ਅਮਰੀਕੀ ਲੇਖਕ ਅਤੇ ਪੱਤਰਕਾਰ From Wikipedia, the free encyclopedia
ਅਰਨੈਸਟ ਹੈਮਿੰਗਵੇ (21 ਜੁਲਾਈ 1899 – 2 ਜੁਲਾਈ 1961) ਇੱਕ ਜਰਨਲਿਸਟ, ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਸੀ। ਉਸਦੀ ਸੰਜਮੀ ਸ਼ੈਲੀ ਅਤੇ ਆਈਸਬਰਗ ਸਿਧਾਂਤ ਦਾ ਵੀਹਵੀਂ ਸਦੀ ਦੇ ਗਲਪ ਉੱਤੇ ਗਹਿਰਾ ਪ੍ਰਭਾਵ ਪਿਆ।[1] ਉਸਦੇ ਮੁਹਿੰਮਾਂ ਭਰੇ ਜੀਵਨ ਅਤੇ ਜਨਤਕ ਬਿੰਬ ਨੇ ਵੀ ਬਾਅਦ ਵਾਲੀਆਂ ਪੀੜ੍ਹੀਆਂ ਨੂੰ ਖੂਬ ਪ੍ਰਭਾਵਿਤ ਕੀਤਾ।
ਅਰਨੈਸਟ ਹੈਮਿੰਗਵੇ |
---|
ਹੈਮਿੰਗਵੇ 21 ਜੁਲਾਈ 1899 ਨੂੰ ਸ਼ਿਕਾਗੋ ਦੇ ਇੱਕ ਕਸਬੇ ਓਕ ਪਾਰਕ ਇਲੀਵਨਸ ਵਿੱਚ ਪੈਦਾ ਹੋਇਆ ਸੀ।[2] ਉਸ ਦਾ ਬਾਪ ਇੱਕ ਡਾਕਟਰ ਸੀ ਜਿਸਨੂੰ ਬੇਟੇ ਦੇ ਜਨਮ ਦੀ ਇੰਨੀ ਖੁਸ਼ੀ ਹੋਈ ਕਿ ਉਸ ਨੇ ਘਰ ਦੇ ਬਾਹਰ ਬਿਗਲ ਵਜਾ ਕੇ ਇਸ ਗੱਲ ਦਾ ਐਲਾਨ ਕੀਤਾ। ਹੈਮਿੰਗਵੇ ਦੀ ਮਾਂ ਇੱਕ ਓਪੇਰਾ ਮੰਡਲੀ ਨਾਲ ਵਾਬਸਤਾ ਸੀ ਜਿੱਥੇ ਉਹ ਮਿਊਜ਼ਿਕ ਬਾਰੇ ਪੜ੍ਹਾ ਕੇ ਪੈਸੇ ਕਮਾਂਦੀ। ਉਸ ਦਾ ਮਜ਼ਹਬ ਦੀ ਤਰਫ਼ ਰੁਝਾਨ ਜ਼ਿਆਦਾ ਨਹੀਂ ਸੀ। ਮਾਂ ਦਾ ਖ਼ਿਆਲ ਸੀ ਕਿ ਹੈਮਿੰਗਵੇ ਵੀ ਮਿਊਜ਼ਿਕ ਦੀ ਤਰਫ਼ ਜਾਵੇਗਾ ਲੇਕਿਨ ਹੈਮਿੰਗਵੇ ਘਰ ਤੋਂ ਬਾਹਰ, ਆਪਣੇ ਬਾਪ ਦੇ ਨਾਲ ਸ਼ਿਕਾਰ ਅਤੇ ਉਤਰੀ ਮਿਸ਼ੀਗਨ ਦੀਆਂ ਝੀਲਾਂ ਅਤੇ ਜੰਗਲਾਂ ਵਿੱਚ ਕੈਂਪ ਲਗਾਉਣ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਸੀ। ਇਵੇਂ ਉਹ ਕੁਦਰਤ ਦੇ ਕਰੀਬ ਰਹਿਣ ਦੀ ਕੋਸ਼ਿਸ਼ ਕਰਦਾ। ਮਾਂ ਬਾਪ ਦੋਨੋਂ ਚੰਗੇ ਪੜ੍ਹੇ ਲਿਖੇ ਸਨ ਅਤੇ ਓਕ ਪਾਰਕ ਦੇ ਰੂੜੀਵਾਦੀ ਭਾਈਚਾਰੇ ਵਿੱਚ ਉਹਨਾਂ ਦੀ ਚੰਗੀ ਭੱਲ ਸੀ।[3]
ਪੜ੍ਹਨ ਦੇ ਲਈ ਉਸ ਨੇ ਓਕ ਪਾਰਕ ਇਨਡਰੀਵ ਫ਼ੋਰਸਟ ਹਾਈ ਸਕੂਲ ਵਿੱਚ ਦਾਖ਼ਲਾ ਲਿਆ। ਸਕੂਲ ਦੇ ਦੌਰ ਵਿੱਚ ਉਸ ਨੇ ਖੇਡਾਂ ਅਤੇ ਪੜ੍ਹਾਈ ਦੋਨਾਂ ਵਿੱਚ ਬਿਹਤਰੀਨ ਕਾਰਕਰਦਗੀ ਦਾ ਮੁਜ਼ਾਹਰਾ ਕੀਤਾ। ਉਹ ਫੁਟਬਾਲ ਅਤੇ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਹਿਸਾ ਲੈਂਦਾ। ਪੜ੍ਹਾਈ ਪੱਖੋਂ ਸਭ ਤੋਂ ਜ਼ਿਆਦਾ ਤਕੜਾ ਮੁਜ਼ਾਹਰਾ ਉਸ ਨੇ ਅੰਗਰੇਜ਼ੀ ਕਲਾਸਾਂ ਵਿੱਚ ਕੀਤਾ। ਸਕੂਲ ਦੇ ਜ਼ਮਾਨੇ ਵਿੱਚ ਛਪਣ ਵਾਲੇ ਅਖ਼ਬਾਰਾਂ ਅਤੇ ਈਅਰ ਬੁੱਕ ਵਿੱਚ ਉਸ ਦੇ ਲੇਖ ਛਪਦੇ ਹੁੰਦੇ ਸਨ। ਉਹ ਉਸ ਜ਼ਮਾਨੇ ਵਿੱਚ ਆਪਣੇ ਸਾਹਿਤਕ ਹੀਰੋ ਤੋਂ ਮੁਤਾਸਿਰ ਹੋ ਕੇ ਉਸ ਦੇ ਨਾਮ ਰਿੰਗ ਲਾਰਡਨਰ ਯੂਨੀਅਰ ਦੇ ਨਾਮ ਨਾਲ ਵੀ ਲਿਖਦਾ ਸੀ। ਹਾਈ ਸਕੂਲ ਵਿੱਚ ਗਿਆਨ ਪਾਉਣ ਦੇ ਬਾਅਦ ਉਸ ਨੇ ਕਾਲਜ ਦਾ ਰੁਖ਼ ਕੀਤਾ ਅਤੇ ਅਖ਼ਬਾਰ ਕਨਸਾਸ ਸਿਟੀ ਵਿੱਚ ਬਤੌਰ ਰਿਪੋਰਟਰ ਭਰਤੀ ਹੋ ਗਿਆ। ਅਖ਼ਬਾਰ ਦੇ ਨਾਲ ਵਾਬਸਤਗੀ ਤਾਂ ਛੇ ਮਹੀਨੇ ਰਹੀ ਲੇਕਿਨ ਲਿਖਣ ਦੇ ਮਾਮਲੇ ਵਿੱਚ ਉਸਨੂੰ ਜੋ ਮਸ਼ਕ ਹਾਸਲ ਹੋਈ ਉਹ ਉਸ ਤੋਂ ਮਿਲੇ ਫ਼ਾਇਦੇ ਦਾ ਉਮਰ ਭਰ ਜ਼ਿਕਰ ਕਰਦੇ ਰਹੇ। ਇਥੇ ਹੀ ਉਹਨੇ ਸਿੱਖਿਆ ਕਿ ਸਚ ਅਕਸਰ ਧਰਾਤਲ ਦੇ ਹੇਠਾਂ ਲਟਕਿਆ ਹੁੰਦਾ ਹੈ। ਉਹਨੇ ਛੋਟੇ ਵਾਕ, ਛੋਟੇ ਪੈਰੇ ਅਤੇ ਧੜਲੇਦਾਰ ਅੰਗਰੇਜ਼ੀ ਦੀ ਅਹਿਮੀਅਤ ਨੂੰ ਸਮਝਿਆ।
ਛੇ ਮਹੀਨੇ ਤੱਕ ਰਿਪੋਰਟਿੰਗ ਦੇ ਬਾਅਦ ਉਸ ਨੇ ਬਾਪ ਦੀ ਇੱਛਾ ਦੇ ਬਰਖ਼ਿਲਾਫ਼ ਪਹਿਲੀ ਵੱਡੀ ਜੰਗ ਵਿੱਚ ਹਿੱਸਾ ਲੈਣ ਦੇ ਲਈ ਅਮਰੀਕੀ ਫ਼ੌਜ ਵਿੱਚ ਸ਼ਾਮਿਲ ਹੋਣ ਦੀ ਠਾਨ ਲਈ। ਪਰ ਉਹ ਨਿਗਾਹ ਦੀ ਕਮਜ਼ੋਰੀ ਦੇ ਸਬੱਬ ਡਾਕਟਰੀ ਮੁਆਇਨੇ ਵਿੱਚ ਨਾਕਾਮ ਹੋਇਆ। ਅਲਬਤਾ ਉਹ ਰੈਡ ਕਰਾਸ ਐਬੂਲੈਂਸ ਦਾ ਡਰਾਈਵਰ ਬਣ ਕੇ ਜੰਗ ਵਿੱਚ ਸ਼ਰੀਕ ਹੋ ਗਿਆ। ਇਟਲੀ ਵਿੱਚ ਜੰਗ ਦੇ ਮੁਹਾਜ਼ ਤੇ ਜਾਂਦੇ ਹੋਏ ਉਹਨੂੰ ਪੈਰਿਸ ਵਿੱਚ ਰੋਕ ਲਿਆ ਗਿਆ ਜੋ ਕਿ ਇਸ ਵਕਤ ਜਰਮਨੀ ਦੀ ਬੰਬਾਰੀ ਦੀ ਜ਼ੱਦ ਵਿੱਚ ਸੀ। ਹੈਮਿੰਗਵੇ ਫ਼ਲੋਰੀਡਾ ਹੋਟਲ ਦੇ ਮੁਕਾਬਲਤਨ ਮਹਿਫ਼ੂਜ਼ ਇਲਾਕੇ ਵਿੱਚ ਠਹਿਰਨ ਦੀ ਬਜਾਏ, ਮੁਹਾਜ਼ ਦੇ ਕਰੀਬ ਜਾਣ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਸੀ। ਇਟਲੀ ਦੇ ਜੰਗ ਦੇ ਮੁਹਾਜ਼ ਤੇ ਪੁੱਜਣ ਦੇ ਬਾਅਦ ਉਸ ਨੂੰ ਪਹਿਲੀ ਵਾਰ ਜੰਗ ਦੀਆਂ ਸਿਤਮਰਾਨੀਆਂ ਦੇਖਣ ਦਾ ਮੌਕਾ ਮਿਲਿਆ। ਉਸ ਦੀ ਡਿਊਟੀ ਦੇ ਪਹਿਲੇ ਰੋਜ ਅਸਲਾ ਫ਼ੈਕਟਰੀ ਵਿੱਚ ਧਮਾਕਾ ਹੋਇਆ। ਹੈਮਿੰਗਵੇ ਨੂੰ ਉਥੋਂ ਮਨੁੱਖੀ ਲਾਸ਼ਾਂ ਕਢਣੀਆਂ ਪਈਆਂ। ਇਸ ਤਜਰਬੇ ਦੇ ਬਾਅਦ ਉਸ ਨੇ 'A Natural History of the dead ' ਦੇ ਨਾਮ ਦੀ ਕਿਤਾਬ ਵੀ ਲਿਖੀ। ਮੌਤ ਨੂੰ ਕਰੀਬ ਤੋਂ ਦੇਖਣ ਦੇ ਅਮਲ ਨੇ ਹੈਮਿੰਗਵੇ ਨੂੰ ਤੋੜ ਕੇ ਰੱਖ ਦਿੱਤਾ ਸੀ। ਅੱਠ ਜੁਲਾਈ 1918 ਨੂੰ ਡਿਊਟੀ ਦੌਰਾਨ ਮੋਰਟਰ ਸ਼ੈਲ ਲੱਗਣ ਨਾਲ ਉਹ ਜ਼ਖ਼ਮੀ ਹੋਇਆ ਜਿਸ ਨਾਲ ਬਤੌਰ ਐਮਬੂਲੈਂਸ ਡਰਾਈਵਰ ਉਸ ਦੇ ਕੈਰੀਅਰ ਦਾ ਅੰਤ ਹੋ ਗਿਆ। ਇਸ ਦੇ ਇਲਾਵਾ ਉਸ ਨੂੰ ਗੋਲੀ ਵੀ ਲੱਗੀ। ਜ਼ਖ਼ਮੀ ਹੋਣ ਦੇ ਬਾਵਜੂਦ ਜ਼ਖ਼ਮੀ ਇਤਾਲਵੀ ਫ਼ੌਜੀਆਂ ਨੂੰ ਮਹਿਫ਼ੂਜ਼ ਮੁਕਾਮ ਤੱਕ ਪਹੁੰਚਾਣ ਦੇ ਕਾਰਨਾਮੇ ਸਦਕਾ ਉਸ ਨੂੰ ਇਤਾਲਵੀ ਹਕੂਮਤ ਨੇ ਐਵਾਰਡ ਨਾਲ ਵੀ ਨਵਾਜਿਆ। ਉਸ ਦੇ ਬਾਰੇ ਵਿੱਚ ਕਿਹਾ ਜਾਂਦਾ ਰਿਹਾ ਕਿ ਉਹ ਇਟਲੀ ਦੀ ਸਰਜ਼ਮੀਨ ਵਿੱਚ ਪਹਿਲੀ ਵੱਡੀ ਜੰਗ ਦੇ ਦੌਰਾਨ ਜ਼ਖ਼ਮੀ ਹੋਣ ਵਾਲਾ ਪਹਿਲਾ ਅਮਰੀਕੀ ਸੀ।
