ਸੂਰਜ (ਚਿੰਨ੍ਹ: ☉) ਇੱਕ ਤਾਰਾ ਹੈ, ਜਿਸ ਦੇ ਦੁਆਲੇ ਸੌਰ ਮੰਡਲ ਸਥਿਤ ਹੈ। ਇਹ ਧਰਤੀ ਲਈ ਊਰਜਾ ਦਾ ਮੁੱਖ ਸ੍ਰੋਤ ਹੈ ਤੇ ਇਸ ਨਾਲ ਹੀ ਇੱਥੇ ਜੀਵਨ ਪੈਦਾ ਹੋ ਕੇ ਵਿਕਸਿਤ ਹੋਇਆ। ਇਸਦਾ ਕੁੱਲ ਵਿਆਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330,000 ਗੁਣਾ ਜਿਆਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਭੰਡਾਰ ਹੈ, ਇਸ ਤੋਂ ਇਲਾਵਾ ਥੋੜੀ ਮਾਤਰਾ ਵਿੱਚ ਆਕਸੀਜਨ, ਕਾਰਬਨ, ਨੀਓਨ ਅਤੇ ਲੋਹਾ ਹੈ। ਸੂਰਜ ਦਾ ਇੱਕ ਚੱਕਰ ਅਕਾਸ਼-ਗੰਗਾ ਦੇ ਇਰਦ-ਗਿਰਦ 250 ਲੱਖ ਸਾਲਾਂ ਵਿੱਚ ਪੂਰਾ ਹੁੰਦਾ ਹੈ। ਸੂਰਜ ਅਕਾਸ਼-ਗੰਗਾ ਦੇ ਕੇਂਦਰ ਤੋਂ 30,000 ਰੋਸ਼ਨੀ-ਵਰ੍ਹੇ ਦੂਰ ਹੈ। ਸੂਰਜ ਦੀ ਉਮਰ 4.6 ਅਰਬ ਸਾਲ ਦੀ ਹੈ। ਸੂਰਜ ਦੇ ਉੱਤੇ ਕਈ ਕਾਲੇ ਰੰਗ ਦੇ ਧੱਬੇ ਹਨ, ਇਨ੍ਹਾਂ ਧੱਬਿਆਂ ਦੀ ਗਿਣਤੀ ਸਮੇਂ ਨਾਲ ਬਦਲਦੀ ਰਹਿੰਦੀ ਹੈ। ਹਰ 11 ਸਾਲ ਬਾਅਦ ਇਨ੍ਹਾਂ ਦੀ ਸਰਗਰਮੀ ਵੱਧ ਜਾਂਦੀ ਹੈ। ਇਸ ਦੀ ਸਤਹ ਦਾ ਤਾਪਮਾਨ 6,000 ਡਿਗਰੀ ਸੈਂਟੀਗਰੇਡ ਹੈ। ਸਤਹਿ ਤੋਂ ਅੰਦਰ ਵੱਲ ਜਾਣ ਨਾਲ ਇਹ ਤਾਪਮਾਨ ਹੋਰ ਜ਼ਿਆਦਾ ਹੋ ਜਾਂਦਾ ਹੈ। ਵਿਗਿਆਨੀਆਂ ਮੁਤਾਬਿਕ ਸੂਰਜ ਦੀ ਕੁਲ ਉਮਰ ਤਕਰੀਬਨ 10 ਅਰਬ ਸਾਲ ਹੈ ਅਤੇ ਇਹ ਉਮਰ ਦੇ ਅੱਧ ਵਿੱਚ ਹੈ।

  • ਸੂਰਜ ਦਾ ਜਨਮ ਲਗਭਗ 4.6 ਬਿਲੀਅਨ ਸਾਲ ਪਹਿਲਾਂ ਹੋਇਆ।
  • ਸੂਰਜ ਇੱਕ ਤਾਰਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ।
  • ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ।
  • ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ।
Thumb
ਸੂਰਜ

ਸੂਰਜ ਦਾ ਧਰਤੀ ਉਪਰ ਗਹਿਰਾ ਪ੍ਰਭਾਵ ਹੈ, ਸੂਰਜ ਨੂੰ ਕਈ ਸਮਾਜਾਂ ਵਿੱਚ ਦੇਵਤਾ ਮੰਨਿਆ ਜਾਂਦਾ ਹੈ ਅਤੇ ਉੱਚਾ ਦਰਜਾ ਦਿੱਤਾ ਜਾਂਦਾ ਹੈ।

ਬਣਤਰ

ਸੂਰਜ ਜੋ ਸਾਡੀ ਆਕਾਸ਼ਗੰਗਾ ਦੇ ਸੌ ਅਰਬ ਤੋਂ ਵੱਧ ਤਾਰਿਆਂ ਵਿੱਚੋਂ ਇੱਕ ਨਿੱਕਾ ਜਿਹਾ ਤਾਰਾ ਹੈ। ਸੂਰਜ ਸਾਡੀ ਧਰਤੀ ਲਈ ਊਰਜਾ (ਰੌਸ਼ਨੀ, ਗਰਮੀ) ਦਾ ਮੁੱਖ ਸ੍ਰੋਤ ਹੈ ਜੋ ਧਰਤੀ ਤੇ ਜੀਵਨ ਆਧਾਰ ਹੈ। ਇਸ ਦੀ ਨਾਭੀ ਵਿੱਚ ਗੈਸਾਂ ਦਾ ਦਬਾਅ ਧਰਤੀ ਉਤਲੇ ਤਾਪਮਾਨ ਪੰਜਾਹ ਲੱਖ ਦਰਜੇ ਕੈਲਵਿਨ ਹੁੰਦਾ ਹੈ। ਪਲਾਜ਼ਮਾ ਬਣੀ ਹਾਈਡਰੋਜਨ ਇਸ ਤਾਪਮਾਨ ਉੱਤੇ ਹੀਲੀਅਮ ਵਿੱਚ ਵਟਦੀ ਹੈ। ਇਸ ਫਿਊਜ਼ਨ ਕਿਰਿਆ ਸਮੇਂ ਕੁਝ ਮਾਤਰਾ ਵਿੱਚ ਪਦਾਰਥ ਊਰਜਾ ਵਿੱਚ ਤਬਦੀਲ ਹੁੰਦਾ ਹੈ। ਇਸ ਨਾਲ ਇੱਕ ਸਕਿੰਟ ਵਿੱਚ ਹੀ ਇੰਨੀ ਊਰਜਾ ਪੈਦਾ ਹੁੰਦੀ ਹੈ ਜਿੰਨੀ ਸਭਿਅਤਾ ਦੇ ਉਦੈ ਹੋਣ ਤੋਂ ਲੈ ਕੇ ਤਮਾਮ ਮਨੁੱਖ ਜਾਤੀ ਨੇ ਹੁਣ ਤਕ ਵੀ ਨਹੀਂ ਵਰਤੀ। ਸੂਰਜ ਉੱਤੇ ਅਜਿਹਾ ਸਿਰਫ ਇੱਕ ਸਕਿੰਟ ਲਈ ਜਾਂ ਇੱਕ ਵਾਰ ਨਹੀਂ ਸਗੋਂ ਨਿਰੰਤਰ ਹੁੰਦਾ ਹੈ। ਪਿਛਲੇ ਸਾਢੇ ਚਾਰ ਅਰਬ ਸਾਲ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਅਗਾਂਹ ਇੰਨੇ ਕੁ ਸਮੇਂ ਲਈ ਹੋਰ ਇੰਜ ਹੀ ਹੁੰਦਾ ਰਹੇਗਾ। ਅੰਤ ਵਿੱਚ ਜਦੋਂ ਇਸ 'ਤੇ ਹਾਈਡਰੋਜਨ ਅਤੇ ਹੀਲੀਅਮ ਦਾ ਭੰਡਾਰ ਖ਼ਤਮ ਹੋ ਗਿਆ ਤਾਂ ਇਸ ਦਾ ਜਲੌਅ ਘੱਟ ਜਾਵੇਗਾ ਤੇ ਇੱਕ ਦਿਨ ਇਸ ਵਿਸ਼ਾਲ ਕਾਇਆ ਵਾਲਾ ਭਖਦਾ ਹੋਇਆ ਸੂਰਜ ਦਾ ਅੰਤ ਹੋ ਜਾਵੇਗਾ, ਮਰਨ ਉਪਰੰਤ ਇਸ ਦਾ ਜਨਮ ਬਲੈਕ ਹੋਲ਼, ਨਿਊਟ੍ਰਾਨ ਤਾਰਾ ਜਾਂ ਵਾਈਟ-ਡਵਾਰਫ ਵਜੋਂ ਹੋਵੇਗਾ। ਮਰਨ ਤੋਂ ਪਹਿਲਾਂ ਇਹ ਆਪਣੇ ਨੇੜੇ ਦੇ ਗ੍ਰਹਿਆਂ ਜਿਵੇਂ ਕਿ ਬੁੱਧ, ਸ਼ੁੱਕਰ, ਧਰਤੀ ਨੂੰ ਨਿਗਲ ਲਵੇਗਾ।

