ਕੰਮ ਦੇ ਕਿਸੇ ਵੀ ਰੂਪ ਦੁਆਰਾ ਬੱਚਿਆਂ ਦਾ ਸ਼ੋਸ਼ਣ From Wikipedia, the free encyclopedia
ਬਾਲ ਮਜ਼ਦੂਰੀ, ਬੱਚਿਆਂ ਦੇ ਅਜਿਹੇ ਰੁਜ਼ਗਾਰ ਨੂੰ ਕਿਹਾ ਜਾਂਦਾ ਹੈ ਜੋ ਬੱਚਿਆਂ ਨੂੰ ਉਹਨਾਂ ਦੇ ਬਚਪਨ ਤੋਂ ਵਾਝਿਆਂ ਕਰਦਾ ਹੈ, ਉਹਨਾਂ ਦੇ ਨਿਯਮਤ ਸਕੂਲ ਜਾਣ ਵਿੱਚ ਅੜਿੱਕਾ ਬਣਦਾ ਹੈ ਅਤੇ ਜਿਹੜਾ ਉਹਨਾਂ ਲਈ ਮਾਨਸਿਕ, ਸਰੀਰਕ, ਸਮਾਜਿਕ ਅਤੇ ਨੈਤਿਕ ਪੱਖਾਂ ਤੋਂ ਖ਼ਤਰਨਾਕ ਅਤੇ ਨੁਕਸਾਨਦੇਹ ਹੁੰਦਾ ਹੈ।[3] ਬਹੁਤ ਸਾਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਇਸ ਅਭਿਆਸ ਨੂੰ ਸ਼ੋਸ਼ਣਕਾਰੀ ਐਲਾਣਿਆ ਗਿਆ ਹੈ। ਦੁਨੀਆ ਭਰ ਦੇ ਸੰਵਿਧਾਨ ਬਾਲ ਮਜ਼ਦੂਰੀ ਤੇ ਰੋਕ ਲਾਉਂਦੇ ਹਨ।[4][5] ਇਹ ਕਾਨੂੰਨ ਬੱਚਿਆਂ ਦੁਆਰਾ ਕੀਤੇ ਹਰ ਕੰਮ ਨੂੰ ਬਾਲ ਮਜ਼ਦੂਰੀ ਨਹੀਂ ਮੰਨਦੇ ਜੀ ਜਿਹਨਾਂ ਵਿੱਚ ਬਾਲ ਕਲਾਕਾਰਾਂ ਦਾ ਕੰਮ, ਪਰਿਵਾਰਿਕ ਜਿੰਮੇਵਾਰੀਆਂ, ਦੇਖਰੇਖ ਹੇਠ ਦਿੱਤੀ ਸਿਖਲਾਈ ਆਦਿ ਸ਼ਾਮਿਲ ਹਨ।.[6][7][8]
ਬਾਲ ਮਜ਼ਦੂਰੀ ਇਤਿਹਾਸ ਵਿੱਚ ਵੱਖੋ-ਵੱਖਰੇ ਰੂਪਾਂ ਵਿੱਚ ਮੌਜੂਦ ਰਹੀ ਹੈ। 19ਵੀਂ ਅਤੇ 20 ਵੀਂ ਸਾਡੀ ਦੌਰਾਨ ਯੂਰਪ, ਅਮਰੀਕਾ ਅਤੇ ਯੂਰਪੀਅਨ ਤਾਕਤਾਂ ਦੀਆਂ ਬਸਤੀਆਂ ਵਿੱਚ ਗਰੀਬ ਪਰਿਵਾਰਾਂ ਦੇ 5 ਤੋਂ 14 ਸਾਲਾਂ ਦੇ ਬੱਚੇ ਕੰਮ ਕਰ ਰਹੇ ਸਨ। ਇਹ ਬੱਚੇ ਮੁੱਖ ਤੌਰ 'ਤੇ ਘਰਾਂ, ਖੇਤੀਬਾੜੀ, ਘਰੇਲੂ ਉਦਯੋਗਾਂ, ਕਾਰਖਾਨਿਆਂ, ਖਾਣਾਂ ਅਤੇ ਅਖ਼ਬਾਰ ਵੰਡਣ ਦੇ ਕੰਮ ਕਰਦੇ ਸਨ। ਕੁਝ ਤਾਂ ਰਾਤ ਦੀਆਂ ਪਾਰੀਆਂ ਵਿੱਚ 12 ਘੰਟੇ ਕੰਮ ਵੀ ਕਰਦੇ ਸਨ। ਘਰੇਲੂ ਆਮਦਨ ਵਧਣ, ਸਕੂਲਾਂ ਦੀ ਸਹੂਲਤ ਅਤੇ ਬਾਲ ਮਜ਼ਦੂਰੀ ਕਾਨੂੰਨਾਂ ਦੇ ਬਣਨ ਨਾਲ ਮਜਦੂਰੀ ਵਿੱਚ ਬਾਲ ਮਜਦੂਰੀ ਦੀ ਦਰ ਹੇਠਾਂ ਆ ਗਈ।[9][10][11]
ਦੁਨੀਆ ਦੇ ਗਰੀਬ ਦੇਸ਼ਾਂ ਵਿੱਚ 4 ਵਿਚੋਂ 1 ਬੱਚਾ ਬਾਲ ਮਜ਼ਦੂਰੀ ਤੇ ਲੱਗਾ ਹੋਇਆ ਹੈ ਜਿਸ ਵਿੱਚ ਸਭ ਤੋਂ ਵੱਧ 29% ਅਫਰੀਕਾ ਵਿੱਚ ਰਹਿੰਦੇ ਹਨ। 2017 ਵਿੱਚ ਚਾਰ ਅਫ਼ਰੀਕੀ ਦੇਸ਼ਾਂ (ਮਾਲੀ, ਬੇਨਿਨ, ਚਾਡ, ਗੁਇਨੇਆ-ਬਿੱਸਾਉ) ਵਿੱਚ 5-14 ਸਾਲਾਂ ਦੇ 50 % ਬੱਚੇ ਕੰਮ ਕਰ ਰਹੇ ਸਨ।[12] ਦੁਨੀਆ ਭਰ ਵਿੱਚ ਖੇਤੀਬਾੜੀ ਬੱਚਿਆਂ ਨੂੰ ਰੁਜ਼ਗਾਰ ਦੇਣ ਦਾ ਸਭ ਤੋਂ ਵੱਡਾ ਖੇਤਰ ਹੈ।[13] ਬਾਲ ਮਜ਼ਦੂਰਾਂ ਦੀ ਬਹੁ ਗਿਣਤੀ ਦਿਹਾਤੀ ਇਲਾਕਿਆਂ ਅਤੇ ਘੱਟ ਵਿਕਸਿਤ ਸ਼ਹਿਰੀ ਆਰਥਿਕਤਾ ਵਿੱਚ ਮਿਲਦੀ ਹੈ। ਬੱਚੇ ਕਾਰਖਾਨਿਆਂ ਦੀ ਬਜਾਏ ਉਹਨਾਂ ਦੇ ਮਾਪਿਆਂ ਦੁਆਰਾ ਆਪਣੇ ਨਾਲ ਕੰਮ ਤੇ ਲਾਏ ਜਾਂਦੇ ਹਨ।[14][15] ਗਰੀਬੀ ਅਤੇ ਸਕੂਲਾਂ ਦੀ ਘਾਟ ਨੂੰ ਬਾਲ ਮਜ਼ਦੂਰੀ ਦੇ ਮੁੱਢਲੇ ਕਾਰਣ ਵਜੋਂ ਦੇਖਿਆ ਜਾਂਦਾ ਹੈ।[16]
ਵਿਸ਼ਵ ਬੈਂਕ ਅਨੁਸਾਰ ਵਿਸ਼ਵ ਪੱਧਰ ਤੇ ਬਾਲ ਮਜ਼ਦੂਰੀ ਵਿੱਚ 1960 ਤੋਂ 2003 ਤਕ 25% ਤੋਂ 10% ਤਕ ਕਮੀ ਆਈ ਹੈ।.[17] ਪਰ ਯੂਨਿਸੇਫ਼ ਅਤੇ ਆਈ ਐਲ ਓ ਦੇ ਮੁਤਾਬਕ ਬਾਲ ਮਜ਼ਦੂਰਾਂ ਦੀ ਕੁਲ ਗਿਣਤੀ ਕਾਫੀ ਜਿਆਦਾ ਹੈ ਅਤੇ ਅੰਦਾਜਿਆਂ ਮੁਤਾਬਕ ਸਾਲ 2013 ਵਿੱਚ 5 ਤੋਂ 17 ਸਾਲ ਉਮਰ ਵਰਗ ਦੇ 168 ਮਿਲੀਅਨ ਬੱਚੇ ਬਾਲ ਮਜ਼ਦੂਰੀ ਵਿੱਚ ਲੱਗੇ ਹੋਏ ਸਨ।[18]
