From Wikipedia, the free encyclopedia
ਜ਼ੋਰਾਵਰ ਸਿੰਘ (17 ਨਵੰਬਰ 1696 – 5 ਜਾਂ 6 ਦਸੰਬਰ 1705[1]), ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਜਿਹਨਾਂ ਨੂੰ ਸਰਹਿੰਦ ਦੇ ਮੁਗਲ ਗਵਰਨਰ ਵਜ਼ੀਰ ਖਾਨ ਦੇ ਦਰਬਾਰ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਸੀ।[2]
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ | |
---|---|
ਸਿਰਲੇਖ | ਸਾਹਿਬਜ਼ਾਦਾ |
ਨਿੱਜੀ | |
ਜਨਮ | 17 ਨਵੰਬਰ 1696 ਆਨੰਦਪੁਰ, ਭਾਰਤ |
ਮਰਗ | 5 ਜਾਂ 6 ਦਸੰਬਰ 1705 ਫ਼ਤਹਿਗੜ੍ਹ ਸਾਹਿਬ, ਭਾਰਤ |
ਧਰਮ | ਸਿੱਖ ਧਰਮ |
ਮਾਤਾ-ਪਿਤਾ | ਗੁਰੂ ਗੋਬਿੰਦ ਸਿੰਘ, ਮਾਤਾ ਜੀਤੋ |
Relatives | ਸਾਹਿਬਜ਼ਾਦਾ ਅਜੀਤ ਸਿੰਘ (ਭਰਾ)
ਸਾਹਿਬਜ਼ਾਦਾ ਜੁਝਾਰ ਸਿੰਘ (ਭਰਾ) ਸਾਹਿਬਜ਼ਾਦਾ ਫ਼ਤਿਹ ਸਿੰਘ (ਭਰਾ) |
ਕਲਗੀਧਰ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ ਜੀ-ਜਨਮ ਪਾਉਂਟਾ ਸਾਹਿਬ ਸੰਨ 1686, ਬਾਬਾ ਜੁਝਾਰ ਸਿੰਘ ਜੀ-ਜਨਮ ਅਨੰਦਪੁਰ ਸਾਹਿਬ ਸੰਨ 1690, ਬਾਬਾ ਜੋਰਾਵਰ ਸਿੰਘ ਜੀ-ਜਨਮ ਅਨੰਦਪੁਰ ਸਾਹਿਬ ਸੰਨ 1696, ਬਾਬਾ ਫਤਹਿ ਸਿੰਘ ਜੀ-ਜਨਮ ਅਨੰਦਪੁਰ ਸਾਹਿਬ ਸੰਨ 1698।
22 ਦਸੰਬਰ ਸੰਨ 1705[3] ਨੂੰ ਦੋਵੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ `ਚ ਸ਼ਹੀਦ ਹੋਏ ਉਸ ਸਮੇਂ ਉਹਨਾਂ ਦੀ ਉਮਰ ਲਗਭਗ 18 `ਤੇ 14 ਸਾਲ ਸੀ। ਦੋਵੇਂ ਛੋਟੇ ਸਾਹਿਬਜ਼ਾਦੇ, ਕੇਵਲ ਚਾਰ ਦਿਨਾਂ ਬਾਅਦ 26 ਦਸੰਬਰ ਸੰਨ 1705 ਨਵਾਬ ਸਰਹੰਦ, ਵਜ਼ੀਦੇ ਦੇ ਜ਼ਾਲਮਾਨਾ ਹੁਕਮ ਨਾਲ ਜੀਉਂਦੇ ਜੀਅ ਨੀਹਾਂ `ਚ ਚਿਣਵਾ ਦਿੱਤੇ ਗਏ। ਉਸ ਸਮੇਂ ਉਹਨਾਂ ਦੀ ਉਮਰ 6 `ਤੇ 8 ਸਾਲ ਸੀ।
20 ਅਤੇ 21 ਦਸੰਬਰ ਸੰਨ 1705 [3]ਦੀ ਰਾਤ ਦਸਵੇਂ ਗੁਰੂ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਹਾਕਮਾਂ ਨੇ ਗਊ-ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ-ਵਾਇਦੇ ਭੁੱਲ ਕੇ ਪਿਛੋਂ ਭਿਅੰਕਰ ਹਮਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ। ਸਰਸਾ ਨਦੀ ਤੇ ਜੰਗ ਹੋਈ। ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ ’ਚ ਵੰਡਿਆ। ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਭਾਈ ਊਦੈ ਸਿੰਘ ਨੇ ਜੰਗ ਦੀ ਕਮਾਨ ਸੰਭਾਲੀ। ਘਮਾਸਾਨ ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ। ਇੱਥੇ ਦਸਵੇਂ ਪਾਤਸ਼ਾਹ ਦਾ ਪਰਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਵਿਛੜ ਗਏ। ਉਸ ਯਾਦ ਵਿੱਚ ਇੱਥੇ ਗੁਰਦੁਆਰਾ “ਪਰਵਾਰ ਵਿਛੋੜਾ” ਕਾਇਮ ਹੈ।
