ਪਾਲਤੂ ਬਿੱਲੀ From Wikipedia, the free encyclopedia
ਘਰੋਗੀ ਬਿੱਲੀ(Felis catus ਜਾਂ Felis silvestris catus) ਇੱਕ ਛੋਟਾ, ਆਮ ਤੌਰ ਉੱਤੇ ਸਮੂਰਦਾਰ ਪਾਲਤੂ ਮਾਸਖੋਰਾ ਥਣਧਾਰੀ ਹੈ। ਇਸਨੂੰ ਪਾਲਤੂ ਰੱਖਣ ਸਮੇਂ ਆਮ ਤੌਰ ਉੱਤੇ ਘਰੇਲੂ ਬਿੱਲੀ ਕਿਹਾ ਜਾਂਦਾ ਹੈ[4] ਜਾਂ ਸਿਰਫ਼ ਬਿੱਲੀ ਜਦੋਂ ਇਸਨੂੰ ਹੋਰ ਕੋਈ ਬਿੱਲੀ-ਜਾਤੀ ਦੇ ਪ੍ਰਾਣੀਆਂ ਤੋਂ ਵੱਖ ਦੱਸਣ ਦੀ ਲੋੜ ਨਾ ਹੋਵੇ। ਇਹਨਾਂ ਦੀ ਮਨੁੱਖਾਂ ਨਾਲ ਜੋਟੀਦਾਰੀ ਅਤੇ ਚੂਹੇ ਆਦਿ ਜਾਨਵਰਾਂ ਨੂੰ ਮਾਰ ਸਕਣ ਦੀ ਕਾਬਲੀਅਤ ਕਰ ਕੇ ਕਦਰ ਕੀਤੀ ਜਾਂਦੀ ਹੈ।
ਬਿੱਲੀਆਂ ਦਾ ਮਜ਼ਬੂਤ ਅਤੇ ਲਿਫ਼ਵਾਂ ਸਰੀਰ, ਤੇਜ ਅਤੇ ਫੁਰਤੀਲੇ ਜਲਵੇ, ਤਿੱਖੇ ਸੁੰਗੜਨ-ਯੋਗ ਪੰਜੇ ਅਤੇ ਛੋਟੇ ਸ਼ਿਕਾਰ ਨੂੰ ਮਾਰਨ ਲਈ ਰੂਪਾਂਤਰਤ ਦੰਦ ਹੁੰਦੇ ਹਨ। ਬਿੱਲੀ ਦੀਆਂ ਇੰਦਰੀਆਂ ਸੰਧਿਆਦਾਰ ਅਤੇ ਸ਼ਿਕਾਰਖੋਰ ਜਗਤ ਵਿੱਚ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਬਿੱਲੀਆਂ, ਮਨੁੱਖੀ ਕੰਨਾਂ ਲਈ ਬਹੁਤ ਹੀ ਮੱਧਮ ਅਤੇ ਬਹੁਤ ਹੀ ਤੀਬਰ ਅਵਾਜ਼ਾਂ, ਜਿਵੇਂ ਕਿ ਚੂਹਿਆਂ ਆਦਿ ਦੀਆਂ, ਨੂੰ ਆਰਾਮ ਨਾਲ ਸੁਣ ਸਕਦੀਆਂ ਹਨ। ਇਹ ਕਰੀਬ-ਕਰੀਬ ਘੁੱਪ ਹਨੇਰੇ 'ਚ ਵੀ ਦੇਖ ਸਕਦੀਆਂ ਹਨ। ਬਾਕੀ ਥਣਧਾਰੀਆਂ ਦੀ ਤਰ੍ਹਾਂ ਇਹਨਾਂ ਦੀ ਰੰਗ-ਦ੍ਰਿਸ਼ਟੀ ਮਨੁੱਖਾਂ ਤੋਂ ਕਮਜ਼ੋਰ ਅਤੇ ਸੁੰਘਣ-ਸ਼ਕਤੀ ਵਧੇਰੇ ਹੁੰਦੀ ਹੈ।