ਪੂਰਵ ਉਦਯੋਗਿਕ ਆਰਥਿਕਤਾਵਾਂ ਵਿੱਚ ਬਾਲ ਮਜ਼ਦੂਰੀ ਅੰਤਰੀਵ ਅੰਗ ਸੀ।[19][20] ਜਿਸ ਤਰਾਂ ਆਧੁਨਿਕ ਸਮੇਂ ਵਿੱਚ ਅਸੀਂ "ਬਚਪਨ" ਤੋਂ ਭਾਵ ਲੈਂਦੇ ਹਾਂ, ਉਸ ਤਰਾਂ ਬਿਲਕੁਲ ਨਹੀਂ ਲਿਆ ਜਾਂਦਾ ਸੀ। ਬੱਚੇ ਜਦੋਂ ਸੁਭਾਵਿਕ ਤੌਰ 'ਤੇ ਕੁਝ ਯੋਗ ਹੋ ਜਾਂਦੇ ਤਾਂ ਸ਼ਿਕਾਰ,ਖੇਤੀ, ਛੋਟੇ ਬੱਚਿਆਂ ਦੀ ਸਾਂਭ ਸੰਭਾਲ ਵਿੱਚ ਕਿਰਿਆਸ਼ੀਲਤਾ ਨਾਲ ਹਿੱਸਾ ਲੈਂਦੇ ਸਨ। ਬਹੁਤ ਸਾਰੇ ਸਮਾਜਾਂ ਵਿੱਚ 13 ਸਾਲ ਦਾ ਬੱਚਾ ਬਾਲਗ਼ ਲੱਗਣ ਲੱਗ ਪੈਂਦੇ ਸਨ ਅਤੇ ਬਾਲਗ਼ਾਂ ਵਾਲੀਆਂ ਕਿਰਿਆਵਾਂ ਵਿੱਚ ਲੱਗ ਜਾਂਦੇ ਸਨ।[21]
ਪੂਰਵ ਉਦਯੋਗਿਕ ਸਮਾਜਾਂ ਵਿੱਚ ਬੱਚਿਆਂ ਦਾ ਕੰਮ ਮਹਤੱਵਪੂਰਨ ਹੁੰਦਾ ਸੀ ਕਿ ਉਹਨਾਂ ਦੇ ਆਪਣੇ ਆਪ ਅਤੇ ਸਮੂਹ ਦੇ ਜਿਉਣ ਲਈ ਉਹਨਾਂ ਦੇ ਕੰਮ ਦੀ ਲੋੜ ਸੀ। ਪੂਰਵ ਉਦਯੋਗਿਕ ਸਮਾਜਾਂ ਨੂੰ ਘੱਟ ਉਤਪਾਦਕਤਾ ਅਤੇ ਜਿਉਣ ਦੀ ਥੋੜ੍ਹੀ ਉਮਰ ਦੀ ਉਮੀਦ ਕਰਕੇ ਜਾਣਿਆ ਜਾਂਦਾ ਹੈ ਜਿਸ ਕਾਰਣ ਬੱਚਿਆਂ ਨੂੰ ਉਹ ਉਤਪਾਦਕ ਕੰਮ ਕਰਨ ਤੋਂ ਰੋਕਿਆ ਜਾਂਦਾ ਸੀ ਜਿਹੜੇ ਵਧੇਰੇ ਖ਼ਤਰਨਾਕ ਹੋਣ ਅਤੇ ਉਹਨਾਂ ਦੇ ਭਲੇ ਵਿੱਚ ਨਾ ਹੋਣ ਤਾਂ ਕਿ ਉਹਨਾਂ ਦਾ ਸਮੂਹ ਲੰਮਾ ਚੱਲ ਸਕੇ। ਪੂਰਵ ਉਦਯੋਗਿਕ ਸਮਾਜਾਂ ਵਿੱਚ ਬੱਚਿਆਂ ਨੂੰ ਸਕੂਲ ਜਾਣ ਦੀ ਬਹੁਤ ਘੱਟ ਲੋੜ ਸੀ। ਖਾਸਕਰ ਉਹਨਾਂ ਸਮਾਜਾਂ ਵਿੱਚ ਜਿਹੜੇ ਸਾਖਰ ਨਹੀਂ ਸਨ। ਪੂਰਵ ਉਦਯੋਗਿਕ ਕੰਮਾਂ ਵਿੱਚ ਮੁਹਾਰਤ ਬੱਚੇ ਸਿੱਧੀ ਅਗਵਾਈ ਨਾਲ ਜਾਂ ਕਿਸੇ ਬਾਲਗ਼ ਜਾਂ ਬਾਲਗ਼ਾਂ ਦੇ ਸਮੂਹ ਨਾਲ ਕੰਮ ਕਰਕੇ ਹਾਸਿਲ ਕਰ ਲੈਂਦੇ ਸਨ।[22]