ਹੈਮਿੰਗਵੇ ਨੂੰ ਅਮਰੀਕੀ ਰੈਡ ਕਰਾਸ ਦੇ ਹਸਪਤਾਲ ਮਿਲਾਨ ਵਿੱਚ ਇਲਾਜ ਦੇ ਲਈ ਦਾਖ਼ਲ ਕੀਤਾ ਗਿਆ। ਓਥੇ ਉਸ ਦੇ ਲਈ ਤਫ਼ਰੀਹ ਦੇ ਮੌਕੇ ਨਾ ਹੋਣ ਦੇ ਬਰਾਬਰ ਸਨ। ਉਹ ਰੱਜ ਕੇ ਸ਼ਰਾਬ ਪੀਂਦਾ ਅਤੇ ਅਖ਼ਬਾਰ ਦਾ ਮੁਤਾਲਿਆ ਕਰਕੇ ਆਪਣਾ ਵਕਤ ਗੁਜ਼ਾਰਦਾ। ਇੱਥੇ ਉਸ ਦੀ ਮੁਲਾਕਾਤ ਏਗਨਜ਼ ਵੋਨ ਕਰੋਸਕੀ ਨਾਮੀ ਨਰਸ ਨਾਲ ਹੋਈ ਅਤੇ ਉਹ ਉਸ ਦੀ ਮੁਹਬਤ ਵਿੱਚ ਗਰਿਫ਼ਤਾਰ ਹੋ ਗਿਆ। ਉਹ ਉਸ ਨਾਲੋਂ ਛੇ ਸਾਲ ਵੱਡੀ ਸੀ। ਉਹਨਾਂ ਨੇ ਵਿਆਹ ਕਰਾਉਣ ਦੀ ਯੋਜਨਾ ਬਣਾ ਲਈ ਲੇਕਿਨ ਹੈਮਿੰਗਵੇ ਦੇ ਅਮਰੀਕਾ ਪੁੱਜਣ ਤੇ ਉਸ ਨੇ ਤੈਅ ਸ਼ੁਦਾ ਮਨਸੂਬੇ ਦੇ ਤਹਿਤ, ਉਸ ਦੇ ਪਿੱਛੇ ਅਮਰੀਕਾ ਆਉਣ ਦੇ ਬਜਾਏ ਇੱਕ ਇਤਾਲਵੀ ਫ਼ੌਜੀ ਅਫ਼ਸਰ ਨਾਲ ਤਾਅਲੁਕ ਸਥਾਪਤ ਕਰ ਲਿਆ। ਮੁਹਬਤ ਵਿੱਚ ਨਾਕਾਮੀ ਦੇ ਇਸ ਤਜਰਬੇ ਨੇ ਉਸਨੂੰ ਜ਼ਿਹਨੀ ਤੌਰ 'ਤੇ ਤੋੜ ਕੇ ਰੱਖ ਦਿੱਤਾ। 1925 ਵਿੱਚ ਛਪਣ ਵਾਲੀ ਹੈਮਿੰਗਵੇ ਦੀ ਪਹਿਲੀ ਕਹਾਣੀ "A very Short story” ਇਸ ਨਾਕਾਮ ਮੁਹਬਤ ਦੇ ਮੋਜ਼ੂਅ ਤੇ ਲਿਖੀ ਗਈ ਹੈ।
ਜੰਗ ਦੇ ਬਾਅਦ ਹੈਮਿੰਗਵੇ ਓਕ ਪਾਰਕ ਦੁਬਾਰਾ ਆ ਵਸਿਆ ਅਤੇ 1920 ਵਿੱਚ ਉਹ ਅਖ਼ਬਾਰ ਟੋਰਾਂਟੋ ਸਟਾਰ ਦੇ ਨਾਲ ਜੁੜ ਗਿਆ ਅਤੇ ਬਤੌਰ ਫ਼ਰੀ ਲਾਨਸਰ, ਸਟਾਫ਼ ਰਾਈਟਰ ਅਤੇ ਗ਼ੈਰ ਮੁਲਕੀ ਨਮਾਇੰਦੇ ਦੇ ਤੌਰ 'ਤੇ ਕੰਮ ਕਰਨ ਲੱਗਾ। ਇੱਥੇ ਉਸ ਦੀ ਦੋਸਤੀ ਰਿਪੋਰਟਰ ਹੈਡਲੇ ਰਿਚਰਡਸਨ ਨਾਲ ਹੋਈ ਜੋ ਉਸ ਨਾਲੋਂ ਅਠ ਸਾਲ ਵੱਡੀ ਸੀ। ਹੈਡਲੇ ਨੇ ਇਸ ਜ਼ਮਾਨੇ ਵਿੱਚ ਜਦੋਂ ਅਫ਼ਸਾਨੇ ਲਿਖੇ ਤੇ ਉਸ ਨੇ ਹੈਮਿੰਗਵੇ ਨੂੰ ਦਿਖਾਏ ਤਾਂ ਉਸ ਨੇ ਉਹਨਾਂ ਨੂੰ ਸਲਾਘਾ ਦੀ ਨਜਰ ਨਾਲ ਵੇਖਿਆ। ਬਾਅਦ ਵਿੱਚ ਦੋਨੋਂ ਪੈਰਿਸ ਵਿੱਚ ਇੱਕ ਵਾਰ ਫਿਰ ਇਕਠੇ ਹੋਏ।ਕੁੱਝ ਅਰਸੇ ਤੱਕ ਹੈਮਿੰਗਵੇ ਸ਼ਿਕਾਗੋ ਦੇ ਦਖਣ ਵਿੱਚ ਰਿਹਾ ਜਿੱਥੇ ਉਹ ਟੋਰਾਂਟੋ ਸਟਾਰ ਦੇ ਲਈ ਰਿਪੋਰਟਿੰਗ ਦੇ ਨਾਲ ਨਾਲ ਮਾਸਿਕ ਕੋਆਪਰੇਟਿਵ ਕਾਮਨ ਵੈਲਥ ਨਾਲ ਬਤੋਰ ਐਡੀਟਰ ਵਾਬਸਤਾ ਸੀ। ਤਿੰਨ ਸਤੰਬਰ 1921 ਵਿੱਚ ਉਸ ਦਾ ਵਿਆਹ ਹੋ ਗਿਆ। ਹਨੀਮੂਨ ਦੇ ਬਾਅਦ ਉਹ ਪਤਨੀ ਦੇ ਨਾਲ ਇੱਕ ਟੁਟੇ ਪੁਰਾਣੇ ਅਪਾਰਟਮੈਂਟ ਵਿੱਚ ਰਹਿਣ ਤੇ ਮਜਬੂਰ ਹੋਇਆ। ਹੈਮਿੰਗਵੇ ਦੀ ਪਤਨੀ ਇਸ ਰਹਾਇਸ਼ਗਾਹ ਨੂੰ ਜਰਾ ਵੀ ਪਸੰਦ ਨਹੀਂ ਕਰਦੀ ਸੀ ਅਤੇ ਉਸਨੂੰ ਤਾਰੀਕ ਅਤੇ ਪ੍ਰੇਸ਼ਾਨਕੁਨ ਕਰਾਰ ਦਿੰਦੀ ਸੀ।
1921 ਵਿੱਚ ਹੈਮਿੰਗਵੇ ਨੇ ਓਕ ਪਾਰਕ ਅਤੇ ਸ਼ਿਕਾਗੋ ਨੂੰ ਛੱਡ ਦਿੱਤਾ ਅਤੇ ਐਂਡਰਸਨ ਦੇ ਜੋਰ ਦੇਣ ਤੇ ਪੈਰਿਸ ਵਿੱਚ ਆ ਵਸਿਆ। ਜਿੱਥੇ ਉਹ ਟੋਰਾਂਟੋ ਸਟਾਰ ਦੇ ਲਈ ਰਿਪੋਰਟਿੰਗ ਕਰਦਾ ਰਿਹਾ। ਉਸ ਜ਼ਮਾਨੇ ਵਿੱਚ ਉਸ ਦਾ ਤਾਆਰੁਫ਼ ਜਰਟਰੂਡ ਸਟੇਨ ਨਾਲ ਹੋਇਆ ਜੋ ਉਸ ਦੀ ਸਰਪ੍ਰਸਤ ਬਣ ਗਈ ਅਤੇ ਉਸ ਨੇ ਉਸਨੂੰ ਪੈਰਿਸ ਦੀ ਆਧੁਨਿਕ ਤਹਿਰੀਕ ਨਾਲ ਜਾਣੂ ਕਰਾਇਆ। ਇਹੀ ਅਮਰੀਕੀ ਜਲਾਵਤਨਾ ਦੇ ਉਸ ਸਰਕਲ ਦਾ ਅਰੰਭਕ ਨੁਕਤਾ ਸੀ ਜੋ ਬਾਅਦ ਵਿੱਚ ਗੁੰਮਸ਼ੁਦਾ ਨਸਲਾਂ ਦੇ ਨਾਮ ਨਾਲ ਜਾਣਿਆ ਗਿਆ। ਹੈਮਿੰਗਵੇ ਨੇ ਬਾਅਦ ਵਿੱਚ ਆਪਣੇ ਨਾਵਲ “ The sun also rises” ਅਤੇ ਆਪਣੀ ਯਾਦਾਸ਼ਤ ਦੇ ਜ਼ਰੀਏ ਗੁੰਮਸ਼ੁਦਾ ਨਸਲਾਂ ਨੂੰ ਬਹੁਤ ਜ਼ਿਆਦਾ ਸ਼ੁਹਰਤ ਬਖ਼ਸ਼ੀ। ਉਸ ਜ਼ਮਾਨੇ ਵਿੱਚ ਉਸ ਦਾ ਐਜ਼ਰਾ ਪਾਊੰਡ ਨਾਲ ਵੀ ਰਾਬਤਾ ਰਿਹਾ ਜਿਸਨੂੰ ਬਿੰਬਵਾਦ ਦਾ ਬਾਨੀ ਕਿਹਾ ਜਾਂਦਾ ਹੈ। 1922 ਵਿੱਚ ਜੇਮਜ਼ ਜਵਾਇਸ ਦੀ ਨਵੀਆਂ ਸੰਭਾਵਨਾਵਾਂ ਨਾਲ ਭਰਪੂਰ ਕਿਤਾਬ "Ulysses” ਛਪੀ। ਅਮਰੀਕਾ ਵਿੱਚ ਨਾਵਲ ਤੇ ਪਾਬੰਦੀ ਦੇ ਬਾਅਦ ਹੈਮਿੰਗਵੇ ਨੇ ਟੋਰਾਂਟੋ ਵਿੱਚ ਮੌਜੂਦ ਆਪਣੇ ਦੋਸਤਾਂ ਦੇ ਜ਼ਰੀਏ ਨਾਵਲ ਨੂੰ ਅਮਰੀਕਾ ਵਿੱਚ ਪਹੁੰਚਾਣ ਦਾ ਇੰਤਜ਼ਾਮ ਕੀਤਾ। ਹੈਮਿੰਗਵੇ ਨੇ ਆਪਣੀਆਂ ਯਾਦਾਸ਼ਤਾਂ ਵਿੱਚ ਜੇਮਜ਼ ਜਵਾਇਸ ਨਾਲ ਪੈਰਿਸ ਵਿੱਚ ਹੋਣ ਵਾਲੀਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ।ਦੋਨਾਂ ਦੇ ਕਈ ਕਈ ਦਿਨ ਲੰਮੇ ਸਰਾਬ ਦੇ ਦੌਰ ਮਸ਼ਹੂਰ ਹਨ ਛਪੀ 1923 ਵਿੱਚ ਪੈਰਿਸ ਤੋਂ ਉਸ ਦੀ ਪਹਿਲੀ ਕਿਤਾਬ “Three stories and ten poems ”ਛਪੀ ਗ਼ੈਰ ਮੁਲਕੀ ਨੁਮਾਇੰਦੇ ਦੇ ਤੌਰ 'ਤੇ ਇਸਨੂੰ ਬੇਪਨਾਹ ਕਾਮਯਾਬੀ ਮਿਲੀ
1923 ਵਿੱਚ ਉਹ ਕਨੇਡਾ ਅੱਪੜਿਆ ਅਤੇ ਪੀਟਰ ਜੈਕਸਨ ਦੇ ਕਲਮੀ ਨਾਮ ਨਾਲ ਲਿਖਣਾ ਸ਼ੁਰੂ ਕੀਤਾ। ਕਨੇਡਾ ਵਿੱਚ ਹੈਮਿੰਗਵੇ ਦੇ ਪਲੇਠੀ ਦਾ ਪੁੱਤਰ ਪੈਦਾ ਹੋਇਆ। ਉਸ ਜ਼ਮਾਨੇ ਵਿੱਚ ਉਸ ਦੇ ਆਪਣੇ ਅਖ਼ਬਾਰ ਦੇ ਐਡੀਟਰ ਨਾਲ ਮੱਤਭੇਦ ਪੈਦਾ ਹੋ ਗਏ ਅਤੇ ਹੈਮਿੰਗਵੇ ਨੇ ਨਾਰਾਜ਼ ਹੋ ਕੇ ਅਸਤੀਫਾ ਦੇ ਦਿੱਤਾ ਲੇਕਿਨ ਇਸਨੂੰ ਮਨਜ਼ੂਰ ਨਾ ਕੀਤਾ ਗਿਆ ਅਤੇ ਉਹ 1924 ਦੇ ਦੌਰਾਨ ਲਗਾਤਾਰ ਟੋਰਾਂਟੋ ਸਟਾਰ ਦੇ ਲਈ ਲਿਖਦੇ ਰਹੇ। ਸਟਾਰ ਦੇ ਲਈ ਉਸ ਦੀਆਂ ਤਹਰੀਰਾਂ ਡੇਟ ਲਾਈਨ ਟੋਰਾਂਟੋ ਦੇ ਨਾਮ ਨਾਲ ਛਪੀਆਂ। 