ਚਾਹੇ ਇਹ ਕੱਲਮ-ਕੱਲੀਆਂ ਸ਼ਿਕਾਰ ਕਰਦੀਆਂ ਹਨ, ਪਰ ਇਹ ਸਮਾਜਿਕ ਹੁੰਦਿਆਂ ਹਨ। ਇਹਨਾਂ ਦੇ ਆਪਸੀ ਸੰਚਾਰ ਦਾ ਸਾਧਨ ਅਲੱਗ-ਅਲੱਗ ਤਰ੍ਹਾਂ ਦੀਆਂ ਅਵਾਜ਼ਾਂ (ਮਿਆਊਂ ਕਰਨਾ, ਘੁਰ-ਘੁਰ ਕਰਨਾ, ਕੰਬਵੀਂ ਅਵਾਜ਼ ਕੱਢਣਾ, ਫੁੰਕਾਰਨਾ, ਬੁੜਬੁੜਾਉਣਾ), ਰਸਾਇਣਕ ਤੱਤ ਅਤੇ ਬਿੱਲੀ-ਵਿਸ਼ੇਸ਼ ਪਿੰਡ-ਭਾਸ਼ਾ ਦੀਆਂ ਕਿਸਮਾਂ ਹਨ।[5]
ਕਿਉਂਕਿ ਬਿੱਲੀਆਂ ਮਿਸਰ ਵਿੱਚ ਪੂਜਾ-ਪੱਧਤੀ ਜਾਨਵਰ ਸਨ, ਇਹ ਉੱਥੇ ਹੀ ਪਾਲਤੂ ਬਣਾਈਆਂ ਮੰਨੀਆਂ ਜਾਂਦੀਆਂ ਹਨ[6] ਪਰ ਪਾਲਤੂ ਬਣਾਉਣ ਦੇ ਕੁਝ ਸੰਕੇਤ ਪਹਿਲਾਂ ਵਾਪਰੇ "ਨਵ-ਪੱਥਰ ਕਾਲੀਨ ਯੁੱਗ" ਵਿੱਚ ਵੀ ਮਿਲਦੇ ਹਨ।[7]
2007 ਦੀ ਇੱਕ ਗੁਣਸੂਤਰਕ ਘੋਖ ਨੇ ਖੁਲਾਸਾ ਕੀਤਾ ਹੈ ਕਿ ਸਾਰੀਆਂ ਪਾਲਤੂ ਬਿੱਲੀਆਂ ਮੱਧ-ਪੂਰਬ ਇਲਾਕੇ (8000 ਈਸਾ ਪੂਰਵ ਦੇ ਲਾਗੇ) ਦੀਆਂ ਪੰਜ ਮਾਦਾ ਅਫ਼ਰੀਕੀਆਈ ਜੰਗਲੀ-ਬਿੱਲੀਆਂ (Felis silvestris lybica) ਦੇ ਵੰਸ਼ 'ਚੋਂ ਹਨ।[6][8] ਬਿੱਲੀਆਂ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਪਾਲਤੂ ਜਾਨਵਰ ਹਨ ਅਤੇ ਜਿੱਥੇ-ਜਿੱਥੇ ਵੀ ਇਨਸਾਨ ਰਹਿੰਦੇ ਹਨ, ਉੱਥੇ-ਉੱਥੇ ਪਾਈਆਂ ਜਾਂਦੀਆਂ ਹਨ।[9]
ਘਰੋਗੀ ਬਿੱਲੀ ਅਤੇ ਉਸ ਦੀ ਸਭ ਤੋਂ ਨੇੜਲੀ ਜੰਗਲੀ ਪੂਰਵਜ, ਦੋਨੋਂ ਹੀ ਦੁ-ਗੁਣਸੂਤਰਕ (ਡਿਪਲਾਇਡ) ਪ੍ਰਾਣੀ ਹਨ ਜਿਹਨਾਂ ਵਿੱਚ 38 ਗੁਣਸੂਤਰ (ਕ੍ਰੋਮੋਸੋਮ)[10] ਅਤੇ ਲਗਭਗ 20,000 ਜੀਵਾਣੂ (ਜੀਨ)[11] ਹੁੰਦੇ ਹਨ। ਬਿੱਲੀਆਂ ਦੇ ਤਕਰੀਬਨ 250 ਖ਼ਾਨਦਾਨੀ ਜੀਵਾਣੂ ਰੋਗ ਪਛਾਣੇ ਜਾ ਚੁੱਕੇ ਹਨ ਜਿਹਨਾਂ 'ਚੋਂ ਕਾਫ਼ੀ ਮਨੁੱਖੀ ਜਮਾਂਦਰੂ ਗੜਬੜਾਂ ਦੇ ਸਮਾਨ ਹਨ।