ਬਰਤਾਨੀਆ ਵਿੱਚ 18ਵੀਂ ਸਦੀ ਦੇ ਅਖੀਰ ਵਿੱਚ ਸਨਅਤੀ ਇਨਕਲਾਬ ਦੇ ਸ਼ੁਰੂ ਹੋਣ ਤੇ ਬਾਲ ਮਜ਼ਦੂਰਾਂ ਸਮੇਤ ਸਾਰੇ ਮਜ਼ਦੂਰਾਂ ਦੇ ਸ਼ੋਸ਼ਣ ਵਿੱਚ ਤੇਜੀ ਨਾਲ ਵਾਧਾ ਹੋਇਆ। ਬਰਮਿੰਘਮ, ਮਾਨਚੇਸਟਰ,ਲੀਵਰਪੂਲ ਵਰਗੇ ਉਦਯੋਗਿਕ ਸ਼ਹਿਰਾਂ ਦਾ ਛੋਟੇ ਪਿੰਡਾਂ ਤੋਂ ਵੱਡੇ ਸ਼ਹਿਰਾਂ ਵਿੱਚ ਤਬਦੀਲ ਹੋਣ ਨਾਲ ਬੱਚਿਆਂ ਦੀ ਮੌਤ ਦਰ ਵਿੱਚ ਸੁਧਾਰ ਆਇਆ। ਇਹ ਸ਼ਹਿਰ ਖੇਤੀਬਾੜੀ ਦੇ ਉਤਪਾਦਨ ਵਿੱਚ ਵਾਧੇ ਨਾਲ ਆਬਾਦੀ ਦੇ ਵਸੇਬੇ ਲਈ ਖਿੱਚ ਦਾ ਕੇਂਦਰ ਬਣ ਗਏ। ਇਹੀ ਪ੍ਰਕਿਰਿਆ ਥੋੜ੍ਹੇ ਬਹੁਤੇ ਫ਼ਰਕ ਨਾਲ ਹੋਰਨਾਂ ਉਦਯੋਗਿਕ ਦੇਸ਼ਾਂ ਵਿੱਚ ਵੀਂ ਦੁਹਰਾਈ ਗਈ।
" ਵਿਕਟੋਰੀਆ ਦੌਰ " ਇਸ ਲਈ ਬੜਾ ਬਦਨਾਮ ਹੈ ਕਿ ਇਸ ਨੇ ਉਹ ਹਾਲਾਤ ਪੈਦਾ ਕੀਤੇ ਜਿਹਨਾਂ ਦੀ ਵਜ੍ਹਾ ਨਾਲ ਬੱਚਿਆਂ ਨੂੰ ਕੰਮ ਕਰਨਾ ਪਿਆ।[23] ਚਾਰ ਸਾਲਾਂ ਤਕ ਦੇ ਛੋਟੇ ਬੱਚਿਆਂ ਤੋਂ ਕਾਰਖਾਨਿਆਂ ਅਤੇ ਖਾਣਾਂ ਵਿੱਚ ਲੰਮੀਆਂ ਸ਼ਿਫਟਾਂ ਵਿੱਚ ਖਤਰਨਾਕ ਅਤੇ ਮਾਰੂ ਹਾਲਤਾਂ ਵਿੱਚ ਕੰਮ ਲਿਆ ਜਾਂਦਾ ਸੀ।[24] ਕੋਲੇ ਦੀਆਂ ਖਾਣਾਂ ਵਿੱਚ ਬੱਚਿਆਂ ਨੂੰ ਉਹਨਾਂ ਭੀੜੀਆਂ ਅਤੇ ਡੂੰਘੀਆਂ ਸੁਰੰਗਾਂ ਵਿੱਚ ਵਾੜਿਆ ਜਾਂਦਾ ਸੀ ਜਿਹੜੀਆਂ ਬਾਲਗ਼ਾਂ ਲਈ ਤੰਗ ਹੁੰਦੀਆਂ ਸਨ।[25] ਬੱਚੇ ਇਸ ਤੋਂ ਬਿਨਾ ਹੋਰ ਕੰਮਾਂ ਜਿਵੇਂ ਸੜਕਾਂ ਦੀ ਸਫਾਈ, ਬੂਟ ਪਾਲਿਸ਼, ਫੁੱਲ ਅਤੇ ਹੋਰ ਸਸਤੀਆਂ ਚੀਜ਼ਾਂ ਵੇਚਣ ਦਾ ਕੰਮ ਕਰਦੇ ਸਨ।