ਚੁੰਬਕੀ ਖੇਤਰ

ਸਾਡੇ ਸੂਰਜ ਦੇ ਥਾਲ ਉੱਤੇ ਕਾਲੇ ਧੱਬੇ ਹਨ। ਇਹ ਧੱਬੇ ਇਸ ਦੇ ਅਤਿ ਤੀਬਰ ਚੁੰਬਕੀ ਖੇਤਰ ਹਨ। ਧਰਤੀ ਦੇ ਚੁੰਬਕੀ ਖੇਤਰ ਨਾਲੋਂ ਦਸ ਹਜ਼ਾਰ ਗੁਣਾ ਸ਼ਕਤੀਸ਼ਾਲੀ। ਇਹ ਨਿੱਕੇ-ਨਿੱਕੇ ਧੱਬੇ ਹਜ਼ਾਰਾਂ ਹੀ ਨਹੀਂ ਲੱਖਾਂ ਕਿਲੋਮੀਟਰ ਆਕਾਰ ਦੇ ਹਨ। ਸਾਨੂੰ ਦਿਸਦਾ ਸੂਰਜ ਦਾ ਥਾਲ ਇਸ ਦਾ ਫੋਟੋਸਫੀਅਰ ਹੀ ਹੈ। ਸੂਰਜ ਇੱਥੇ ਮੁੱਕ ਨਹੀਂ ਜਾਂਦਾ। ਇਸ ਤੋਂ ਬਾਹਰ ਦਸ ਹਜ਼ਾਰ ਕਿਲੋਮੀਟਰ ਮੋਟਾ ਕਰੋਮੋਸਫੀਅਰ ਦਾ ਘੇਰਾ ਹੈ। ਇਸ ਤੋਂ ਬਾਹਰ ਲੱਖਾਂ ਕਿਲੋਮੀਟਰ ਤਕ ਕਰੋਨਾ ਦਾ ਖਿਲਾਰ ਹੈ। ਸੂਰਜ ਦੇ ਫੋਟੋਸਫੀਅਰ ਦਾ ਤਾਪਮਾਨ ਸਿਰਫ ਛੇ ਹਜ਼ਾਰ ਦਰਜੇ ਕੈਲਵਿਨ ਹੈ। ਕਰੋਮੋਸਫੀਅਰ ਦੇ ਸਿਰੇ ਉੱਤੇ ਇਹ ਦਸ ਹਜ਼ਾਰ ਦਰਜੇ ਹੋ ਜਾਂਦਾ ਹੈ। ਕਰੋਨਾ ਵਿੱਚ ਇਹ ਦਸ ਲੱਖ ਦਰਜੇ ਕੈਲਵਿਨ ਤੋਂ ਪੰਜਾਹ ਲੱਖ ਕੈਲਵਿਨ ਤਕ ਹੋ ਜਾਂਦਾ ਹੈ। ਸੂਰਜ ਉੱਤੇ ਨਿਰੰਤਰ ਅੱਠ ਨੌਂ ਸੌ ਕਿਲੋਮੀਟਰ ਪ੍ਰਤੀ ਸਕਿੰਟ ਦੇ ਵੇਗ ਨਾਲ ਵਗਣ ਵਾਲੀਆਂ ਹਵਾਵਾਂ ਵਗਦੀਆਂ ਹਨ। ਸੂਰਜ ਦੀ ਚੁੰਬਕੀ ਗਤੀਵਿਧੀ ਕਾਰਨ ਉਠਦੇ ਭਾਂਬੜ, ਇਸ ਨਾਲ ਉਪਜੀਆਂ ਅਲਟਰਾ ਵਾਇਲੈਟ ਕਿਰਨਾਂ, ਐਕਸ ਕਿਰਨਾਂ ਅਤੇ ਕਾਸਮਿਕ ਕਿਰਨਾਂ ਵੀ ਘੱਟ ਗੈਸ ਭਰਪੂਰ ਨਹੀਂ। ਸੂਰਜ ਦੀ ਸਤ੍ਹਾ ਉੱਤੇ ਉਠੇ ਭਾਂਬੜਾਂ ਦੀ ਇੱਕ ਨਿੱਕੀ ਜਿਹੀ ਲਾਟ ਹੀ ਇੱਕ ਛਿਣ ਵਿੱਚ ਅਰਬਾਂ ਮੈਗਾਟਨ ਟੀ.ਐੱਨ.ਟੀ. ਬਾਰੂਦ ਜਿੰਨੀ ਊਰਜਾ ਛੱਡਦੀ ਹੈ। ਪਰਪੰਚ, ਸੂਰਜ ਦੇ ਬਾਹਰੀ ਘੇਰੇ ਵਿੱਚੋਂ ਲਗਪਗ ਰੋਜ਼ਾਨਾ ਹੀ ਪਦਾਰਥ ਬਾਹਰ ਨਿਕਲਣ ਦਾ ਵਰਤਾਰਾ। ਕਰੋਨਾ ਤੋਂ ਨਿਕਲਣ ਵਾਲਾ ਇਹ ਖਤਰਨਾਕ ਪਦਾਰਥ ਹੀ ਧਰਤੀ ਲਈ ਖ਼ਤਰਿਆਂ ਦਾ ਸਬੱਬ ਹੈ।