ਪਾਤਸ਼ਾਹ ਤੋਂ ਵਿਛੜ ਮਾਤਾ ਸੁੰਦਰ ਕੋਰ (ਜੀਤੋ ਜੀ) ਭਾਈ ਮਨੀ ਸਿੰਘ ਨਾਲ਼ ਦਿੱਲੀ ਨੂੰ ਆ ਗਏ। ਮਾਤਾ ਗੂਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ਼, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ। ਇਹਨਾਂ ਦਾ ਰਸੋਈਆਂ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ਤੇ ਪੈਂਦਾ ਸੀ। ਅਨੰਦਪੁਰ ਸਾਹਿਬ ਤੋਂ ਚਲਣ ਸਮੇਂ ਗੁਰੂ ਗੋਬਿੰਦ ਸਿੰਘ ਦੇ ਨਾਲ਼ ਡੇਢ ਕੁ ਹਜ਼ਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸ਼ਹੀਦ ਹੋ ਗਏ ਅਤੇ ਕੁੱਝ ਨਦੀ ’ਚ ਰੁੜ ਜਾਣ ਕਾਰਨ ਵਿਛੱੜ ਗਏ। ਸਰਸਾ ਨਦੀ ਪਾਰ ਕਰਨ ਤੇ ਦਸਵੇਂ ਗੁਰੂ ਨਾਲ਼ ਚਾਲ਼ੀ ਦੇ ਕਰੀਬ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ।
ਗੁਰਦੇਵ ਨੇ ਚਮਕੌਰ ਦੀ ਕੱਚੀ ਗੜ੍ਹੀ `ਚ ਆਪਣੇ ਆਪ ਨੂੰ ਮੋਰਚਾਬੰਦ ਕਰ ਲਿਆ। ਇਹ ਗੜ੍ਹੀ ਗੁਰੂ ਕੇ ਸਿੱਖ, ਭਾਈ ਬੁੱਧੀ ਚੰਦ ਦੀ ਸੀ। ਵੈਰੀਆਂ ਨੇ ਲੱਖਾਂ ਦੀ ਗਿਣਤੀ `ਚ ਗੜ੍ਹੀ ਨੂੰ ਘੇਰਾ ਪਾ ਲਿਆ। ਦੂਜੇ ਦਿਨ ਸੰਸਾਰ ਦੇ ਇਤਿਹਾਸ ਦੀ ਸਭ ਤੋਂ ਵੱਧ ਬੇਜੋੜ `ਤੇ ਭਿੰਅਕਰ ਜੰਗ ਹੋਈ। ਵੱਡੇ ਵੱਡੇ ਜਰਨੈਲਾਂ ਸਮੇਤ ਵੈਰੀ ਦਲ ਦੇ ਬੇਅੰਤ ਜੁਆਨ ਮਾਰੇ ਗਏ। ਵੀਹ ਦੇ ਕਰੀਬ ਸਿੰਘ ਵੀ ਸ਼ਹੀਦੀਆਂ ਪਾ ਗਏ। ਇਸੇ ਹੀ ਜੰਗ `ਚ ਸੈਂਕੜੇ ਵੈਰੀਆਂ ਦੇ ਆਹੂ ਲਾਹ ਕੇ ਪਹਿਲਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਫ਼ਿਰ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦੀ ਨੂੰ ਪ੍ਰਾਪਤ ਹੋਏ। ਉਸ ਯਾਦ `ਚ ਇੱਥੇ ਗਰਦੁਆਰਾ ‘ਕਤੱਲ ਗੱੜ੍ਹ ਸਾਹਿਬ’ ਮੌਜੂਦ ਹੈ। ਗੁਰਦੇਵ ਵੀ, ਪੰਥ ਦਾ ਫ਼ੈਸਲਾ ਮੰਨ ਕੇ, ਅੱਧੀ ਰਾਤ ਦੇ ਵੱਕਤ ਭਾਈ ਦਇਆ ਸਿੰਘ, ਧਰਮ ਸਿੰਘ `ਤੇ ਭਾਈ ਮਾਨ ਸਿੰਘ ਨਾਲ ਵੈਰੀ ਦਲਾਂ ਨੂੰ ਚੀਰਦੇ ਗੜ੍ਹੀ ਚੋਂ ਨਿਕਲ ਗਏ। ਜਾਣ ਤੋਂ ਪਹਿਲਾਂ ਗੁਰਦੇਵ ਨੇ ਵੈਰੀ ਨੂੰ ਤਾੜੀ ਮਾਰ ਕੇ ਸੁਚੇਤ ਕੀਤਾ ਤੇ ਐਲਾਨਿਆ “ਫੱੜ ਲੋ-ਫੜ ਲੋ ਸਿੱਖਾਂ ਦਾ ਗੁਰੂ ਜਾ ਰਿਹਾ ਹੈ” ਉਸ ਯਾਦ `ਚ ਇੱਥੇ ਗੁਰਦੁਆਰਾ ‘ਤਾੜੀ ਸਾਹਿਬ’ ਮੌਜੂਦ ਹੈ। ਅਰੰਭ ਤੋਂ ਹੀ ਦੁਸ਼ਮਣ ਦਾ ਇਕੋ-ਇਕ ਨਿਸ਼ਾਨਾ ਸੀ ਦਸਮੇਸ਼ ਜੀ ਨੂੰ ਸ਼ਹੀਦ ਕਰਣਾ ਜਾਂ ਜੀਉਂਦੇ ਜੀਅ ਗ੍ਰਿਫ਼ਤਾਰ ਕਰਣਾ। ਵੈਰੀ ਨੇ ਇਸ ਗੱਲੋਂ ਅਨੰਦਪੁਰ ਸਾਹਿਬ, ਸਰਸਾ ਨਦੀ ਤੇ ਫ਼ਿਰ ਚਮਕੌਰ ਦੀ ਜੰਗ `ਚ ਵੀ ਮੂੰਹ ਦੀ ਹੀ ਖਾਧੀ।
ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ, ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਸੀ, ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ। ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਦੀ ਥੈਲੀ ਚੋਰੀ ਕੀਤੀ ਫਿਰ ਹੋਰ ਇਨਾਮ ਦੇ ਲਾਲਚ ਵਿੱਚ ਸੂਬਾ ਸਰਹੰਦ ਨੂੰ ਇਤਲਾਹ ਦੇ ਦਿੱਤੀ। ਦਿਨ ਚੜ੍ਹਦੇ ਤਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਵਜ਼ੀਦ ਦੀ ਕਚਹਿਰੀ ’ਚ ਪੇਸ਼ ਕੀਤਾ ਗਿਆ। ਮਾਤਾ ਗੁਜਰ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸੇ ਦੁੱਧ ਪਹੁੰਚਾਇਆ। ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਕਚਿਹਰੀ ਵਿੱਚ ਪੇਸ਼ ਕਰ ਕੇ ਇਸਲਾਮ ਕਬੂਲ ਕਰਾਉਣ ਲਈ ਕਈ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ। ਸੂਬੇ ਦਾ ਉਹਨਾਂ ਦੀ ਮਾਸੂਮੀਅਤ ਉੱਪਰ ਦਿਲ ਪਸੀਜਿਆ ਵੇਖ ਕਾਜ਼ੀ ਨੇ ਵੀ ਕਿਹਾ ਕਿ ਇਸਲਾਮ ਬੱਚਿਆਂ ’ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਹਨਾਂ ਨੂੰ “ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ” ਦਸਦਿਆਂ ਸਖ਼ਤ ਸਜ਼ਾ ਦੀ ਗੱਲ ਕਹੀ ਅਤੇ ਅਖ਼ੀਰ ਫ਼ਤਵਾ ਆਇਦ ਕਰ ਕੇ ਵਜ਼ੀਦੇ ਦੇ ਹੁਕਮ ਨਾਲ਼ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਦੀਵਾਰ ਦੇ ਢਹਿ ਜਾਣ ਤੇ ਉਹਨਾਂ ਦੇ ਸਿਰ ਤਲਵਾਰ ਨਾਲ਼ ਧੱੜਾਂ ਤੋਂ ਜੁੱਦਾ ਕਰ ਦਿੱਤੇ।
ਇਸ ਜ਼ੁਲਮੀ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੱਮਦ ਖਾਂ ਨੇ ਉੱਠ ਕੇ ‘ਹਾ’ ਦਾ ਨਾਹਰਾ ਮਾਰਿਆ। ਸ਼ਹਾਦਤ ਤੋਂ ਬਾਅਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਤਾਂ ਨਵਾਬ ਟੋਡਰਮਲ ਨੇ ਜ਼ਮੀਨ ਤੇ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉਥੇ ਅੱਜ “ਗੁਰਦੁਆਰਾ ਜੋਤੀ ਸਰੂਪ” ਮੌਜੂਦ ਹੈ। ਜ਼ਾਲਮਾ ਨੇ ਬਜ਼ੁਰਗ ਮਾਤਾ ਗੁਜਰੀ ਜੀ ਨੂੰ ਵੀ ਠੰਡੇ ਬੁਰਜ ਤੋਂ ਧੱਕਾ ਦੇ ਕੇ, ਸ਼ਹੀਦ ਕਰ ਦਿੱਤਾ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਮੌਕਿਆਂ 'ਤੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ, ਖਾਸ ਤੌਰ 'ਤੇ ਵੀਰ ਬਾਲ ਦਿਵਸ (ਬਹਾਦਰ ਬੱਚਿਆਂ ਦੇ ਦਿਨ) 'ਤੇ। ਵੀਰ ਬਾਲ ਦਿਵਸ ਚਾਰ ਸਾਹਿਬਜ਼ਾਦੇ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਦੁਨੀਆ ਭਰ ਦੇ ਸਿੱਖਾਂ ਵਿੱਚ ਬਹੁਤ ਯਾਦ ਕੀਤਾ ਜਾਂਦਾ ਹੈ।[4]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.