[12] ਇਸ ਥਣਧਾਰੀ ਜੀਵਾਂ ਦੀ ਉਸਾਰੂ-ਕਿਰਿਆ ਦੀ ਸਮਾਨਤਾ ਕਰ ਕੇ ਬਿੱਲੀਆਂ ਦੇ ਕਈ ਰੋਗ ਉਹਨਾਂ ਅਨੁਵੰਸ਼ਿਕ ਪਰੀਖਣਾਂ ਨਾਲ ਜਾਂਚੇ ਜਾਂਦੇ ਹਨ ਜੋ ਸ਼ੁਰੂਆਤ ਵਿੱਚ ਮਨੁੱਖਾਂ ਲਈ ਬਣਾਏ ਗਏ ਸਨ ਅਤੇ ਇਸੇ ਤਰ੍ਹਾਂ ਮਨੁੱਖਾਂ ਦੇ ਕਈ ਰੋਗਾਂ ਦੀ ਘੋਖ ਲਈ ਬਿੱਲੀਆਂ ਨੂੰ ਜੀਵ-ਨਮੂਨਿਆਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ।[13][14]
ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਬਿੱਲੀਆਂ ਆਮ ਪਾਲਤੂ ਜਾਨਵਰ ਹਨ ਅਤੇ ਦੁਨੀਆ ਭਰ 'ਚ ਇਹਨਾਂ ਦੀ ਕੁੱਲ ਗਿਣਤੀ 50 ਕਰੋੜ ਤੋਂ ਵੱਧ ਹੈ।[6] ਚਾਹੇ ਬਿੱਲੀ-ਪਾਲਣ ਆਮ ਤੌਰ ਉੱਤੇ ਇਸਤਰੀਆਂ ਨਾਲ ਜੋੜਿਆ ਜਾਂਦਾ ਹੈ[15] ਪਰ 2007 ਦੀ ਗੈਲਅੱਪ ਵੋਟ ਨੇ ਸੰਕੇਤ ਦਿੱਤਾ ਹੈ ਕਿ ਆਦਮੀ ਅਤੇ ਔਰਤ ਦੀ ਬਿੱਲੀ ਰੱਖਣ ਦੀ ਸੰਭਾਵਨਾ ਇੱਕੋ ਜਿਹੀ ਹੈ।[16]
ਸੰਯੁਕਤ ਰਾਸ਼ਟਰ ਦੀ ਮਾਨਵ-ਹਿਤੈਸ਼ੀ ਸੋਸਾਇਟੀ ਅਨੁਸਾਰ ਪਾਲਤੂ ਬਣਾਏ ਜਾਣ ਤੋਂ ਇਲਾਵਾ ਬਿੱਲੀਆਂ ਦੀ ਵਰਤੋਂ ਅੰਤਰ-ਰਾਸ਼ਟਰੀ ਖੱਲ ਵਪਾਰ ਵਿੱਚ ਵੀ ਹੁੰਦੀ ਹੈ[17]; ਕੋਟ, ਦਸਤਾਨੇ, ਟੋਪੀਆਂ, ਜੁੱਤੀਆਂ, ਕੰਬਲ ਅਤੇ ਖਿਡੌਣੇ ਬਣਾਉਣ ਲਈ। ਇੱਕ ਬਿੱਲੀ-ਖੱਲ ਕੋਟ ਬਣਾਉਣ ਲਈ 24 ਬਿੱਲੀਆਂ ਚਾਹੀਦੀਆਂ ਹੁੰਦੀਆਂ ਹਨ।