ਕਾਲੇ ਧੱਬੇ

ਇਹ ਕਾਲੇ ਧੱਬੇ ਸਾਡੀ ਪੂਰੀ ਧਰਤੀ ਤੋਂ ਪੰਝੀ ਤੀਹ ਗੁਣਾਂ ਜਾਂ ਇਸ ਤੋਂ ਵੀ ਵੱਡੇ ਹੁੰਦੇ ਹਨ। ਇਨ੍ਹਾਂ ਦੀ ਗਿਣਤੀ ਬੜੇ ਨੇਮ ਬੱਧ ਤਰੀਕੇ ਨਾਲ ਵਧਦੀ ਘਟਦੀ ਹੈ। ਇਸ ਗਿਣਤੀ ਦੇ ਵਧਣ ਘਟਣ ਦਾ ਚੱਕਰ ਗਿਆਰਾਂ ਸਾਲ ਵਿੱਚ ਪੂਰਾ ਹੁੰਦਾ ਹੈ। ਇਸ ਅਵਧੀ ਨੂੰ ਸੋਲਰ ਸਾਈਕਲ ਆਖਦੇ ਹਨ। ਸੂਰਜ ਤੋਂ ਉਠਣ ਵਾਲੇ ਭਾਂਬੜ, ਸੂਰਜੀ ਤੂਫਾਨ ਤੇ ਹਨੇਰੀਆਂ ਇਸ ਦੇ ਚੁੰਬਕੀ ਖੇਤਰ ਕਾਰਨ ਹੀ ਪੈਦਾ ਹੁੰਦੇ ਹਨ। ਇਨ੍ਹਾਂ ਦਾ ਸੰਬੰਧ ਸੂਰਜ ਦੇ ਧੱਬਿਆਂ ਨਾਲ ਹੈ, ਜਿਹੜੇ ਸੂਰਜ ਦੇ ਉੱਚੇ ਨੀਵੇਂ ਚੁੰਬਕੀ ਖੇਤਰਾਂ ਦੀ ਨਿਸ਼ਾਨਦੇਹੀ ਕਰਦੇ ਹਨ। ਭਾਂਬੜ, ਤੂਫਾਨ ਅਤੇ ਹੋਰ ਗਤੀਵਿਧੀ ਹੁੰਦੀ ਕਰੋਨਾ ਵਿੱਚ ਹੈ ਪਰ ਇਸ ਦਾ ਕਾਰਨ ਸੂਰਜ ਦੇ ਫੋਟੋਸਫੀਅਰ ਵਿੱਚ ਹੈ। ਕਰੋਨਾ ਵਿੱਚੋਂ ਪਦਾਰਥ ਬਾਹਰ ਨਿਕਲਣ ਦੀ ਕਿਰਿਆ ਦਾ ਮੂਲ ਵੀ ਫੋਟੋਸਫੀਅਰ ਦੇ ਚੁੰਬਕੀ ਵਰਤਾਰੇ ਨਾਲ ਜੁੜਿਆ ਹੋਇਆ ਹੈ।