[26] ਕੁਝ ਬੱਚੇ ਘਰੇਲੂ ਨੌਕਰ ਅਤੇ ਭਵਨ ਨਿਰਮਾਣ ਦੇ ਕੰਮਾਂ ਵਿੱਚ ਲੱਗੇ ਹੋਏ ਸਨ। ਇੱਕ ਅੰਦਾਜ਼ੇ ਮੁਤਾਬਿਕ ਲੰਡਨ ਵਿੱਚ ਹੀ 18ਵੀਂ ਸਦੀ ਦੇ ਅੱਧ ਵੇਲੇ 1,20,000 ਘਰੇਲੂ ਨੌਕਰ ਸਨ। ਕੰਮ ਦੇ ਘੰਟੇ ਜਿਆਦਾ ਸਨ। ਭਵਨ ਨਿਰਮਾਣ ਦਾ ਕੰਮ ਗਰਮੀਆਂ ਵਿੱਚ ਹਫ਼ਤੇ ਵਿੱਚ 64 ਘੰਟੇ ਅਤੇ ਸਰਦੀਆਂ ਵਿੱਚ 52 ਘੰਟੇ ਹੁੰਦਾ ਸੀ ਜਦੋਂਕਿ ਘਰੇਲੂ ਨੌਕਰ ਹਫ਼ਤੇ ਵਿੱਚ 80 ਘੰਟੇ ਕੰਮ ਕਰਦੇ ਸਨ।
ਸਨਅਤੀ ਇਨਕਲਾਬ ਦੇ ਸ਼ੁਰੂ ਵਿੱਚ ਆਰਥਿਕ ਤੰਗੀ ਨਾਲ ਪੈਦਾ ਹੋਈ ਬਾਲ ਮਜ਼ਦੂਰੀ ਨੇ ਮਹਤੱਵਪੂਰਨ ਭੂਮਿਕਾ ਅਦਾ ਕੀਤੀ। ਗਰੀਬਾਂ ਦੇ ਬੱਚਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣੇ ਪਰਿਵਾਰ ਦੀ ਆਮਦਨ ਵਿੱਚ ਯੋਗਦਾਨ ਦੇਣਗੇ।[27] 19ਵੀਂ ਸਦੀ ਵਿੱਚ ਬਰਤਾਨੀਆ ਵਿੱਚ ਇੱਕ ਤਿਹਾਈ ਗਰੀਬ ਪਰਿਵਾਰ ਕਿਸੇ ਕਮਾਉਣ ਵਾਲੇ ਬਾਲਗ਼ ਤੋਂ ਮੋਹਤਾਜ ਸਨ ਜਿਸ ਦੇ ਨਤੀਜੇ ਵਜੋਂ ਭੁੱਖ ਅਤੇ ਬਿਮਾਰੀ ਕਰਕੇ ਮੌਤ ਸਾਹਮਣੇ ਖੜ੍ਹੀ ਦਿਸਦੀ ਸੀ। ਇਸ ਨਾਲ ਬੱਚਿਆਂ ਨੂੰ ਛੋਟੀ ਉਮਰ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। 1788 ਵਿੱਚ ਇੰਗਲੈਂਡ ਅਤੇ ਸਕੌਟਲੈਂਡ ਵਿੱਚ 143 ਪਾਣੀ ਵਾਲਿਆਂ ਰੂੰ ਮਿੱਲਾਂ ਵਿੱਚ ਦੋ ਤਿਹਾਈ ਮਜ਼ਦੂਰ ਬੱਚੇ ਸਨ।[28] ਬੱਚਿਆਂ ਦੀ ਵੱਡੀ ਗਿਣਤੀ ਵੇਸ਼ਵਪੁਣੇ ਵਿੱਚ ਲੱਗੀ ਹੋਈ ਸੀ।[29] ਮਸ਼ਹੂਰ ਲੇਖਕ ਚਾਰਲਸ ਡਿਕਨਸ 12 ਸਾਲ ਦੀ ਉਮਰ ਵਿੱਚ ਬੂਟ ਪਾਲਿਸ਼ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਉਸ ਦਾ ਪਰਿਵਾਰ ਕਰਜ਼ੇਦਾਰ ਦੀ ਕੈਦ ਵਿੱਚ ਸੀ।[30]
