ਦਿੱਲੀ ਸਲਤਨਤ ਦਾ 13ਵਾਂ ਸੁਲਤਾਨ From Wikipedia, the free encyclopedia
ਅਲਾਉੱਦੀਨ ਖ਼ਿਲਜੀ ਦਿੱਲੀ ਸਲਤਨਤ ਦੇ ਖ਼ਿਲਜੀ ਵੰਸ਼ ਦਾ ਦੂਜਾ ਸ਼ਾਸਕ ਸੀ। ਉਹ ਇੱਕ ਜੇਤੂ ਸੀ ਅਤੇ ਉਸਨੇ ਆਪਣਾ ਸਾਮਰਾਜ ਦੱਖਣ ਵਿੱਚ ਮਦੁਰਈ ਤੱਕ ਫੈਲਾ ਰੱਖਿਆ ਸੀ। ਇਸ ਤੋਂ ਬਾਅਦ ਇੰਨਾ ਸਾਮਰਾਜ ਅਗਲੇ ਤਿੰਨ ਸੌ ਸਾਲਾਂ ਤੱਕ ਕੋਈ ਵੀ ਸ਼ਾਸਕ ਸਥਾਪਤ ਨਹੀਂ ਕਰ ਸਕਿਆ। ਉਹ ਆਪਣੇ ਚਿਤੌੜਗੜ੍ਹ ਦੇ ਫਤਹਿ ਅਭਿਆਨ ਦੇ ਬਾਰੇ ਵਿੱਚ ਵੀ ਪ੍ਰਸਿੱਧ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਅਵਧੀ ਵਿੱਚ ਮਲਿਕ ਮੁਹੰਮਦ ਜਾਇਸੀ ਦੁਆਰਾ ਲਿਖੇ ਪਦਮਾਵਤ ਵਿੱਚ ਵਰਣਿਤ ਰਾਣੀ ਪਦਮਾਵਤੀ ਦੀ ਸੁੰਦਰਤਾ ਉੱਤੇ ਮੋਹਿਤ ਸੀ। ਉਹ ਭਾਰਤੀ ਇਤਿਹਾਸ ਵਿੱਚ ਆਪਣੀਆਂ ਭਾਰਤੀ ਇਲਾਕਿਆਂ ਉੱਪਰ ਜਿੱਤਾਂ, ਮੰਗੋਲ ਹਮਲਵਰਾਂ ਨੂੰ ਹਰਾਉਣ, ਬਾਜ਼ਾਰ ਪ੍ਰਣਾਲੀ, ਆਰਥਿਕ ਪ੍ਰਬੰਧ ਅਤੇ ਪ੍ਰਸ਼ਾਸਨਿਕ ਕੰਮਾਂ ਲਈ ਜਾਣਿਆ ਜਾਂਦਾ ਹੈ।
ਅਲਾਉੱਦੀਨ ਖ਼ਿਲਜੀ | |
---|---|
ਸੁਲਤਾਨ ਸਿਕੰਦਰ-ਏ-ਸਾਹਨੀ (ਅਲੈਗਜੈਂਡਰ ਦੂਜਾ) | |
13ਵਾਂ ਦਿੱਲੀ ਦਾ ਸੁਲਤਾਨ | |
ਸ਼ਾਸਨ ਕਾਲ | 19 ਜੁਲਾਈ 1296–4 ਜਨਵਰੀ 1316 |
ਤਾਜਪੋਸ਼ੀ | 21 ਅਕਤੂਬਰ 1296 |
ਪੂਰਵ-ਅਧਿਕਾਰੀ | ਜਲਾਲ ਉੱਦ-ਦੀਨ ਖਿਲਜੀ |
ਵਾਰਸ | ਸ਼ਿਹਾਬੁਦੀਨ ਓਮਾਰ ਖ਼ਿਲਜੀ |
ਅਵਧ ਦਾ ਗਵਰਨਰ | |
ਕਾਰਜਕਾਲ | 1296 – 19 ਜੁਲਾਈ 1296 |
ਕਰਾ ਦਾ ਗਵਰਨਰ | |
ਕਾਰਜਕਾਲ | 1266 – 1316 |
ਜਨਮ | ਅਲੀ ਗੁਰਸ਼ਸ਼ਪ 1266 ਕਲਤੀ ਘਿਲਜੀ(ਕਲਤੀ ਖ਼ਿਲਜੀ), ਅਫ਼ਗ਼ਾਨਿਸਤਾਨ)[1] |
ਮੌਤ | 4 ਜਨਵਰੀ 1316 (ਉਮਰ 50) ਦਿੱਲੀ |
ਦਫ਼ਨ | ਦਿੱਲੀ[2] |
ਜੀਵਨ-ਸਾਥੀ |
|
ਔਲਾਦ |
|
ਘਰਾਣਾ | ਖ਼ਿਲਜੀ ਵੰਸ਼ |
ਪਿਤਾ | ਸ਼ਿਹਾਬੁਦੀਨ ਮਸੂਦ (ਜਲਾਲ ਉੱਦ-ਦੀਨ ਖਿਲਜੀ ਦਾ ਭਰਾ) |
ਧਰਮ | ਸੁੰਨੀ ਇਸਲਾਮ |
ਉਸ ਦੇ ਸਮੇਂ ਵਿੱਚ ਪੂਰਬ ਵਲੋਂ ਮੰਗੋਲ ਹਮਲੇ ਵੀ ਹੋਏ। ਉਸਨੇ ਉਹਨਾਂ ਦਾ ਵੀ ਡਟਕੇ ਸਾਹਮਣਾ ਕੀਤਾ।
ਅਲਾਉੱਦੀਨ ਖ਼ਿਲਜੀ ਦਾ ਮੁੱਢਲਾ ਨਾਂ ਅਲੀ ਗੁਰਸ਼ਸਪ ਸੀ। ਉਸਦੇ ਪਿਤਾ ਦਾ ਨਾਂ ਸ਼ਿਹਾਬੁਦੀਨ ਮਸੂਦ ਖ਼ਿਲਜੀ ਸੀ ਜੋ ਜਲਾਲ ਉੱਦ-ਦੀਨ ਖ਼ਿਲਜੀ ਦਾ ਵੱਡਾ ਭਰਾ ਸੀ। ਅਲਾਉੱਦੀਨ ਖ਼ਲਜੀ, ਜਲਾਲਉੱਦੀਨ ਖ਼ਲਜੀ ਦਾ ਭਤੀਜਾ ਅਤੇ ਜਵਾਈ ਸੀ। ਅਲਾਉੱਦੀਨ ਖ਼ਿਲਜੀ ਦੀ ਜਨਮ ਮਿਤੀ ਬਾਰੇ ਨਿਸ਼ਚਿਤ ਰੂਪ ਵਿੱਚ ਕੁੱਝ ਨਹੀਂ ਕਿਹਾ ਜਾ ਸਕਦਾ ਪਰੰਤੂ ਇਹ ਜ਼ਰੂਰ ਪਤਾ ਲਗਦਾ ਹੈ ਕਿ ਅਲੀ ਗੁਰਸ਼ਸਪ ਅਜੇ ਛੋਟੀ ਉਮਰ ਦਾ ਹੀ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਗਈ। ਇਸ ਲਈ ਉਸਦਾ ਪਾਲਣ-ਪੋਸ਼ਣ ਉਸਦੇ ਚਾਚੇ ਜਲਾਲਉੱਦੀਨ ਨੇ ਕੀਤਾ। ਉਸਨੂੰ ਪੜ੍ਹਣ-ਲਿਖਣ ਵਿੱਚ ਕੋਈ ਰੁਚੀ ਨਹੀਂ ਸੀ ਜਿਸ ਕਰਕੇ ਉਹ ਜੀਵਨ ਭਰ ਅਨਪੜ੍ਹ ਹੀ ਰਿਹਾ। ਪਰੰਤੂ ਉਸਨੇ ਅਸ਼ਤਰ-ਸ਼ਸਤਰ ਚਲਾਉਣ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ ਅਤੇ ਵੱਡਾ ਹੋਣ ਤੇ ਇੱਕ ਸੂਰਵੀਰ ਯੋਧਾ ਬਣਿਆ। ਜਲਾਲਉੱਦੀਨ ਨੇ ਆਪਣੀ ਇੱਕ ਪੁੱਤਰੀ ਦਾ ਵਿਆਹ ਅਲੀ ਗੁਰਸ਼ਸਪ ਨਾਲ ਕਰ ਦਿੱਤਾ।
ਅਲਾਉੱਦੀਨ ਖ਼ਿਲਜੀ 1296ਈ. ਤੋਂ 1316 ਈ. ਤੱਕ ਰਾਜਗੱਦੀ 'ਤੇ ਬੈਠਾ। ਉੱਚੇ ਮਨਸੂਬਿਆਂ ਵਾਲਾ ਸ਼ਾਸਕ ਹੁੰਦੇ ਹੋਏ, ਉਸਨੇ ਆਪਣੀ ਰਾਜਗੱਦੀ ਨੂੰ ਸੁਰੱਖਿਅਤ ਕਰਨ ਪਿੱਛੋਂ ਆਪਣੇ ਚਾਰ ਪ੍ਰਸਿੱਧ ਸੈਨਾਪਤੀਆਂ ਉਲਗ ਖਾਂ,ਨੁਸਰਤ ਖਾਂ,ਜ਼ਫਰ ਖਾਂ ਅਤੇ ਅਲਪ ਖਾਂ ਦੀ ਸਹਾਇਤਾ ਨਾਲ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦੀ ਸੋਚੀ।
ਸਭ ਤੋਂ ਪਹਿਲਾਂ ਅਲਾਉੱਦੀਨ ਖ਼ਿਲਜੀ ਨੇ ਗੁਜਰਾਤ ਉੱਤੇ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ। 1299 ਈ. ਵਿੱਚ ਉਸਨੇ ਆਪਣੇ ਪ੍ਰਸਿੱਧ ਸੈਨਾਪਤੀਆਂ ਉਲੂਗ ਖਾਂ ਅਤੇ ਨੁਸਰਤ ਖਾਂ ਦੀ ਅਗਵਾਈ ਹੇਠ ਇਸ ਪ੍ਰਦੇਸ਼ ਨੂੰ ਫਤਿਹ ਕਰਨ ਲਈ ਵਿਸ਼ਾਲ ਸੈਨਾ ਭੇਜੀ। ਉਸ ਸਮੇਂ ਗੁਜਰਾਤ ਦਾ ਰਾਜਾ ਕਰਣ ਦੇਵ ਸੀ। ਉਸ ਵਿੱਚ ਦੁਸ਼ਮਣਾਂ ਦਾ ਸਾਹਮਣਾ ਕਰਨ ਦਾ ਸਾਹਸ ਨਹੀਂ ਸੀ ਅਤੇ ਉਹ ਆਪਣੀ ਪੁੱਤਰੀ ਦੇਵਲ ਦੇਵੀ ਨਾਲ ਰਾਜਧਾਨੀ ਅਨਹਿਲਵਾੜਾ ਨੂੰ ਛੱਡ ਕੇ ਦੱਖਣ ਵੱਲ ਭੱਜ ਗਿਆ। ਉਸਨੇ ਦੇਵਗਿਰੀ ਦੇ ਰਾਜੇ ਰਾਮ ਚੰਦਰ ਕੋਲ ਸ਼ਰਨ ਲਈ। ਅਨਹਿਲਵਾੜਾ ਵਿਖੇ ਹਮਲਾਵਾਰਾਂ ਨੇ ਖੂਬ ਲੁੱਟਮਾਰ ਕੀਤੀ ਅਤੇ ਫਿਰ ਬੜੋਚ ਅਤੇ ਖੰਬਾਤ ਦੀਆਂ ਪ੍ਰਸਿੱਧ ਬੰਦਰਗਾਹਾਂ ਨੂੰ ਲੁੱਟਿਆ ਗਿਆ। ਨੁਸਰਤ ਖਾਂ ਨੇ ਇਸ ਸਮੇਂ ਖੰਬਾਤ ਤੋਂ ਮਲਿਕ ਕਫ਼ੂਰ ਨਾਮੀ ਇੱਕ ਸੁੰਦਰ ਹਿੰਦੂ ਨਿਪੁੰਸਕ ਨੂੰ 1000 ਦੀਨਾਰ ਵਿੱਚ ਖਰੀਦਿਆ। ਇਸ 'ਇੱਕ ਹਜ਼ਾਰ ਦੀਨਾਰੀ' ਨੇ ਬਾਅਦ ਵਿੱਚ ਦੱਖਣੀ ਭਾਰਤ ਦੀ ਜਿੱਤ ਵਿੱਚ ਮਹੱਤਵਪੂਰਨ ਭਾਗ ਲਿਆ।
1301 ਈ. ਵਿੱਚ ਸੁਲਤਾਨ ਨੇ ਉਲਗ ਖਾਂ ਅਤੇ ਨੁਸਰਤ ਖਾਂ ਨੂੰ ਇੱਕ ਵਿਸ਼ਾਲ ਸੈਨਾ ਸਹਿਤ ਰਣਥੰਭਰ ਉੱਤੇ ਜਿੱਤ ਪ੍ਰਾਪਤ ਕਰਨ ਲਈ ਭੇਜਿਆ। ਉਸ ਸਮੇਂ ਰਣਥੰਭੋਰ ਦਾ ਰਾਜਾ ਹਮੀਰ ਦੇਵ ਸੀ। ਉਸ ਨੇ ਰਣਥੰਭੋਰ ਦੇ ਕਿਲੇ ਤੋਂ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ। ਨੁਸਰਤ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਲਗ ਖਾਂ ਬੁਰੀ ਤਰ੍ਹਾਂ ਹਰਾ ਕੇ ਭਜਾ ਦਿੱਤਾ ਗਿਆ। ਸੈਨਾ ਦੀ ਹਾਰ ਅਤੇ ਨੁਸਰਤ ਖਾਂ ਦੀ ਮੌਤ ਦਾ ਸਮਾਚਾਰ ਸੁਣ ਕੇ ਅਲਾਉੱਦੀਨ ਬਹੁਤ ਦੁਖੀ ਹੋਇਆ। ਉਸ ਨੇ ਸੈਨਾ ਦੀ ਕਮਾਣ ਆਪਣੇ ਹੱਥ ਵਿੱਚ ਲੈ ਲਈ। ਰਾਜੇ ਹਮੀਰ ਦੇਵ ਨੇ ਦੁਸ਼ਮਣਾਂ ਦਾ ਫੇਰ ਬੜੀ ਵੀਰਤਾ ਨਾਲ ਮੁਕਾਬਲਾ ਕੀਤਾ। ਗਿਆਰਾਂ ਮਹੀਨਿਆਂ ਤੱਕ ਲੜਾਈ ਚੱਲਦੀ ਰਹੀ। ਅੰਤ ਵਿੱਚ ਰਾਣਾ ਦੇ ਇੱਕ ਸੈਨਾਪਤੀ ਰਣ ਮੱਲ ਨੇ ਆਪਣੇ ਸਵਾਮੀ ਨਾਲ ਵਿਸ਼ਵਾਸਘਾਤ ਕੀਤਾ। ਇਸ ਪ੍ਰਕਾਰ ਜੁਲਾਈ 1301 ਈ. ਵਿੱਚ ਰਣਥੰਭੋਰ ਦੇ ਕਿਲ੍ਹੇ ਉੱਤੇ ਅਲਾਉੱਦੀਨ ਖਲਜੀ ਦਾ ਕਬਜ਼ਾ ਹੋ ਗਿਆ।
1303 ਈ. ਵਿੱਚ ਅਲਾਉੱਦੀਨ ਨੇ ਮੇਵਾੜ ਉੱਤੇ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ। ਮੇਵਾੜ ਰਾਜਸਥਾਨ ਦਾ ਇੱਕ ਮਹੱਤਵਪੂਰਨ ਰਾਜ ਸੀ ਜਿਸ ਦੀ ਰਾਜਧਾਨੀ ਚਿਤੌੜ ਸੀ। ਉਸ ਸਮੇਂ ਉੱਥੋਂ ਦਾ ਰਾਜਾ ਰਤਨ ਸਿੰਘ ਸੀ। ਕਿਹਾ ਜਾਂਦਾ ਹੈ ਕਿ ਰਤਨ ਸਿੰਘ ਦੀ ਪਤਨੀ ਰਾਣੀ ਪਦਮਨੀ ਇੱਕ ਬਹੁਤ ਸੁੰਦਰ ਇਸਤਰੀ ਸੀ ਅਤੇ ਅਲਾਉੱਦੀਨ ਖ਼ਲਜੀ ਉਸ ਨੂੰ ਪ੍ਰਾਪਤ ਕਰਨ ਲਈ ਉਤਾਵਲਾ ਸੀ। ਪ੍ਰਚੱਲਿਤ ਗਾਥਾ ਅਨੁਸਾਰ ਰਾਣਾ ਰਤਨ ਸਿੰਘ ਨੇ ਬੜੀ ਉਦਾਰਤਾ ਨਾਲ ਸੁਲਤਾਨ ਨੂੰ ਸ਼ੀਸ਼ੇ ਰਾਹੀਂ ਰਾਣੀਰਾਣੀ ਪਦਮਨੀ ਦਾ ਦੀਦਾਰ ਕਰਨ ਦੀ ਆਗਿਆ ਦੇ ਦਿੱਤੀ। ਪ੍ਰੰਤੂ ਜਦੋਂ ਉਹ ਸੁਲਤਾਨ ਦਾ ਮਾਣ ਕਰਨ ਲਈ ਉਸ ਨੂੰ ਚਿਤੌੜ ਦੇ ਬਾਹਰਲੇ ਦਰਵਾਜ਼ੇ ਤੱਕ ਛੱਡਣ ਗਿਆ ਤਾਂ ਸੁਲਤਾਨ ਨੇ ਉਸ ਨੂੰ ਧੋਖੇ ਨਾਲ ਬੰਦੀ ਬਣਾ ਲਿਆ। ਹੁਣ ਸੁਲਤਾਨ ਨੇ ਰਾਣੀ ਨੂੰ ਇਹ ਸੁਨੇਹਾ ਭੇਜਿਆ ਕਿ ਜੇ ਉਹ ਉਸ ਦੇ ਹਰਮ ਵਿੱਚ ਆਉਣਾ ਸਵੀਕਾਰ ਕਰ ਲਵੇ ਤਾਂ ਉਸ ਦੇ ਪਤੀ ਨੂੰ ਛੱਡ ਦਿੱਤਾ ਜਾਏਗਾ। ਰਾਣੀ ਨੇ ਇੱਕ ਚਾਲ ਚੱਲੀ। ਉਸ ਨੇ ਅਲਾਉੱਦੀਨ ਨੂੰ ਉੱਤਰ ਭੇਜ ਦਿੱਤਾ ਕਿ ਉਹ ਆਪਣੀਆਂ ਦਾਸੀਆਂ ਸਮੇਤ ਆ ਰਹੀ ਹੈ। ਇਸ ਤਰ੍ਹਾਂ 700 ਰਾਜਪੂਤ ਸੈਨਿਕ ਦਾਸੀਆਂ ਦੇ ਭੇਸ ਵਿੱਚ ਸੁਲਤਾਨ ਦੇ ਕੈਂਪ ਵਿੱਚ ਚਲੇ ਗਏ ਅਤੇ ਰਤਨ ਸਿੰਘ ਨੂੰ ਛੁਡਾ ਕੇ ਲੈ ਆਏ। ਇਸ ਤੇ ਅਲਾਉੱਦੀਨ ਬਹੁਤ ਕ੍ਰੋਧਿਤ ਹੋਇਆ ਅਤੇ ਉਸ ਨੇ ਚਿਤੌੜ ਦੇ ਕਿਲੇ ਉੱਤੇ ਧਾਵਾ ਬੋਲ ਦਿੱਤਾ। ਰਾਜਪੂਤਾਂ ਨੇ ਗੋਰਾ ਅਤੇ ਬਾਦਲ ਦੀ ਅਗਵਾਈ ਹੇਠ ਦੁਸ਼ਮਣਾਂ ਦਾ ਲਗਭਗ ਪੰਜ ਮਹੀਨਿਆਂ ਤੱਕ ਡੱਟ ਕੇ ਮੁਕਾਬਲਾ ਕੀਤਾ ਪਰੰਤੂ ਅੰਤ ਵਿੱਚ ਹਾਰ ਗਏ। ਗੋਰਾ ਅਤੇ ਬਾਦਲ ਲਾਸਾਨੀ ਸਾਹਸ ਅਤੇ ਬਹਾਦਰੀ ਦੀਆਂ ਕਹਾਣੀਆਂ ਪਿੱਛੇ ਛੱਡਦੇ ਹੋਏ ਸ਼ਹੀਦ ਹੋ ਗਏ। ਇਸ ਪ੍ਰਕਾਰ ਅਲਾਉੱਦੀਨ ਖ਼ਲਜੀ ਨੇ ਚਿਤੌੜ ਉੱਤੇ ਜਿੱਤ ਪ੍ਰਾਪਤ ਕੀਤੀ।ਰਾਣਾ ਰਤਨ ਸਿੰਘ ਨੂੰ ਬੰਦੀ ਬਣਾ ਲਿਆ ਗਿਆ। ਸੁਲਤਾਨ ਨੇ ਆਪਣੇ ਪੁੱਤਰ ਖਿਜਰ ਖਾਂ ਨੂੰ ਇੱਥੋਂ ਦਾ ਸ਼ਾਸਕ ਬਣਾਇਆ ਅਤੇ ਚਿਤੌੜ ਨੂੰ ਖਿਜ਼ਰਾਬਾਦ ਦਾ ਨਵਾਂ ਨਾਮ ਦਿੱਤਾ।
1305 ਈ. ਵਿੱਚ ਅਲਾਉੱਦੀਨ ਖ਼ਲਜੀ ਨੇ ਮਾਲਵਾ ਦੇ ਵਿਸ਼ਾਲ ਖੇਤਰ,ਜਿਸ ਵਿੱਚ ਉਜੈਨ ਧਾਰ, ਚੰਦੇਰੀ, ਮਾਂਡੂ ਆਦਿ ਸ਼ਾਮਿਲ ਸਨ, ਨੂੰ ਫਤਿਹ ਕਰਨ ਦਾ ਨਿਸ਼ਚਾ ਕੀਤਾ। ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਆਈਨ-ਅਲ-ਮੁਲਕ ਮੁਲਤਾਨੀ ਦੀ ਅਗਵਾਈ ਹੇਠ 10,000 ਘੋੜ ਸਵਾਰ ਫੌਜ ਭੇਜੀ। ਉਸ ਸਮੇਂ ਰਾਏ ਮਹਲਕ ਦੇਵ ਮਾਲਵਾ ਦਾ ਸ਼ਾਸਕ ਸੀ। ਪ੍ਰੰਤੂ ਉਸ ਦਾ ਵਜ਼ੀਰ ਕੋਕਾ ਪ੍ਰਧਾਨ ਉਸ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਸੀ। ਉਸ ਦੇ ਪਾਸ 30,000 ਤੋਂ 40,000 ਦੇ ਵਿਚਾਲੇ ਘੋੜ ਸਵਾਰ ਅਤੇ ਪੈਦਲ ਸੈਨਿਕ ਸਨ ਮੁਸਲਮਾਨਾਂ ਦੀ ਸੈਨਾ ਨੇ ਬੜੀ ਤੇਜ਼ੀ ਨਾਲ ਹਮਲਾ ਕੀਤਾ ਅਤੇ ਮਾਲਵੇ ਦੇ ਲੋਕਾਂ ਦਾ ਬੜੀ ਬੇਰਹਿਮੀ ਨਾਲ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਕੂਕਾ ਪ੍ਰਧਾਨ ਦੀ ਵਿਸ਼ਾਲ ਫੌਜ ਦੁਸ਼ਮਣਾਂ ਅੱਗੇ ਵਧੇਰੇ ਸਮੇਂ ਤੱਕ ਟਿਕ ਨਾ ਸਕੀ ਅਤੇ ਉਹ ਰਣ ਖੇਤਰ ਵਿੱਚ ਹਾਰ ਗਿਆ ਅਤੇ ਮਾਰਿਆ ਗਿਆ। ਉਸ ਦਾ ਸਿਰ ਕੱਟ ਕੇ ਦਿੱਲੀ ਭੇਜ ਦਿੱਤਾ ਗਿਆ ਮਹਲਕ ਦੇਵ ਦੌੜ ਕੇ ਮਾਂਡੂ ਦੇ ਕਿਲੇ ਵਿੱਚ ਚਲਾ ਗਿਆ। ਮਹਲਕ ਦੇਵ ਨੇ ਕਿਲ੍ਹੇ ਤੋਂ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਉਸ ਦੇ ਮੰਦੇ ਭਾਗਾਂ ਨੂੰ ਕਿਲ੍ਹੇ ਦੇ ਇੱਕ ਪਹਿਰੇਦਾਰ ਨੇ ਵਿਸ਼ਵਾਸਘਾਤ ਕਰਦੇ ਹੋਏ ਰਾਤ ਦੇ ਹਨੇਰੇ ਵਿੱਚ ਦੁਸ਼ਮਣਾਂ ਨੂੰ ਕਿਲ੍ਹੇ ਦੇ ਅੰਦਰ ਆਉਣ ਦਾ ਇੱਕ ਗੁਪਤ ਰਸਤਾ ਦੱਸ ਦਿੱਤਾ। ਸ਼ਾਹੀ ਸੈਨਿਕਾਂ ਨੇ ਕਿਲੇ ਦੇ ਅੰਦਰ ਆ ਕੇ ਹੱਲਾ ਬੋਲ ਦਿੱਤਾ ਅਤੇ ਮਹਲਕ ਦੇਵ ਅਤੇ ਉਸਦੇ ਬਹੁਤ ਸਾਰੇ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤਰ੍ਹਾਂ 24 ਦਸੰਬਰ, 1305 ਈ. ਨੂੰ ਮੁਸਲਮਾਨਾਂ ਦਾ ਮਾਂਡੂ ਦੇ ਕਿਲ੍ਹੇ ਉੱਤੇ ਅਧਿਕਾਰ ਹੋ ਗਿਆ ਅਲਾਉੱਦੀਨ ਨੇ ਆਈਨ-ਉਲ-ਮੁਲਕ ਦੀ ਇਸ ਸ਼ਾਨਦਾਰ ਜਿੱਤ ਤੋਂ ਪ੍ਰਸੰਨ ਹੋ ਕੇ ਉਸ ਨੂੰ ਮਾਲਵਾ ਦਾ ਗਵਰਨਰ ਨਿਯੁਕਤ ਕਰ ਦਿੱਤਾ।
1308 ਈ. ਵਿੱਚ ਸੁਲਤਾਨ ਅਲਾਉੱਦੀਨ ਨੇ ਮਾਰਵਾੜ ਦੇ ਪ੍ਰਦੇਸ਼ ਉੱਤੇ ਜਿੱਤ ਪ੍ਰਾਪਤ ਕਰਨ ਲਈ ਤਿਆਰੀਆਂ ਕੀਤੀਆਂ। ਸੁਲਤਾਨ ਰਾਹੀਂ ਭੇਜੀ ਗਈ ਸੈਨਾ ਨੇ ਸਿਵਾਨਾ ਦੇ ਸ਼ਕਤੀਸ਼ਾਲੀ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ। ਸਿਵਾਨਾ, ਜੋਧਪੁਰ ਤੋਂ 80 ਕਿਲੋਮੀਟਰ ਦੂਰ ਦੱਖਣ ਪੱਛਮ ਵੱਲ ਸਥਿਤ ਸੀ। ਉਸ ਸਮੇਂ ਪਰਮਾਰ ਵੰਸ਼ ਦਾ ਸੀਤਲ ਦੇਵ ਉੱਥੋਂ ਦਾ ਸ਼ਾਸਕ ਸੀ ਉਸ ਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ। ਜਦੋਂ ਸੁਲਤਾਨ ਨੂੰ ਸਮਾਚਾਰ ਮਿਲਿਆ ਕਿ ਸ਼ਾਹੀ ਸੈਨਾ ਨੂੰ ਕੋਈ ਸਫਲਤਾ ਪ੍ਰਾਪਤ ਨਹੀਂ ਹੋਈ ਤਾਂ ਉਸ ਨੇ 3 ਜੁਲਾਈ, 1309 ਈ. ਨੂੰ ਆਪ ਵਿਸ਼ਾਲ ਸੈਨਾ ਸਹਿਤ ਸਿਵਾਨਾ ਵੱਲ ਕੂਚ ਕੀਤਾ। ਉਸ ਦੀ ਸੈਨਾ ਦੀਆਂ ਵੱਖ ਵੱਖ ਟੁਕੜੀਆਂ ਨੇ ਕਿਲ੍ਹੇ ਨੂੰ ਪੂਰਬ ਦੱਖਣ ਤੇ ਉੱਤਰ ਵੱਲੋਂ ਘੇਰ ਲਿਆ। ਹਮਲਾਵਰਾਂ ਨੇ ਝੀਲ ਤੋਂ ਕਿਲ੍ਹੇ ਅੰਦਰ ਪਾਣੀ ਜਾਣ ਦਾ ਰਸਤਾ ਬੰਦ ਕਰ ਦਿੱਤਾ। ਅਜਿਹੀ ਹਾਲਤ ਵਿੱਚ ਸੀਤਲ ਦੇਵ ਜਿਆਦਾ ਸਮੇਂ ਤੱਕ ਦੁਸ਼ਮਣਾਂ ਦਾ ਵਿਰੋਧ ਨਾ ਕਰ ਸਕਿਆ ਅਤੇ ਲੜਦਾ ਹੋਇਆ ਵੀਰਗਤੀ ਨੂੰ ਪ੍ਰਾਪਤ ਹੋ ਗਿਆ 9 ਸਤੰਬਰ, 1309 ਈ. ਨੂੰ ਉਸ ਦਾ ਤੀਰਾਂ ਨਾਲ ਛਲਣੀ ਲੰਬਾ ਚੌੜਾ ਸਰੀਰ ਸੁਲਤਾਨ ਅੱਗੇ ਪੇਸ਼ ਕੀਤਾ ਗਿਆ। ਜੋ ਇਸ ਨੂੰ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਕਮਾਲਉਦੀਨ ਗੁਰਗ ਨੂੰ ਜਿੱਤੇ ਗਏ ਕਿਲ੍ਹੇ ਤੇ ਪ੍ਰਦੇਸ਼ ਦਾ ਗਵਰਨਰ ਥਾਪਿਆ ਗਿਆ।
ਜਾਲੌਰ ਦਾ ਰਾਜ ਸਿਵਾਨਾ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਸੀ। ਉੱਥੋਂ ਦਾ ਬਹਾਦਰ ਅਤੇ ਸਾਹਸੀ ਸ਼ਾਸਕ ਕਨਹੜ ਦੇਵ ਸੀ। 1297 ਈ. ਵਿੱਚ ਜਦੋਂ ਗੁਜਰਾਤ ਦੀ ਜਿੱਤ ਤੋਂ ਬਾਅਦ ਉਲਗ ਖਾਂ ਨੁਸਰਤ ਖਾਂ ਦੀ ਅਗਵਾਈ ਹੇਠ ਖਲਜ਼ੀ ਸੈਨਾ ਵਾਪਸੀ ਸਮੇਂ ਮਾਰਵਾੜ ਦੇ ਪ੍ਰਦੇਸ਼ਾਂ ਵਿੱਚੋਂ ਗੁਜ਼ਰ ਰਹੀ ਸੀ ਤਾਂ ਕਨਹੜ ਦੇਵ ਦੀ ਸੈਨਾ ਨੇ ਉਸ ਤੇ ਹਮਲਾ ਕਰ ਦਿੱਤਾ ਸੀ, ਉਹਨਾਂ ਨੇ ਕਈ ਸੈਨਿਕਾਂ ਨੂੰ ਮਾਰ ਦਿੱਤਾ ਸੀ ਅਤੇ ਕਾਫ਼ੀ ਗਿਣਤੀ ਵਿੱਚ ਬੰਦੀ ਬਣਾਏ ਗਏ ਹਿੰਦੂਆਂ ਨੂੰ ਮੁਕਤ ਕਰਵਾਇਆ ਸੀ। ਇਸ ਪਿੱਛੋਂ ਕਈ ਵਰ੍ਹਿਆਂ ਤੱਕ ਅਲਾਉੱਦੀਨ ਦੀ ਸੈਨਾ ਰਣਥੰਭੋਰ, ਚਿਤੌੜ ਅਤੇ ਮਾਲਵਾ ਦੇ ਪ੍ਰਦੇਸ਼ ਜਿੱਤਣ ਲੱਗੀ ਰਹੀ। ਕਮਾਲਉੱਦੀਨ ਗੁਰਗ ਦੀ ਅਗਵਾਈ ਹੇਠ ਖ਼ਲਜੀ ਸੈਨਾ ਨੇ ਜਲੌਰ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ। ਕਨਹੜ ਦੇਵ ਨੇ ਹਮਲਾਵਰਾਂ ਦਾ ਕਈ ਦਿਨਾਂ ਤੱਕ ਡਟ ਕੇ ਮੁਕਾਬਲਾ ਕੀਤਾ। ਅੰਤ ਬੀਕਾ ਦਾਹੀਆ ਨਾਂ ਦੇ ਉਸ ਦੇ ਇੱਕ ਸੈਨਿਕ ਦੇ ਵਿਸ਼ਵਾਸਘਾਤ ਕਾਰਨ, ਦੁਸ਼ਮਣ ਇੱਕ ਗੁਪਤ ਰਸਤੇ ਰਾਹੀਂ ਕਿਲ੍ਹੇ ਅੰਦਰ ਪ੍ਰਵੇਸ਼ ਕਰ ਗਏ ਕਨਹੜ ਦੇਵ ਅਤੇ ਉਸ ਦੀ ਸੈਨਿਕ ਬੜੀ ਬਹਾਦਰੀ ਨਾਲ ਲੜਦੇ ਹੋਏ ਮਾਰੇ ਗਏ ਵਾਸਘਾਤੀ ਬੀਕਾ ਦੀ ਉਸ ਦੀ ਸਵੈ-ਅਭਿਮਾਨੀ ਪਤਨੀ ਰਾਹੀਂ ਹੱਤਿਆ ਕਰ ਦਿੱਤੀ ਗਈ। ਜਲੌਰ ਦੇ ਕਿਲ੍ਹੇ ਅਤੇ ਰਾਜ ਨੂੰ ਦਿੱਲੀ ਸਲਤਨਤ ਵਿੱਚ ਸ਼ਾਮਿਲ ਕਰ ਲਿਆ ਗਿਆ।