1925 ਵਿੱਚ ਉਸ ਦਾ ਸਪੇਨੀ ਸੰਗ੍ਰਹਿ In our time ਪ੍ਰਕਾਸ਼ਿਤ ਹੋਇਆ ਅਮਰੀਕਾ ਤੋਂ ਪ੍ਰਕਾਸ਼ਿਤ ਹੋਣ ਵਾਲੀ ਇਹ ਉਸ ਦੀ ਪਹਿਲੀ ਕਿਤਾਬ ਸੀ। ਇਹ ਕਿਤਾਬ ਇਸ ਪੱਖੋਂ ਹੈਮਿੰਗਵੇ ਦੇ ਲਈ ਬਹੁਤ ਅਹਿਮ ਸਾਬਤ ਹੋਈ ਕਿ ਇਸ ਵਿੱਚ ਅਪਣਾਈ ਸ਼ੈਲੀ ਨੂੰ ਸਾਹਿਤਕ ਬਰਾਦਰੀ ਨੇ ਕਬੂਲ ਕਰ ਲਿਆ। ਇਸ ਸੰਗ੍ਰਹਿ ਦੀ ਸਭ ਤੋਂ ਮਕਬੂਲ ਕਹਾਣੀ “ “Big two hearted river” ਸੀ। ਅਪ੍ਰੈਲ 1925 ਵਿੱਚ The great Gatsby ਪ੍ਰਕਾਸ਼ਿਤ ਹੋਣ ਦੇ ਬਾਅਦ ਉਸ ਦੀ ਮੁਲਾਕਾਤ ਐਫ਼ ਸਕਾਟ ਫਿਟਜਜੀਰਾਲਡ ਨਾਲ ਹੋਈ ਜੋ ਜਲਦ ਦੋਸਤੀ ਵਿੱਚ ਬਦਲ ਗਈ। ਹੁਣ ਉਹਨਾਂ ਦੀਆਂ ਚਰਚਾ ਲਈ ਅਤੇ ਪੀਣ ਪਲਾਉਣ ਦੀਆਂ ਮਹਿiਫਲਾਂ ਜੰਮਣ ਲੱਗੀਆਂ। ਦੋਨਾਂ ਵਿੱਚ ਖਰੜਿਆਂ ਦਾ ਤਬਾਦਲਾ ਹੋ ਜਾਂਦਾ ਸੀ। ਫ਼ਰਾਂਸ ਵਿੱਚ ਗੁਜ਼ਾਰੇ ਸਮੇਂ ਦੇ ਬਾਰੇ ਉਸ ਨੇ ਲੰਮਾ ਨਾਵਲ The sun also rises ਲਿਖਿਆ। ਬਰਤਾਨੀਆ ਵਿੱਚ ਇਹ ਨਾਵਲ “Fiesta” ਦੇ ਟਾਈਟਲ ਨਾਲ ਛਪਿਆ। ਇਸ ਨਾਵਲ ਵਿੱਚ ਪੈਰਿਸ ਅਤੇ ਸਪੇਨ ਵਿੱਚ ਆਬਾਦ ਅਮਰੀਕੀਆਂ ਦੇ ਗਰੋਹਾਂ ਨੂੰ ਦਿਖਾਇਆ ਗਿਆ ਹੈ। ਇਸ ਨਾਵਲ ਨੂੰ ਯੂਰਪ ਅਤੇ ਅਮਰੀਕਾ ਵਿੱਚ ਬਹੁਤ ਮਕਬੂਲੀਅਤ ਹਾਸਲ ਹੋਈ।
1927 ਵਿੱਚ ਹੈਮਿੰਗਵੇ ਨੇ ਹੈਡਲੀ ਰਿਚਰਡਸਨ ਨੂੰ ਤਲਾਕ ਦੇ ਕੇ ਪੌਲਿਨ ਫ਼ੀਫ਼ਰ ਨਾਲ ਵਿਆਹ ਕਰ ਲਿਆ ਜੋ ਫ਼ੈਸ਼ਨ ਰਿਪੋਰਟਰ ਸੀ ਟੇ ਕੈਥੋਲਿਕ ਸੀ। ਇਸ ਦੌਰ ਵਿੱਚ ਹੈਮਿੰਗਵੇ ਨੇ ਕੈਥੋਲਿਕਇਜ਼ਮ ਨੂੰ ਕਬੂਲ ਕੀਤਾ। ਇਸ ਬਰਸ ਉਸ ਦਾ ਸਪੇਨੀ ਸੰਗ੍ਰਹਿ " Men without women” ਛਪਿਆ। ਇਸ ਕਿਤਾਬ ਵਿੱਚ ਹੀ ਹੈਮਿੰਗਵੇ ਦੀ ਮਸ਼ਹੂਰ ਤਰੀਂਨ ਕਹਾਣੀ “The killers” ਵੀ ਸ਼ਾਮਿਲ ਸੀ। 1928 ਵਿੱਚ ਉਹ ਪਤਨੀ ਦੇ ਨਾਲ ਫ਼ਲੋਰੀਡਾ ਚਲਾ ਗਿਆ।
1928 ਦਾ ਸਾਲ ਹੈਮਿੰਗਵੇ ਦੇ ਲਈ ਬਹੁਤ ਦੁੱਖ ਭਰਿਆ ਸੀ ਕਿਉਂਕਿ ਇਸ ਬਰਸ ਉਸ ਦੇ ਬਾਪ ਜੋ ਡਾਇਬਟੀਜ਼ ਦਾ ਮਰੀਜ਼ ਅਤੇ ਆਰਥਿਕ ਮੁਸ਼ਕਲਾਂ ਦਾ ਸ਼ਿਕਾਰ ਸੀ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਜਿੰਦਗੀ ਦੇ ਬੰਧਨਾਂ ਤੋਂ ਅਜ਼ਾਦੀ ਹਾਸਲ ਕੀਤੀ। ਉਹ ਓਕ ਪਾਰਕ ਅੱਪੜਿਆ ਜਿੱਥੇ ਉਸ ਨੇ ਬਾਪ ਦੇ ਅੰਤਿਮ ਕਿਰਿਆ ਦਾ ਬੰਦੋਬਸਤ ਕੀਤਾ। ਉਸ ਨੇ ਜਦੋਂ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਖ਼ੁਦਕਸ਼ੀ ਕਰਨ ਵਾਲੇ ਜਹਨਮ ਵਿੱਚ ਜਾਣਗੇ ਤਾਂ ਓਥੇ ਅਨੋਖੀ ਸੂਰਤੇ ਹਾਲ ਪੈਦਾ ਹੋ ਗਈ। ਇਸ ਸਾਲ ਹੈਮਿੰਗਵੇ ਦੇ ਦੂਜੇ ਬੇਟੇ ਪੈਟਰਿਕ ਦਾ ਕਨਸਾਸ ਵਿੱਚ ਜਨਮ ਹੋਇਆ। ਬੇਟੇ ਦਾ ਜਨਮ ਵੱਡੀ ਪੇਚੀਦਾ ਸੂਰਤੇ ਹਾਲ ਵਿੱਚ ਹੋਇਆ ਜਿਸ ਦਾ ਵੇਰਵਾ ਉਸ ਨੇ ਆਪਣੇ ਨਾਵਲ “ “fairwell to arms"ਦੇ ਅਖੀਰਲੇ ਸਫ਼ਿਆਂ ਵਿੱਚ ਦਰਜ ਕੀਤਾ ਹੈ। ਇਸ ਨਾਵਲ ਅਤੇ ਬਹੁਤ ਸਾਰੇ ਅਫ਼ਸਾਨਿਆਂ ਨੂੰ ਉਸ ਨੇ ਪੌਲਿਨ ਦੇ ਮਾਂ-ਪਿਉ ਦੇ ਘਰ ਅਰਕਨਸਾਸ ਵਿੱਚ ਹੀ ਲਿਖਿਆ। 1931 ਵਿੱਚ ਹੈਮਿੰਗਵੇ ਵੈਸਟ ਫ਼ਲੋਰੀਡਾ ਵਿੱਚ ਰਹਿਣ ਲਗ ਪਿਆ। ਹੁਣ ਉਸ ਥਾਂ ਜਿਥੇ ਉਸ ਨੇ ਅਮਰੀਕਾ ਵਿੱਚ ਆਪਣੀ ਪਹਿਲੀ ਰਿਹਾਇਸ਼ਗਾਹ ਕਾਇਮ ਕੀਤੀ ਜਿਸ ਨੂੰ ਬਾਅਦ ਵਿੱਚ ਮਿਊਜ਼ੀਅਮ ਦਾ ਰੁਤਬਾ ਦੇ ਦਿੱਤਾ ਗਿਆ।
1932 ਵਿੱਚ ਹੈਮਿੰਗਵੇ ਦੀ ਕਿਤਾਬ ਜੋ ਕਿ ਬੁਲ ਫਾਈਟਿੰਗ ਦੇ ਮੋਜ਼ੂਅ ਤੇ ਲਿਖੀ ਗਈ ਸੀ “”Death in after moon”ਛਪੀ। ਹੈਮਿੰਗਵੇ ਦੀ ਸਪੇਨ ਦੇ ਬਾਰੇ ਲਿਖਤਾਂ ਵਿੱਚ ਸਪੇਨੀ ਲੇਖਕ ਪੀਵ ਬਰੋਜਾ ਦਾ ਗਹਿਰਾ ਅਸਰ ਨਜ਼ਰ ਆਉਂਦਾ ਹੈ। ਸਾਹਿਤ ਦਾ ਨੋਬਲ ਇਨਾਮ ਹਾਸਲ ਕਰਨ ਦੇ ਬਾਅਦ ਉਹ ਬਰੋਜਾ ਨੂੰ ਮਿਲਣ ਵੀ ਗਿਆ ਜੋ ਉਸ ਵਕਤ ਮੌਤ ਦੇ ਬਿਸਤਰ ਤੇ ਸੀ। ਉਸ ਨੇ ਇਸ ਗੱਲ ਦਾ ਇਕਬਾਲ ਵੀ ਕੀਤਾ ਕਿ ਬਰੋਜਾ ਉਸ ਨਾਲੋਂ ਜ਼ਿਆਦਾ ਨੋਬਲ ਇਨਾਮ ਦਾ ਹੱਕਦਾਰ ਸੀ। 1933 ਵਿੱਚ ਉਹ ਸਿਆਸਤ ਦੇ ਲਈ ਅਫ਼ਰੀਕਾ ਦੇ ਕਈ ਮੁਲਕਾਂ ਨੂੰ ਗਿਆ। ਉਸ ਸਫ਼ਰ ਦੇ ਤਜਰਬੇ ਵੀ ਕਈ ਕਿਤਾਬਾਂ ਦੀ ਸੂਰਤ ਵਿੱਚ ਸਾਹਮਣੇ ਆਏ।
ਸਪੇਨੀ ਸਿਵਲ ਜੰਗ ਦੀ ਨਾਰਥ ਅਮਰੀਕਨ ਨਿਊਜ਼ ਪੇਪਰਜ਼ ਅਲਾਇੰਸ ਵਲੋਂ ਰਿਪੋਰਟਿੰਗ ਦੇ ਲਈ ਉਹ 1937 ਵਿੱਚ ਸਪੇਨ ਗਿਆ, ਇਸ ਜੰਗ ਨੇ ਉਸ ਦੀ ਜਿੰਦਗੀ ਤੇ ਗਹਿਰੇ ਅਸਰ ਉੱਕਰ ਦਿੱਤੇ। ਹੈਮਿੰਗਵੇ ਜੋ ਕਿ ਆਪਣੀ ਪਤਨੀ ਪੌਲਿਨ ਨਾਲ ਵਿਆਹ ਦੇ ਵਕਤ ਕੈਥੋਲਿਕ ਹੋ ਚੁਕਾ ਸੀ ਹੁਣ ਮਜ਼ਹਬ ਦੇ ਬਾਰੇ ਵਿੱਚ ਸੰਕਿਆਂ ਦਾ ਸ਼ਿਕਾਰ ਹੋ ਗਿਆ ਅਤੇ ਚਰਚ ਤੋਂ ਬਾਗ਼ੀ ਹੋ ਗਿਆ। ਉਸ ਦੀ ਪਤਨੀ ਕੈਥੋਲਕਇਜ਼ਮ ਦੀ ਪੁਰਜੋਸ਼ ਹਾਮੀ ਸੀ ਇਸ ਲਈ ਉਹ ਫਰਾਂਕੋ ਦੀ ਫਾਸ਼ਿਸ਼ਟ ਹਕੂਮਤ ਦੀ ਹਮਾਇਤ ਕਰ ਰਹੀ ਸੀ ਉਸ ਦੇ ਬਰਖ਼ਿਲਾਫ਼ ਹੈਮਿੰਗਵੇ ਰੀਪਬਲੀਕਨ ਹਕੂਮਤ ਦੀ ਹਮਾਇਤ ਕਰਦਾ ਸੀ। ਉਸ ਜ਼ਮਾਨੇ ਵਿੱਚ ਉਸ ਨੇ "The Denunciation” ਲਿਖਿਆ ਜਿਸ ਦਾ ਚਰਚਾ ਬਹੁਤ ਘੱਟ ਹੀ ਹੋਇਆ ਉਸ ਦੀ ਛਪਾਈ ਵੀ 1969 ਵਿੱਚ ਸੰਭਵ ਹੋਈ ਜਦੋਂ ਇਸ ਨੂੰ ਹੈਮਿੰਗਵੇ ਦੀਆਂ ਕਹਾਣੀਆਂ ਦੇ ਸੰਗ੍ਰਹਿ ਵਿੱਚ ਸ਼ਾਮਿਲ ਕੀਤਾ ਗਿਆ।