ਬਾਲ ਮਜ਼ਦੂਰਾਂ ਦੀ ਤਨਖਾਹ ਬਹੁਤ ਘੱਟ ਸੀ ਅਤੇ ਆਮ ਤੌਰ 'ਤੇ ਇਹ ਪੁਰਸ਼ ਬਾਲਗ਼ ਮਜ਼ਦੂਰ ਦੀ ਤਨਖਾਹ ਦਾ 10 ਤੋਂ 20 ਫ਼ੀਸਦ ਹੀ ਹੁੰਦੀ ਸੀ। ਕਾਰਲ ਮਾਰਕਸ ਜੋ ਕਿ ਬਾਲ ਮਜ਼ਦੂਰੀ ਦਾ ਬੇਬਾਕ ਵਿਰੋਧੀ ਸੀ, ਨੇ ਬਰਤਾਨੀਆ ਦੇ ਉਦਯੋਗਾਂ ਬਾਰੇ ਕਿਹਾ " ਇਹ ਖ਼ੂਨ ਚੂਸਣ ਦੇ ਸਹਾਰੇ ਜ਼ਿੰਦਾ ਹੈ, ਅਤੇ ਬੱਚਿਆਂ ਦਾ ਖ਼ੂਨ ਵੀ।" ਅਤੇ ਸੰਯੁਕਤ ਰਾਜ ਅਮਰੀਕਾ ਦੀ ਪੂੰਜੀ ਵੀ " ਬੱਚਿਆਂ ਦੇ ਖ਼ੂਨ ਦੀ ਪੂੰਜੀ " ਹੈ।
19ਵੀਂ ਸਾਈਂ ਦੇ ਦੂਜੇ ਅੱਧ ਵਿੱਚ ਟ੍ਰੇਡ ਯੁਨਿਅਨਾਂ ਦੇ ਗਠਨ ਅਤੇ ਨਿਯਮ ਬਣਨ ਨਾਲ ਸਨਅਤੀ ਸਮਾਜਾਂ ਵਿੱਚ ਬਾਲ ਮਜ਼ਦੂਰੀ ਵਿੱਚ ਕਮੀ ਆਈ। ਸਨਅਤੀ ਇਨਕਲਾਬ ਦੇ ਸ਼ੁਰੂ ਤੋਂ ਹੀ ਬਾਲ ਮਜ਼ਦੂਰੀ ਬਾਰੇ ਸਰਕਾਰੀ ਨਿਯਮ ਬਣਨੇ ਸ਼ੁਰੂ ਹੋ ਗਏ ਸਨ। ਬਰਤਾਨੀਆ ਵਿੱਚ ਬਾਲ ਮਜ਼ਦੂਰੀ ਨੂੰ ਨਿਯਮਬੱਧ ਕਰਣ ਵਾਲਾ ਕਾਨੂੰਨ 1803 ਵਿੱਚ ਪਾਸ ਹੋਇਆ। ਇਸ ਦੌਰਾਨ ਪਹਿਲਾਂ 1802 ਅਤੇ ਫਿਰ 1819 ਵਿੱਚ ਰੂੰ ਕਾਰਖਾਨਿਆਂ ਅਤੇ ਫੈਕਟਰੀਆਂ ਵਿੱਚ ਬੱਚਿਆਂ ਦੇ ਕੰਮ ਦੇ 12 ਘੰਟੇ ਰੋਜ਼ਾਨਾ ਕਰਣ ਬਾਰੇ ਵੀ ਫ਼ੈਕਟਰੀ ਐਕਟ ਪਾਸ ਕੀਤੇ ਗਏ। ਇਹ ਕਾਨੂੰਨ ਵੱਡੇ ਪੱਧਰ ਤੇ ਪ੍ਰਭਾਵਸ਼ਾਲੀ ਨਹੀਂ ਸਨ ਅਤੇ ਇਹਨਾਂ ਦਾ ਤਿੱਖਾ ਵਿਰੋਧ ਹੋਇਆ। ਇਸ ਤੋਂ ਬਾਅਦ ਰਾਇਲ ਕਮਿਸ਼ਨ ਨੇ 1833 ਵਿੱਚ ਕਿਹਾ ਕਿ 11 ਤੋਂ 13 ਸਾਲ ਦੇ ਬੱਚੇ ਵੱਧ ਤੋਂ ਵੱਧ 12 ਘੰਟੇ ਕੰਮ ਕਰ ਸਕਦੇ ਹਨ, 9 ਤੋਂ 11 ਸਾਲ ਦੇ ਬੱਚੇ ਅਧਿਕਤਮ ਅੱਠ ਘੰਟੇ ਕੰਮ ਕਰ ਸਕਦੇ ਹਨ ਤੇ 9 ਸਾਲ ਤੋਂ ਛੋਟੇ ਬੱਚਿਆਂ ਤੋਂ ਕੰਮ, ਨਹੀਂ ਲਿਆ ਜਾ ਸਕਦਾ। ਭਾਵੇਂ ਇਹ ਕਾਨੂੰਨ ਬੁਣਤੀ ਦੀ ਸਨਅਤ ਤੇ ਹੀ ਲਾਗੂ ਹੁੰਦਾ ਸੀ ਪਰ ਹੋਰ ਵਿਰੋਧ ਦੇ ਕਾਰਣ 1847 ਵਿੱਚ ਇੱਕ ਹੋਰ ਕਾਨੂੰਨ ਲਿਆਉਣਾ ਪਿਆ ਜੋ ਬੱਚਿਆਂ ਤੇ ਬਾਲਗ਼ਾਂ ਦੋਹਾਂ ਤੋਂ 10 ਘੰਟੇ ਤਕ ਕੰਮ ਲੈਣ ਦੀ ਖੁੱਲ੍ਹ ਦਿੰਦਾ ਸੀ।
ਪਰ ਜਿਵੇਂ ਜਿਵੇਂ ਤਕਨੀਕੀ ਵਿਕਾਸ ਹੋਇਆ ਤਾਂ ਸਿੱਖਿਅਤ ਮੁਲਾਜ਼ਮਾਂ ਦੀ ਮੰਗ ਵਧਦੀ ਗਈ। ਲਾਜ਼ਮੀ ਸਿੱਖਿਆ ਦੇ ਵਾਧੇ ਨਾਲ ਕਿੱਤਾਮੁਖੀ ਸਿੱਖਿਆ ਵਿੱਚ ਵੀ ਵਾਧਾ ਹੋਇਆ। ਤਕਨੀਕ ਅਤੇ ਆਟੋਮੈਟਿਕ ਮਸ਼ੀਨਾਂ ਦੇ ਆਉਣ ਨਾਲ ਬਾਲ ਮਜ਼ਦੂਰੀ ਵਿੱਚ ਕਮੀ ਆਈ।
20ਵੀਂ ਸਾਡੀ ਦੀ ਸ਼ੁਰੂਆਤ ਵਿੱਚ ਹਜ਼ਾਰਾਂ ਲੜਕੇ ਸ਼ੀਸ਼ਾ ਬਣਾਉਣ ਵਾਲੀ ਸਨਅਤ ਵਿੱਚ ਕੰਮ ਕਰ ਰਹੇ ਸਨ।ਹੁਣ ਵਾਲੀ ਤਕਨੀਕ ਤੋਂ ਬਿਨਾ ਸ਼ੀਸ਼ਾ ਬਣਾਉਣਾ ਔਖਾ ਤੇ ਖਤਰਨਾਕ ਕੰਮ ਸੀ। ਸ਼ੀਸ਼ਾ ਬਣਾਉਣ ਦੀ ਪ੍ਰਕਿਰਿਆ ਵਿੱਚ 3133 ਡਿਗਰੀ ਫਾਰਨਹਾਈਟ ਤਾਪਮਾਨ ਤੇ ਸ਼ੀਸ਼ਾ ਪਿਘਲਾਉਣ ਦਾ ਕੰਮ ਵੀ ਸ਼ਾਮਿਲ ਸੀ। ਜਦੋਂ ਮੁੰਡੇ ਕੰਮ ਕਰਦੇ ਸਨ ਤਾਂ ਉਹ ਇਹ ਗਰਮੀ ਵੀ ਸਹਾਰਦੇ ਸਨ। ਜਿਸ ਨਾ ਉਹਨਾਂ ਨੂੰ ਅੱਖਾਂ, ਫੇਫੜਿਆਂ, ਗਰਮੀ ਲੱਗਣ, ਜ਼ਖਮ ਹੋਣ ਅਤੇ ਮੱਚ ਜਾਂ ਵਰਗੀਆਂ ਅਲਾਮਤਾਂ ਦੱਬ ਲੈਂਦਿਆਂ ਸਨ। ਕਿਰਤੀਆਂ ਨੂੰ ਪੀਸ ਰੇਟ ਤੇ ਭੁਗਤਾਨ ਕੀਤਾ ਜਾਂਦਾ ਸੀ,ਇਸ ਲਈ ਉਹ ਉਦਪਾਦਨ ਵਧਾਉਣ ਲਈ ਘੰਟਿਆਂ ਤਾਈਂ ਬਿਨਾ ਰੁਕੇ ਜਾਂ ਆਰਾਮ ਕੀਤੇ ਕੰਮ ਕਰਦੇ ਸਨ। ਬਹੁਤੇ ਫੇਕਟਰੀ ਮਾਲਕ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਤੇ ਰੱਖਣ ਨੂੰ ਤਰਜੀਹ ਦਿੰਦੇ ਸਨ।
ਇਕ ਅੰਦਾਜ਼ੇ ਮੁਤਾਬਿਕ ਸਨ 1900 ਈਸਵੀ ਵਿੱਚ ਅਮਰੀਕਨ ਉਦਯੋਗਾਂ ਵਿੱਚ 15 ਸਾਲ ਤੋਂ ਛੋਟੀ ਉਮਰ ਦੇ 1.7 ਮਿਲੀਅਨ ਬੱਚੇ ਕੰਮ ਕਰਦੇ ਸਨ।
1810 ਈਸਵੀ ਵਿੱਚ ਇਸੇ ਉਮਰ ਵਰਗ ਦੇ 2 ਮਿਲੀਅਨ ਬੱਚੇ ਕੰਮ ਕਰ ਰਹੇ ਸਨ।
20ਵੀਂ ਸਦੀ ਦੀ ਸ਼ੁਰੂਆਤ ਵਿੱਚ ਇਕੱਲੀਆਂ ਫ਼ੈਕਟਰੀਆਂ ਅਤੇ ਖਾਣਾਂ ਹੀ ਨਹੀਂ ਸਨ ਜਿੱਥੇ ਬੱਚੇ ਕੰਮ ਕਰਦੇ ਸਨ।ਇਸੇ ਤਰਾਂ ਅਮਰੀਕਾ ਅਤੇ ਯੂਰਪ ਵਿੱਚ ਘਰ ਆਧਾਰਿਤ ਉਦਯੋਗਾਂ ਵਿੱਚ ਵੀ ਬੱਚੇ ਕੰਮ ਕਰ ਰਹੇ ਸਨ। ਜੋ ਲੋਕ ਸੁਧਾਰ ਚਾਹੁੰਦੇ ਸਨ ਉਹ ਕਹਿੰਦੇ ਸਨ ਕਿ ਕਾਰਖਾਨਿਆਂ ਦੀ ਮਜ਼ਦੂਰੀ ਦਾ ਕੋਈ ਨਿਯਮ ਹੋਣਾ ਚਾਹੀਦਾ ਹੈ ਅਤੇ ਗਰੀਬਾਂ ਦਾ ਕਲਿਆਣ ਰਾਜ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਮਜ਼ਦੂਰੀ ਦੇ ਨਿਯਮ ਬਣਨ ਨਾਲ ਕੰਮ ਦਾ ਇੱਕ ਹਿੱਸਾ ਕਾਰਖਾਨਿਆਂ ਤੋਂ ਨਿੱਕਲ ਕੇ ਬਾਹਰ ਸ਼ਹਿਰੀ ਘਰਾਂ ਵਿੱਚ ਤਬਦੀਲ ਹੋ ਗਿਆ। ਪਰਿਵਾਰ ਅਤੇ ਔਰਤਾਂ ਇਸ ਨੂੰ ਪਸੰਦ ਕਰਦੀਆਂ ਸਨ ਕਿਉਂਕਿ ਉਹ ਘਰ ਦੀਆਂ ਜਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਆਮਦਨ ਖੱਟ ਸਕਦੀਆਂ ਸਨ।
ਘਰ ਆਧਾਰਤ ਉਤਪਾਦਨ ਦੇ ਕੰਮ ਪੂਰਾ ਸਾਲ ਭਰ ਚਲਦੇ ਰਹਿੰਦੇ ