਂ ਦੇ ਮਹੀਨੇ ਛਪਾਰ ਦਾ ਮੇਲਾ ਲੱਗਦਾ ਹੈ। ਛਪਾਰ ਦਾ ਮੇਲਾ ਪੰਜਾਬ ਦੇ ਸਮੂਹ ਮੇਲਿਆਂ ਵਿਚੋਂ ਵਿਲੱਖਣ ਮੇਲਾ ਹੈ। ਇਸ ਮੇਲੇ ਦਾ ਮੁੱਖ ਉਦੇਸ਼ ਗੁੱਗੇ ਦੀ ਪੂਜਾ ਅਰਚਨਾ ਕਰਨਾ ਮੰਨਿਆ ਗਿਆ ਹੈ। ਭਾਦੋਂ ਦੇ ਮਹੀਨੇ ’ਚ ਇਹ ਮੇਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ’ਚ ਪੈਂਦੇ ਪਿੰਡ ਛਪਾਰ ਵਿਖੇ ਹਰ ਸਾਲ ਭਾਦੋਂ ਮਹੀਨੇ ਦੀ ਚਾਨਣੀ-ਚੌਦਸ ਨੂੰ ਗੁੱਗੇ ਮਾੜੀ ਉੱਪਰ ਲੱਗਦਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.