ਕਿਆਮਤ ਦੇ ਕਿੱਸੇ

ਇਸ ਵਰਤਾਰੇ ਨੂੰ ਕਾਰੋਨਲ ਮਾਸ ਈਜੈਕਸ਼ਨ (ਸੀ.ਐੱਮ.ਈ.) ਆਖਦੇ ਹਨ। 1970 ਵਿਆਂ ਦੇ ਸ਼ੁਰੂ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਸੀ.ਐੱਮ.ਈ. ਬਹੁਤ ਤੇਜ਼ ਤੂਫਾਨ ਦੇ ਰੂਪ ਵਿੱਚ ਹੋਣ ਵਾਲਾ ਵਰਤਾਰਾ ਹੈ। ਇਸ ਦੌਰਾਨ ਵੀਹ ਕਰੋੜ ਟਨ ਪ੍ਰਤੀ ਸਕਿੰਟ ਪਲਾਜ਼ਮਾ ਨਿਕਲਦਾ ਹੈ ਅਤੇ ਇਸ ਦਾ ਵੇਗ ਅੱਠ ਸੌ ਤੋਂ ਹਜ਼ਾਰ ਕਿਲੋਮੀਟਰ ਪ੍ਰਤੀ ਸਕਿੰਟ ਹੁੰਦਾ ਹੈ। ਸੂਰਜੀ ਭਾਂਬੜ ਤਾਂ ਅਥਾਹ ਸੇਕ ਦਾ ਘਰ ਹਨ ਪਰ ਸੀ. ਐੱਮ. ਈ. ਗਤਿਜ ਊਰਜਾ ਹੈ। ਇਸ ਨਾਲ ਪੈਦਾ ਹੋਈ ਚੁੰਬਕੀ ਸ਼ਾਕ-ਵੇਵ ਅਰਬਾਂ ਕਿਲੋਮੀਟਰ ਦੂਰ ਤਕ ਗੜਬੜੀ ਪੈਦਾ ਕਰਦੀ ਹੈ। ਧਰਤੀ ਵੀ ਇਸ ਦੇ ਪ੍ਰਭਾਵ ਦੇ ਘੇਰੇ ਵਿੱਚ ਆ ਜਾਂਦੀ ਹੈ।