1306 ਈ. ਵਿੱਚ ਸੁਲਤਾਨ ਨੇ ਮਾਲਿਕ ਕਾਫ਼ੂਰ ਨੂੰ ਦੇਵਗਿਰੀ ਦੇ ਹੁਕਮਰਾਨ ਰਾਮ ਚੰਦਰ ਦੇ ਵਿਰੁੱਧ ਹਮਲਾ ਕਰਨ ਦਾ ਹੁਕਮ ਦਿੱਤਾ। ਜਲਾਲਉੱਦੀਨ ਦੇ ਰਾਜਕਾਲ ਵਿੱਚ ਅਲਾਉੱਦੀਨ ਨੇ ਆਪ ਰਾਮ ਚੰਦਰ ਨੂੰ ਹਰਾਇਆ ਸੀ ਅਤੇ ਉਸ ਤੋਂ ਹਰ ਸਾਲ ਟੈਕਸ ਲੈਣ ਦਾ ਵਾਇਦਾ ਲਿਆ ਸੀ। ਕਈ ਸਾਲਾਂ ਤੱਕ ਤਾਂ ਰਾਮ ਚੰਦਰ ਟੈਕਸ ਭੇਜਦਾ ਰਿਹਾ ਪ੍ਰੰਤੂ 1303 ਈ. ਤੋਂ 1306 ਈ. ਤੱਕ ਤਿੰਨ ਸਾਲ ਲਗਾਤਾਰ ਉਸ ਨੇ ਟੈਕਸ ਨਾ ਦਿੱਤਾ। ਇਸ ਲਈ ਸੁਲਤਾਨ ਉਸਦੇ ਵਿਰੁੱਧ ਕਾਰਵਾਈ ਕਰਨਾ ਚਾਹੁੰਦਾ ਸੀ ਗੁਜਰਾਤ ਦੇ ਸ਼ਾਸਕ ਕਰਣ ਦੇਵ ਅਤੇ ਉਸ ਦੀ ਪੁੱਤਰੀ ਦੇਵਲ ਦੇਵੀ ਨੇ ਦੇਵਗਿਰੀ ਵਿੱਚ ਸ਼ਰਨ ਲਈ ਹੋਈ ਸੀ ਅਤੇ ਕਪੂਰ ਨੂੰ ਹੁਕਮ ਦਿੱਤਾ ਗਿਆ ਕਿ ਉਹ ਦੇਵਲ ਦੇਵੀ ਨੂੰ ਪ੍ਰਾਪਤ ਕਰਕੇ ਸ਼ਾਹੀ ਹਰਮ ਵਿੱਚ ਪਹੁੰਚਾ ਦੇਵੇ, ਕਿਉਂਕਿ ਦੇਵਲ ਦੇਵੀ ਦੀ ਮਾਤਾ ਕਮਲਾ ਦੇਵੀ ਜੋ ਅਲਾਉੱਦੀਨ ਦੀ ਮਲਿਕਾ ਬਣ ਗਈ ਸੀ, ਉਸ ਦੇ ਵਿਛੋੜੇ ਵਿੱਚ ਉਦਾਸ ਹੋ ਗਈ ਸੀ। ਇੱਕ ਵਿਸ਼ਾਲ ਸੈਨਾ ਸਮੇਤ ਮਲਿਕ ਕਾਫ਼ੂਰ ਨੇ ਗੁਜਰਾਤ ਵੱਲੋਂ ਦੱਖਣ ਵਿੱਚ ਪ੍ਰਵੇਸ਼ ਕੀਤਾ ਅਤੇ ਦੇਵਗਿਰੀ ਵੱਲ ਵਧਿਆ ਰਾਣਾ ਕਰਣ ਦੇਵ ਨੇ ਦੁਸ਼ਮਣਾਂ ਨੂੰ ਰੋਕਣ ਲਈ ਉਹਨਾਂ ਦਾ ਡੱਟ ਕੇ ਮੁਕਾਬਲਾ ਕੀਤਾ, ਪਰੰਤੂ ਬੁਰੀ ਤਰ੍ਹਾਂ ਹਾਰਿਆ। ਦੇਵਲ ਦੇਵੀ ਹਮਲਾਵਰਾਂ ਦੇ ਹੱਥਾਂ ਵਿੱਚ ਆ ਗਈ। ਉਸ ਨੂੰ ਦਿੱਲੀ ਭੇਜ ਦਿੱਤਾ ਗਿਆ ਅਤੇ ਉਸ ਦਾ ਵਿਆਹ ਅਲਾਉੱਦੀਨ ਦੇ ਪੁੱਤਰ ਖਿਜ਼ਰ ਖਾਂ ਨਾਲ ਕਰ ਦਿੱਤਾ ਗਿਆ। ਹੁਣ ਕਾਫ਼ੂਰ ਨੇ ਦੇਵਗਿਰੀ ਤੇ ਚੜ੍ਹਾਈ ਕਰ ਦਿੱਤੀ। ਰਾਮ ਚੰਦਰ ਨੇ ਦੁਸ਼ਮਣਾਂ ਦਾ ਵਿਰੋਧ ਕਰਨ ਦੀ ਥਾਂ ਉਹਨਾਂ ਸਾਹਮਣੇ ਗੋਡੇ ਟੇਕ ਦਿੱਤੇ। ਉਸ ਨੇ ਕਾਫ਼ੂਰ ਨੂੰ ਬਹੁਤ ਸਾਰਾ ਧਨ ਦਿੱਤਾ ਹਰ ਸਾਲ ਸੁਲਤਾਨ ਨੂੰ ਧਨ ਰਾਸ਼ੀ ਭੇਜਣ ਦਾ ਵਚਨ ਵੀ ਦਿੱਤਾ। ਅਲਾਉੱਦੀਨ ਨੇ ਉਸ ਤੋਂ ਪ੍ਰਸੰਨ ਹੋ ਕੇ ਉਸ ਨੂੰ ਰਾਏ ਰਾਇਆ (ਰਾਜਿਆਂ ਦੇ ਰਾਜਾ) ਦੀ ਉਪਾਧੀ ਵੀ ਪ੍ਰਦਾਨ ਕੀਤੀ। ਇੱਕ ਤਾਂ ਸੁਲਤਾਨ ਨੂੰ ਭਾਰੀ ਧਨ ਰਾਸ਼ੀ ਦੀ ਪ੍ਰਾਪਤੀ ਹੋਈ ਦੂਜਾ, ਦੇਵਗਿਰੀ ਦੱਖਣ ਅਤੇ ਦੂਰ ਦੱਖਣ ਵਿੱਚ ਸੈਨਿਕ ਮੁਹਿੰਮਾਂ ਦਾ ਅਧਾਰ ਬਣ ਗਿਆ।
ਦੇਵਗਿਰੀ ਤੋਂ ਪ੍ਰਾਪਤ ਕੀਤੀ ਲੁੱਟ ਨੇ ਅਲਾਊਦੀਨ ਨੂੰ ਹੋਰ ਦੱਖਣੀ ਰਾਜਾਂ 'ਤੇ ਹਮਲੇ ਦੀ ਯੋਜਨਾ ਬਣਾਉਣ ਲਈ ਪ੍ਰੇਰਿਆ, ਜਿਨ੍ਹਾਂ ਨੇ ਵੱਡੀ ਮਾਤਰਾ ਵਿਚ ਦੌਲਤ ਇਕੱਠੀ ਕੀਤੀ ਸੀ, ਜਿਸ ਨੂੰ ਵਿਦੇਸ਼ੀ ਫ਼ੌਜਾਂ ਤੋਂ ਬਚਾਇਆ ਗਿਆ ਸੀ ਜਿਨ੍ਹਾਂ ਨੇ ਉੱਤਰੀ ਭਾਰਤ ਨੂੰ ਲੁੱਟਿਆ ਸੀ। 1309 ਦੇ ਅਖੀਰ ਵਿੱਚ, ਉਸਨੇ ਮਲਿਕ ਕਾਫੂਰ ਨੂੰ ਕਾਕਤੀਆ ਦੀ ਰਾਜਧਾਨੀ ਵਾਰੰਗਲ ਨੂੰ ਲੁੱਟਣ ਲਈ ਭੇਜਿਆ। ਦੇਵਗਿਰੀ ਦੇ ਰਾਮਚੰਦਰ ਦੀ ਮਦਦ ਨਾਲ, ਕਾਫੂਰ ਜਨਵਰੀ 1310 ਵਿਚ ਕਾਕਤੀਆ ਖੇਤਰ ਵਿਚ ਦਾਖਲ ਹੋਇਆ, ਵਾਰੰਗਲ ਦੇ ਰਸਤੇ ਵਿਚ ਕਸਬਿਆਂ ਅਤੇ ਪਿੰਡਾਂ ਨੂੰ ਲੁੱਟਦਾ ਹੋਇਆ। ਵਾਰੰਗਲ ਦੀ ਇੱਕ ਮਹੀਨੇ ਦੀ ਘੇਰਾਬੰਦੀ ਤੋਂ ਬਾਅਦ, ਕਾਕਤੀਆ ਰਾਜਾ ਪ੍ਰਤਾਪਰੁਦਰ ਅਲਾਉਦੀਨ ਦੀ ਸਹਾਇਕ ਰਾਜ ਬਣਨ ਲਈ ਸਹਿਮਤ ਹੋ ਗਿਆ, ਅਤੇ ਹਮਲਾਵਰਾਂ ਨੂੰ ਬਹੁਤ ਸਾਰੀ ਦੌਲਤ (ਸੰਭਵ ਤੌਰ 'ਤੇ ਕੋਹਿਨੂਰ ਹੀਰੇ ਸਮੇਤ) ਸਪੁਰਦ ਕਰ ਦਿੱਤੀ।
ਵਾਰੰਗਲ ਦੀ ਘੇਰਾਬੰਦੀ ਦੇ ਦੌਰਾਨ, ਮਲਿਕ ਕਾਫੂਰ ਨੇ ਹੋਰ ਦੱਖਣ ਵਿੱਚ ਸਥਿਤ ਹੋਇਸਾਲਾ ਅਤੇ ਪਾਂਡਿਆ ਰਾਜਾਂ ਦੀ ਦੌਲਤ ਬਾਰੇ ਜਾਣ ਲਿਆ ਸੀ। ਦਿੱਲੀ ਪਰਤਣ ਤੋਂ ਬਾਅਦ, ਉਸਨੇ ਉੱਥੇ ਇੱਕ ਮੁਹਿੰਮ ਦੀ ਅਗਵਾਈ ਕਰਨ ਲਈ ਅਲਾਉਦੀਨ ਦੀ ਆਗਿਆ ਲੈ ਲਈ। ਕਾਫੂਰ ਨੇ ਨਵੰਬਰ 1310 ਵਿੱਚ ਦਿੱਲੀ ਤੋਂ ਆਪਣਾ ਮਾਰਚ ਸ਼ੁਰੂ ਕੀਤਾ, ਅਤੇ ਅਲਾਊਦੀਨ ਦੀਆਂ ਸਹਾਇਕ ਨਦੀਆਂ ਰਾਮਚੰਦਰ ਅਤੇ ਪ੍ਰਤਾਪਰੁਦਰ ਦੁਆਰਾ ਸਮਰਥਨ ਪ੍ਰਾਪਤ 1311 ਦੇ ਸ਼ੁਰੂ ਵਿੱਚ ਦੱਖਣ ਨੂੰ ਪਾਰ ਕੀਤਾ।
ਇਸ ਸਮੇਂ, ਪਾਂਡਿਆ ਰਾਜ ਦੋ ਭਰਾਵਾਂ ਵੀਰਾ ਅਤੇ ਸੁੰਦਰਾ ਵਿਚਕਾਰ ਉਤਰਾਧਿਕਾਰ ਦੀ ਲੜਾਈ ਵਿਚ ਫਸਿਆ ਹੋਇਆ ਸੀ, ਅਤੇ ਇਸ ਦਾ ਫਾਇਦਾ ਉਠਾਉਂਦੇ ਹੋਏ, ਹੋਇਸਾਲਾ ਰਾਜੇ ਬੱਲਾ ਨੇ ਪੰਡਯਾਨ ਖੇਤਰ 'ਤੇ ਹਮਲਾ ਕਰ ਦਿੱਤਾ ਸੀ। ਜਦੋਂ ਬੱਲਾ ਨੂੰ ਕਾਫੂਰ ਦੇ ਮਾਰਚ ਬਾਰੇ ਪਤਾ ਲੱਗਾ, ਤਾਂ ਉਹ ਆਪਣੀ ਰਾਜਧਾਨੀ ਦੁਆਰਸਮੁੰਦਰ ਵਾਪਸ ਆ ਗਿਆ। ਹਾਲਾਂਕਿ, ਉਹ ਇੱਕ ਮਜ਼ਬੂਤ ਵਿਰੋਧ ਨਹੀਂ ਕਰ ਸਕਿਆ, ਅਤੇ ਇੱਕ ਛੋਟੀ ਘੇਰਾਬੰਦੀ ਤੋਂ ਬਾਅਦ ਇੱਕ ਜੰਗਬੰਦੀ ਲਈ ਗੱਲਬਾਤ ਕੀਤੀ, ਆਪਣੀ ਦੌਲਤ ਨੂੰ ਸਮਰਪਣ ਕਰਨ ਅਤੇ ਅਲਾਉਦੀਨ ਦੀ ਸਹਾਇਕ ਰਾਜ ਬਣਨ ਲਈ ਸਹਿਮਤ ਹੋ ਗਿਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.