1939 ਵਿੱਚ ਫਰਾਂਕੋ ਅਤੇ ਕੌਮ ਪ੍ਰਸਤਾਂ ਵੱਲੋਂ ਰੀਪਬਲੀਕਨਾਂ ਨੂੰ ਹਰਾ ਦੇਣ ਨਾਲ ਸਿਵਲ ਜੰਗ ਦਾ ਖ਼ਾਤਮਾ ਹੋ ਗਿਆ ਜਿਸ ਦੀ ਵਜਾਹ ਨਾਲ ਹੈਮਿੰਗਵੇ ਨੂੰ ਖ਼ੁਦ ਇਖ਼ਤਿਆਰ ਕੀਤੇ ਵਤਨ ਤੋਂ ਵੀ ਹੱਥ ਧੋਣੇ ਪਏ, ਦੂਸਰੇ ਪਾਸੇ ਪਤਨੀ ਨੂੰ ਤਲਾਕ ਦੇਣ ਦੇ ਸਬੱਬ ਉਹ ਵੈਸਟ ਫ਼ਲੋਰੀਡਾ ਵਿੱਚ ਆਪਣੇ ਘਰ ਤੋਂ ਮਹਿਰੂਮ ਹੋ ਗਿਆ। ਤਲਾਕ ਦੇ ਕੁੱਝ ਹੀ ਹਫ਼ਤਿਆਂ ਬਾਅਦ ਉਸ ਨੇ ਸਪੇਨ ਵਿੱਚ ਚਾਰ ਸਾਲ ਤੋਂ ਆਪਣੇ ਨਾਲ ਕੰਮ ਕਰਨ ਵਾਲੀ ਮਾਰਥਾ ਗੀਲਹੋਮ ਨਾਲ ਤੀਜਾ ਵਿਆਹ ਰਚਾ ਲਿਆ। ਇਹ 1940 ਦੀ ਗੱਲ ਹੈ ਇਸ ਬਰਸ ਉਸ ਦੀ ਸਪੇਨ ਦੀ ਸਿਵਲ ਜੰਗ ਬਾਰੇ ਨਾਵਲ “For Whom the bells tolls” ਪ੍ਰਕਾਸ਼ਿਤ ਹੋਇਆ। ਇਹ ਨਾਵਲ ਹਕੀਕੀ ਘਟਨਾਵਾਂ ਦੀ ਪੇਸ਼ਕਾਰੀ ਦੇ ਤੌਰ 'ਤੇ ਹੀ ਲਿਖਿਆ ਗਿਆ ਸੀ। ਜਿਸ ਵਿੱਚ ਇੱਕ ਅਮਰੀਕੀ ਫ਼ੌਜੀ ਰਾਬਰਟ ਜੋਰਡਨ ਜੋ ਰੀਪਬਲਿਕ ਵੱਲੋਂ ਸਪੇਨੀ ਫੌਜੀਆਂ ਨਾਲ ਲੜ ਰਿਹਾ ਸੀ। ਇਸ ਨਾਵਲ ਨੂੰ ਹੈਮਿੰਗਵੇ ਦਾ ਅਹਿਮਤਰੀਨ ਸਾਹਿਤਕ ਕਾਰਨਾਮਾ ਸਮਝਿਆ ਜਾਂਦਾ ਹੈ।
ਅਮਰੀਕਾ ਦੂਜੀ ਵੱਡੀ ਜੰਗ ਵਿੱਚ ਅੱਠ ਦਸੰਬਰ 1941 ਨੂੰ ਸ਼ਰੀਕ ਹੋਇਆ। ਹੈਮਿੰਗਵੇ ਇਸ ਜੰਗ ਦੀ ਕਵਰੇਜ਼ ਦੇ ਲਈ ਕਵੀਰ ਮੈਗਜ਼ੀਨ ਵੱਲੋਂ ਯੂਰਪ ਗਿਆ। ਜੰਗ ਦੇ ਬਾਅਦ ਹੈਮਿੰਗਵੇ ਨੇ “The garden of Eden ”ਲਿਖਣ ਇਰਾਦਾ ਬਣਾਇਆ। ਉਸ ਦਾ ਇਹ ਮਨਸੂਬਾ ਵਰ੍ਹਿਆਂ ਬਾਅਦ ਨਿਹਾਇਤ ਮੁਖ਼ਤਸਰ ਸ਼ਕਲ ਵਿੱਚ 1968 ਵਿੱਚ ਛਪਿਆ। ਆਖਿਰ ਵਿੱਚ ਤਿੰਨ ਹਿੱਸਿਆਂ ਵਿੱਚ ਕਿਤਾਬ ਲਿਖਣ ਦਾ ਉਸ ਦਾ ਮਨਸੂਬਾ ਸੀ ਲੇਕਿਨ ਉਹ ਇਸ ਨੂੰ 'ਬੁਢਾ ਅਤੇ ਸਮੁੰਦਰ' ਦੇ ਰੂਪ ਵਿੱਚ ਹੀ ਪੇਸ਼ ਕਰ ਸਕਿਆ।
ਵੱਡੀ ਜੰਗ ਦੇ ਬਾਅਦ ਹੀ ਉਸ ਨੇ ਖ਼ਾਤੂਨ ਸਹਾਫ਼ੀ ਜਿਸ ਨਾਲ ਉਸ ਦੀ 1944 ਵਿੱਚ ਮੁਲਾਕਾਤ ਹੋਈ ਸੀ ਨਾਲ ਵਿਆਹ ਕਰ ਲਿਆ। 1954 ਵਿੱਚ ਨੋਬੇਲ ਇਨਾਮ ਮਿਲਣ ਤੇ ਉਸ ਨੂੰ ਬਤੌਰ ਸਾਹਿਤਕਾਰ ਸਾਖ ਬਿਹਤਰ ਬਣਾਉਣ ਵਿੱਚ ਮਦਦ ਮਿਲੀ। ਉਹਨਾਂ ਨੂੰ ਕਈ ਵਾਰ ਫੌਜੀ ਹਾਦਸਿਆਂ ਦਾ ਵੀ ਸਾਮਣਾ ਕਰਨਾ ਪਿਆ। ਝਾੜੀਆਂ ਵਿੱਚ ਅੱਗ ਲਗਣ ਦੀ ਵਜਹ ਨਾਲ ਉਹ ਜ਼ਖ਼ਮੀ ਹੋਇਆ ਜਿਸ ਕਰਕੇ ਉਹ ਨੋਬੇਲ ਇਨਾਮ ਹਾਸਲ ਕਰਨ ਦੀ ਗ਼ਰਜ਼ ਨਾਲ ਸਟਾਕ ਹੋਮ ਜਾਣ ਤੋਂ ਵੀ ਰਹਿ ਗਿਆ ਸੀ।
1959 ਵਿੱਚ ਜਦੋਂ ਉਹ ਕਿਊਬਾ ਵਿੱਚ ਰਹਿ ਰਿਹਾ ਸੀ ਉਥੇ ਇਨਕਲਾਬ ਆ ਗਿਆ ਅਤੇ ਬਤਿਸਤਾ ਦੀ ਹਕੂਮਤ ਖ਼ਤਮ ਹੋਈ ਤਾਂ ਉਹ ਬਦਸਤੂਰ ਕਿਊਬਾ ਵਿੱਚ ਹੀ ਟਿਕਿਆ ਰਿਹਾ। ਉਸ ਦੇ ਬਾਰੇ ਵਿੱਚ ਕਿਹਾ ਜਾਂਦਾ ਰਿਹਾ ਕਿ ਉਹ ਕਾਸਤਰੋ ਦਾ ਹਮਾਇਤੀ ਸੀ ਅਤੇ ਉਸ ਦੇ ਬਰਪਾ ਕੀਤੇ ਹੋਏ ਇਨਕਲਾਬ ਦੇ ਲਈ ਉਸ ਨੇ ਨੇਕ ਖ਼ਵਾਹਿਸ਼ਾਂ ਦਾ ਇਜ਼ਹਾਰ ਕੀਤਾ। ਦੂਜੀ ਵੱਡੀ ਜੰਗ ਅਤੇ ਉਸ ਦੇ ਬਾਅਦ ਐਫ਼ ਬੀ ਆਈ ਉਸ ਦੀ ਨਿਗਰਾਨੀ ਕਰਦੀ ਰਹੀ ਕਿਉਂਕਿ ਉਸ ਤੇ ਸ਼ੱਕ ਕੀਤਾ ਜਾਂਦਾ ਸੀ ਕਿ ਉਸ ਦਾ ਸਪੇਨੀ ਸਿਵਲ ਵਾਰ ਦੇ ਦਿਨਾਂ ਵਿੱਚ ਕੁਝ ਮਾਰਕਸੀ ਸੋਚ ਦੇ ਵਿਅਕਤੀਆਂ ਦੇ ਨਾਲ ਉਸ ਦਾ ਤਾਅਲੁਕ ਕਾਇਮ ਹੋ ਗਿਆ ਸੀ, ਉਹ ਉਸ ਜ਼ਮਾਨੇ ਵਿੱਚ ਕਿਊਬਾ ਵਿੱਚ ਸਰਗਰਮ ਸਨ। 1960 ਵਿੱਚ ਉਸ ਨੇ ਕਿਊਬਾ ਨੂੰ ਖੈਰਬਾਦ ਕਿਹਾ।