ਧਰਤੀ ਤੇ ਪ੍ਰਭਾਵ

  • ਸੂਰਜੀ ਭਾਂਬੜ, ਸੀ. ਐੱਮ. ਈ. ਅਤੇ ਸੋਲਰ ਤੂਫਾਨਾਂ ਦੇ ਅਸਰ ਧਰਤੀ ਉੱਤੇ, ਇਨ੍ਹਾਂ ਵਰਤਾਰਿਆਂ ਦੇ ਚੁੰਬਕੀ ਸੁਭਾਅ ਅਤੇ ਸੀ.ਐੱਮ.ਈ. ਦੀ ਪਲਾਜ਼ਮਾ ਵਰਗੀ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ। ਇਹ ਦੋਵੇਂ ਗੱਲਾਂ ਪੁਲਾੜ ਵਿੱਚ ਉਪਗ੍ਰਹਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ।
  • ਇਨ੍ਹਾਂ ਦਾ ਅਸਰ ਸਾਡੇ ਵਾਯੂਮੰਡਲ ਦੇ ਆਇਨੋਸਫੀਅਰ ਉੱਤੇ ਵੀ ਹੁੰਦਾ ਹੈ। ਸਾਡੇ ਵਾਯੂਮੰਡਲ ਦਾ ਆਇਨੋਸਫੀਅਰ ਪੰਜਾਹ ਕਿਲੋਮੀਟਰ ਤੋਂ ਤਿੰਨ ਸੌ ਕਿਲੋਮੀਟਰ ਉਚਾਈ ਤਕ ਫੈਲਿਆ ਹੋਇਆ ਹੈ। ਇਸ ਵਿੱਚ ਸੁਤੰਤਰ ਘੁੰਮ ਰਹੇ ਇਲੈਕਟਰਾਨ ਅਤੇ ਬਿਜਲਈ ਚਾਰਜ ਵਾਲੇ ਹੋਰ ਕਣ ਹੁੰਦੇ ਹਨ। ਲੰਬੀ ਦੂਰੀ ਦੇ ਰੇਡੀਓ ਸੰਚਾਰ ਅਤੇ ਟੈਲੀ-ਕਮਿਨੀਊਕੇਸ਼ਨ ਲਈ ਆਇਨੋਸਫੀਅਰ ਦੀ ਵਰਤੋਂ ਹੁੰਦੀ ਹੈ।
  • ਸੂਰਜੀ ਤੂਫਾਨ ਅਤੇ ਸੀ.ਐੱਮ.ਈ. ਇਸ ਆਇਨੋਸਫੀਅਰ ਵਿੱਚ ਗੜਬੜੀ ਮਚਾ ਕੇ ਸਾਡੇ ਸੰਚਾਰ ਪ੍ਰਬੰਧ ਨੂੰ ਉਲਟਾ-ਪਲਟਾ ਸਕਦੇ ਹਨ। ਉਪਰੋਕਤ ਪਲਾਜ਼ਮਾ ਦਾ ਬਿਜਲਈ ਚਾਰਜ ਆਪਣੇ ਵੱਲੋਂ ਪ੍ਰੇਰਿਤ ਭਾਰ ਇੰਡਿਉਸ ਕੀਤੀ ਵੱਡੀ ਮਾਤਰਾ ਦੀ ਕਰੰਟ ਨਾਲ ਸਾਡੀ ਧਰਤੀ ਦੇ ਪਾਵਰ ਗਰਿੱਡਾਂ ਨੂੰ ਵੀ ਤਬਾਹ ਜਾਂ ਜਾਮ ਕਰ ਸਕਦਾ ਹੈ।