[18] ਇਹ ਵਰਤੋਂ ਯੂਰਪੀ ਸੰਘ, ਅਮਰੀਕਾ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿੱਚ ਜਲਾਵਤਨ ਕਰ ਦਿੱਤੀ ਗਈ ਹੈ।[19] ਫੇਰ ਵੀ ਸਵਿਟਜ਼ਰਲੈਂਡ ਵਿੱਚ ਕੁਝ ਖੱਲਾਂ ਦੇ ਕੰਬਲ ਬਣਾਏ ਜਾਂਦੇ ਹਨ ਕਿਉਂਕਿ ਉੱਥੇ ਇਹਨਾਂ ਨੂੰ ਗਠੀਏ ਦੀ ਬਿਮਾਰੀ ਦੇ ਇਲਾਜ ਲਈ ਵਰਤਿਆ ਜਾਂਦਾ ਹੈ।[20] ਇਹਨਾਂ ਦਾ ਮਨਪਸੰਦ ਸ਼ਿਕਾਰ ਚੂਹੇ ਹਨ। ਬਿੱਲੀ ਪਾਲਤੂ ਅਤੇ ਜੰਗਲੀ ਦੋਨੋਂ ਹੁੰਦੀ ਹੈ। ਪਾਲਤੂ ਬਿੱਲੀਆਂ ਦੀਆਂ ਤਿੰਨ ਸੌ ਤੋਂ ਜ਼ਿਆਦਾ ਨਸਲਾਂ ਹੁੰਦੀਆਂ ਹਨ। ਚਾਰ ਫੁੱਟ ਲੰਬੀ ਇਸ ਬਿੱਲੀ ਦੀਆਂ ਲੱਤਾਂ ਕਾਫ਼ੀ ਲੰਬੀਆਂ ਹੁੰਦੀਆਂ ਹਨ। ਚੀਨੀ ਲੋਕ ਬਿੱਲੀ ਨੂੰ ਪੀਲਾ ਤੇਂਦੂਆ, ਤਿੱਬਤੀ ਲੋਕ ਇਸ ਨੂੰ ਚੱਟਾਨੀ ਬਿੱਲੀ, ਬਰਮੀ ਇਸ ਨੂੰ ਸਾਰੀਆਂ ਬਿੱਲੀਆਂ ਦਾ ਸਵਾਮੀ ਮੰਨਦੇ ਹਨ।
ਬਿੱਲੀਆਂ ਕਈ ਰੰਗਾਂ ਦੀ ਹੁੰਦੀ ਹੈ। ਹਲਕੇ ਭੂਰੇ ਰੰਗ ਦੀ, ਜਿਸ ’ਤੇ ਹਲਕੇ ਪੀਲੇ ਰੰਗ ਦੇ ਧੱਬੇ ਹੁੰਦੇ ਹਨ ਜਾਂ ਲਾਲ ਰੰਗ ਦੀ ਜਿਸ 'ਚ ਕਿਸੇ ਕਿਸੇ ਦੇ ਗਹਿਰੇ ਰੰਗ ਦੇ ਧੱਬੇ ਹੁੰਦੇ ਹਨ, ਪਰ ਕਿਸੇ ’ਤੇ ਕੋਈ ਧੱਬਾ ਹੁੰਦਾ ਵੀ ਨਹੀਂ। ਬਾਘ ਬਿੱਲੀ ਦੇ ਬੱਚਿਆਂ ਦਾ ਰੰਗ ਇੱਕੋ ਜਿਹਾ ਨਾ ਹੋ ਕੇ ਅੱਡ ਅੱਡ ਹੁੰਦਾ ਹੈ। ਇਹ ਸੱਪ ਵਾਂਗ ਸਾਲ ’ਚ ਇੱਕ ਵਾਰ ਆਪਣੀ ਖੱਲ ਉਤਾਰ ਦਿੰਦੀ ਹੈ।
ਏਸ਼ੀਅਨ ਬਿੱਲੀ ਤਿੱਬਤ ਤੇ ਹਿਮਾਲਿਆ ਦੇ ਜੰਗਲਾਂ, ਦੱਖਣੀ ਚੀਨ, ਦੱਖਣੀ ਬਰਮਾ, ਥਾਈਲੈਂਡ ਤੇ ਸੁਮਾਤਰਾ ’ਚ ਪਾਈਆ ਜਾਂਦੀਆਂ ਹਨ। ਜੰਗਲੀ ਬਿੱਲੀ ਨਿਰਦਈ ਤੇ ਬਹੁਤ ਭਿਅੰਕਰ ਹੁੰਦੀ ਹੈ। ਕੋਮਲ ਚਮੜੀ ਵਾਲੀ ਚੀਤਾ ਬਿੱਲੀ ਦੀ ਖੱਲ ਬਹੁਤ ਹੀ ਸੁੰਦਰ ਤੇ ਆਕਰਿਸ਼ਤ ਹੁੰਦੀ ਹੈ। ਇਹ ਏਸ਼ੀਆ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਪਾਈ ਜਾਂਦੀ ਹੈ। ਜੰਗਲੀ ਬਿੱਲੀਆਂ ਤਿੱਬਤ ਦੇ ਪਹਾੜਾਂ ਵਿੱਚ, ਸਾਈਬੇਰੀਆਂ ਦੇ ਦੱਖਣੀ ਭਾਗ ਵਿੱਚ ਮੈਦਾਨੀ ਇਲਾਕਿਆਂ ਤੇ ਕਸ਼ਮੀਰ ਵਿੱਚ ਪਾਈਆਂ ਜਾਂਦੀਆਂ ਹਨ। ਇਹ ਪਰਸ਼ਿਅਨ ਬਿੱਲੀ ਦਾ ਪੂਰਵਜ ਹਨ। ਇਹਨਾਂ ਦਾ ਆਕਾਰ ਪਾਲਤੂ ਬਿੱਲੀ ਜਿੱਡਾ ਹੁੰਦਾ ਹੈ, ਪਰ ਇਹ ਬਹੁਤ ਲੜਾਕੂ ਤੇ ਕਰੂਰ ਸੁਭਾਅ ਦੀ ਹੁੰਦੀ ਹੈ। ਇਸ ਦੀ ਖੱਲ ਹਲਕੇ ਭੂਰੇ ਰੰਗ ਦੀ ਮੋਟੀ ਹੁੰਦੀ ਹੈ ਜਿਹੜੀ ਇਸ ਨੂੰ ਸਾਇਬੇਰੀਆ ਦੀ ਬਰਫਾਨੀ ਠੰਢ ’ਚ ਬਚਾਈ ਰੱਖਦੀ ਹੈ। ਜੰਗਲੀ ਬਿੱਲੀ ਨੂੰ ਮਿਸਰ ਵਾਲਿਆਂ ਨੇ ਪਾਲਤੂ ਬਣਾਇਆ। ਉਹ ਬੁਸ਼ ਬਿੱਲੀ ਜਾਂ ਅਫ਼ਰੀਕੀ ਜੰਗਲੀ ਬਿੱਲੀ ਹੈ। ਇਹ ਭਿਅੰਕਰ ਹੁੰਦੀ ਹੈ। ਸਕਾਟ ਦੇਸ਼ ਦੀ ਜੰਗਲੀ ਬਿੱਲੀ ਦੀ ਪੂਛ ’ਤੇ ਚਾਰ ਤੋਂ ਛੇ ਤਕ ਕਾਲੇ ਰੰਗ ਦੇ ਗੋਲ ਛੱਲੇ ਵਰਗੇ ਦਾਗ ਹੁੰਦੇ ਹਨ। ਇਹ ਇਨਸਾਨ ਤੇ ਪਸ਼ੂਆਂ ਲਈ ਬਹੁਤ ਖਤਰਨਾਕ ਹੁੰਦੀ ਹੈ। ਹਿਮਾਲਿਆ ਪਰਬਤ ਦੇ ਜੰਗਲਾਂ ’ਚ ਤੇ ਨੇਪਾਲ ’ਚ ਸੁੰਦਰ ਸੰਗਮਰਮਰੀ ਬਿੱਲੀ ਪਾਈ ਜਾਂਦੀ ਹੈ। ਇਸ ਦੀ ਖੱਲ ਸੁੰਦਰ ਤੇ ਆਕਰਸ਼ਿਤ ਹੁੰਦੀ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.