ਮਾਰਕਸ ਦਾ ਬੇਗਾਨਗੀ ਦਾ ਸਿਧਾਂਤ
From Wikipedia, the free encyclopedia
ਬੇਗਾਨਗੀ (ਜਰਮਨ: Entfremdung, ਅੰਗਰੇਜ਼ੀ: estrangement) ਕਾਰਲ ਮਾਰਕਸ ਦਾ ਵਿਯੋਗਤਾ ਦਾ ਸਿਧਾਂਤ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਉਹ ਚੀਜ਼ਾਂ ਜੁਦਾ ਜੁਦਾ ਹੋ ਜਾਂਦੀਆਂ ਹਨ ਜੋ ਕੁਦਰਤੀ ਤੌਰ ਤੇ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਮਾਰਕਸ ਲਈ ਮਨੁੱਖ ਦੀ ਮੁਕਤੀ ਦਾ ਸਵਾਲ ਦੋ ਤਰ੍ਹਾਂ ਖੜਾ ਹੁੰਦਾ ਹੈ। ਉਹ ਮਨੁੱਖ ਨੂੰ ਸਿਰਜਨਾਤਮਕ ਮਿਹਨਤ ਦਾ ਸਰੋਤ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਮਿਹਨਤ ਦੇ ਜਰੀਏ ਮਨੁੱਖ ਆਪਣੇ ਸਾਰ ਨੂੰ ਸਾਕਾਰ ਕਰਦਾ ਹੈ। ਨਾ ਸਿਰਫ ਇੰਨਾ ਸਗੋਂ ਮਿਹਨਤ ਦੇ ਜਰੀਏ ਉਹ ਆਪਣੇ ਸਰੀਰ ਦੇ ਅੰਗਾਂ ਦੀ ਕਿਰਤ ਕਰਨ ਦੀ ਸਮਰੱਥਾ ਨੂੰ ਸਮਝਦਾ ਅਤੇ ਉਨ੍ਹਾਂ ਦੀ ਵਰਤੋਂ ਨਾਲ ਇਸ ਦੁਨੀਆ ਨੂੰ ਆਪਣੇ ਰਹਿਣ ਲਾਇਕ ਬਣਾਉਂਦਾ ਹੈ। ਉਸਦਾ ਸਮੁੱਚਾ ਸਰੀਰ ਵੀ ਉਹਦੀ ਕਿਰਤ ਦੇ ਅਮਲ ਦਾ ਨਤੀਜਾ ਹੁੰਦਾ ਹੈ। ਕੁਦਰਤ ਮਨੁੱਖ ਦੇ ਬਾਹਰ ਹੀ ਨਹੀਂ ਹੁੰਦੀ ਸਗੋਂ ਉਸਦਾ ਸਰੀਰ ਵੀ ਕੁਦਰਤ ਦਾ ਅੰਗ ਹੁੰਦਾ ਹੈ। ਆਪਣੀ ਇੰਦਰੀਆਂ ਦੇ ਸਿਰਜਨਾਤਮਕ ਪ੍ਰਯੋਗ ਨਾਲ ਉਹ ਇਸ ਕੁਦਰਤ ਨੂੰ ਆਪਣੇ ਸੁੱਖ ਲਈ ਢਾਲਣਾ ਸਿੱਖਦਾ ਹੈ। ਇਸ ਲਈ ਮਿਹਨਤ ਮਨੁੱਖ ਲਈ ਸੁਖ ਦਾ ਸਰੋਤ ਹੁੰਦਾ ਹੈ ਅਤੇ ਉਹ ਇਸ ਵਿੱਚ ਆਨੰਦ ਅਨੁਭਵ ਕਰਦਾ ਹੈ। ਲੇਕਿਨ ਪੂੰਜੀਵਾਦ ਸਬੰਧੀ ਆਪਣੇ ਵਿਵੇਚਨ ਵਿੱਚ ਮਾਰਕਸ ਨੇ ਨੋਟ ਕੀਤਾ ਕਿ ਇਹ ਪ੍ਰਬੰਧ ਮਨੁੱਖ ਦੀ ਇਸ ਵਿਸ਼ੇਸ਼ਤਾ ਨੂੰ ਨਸ਼ਟ ਕਰ ਦਿੰਦਾ ਹੈ। ਮੁਕਤੀ ਸਬੰਧੀ ਉਸ ਦਾ ਪ੍ਰਵਚਨ ਗੁਲਾਮੀ ਦੇ ਠੋਸ ਸਰੂਪ ਦੀ ਪਛਾਣ ਕਰਦਾ ਹੈ। ਇਸ ਮਾਮਲੇ ਵਿੱਚ ਉਹ ਮਨੁੱਖ ਦੀ ਮੁਕਤੀ ਦੇ ਹੋਰ ਪ੍ਰਵਚਨਾਂ ਤੋਂ ਅੱਡਰਾ ਹੋ ਜਾਂਦਾ ਹੈ ਕਿਉਂਕਿ ਹੋਰ ਪ੍ਰਵਚਨ ਮਨੁੱਖ ਦੀ ਕੋਈ ਰਹੱਸਮਈ ਧਾਰਨਾ ਬਣਾ ਕੇ ਉਸਦੀ ਮੁਕਤੀ ਦਾ ਪ੍ਰਸ਼ਨ ਵੀ ਇਸੇ ਤਰ੍ਹਾਂ ਆਤਮਕ ਪੱਧਰ ਉੱਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।[1] ਮਨੁੱਖ ਦੀ ਮੁਕਤੀ ਸਬੰਧੀ ਮਾਰਕਸ ਦੇ ਚਿੰਤਨ ਵਿੱਚ ਜੁਦਾਈ/ਬੇਗਾਨਗੀ ਦੀ ਉਨ੍ਹਾਂ ਦੀ ਧਾਰਨਾ ਦਾ ਮਹੱਤਵਪੂਰਣ ਸਥਾਨ ਹੈ। ਮਾਰਕਸ ਨੂੰ ਪੂੰਜੀਵਾਦੀ ਸਮਾਜ ਮਨੁੱਖ ਵਿਰੋਧੀ ਨਜ਼ਰ ਆਉਂਦਾ ਹੈ। ਮਾਰਕਸ ਨੇ ਮਿਹਨਤ ਦੀ ਜੁਦਾਈ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਪੂੰਜੀਵਾਦ ਦੇ ਤਹਿਤ ਮਨੁੱਖ ਦਾ ਸਾਰ ਯਾਨੀ ਉਤਪਾਦਕ ਮਿਹਨਤ ਉਸਦੇ ਅਸਤਿਤਵ ਤੋਂ ਜੁਦਾ ਹੋ ਜਾਂਦੀ ਹੈ। ਮਾਰਕਸ ਦੇ ਅਨੁਸਾਰ ਮਨੁੱਖ ਸਾਰ ਵਜੋਂ ਉਤਪਾਦਕ ਪ੍ਰਾਣੀ ਹੈ। ਉਂਜ ਤਾਂ ਹੋਰ ਪ੍ਰਾਣੀ ਵੀ ਉਤਪਾਦਨ ਕਰਦੇ ਹਨ ਲੇਕਿਨ ਉਨ੍ਹਾਂ ਦੀ ਉਤਪਾਦਕ ਗਤੀਵਿਧੀ ਉਨ੍ਹਾਂ ਦੀਆਂ ਭੌਤਿਕ ਜਰੂਰਤਾਂ ਦੀ ਤਸੱਲੀ ਤੱਕ ਸੀਮਿਤ ਰਹਿੰਦੀ ਹੈ ਜਦੋਂ ਕਿ ਮਨੁੱਖ ਆਪਣੀ ਮਿਹਨਤ ਨਾਲ ਹੋਰ ਮਨੁੱਖਾਂ ਦੀਆਂ ਜਰੂਰਤਾਂ ਵੀ ਪੂਰੀਆਂ ਕਰਨ ਲਾਇਕ ਵਸਤਾਂ ਬਣਾਉਂਦਾ ਹੈ। ਦੂਜੀ ਗੱਲ ਇਹ ਕਿ ਹੋਰ ਪ੍ਰਾਣੀਆਂ ਦੀ ਮਿਹਨਤ ਬਹੁਤ ਹੱਦ ਤੱਕ ਗਿਆਨ-ਰਹਿਤ ਗਤੀਵਿਧੀ ਹੁੰਦੀ ਹੈ ਜਦੋਂ ਕਿ ਮਨੁੱਖ ਇਹ ਕੰਮ ਸੁਚੇਤ ਤੌਰ ਤੇ ਕਰਦਾ ਹੈ। ਛੱਤੇ ਬਣਾਉਣ ਵਿੱਚ ਸਭ ਤੋਂ ਜਿਆਦਾ ਮਾਹਰ ਮਧੂਮੱਖੀ ਨਾਲੋਂ ਸਭ ਤੋਂ ਖ਼ਰਾਬ ਰਾਜਗੀਰ ਨੂੰ ਜੋ ਚੀਜ ਜੁਦਾ ਕਰਦੀ ਹੈ ਉਹ ਇਹ ਕਿ ਰਾਜਗੀਰ ਕਿਸੇ ਵੀ ਭਵਨ ਦਾ ਉਸਾਰੀ ਸਭ ਤੋਂ ਪਹਿਲਾਂ ਆਪਣੇ ਦਿਮਾਗ ਵਿੱਚ ਕਰਦਾ ਹੈ। ਇਹੀ ਮਿਹਨਤ ਦਾ ਮਾਨਵੀ ਚਰਿੱਤਰ ਹੈ।