ਘਟਨਾਵਾਂ

  • ਸੰਨ 1859 ਵਿੱਚ ਸੂਰਜੀ ਤੂਫਾਨ ਉਠਿਆ। ਇਸ ਨੇ ਅਮਰੀਕਾ ਅਤੇ ਯੂਰਪ ਵਿੱਚ ਟੈਲੀਗਰਾਫ ਤਾਰਾਂ ਨੂੰ ਸ਼ਾਰਟ ਸਰਕਟ ਕੀਤਾ ਅਤੇ ਇਸ ਨਾਲ ਵਾਹਵਾ ਵੱਡੇ ਖੇਤਰ ਅੱਗ ਦੇ ਸ਼ਿਕਾਰ ਹੋਏ।
  • 4 ਅਗਸਤ 1972 ਨੂੰ ਇੱਕ ਸੂਰਜੀ ਭਾਂਬੜ ਨੇ ਇਲੀਨਾਏ ਦੇ ਲੰਬੀ ਦੂਰੀ ਦੇ ਟੈਲੀਫੋਨ ਸੰਚਾਰ ਨੂੰ ਤਬਾਹ ਕਰ ਦਿੱਤਾ।
  • 13 ਮਾਰਚ 1989 ਨੂੰ ਕਰੋਨਾ ਤੋਂ ਨਿਕਲੇ ਪਲਾਜ਼ਮਾ ਨੇ ਵੱਡਾ ਭਾਣਾ ਵਰਤਾਇਆ। ਇਸ ਨਾਲ ਪੈਦਾ ਹੋਏ ਚੁੰਬਕੀ ਤੂਫਾਨ ਨੇ ਕੈਨੇਡਾ ਦੇ ਸੂਬੇ ਕਿਊਬੈਕ ਦੀ ਬਿਜਲੀ ਸਕਿੰਟਾਂ ਵਿੱਚ ਹੀ ਗੁੱਲ ਕਰ ਦਿੱਤੀ। ਸਾਰਾ ਸੂਬਾ ਪੂਰੇ ਨੌਂ ਘੰਟੇ ਹਨੇਰੇ ਵਿੱਚ ਡੁੱਬਿਆ ਰਿਹਾ। ਸੂਰਜੀ ਤੂਫਾਨ ਨੇ ਬਿਜਲੀ ਦੀਆਂ ਤਾਰਾਂ ਵਿੱਚ ਵੱਡੀ ਮਾਤਰਾ ਵਿੱਚ ਕਰੰਟ ਪੈਦਾ ਕਰ ਕੇ ਵੋਲਟੇਜ ਨੂੰ ਇੰਜ ਉਲਟ-ਪੁਲਟ ਕੀਤਾ ਕਿ ਥਾਂ-ਥਾਂ ਸਰਕਟ ਬਰੇਕਰ ਉੱਡ ਗਏ ਅਤੇ ਟਰਾਂਸਫਾਰਮਰਾਂ ਦੀ ਵਾਈਂਡਿੰਗ ਪਿਘਲ ਗਈ।
  • 13 ਜੁਲਾਈ 2000 ਨੂੰ ਬੈਸਤਿਲੀ ਡੇ ਈਵੈਂਟ ਨਾਂ ਦਾ ਸੂਰਜੀ ਤੂਫਾਨ ਆਇਆ। ਇਸ ਦੇ ਪਰੋਟਾਨਾਂ ਦੀ ਵਾਛੜ ਨੇ ਕਈ ਉਪਗ੍ਰਹਿ ਖੱਜਲ ਕੀਤੇ। ਉਪਗ੍ਰਹਿਆਂ ਉਤਲੇ ਕੈਮਰੇ ਅਤੇ ਉਨ੍ਹਾਂ ਦੇ ਕਈ ਉਪਕਰਨ ਤਾਂ ਕੁਝ ਸਮੇਂ ਲਈ ਬੰਦ ਹੋ ਗਏ ਅਤੇ ਕਈ ਪੂਰੀ ਤਰ੍ਹਾਂ ਨਕਾਰਾ ਹੋ ਗਏ।
  • ਸਾਲ 2003 ਵਿੱਚ ਸੂਰਜ ਤੋਂ ਉੱਠੇ ਤੂਫਾਨ ਨੇ ਜਾਪਾਨ ਦੇ ਉਪਗ੍ਰਹਿ ਨੂੰ ਆਪਣੀ ਆਰਬਿਟ ਵਿੱਚ ਚੰਗੇ ਭਲੇ ਚੱਕਰ ਕੱਟਦੇ ਨੂੰ ਉਲਟਾ ਸੁੱਟਿਆ।
  • 2006 ਵਿੱਚ ਸੂਰਜੀ ਤੂਫਾਨ ਨੇ ਸੂਰਜ ਦੇ ਸਾਹਮਣੇ ਵਾਲੇ ਧਰਤੀ ਦੇ ਉੱਚ ਅਵਿਰਤੀ ਸੰਚਾਰ ਨੂੰ ਇਸ ਤਰ੍ਹਾਂ ਬਲੈਕ-ਆਊਟ ਕੀਤਾ ਕਿ ਪੂਰੇ ਅਮਰੀਕਾ ਵਿੱਚ ਸੈਟੇਲਾਈਟ ਟੀ.ਵੀ. ਰਿਸੈਪਸ਼ਨ ਅਤੇ ਗਲੋਬਲ ਪੋਜ਼ੀਸ਼ਨਨਿੰਗ ਸਿਸਟਮ ਵਿੱਚ ਵਿਘਨ ਪਿਆ।
  • ਸੂਰਜ ਤੋਂ ਨਿਰੰਤਰ ਉਠਦੇ ਮਾੜੇ ਮੋਟੇ ਤੂਫਾਨਾਂ ਤੋਂ ਸਾਡੀ ਧਰਤੀ ਦਾ ਆਪਣਾ ਚੁੰਬਕੀ ਖੇਤਰ ਸਾਨੂੰ ਬਚਾਈ ਰੱਖਦਾ ਹੈ। ਇਹ ਸੂਰਜੀ ਪਲਾਜ਼ਮਾ ਦੀ ਦਿਸ਼ਾ ਮੋੜ ਦਿੰਦਾ ਹੈ। ਵੱਡੇ ਤੂਫਾਨਾਂ ਅੱਗੇ ਇਸ ਦੀ ਪੇਸ਼ ਨਹੀਂ ਜਾਂਦੀ। ਇਹ ਤੂਫਾਨ ਧਰਤੀ ਦੇ ਚੁੰਬਕੀ ਖੇਤਰ ਨੂੰ ਹਿਲਾ ਦਿੰਦੇ ਹਨ। ਇਸ ਨਾਲ ਲੱਖਾਂ ਮੈਗਾਵਾਟ ਬਿਜਲੀ ਇਕਦਮ ਪੈਦਾ ਹੁੰਦੀ ਹੈ। ਇਹ ਪ੍ਰੇਰਿਤ ਬਿਜਲੀ ਤਾਂ ਸਾਡੇ ਬਿਜਲਈ ਸਿਸਟਮਾਂ ਨੂੰ ਓਵਰਲੋਡ ਜਾਂ ਸ਼ਾਰਟ-ਸਰਕਟ ਕਰਕੇ ਬਰਬਾਦ ਹੀ ਕਰਦੀ ਹੈ।