ਫਰਵਰੀ 1960 ਵਿੱਚ ਉਹ ਬੁਲ ਫਾਈਟਿੰਗ ਦੇ ਬਾਰੇ ਵਿੱਚ ਆਪਣੀ ਕਿਤਾਬ ਦੀ ਛਪਾਈ ਦੇ ਲਈ ਭੱਜ ਦੌੜ ਕਰਦਾ ਰਿਹਾ। ਲੇਕਿਨ ਕੋਈ ਵੀ ਪਬਲਿਸ਼ਰ ਉਸ ਦੀ ਕਿਤਾਬ ਛਾਪਣ ਲਈ ਰਜ਼ਾਮੰਦ ਨਾ ਹੋਇਆ। ਇਸ ਤੇ ਉਸ ਨੇ ਆਪਣੀ ਪਤਨੀ ਦੇ ਇੱਕ ਦੋਸਤ ਵਿਲ ਲਾਂਗ ਦੀ ਮਿੰਨਤ ਸਮਾਜਤ ਕੀਤੀ ਜੋ ਕਿ ਲਾਈਫ਼ ਮੈਗਜ਼ੀਨ ਦਾ ਬਿਊਰੋ ਚੀਫ਼ ਸੀ ਕਿ ਉਹ ਆਪਣੇ ਰਸਾਲੇ ਵਿੱਚ ਤਸਵੀਰਾਂ ਦੇ ਨਾਲ ਉਸ ਦੀ ਛਪਾਈ ਦਾ ਕੋਈ ਬੰਦੋਬਸਤ ਕਰੇ। ਆਖ਼ਰ ਉਸ ਦੀ ਮਜ਼ਕੂਰਾ ਕਹਾਣੀ ਦਾ ਪਹਿਲਾ ਹਿਸਾ ਸਤੰਬਰ 1960 ਵਿੱਚ ਛਪ ਗਿਆ ਲੇਕਿਨ ਉਹ ਰਸਾਲੇ ਵਿੱਚ ਆਪਣੇ ਮਜ਼ਮੂਨ ਦੇ ਨਾਲ ਛਪਣ ਵਾਲੀ ਤਸਵੀਰ ਤੋਂ ਕਿਸੇ ਤਰ੍ਹਾਂ ਵੀ ਸਤੁੰਸ਼ਟ ਨਹੀਂ ਸੀ। ਇਸ ਮਜ਼ਮੂਨ ਦਾ ਬਾਕੀ ਹਿੱਸਾ ਰਸਾਲੇ ਦੇ ਅਗਲੇ ਅੰਕ ਵਿੱਚ ਛਪ ਗਿਆ।
1960 ਵਿੱਚ ਉਹ ਬਲਡਪ੍ਰੈਸ਼ਰ ਅਤੇ ਜਿਗਰ ਦੀ ਬਿਮਾਰੀ ਦਾ ਸ਼ਿਕਾਰ ਸੀ ਅਤੇ ਉਸ ਦੇ ਨਾਲ ਉਹ ਇਲੈਕਟਰੋ ਕਨਕੋਲਸਰ ਥਰਾਪੀ ਵੀ ਕਰਵਾ ਰਿਹਾ ਸੀ। ਕਿਉਂਕਿ ਅਜੇ ਵੀ ਉਹ ਸ਼ਦੀਦ ਜ਼ਿਹਨੀ ਦਬਾਉ ਅਤੇ ਮਾਲਖ਼ੋਲੀਆ ਦਾ ਸ਼ਿਕਾਰ ਸੀ। ਇਲਾਜ ਦੇ ਇਸ ਤਰੀਕੇ ਨਾਲ ਯਾਦਾਸ਼ਤ ਜਾਂਦੀ ਰਹਿਦੀ ਹੈ। ਉਸ ਦਾ ਵਜਨ ਵੀ ਬਹੁਤ ਘੱਟ ਗਿਆ ਅਤੇ ਕਿਹਾ ਜਾਂਦਾ ਹੈ ਕਿ ਇਸੇ ਕਰਕੇ ਉਹ ਖ਼ੁਦਕਸ਼ੀ ਕਰਨ ਤੇ ਮਜਬੂਰ ਹੋਇਆ।
1961 ਦੇ ਬਹਾਰ ਦੇ ਮੌਸਮ ਵਿੱਚ ਉਸ ਨੇ ਖ਼ੁਦਕਸ਼ੀ ਦੀ ਕੋਸ਼ਿਸ਼ ਕੀਤੀ ਜਿਸ ਤੇ ਦੁਬਾਰਾ ਉਸ ਦੀ ਈ ਸੀ ਟੀ ਕੀਤੀ ਗਈ। ਦੋ ਜੁਲਾਈ 1961 ਨੂੰ ਜਦੋਂ ਉਸ ਦੀਆਂ ਬਾਹਟਵੀਂ ਸਾਲ ਗਿਰਾ ਵਿੱਚ ਚੰਦ ਹੀ ਹਫ਼ਤੇ ਰਹਿ ਗਏ ਸਨ ਉਸ ਨੇ ਸਿਰ ਵਿੱਚ ਗੋਲੀ ਮਾਰ ਕੇ ਖ਼ੁਦ ਨੂੰ ਹਲਾਕ ਕਰ ਲਿਆ। ਹੈਮਿੰਗਵੇ ਆਪਣੇ ਦਿਮਾਗ਼ੀ ਖ਼ਲਲ ਦਾ ਜ਼ਿੰਮੇਦਾਰ ਈ ਸੀ ਟੀ ਦੇ ਇਲਾਜ ਤਰੀਕੇ ਨੂੰ ਗਰਦਾਨਦਾ ਰਿਹਾ ਉਸ ਦਾ ਕਹਿਣਾ ਸੀ ਕਿ ਇਸ ਦੀ ਵਜਹਾ ਨਾਲ ਉਸ ਦੀ ਯਾਦਾਸ਼ਤ ਖ਼ਤਮ ਹੋ ਗਈ ਹੈ। ਕੁੱਝ ਲੋਕਾਂ ਨੂੰ ਇਸ ਨਾਲ ਇਤਫ਼ਾਕ ਹੈ ਅਤੇ ਕੁੱਝ ਡਾਕਟਰਜ਼ ਨੂੰ ਇਸ ਨਾਲ ਇਤਫ਼ਾਕ ਨਹੀਂ। ਹੈਮਿੰਗਵੇ ਦੇ ਖ਼ਾਨਦਾਨ ਵਿੱਚ ਖ਼ੁਦਕਸ਼ੀ ਦਾ ਰੁਝਾਨ ਮੌਜੂਦ ਸੀ ਉਸ ਦੇ ਬਾਪ ਨੇ ਵੀ ਖ਼ੁਦਕਸ਼ੀ ਕੀਤੀ ਸੀ ਅਤੇ ਦੋ ਭੈਣਾਂ ਨੇ ਵੀ ਇਹੀ ਰਸਤਾ ਚੁਣਿਆ ਸੀ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.