ਸਪੇਸ ਸਟੇਸ਼ਨ

  • ਕਈ ਦੇਸ਼ਾਂ ਨੇ ਸਪੇਸ ਵੈਦਰ ਸਟੇਸ਼ਨ ਬਣਾ ਲਏ ਹਨ। ਅਮਰੀਕੀ ਸੰਸਥਾ ਨਾਸਾ ਨੇ 1995 ਵਿੱਚ ਸੋਲਰ ਐਂਡ ਹੀਲੀਓਗਰੈਫਿਕ ਆਬਜ਼ਰਵੇਟਰੀ, ਸਾਲ 2006 ਵਿੱਚ ਟਵਿਨ ਸੋਲਰ ਟੈਰੈਸਟਰੀਅਲ ਰਿਲੇਸ਼ਨਜ਼ ਆਬਜ਼ਰਵੇਟਰੀ, ਸੋਲਰ ਡਾਇਨੈਮਿਕ ਆਬਜ਼ਰਵੇਟਰੀ ਲਾਂਚ ਕੀਤੀ ਹੈ। ਇਸ ਸਾਰੇ ਨਾਲ ਸੂਰਜੀ ਤੂਫਾਨ ਦੀ ਖ਼ਬਰ ਵਿਗਿਆਨੀਆਂ ਨੂੰ ਮਿਲਦੀ ਰਹਿੰਦੀ ਹੈ।
  • ਭਾਰਤ ਵਿੱਚ ਉਦੇਪੁਰ, ਕੋਡਾਈਕਨਾਲ ਦੇ ਆਪਟੀਕਲ ਟੈਲੀਸਕੋਪ ਅਤੇ ਪੁਣੇ ਦਾ ਰੇਡੀਓ ਟੈਲੀਸਕੋਪ ਵੀ ਸੂਰਜ ਉੱਤੇ ਨਿਗ੍ਹਾ ਰੱਖਦੇ ਹਨ।

ਹਵਾਲੇ

See also

References

Further reading

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.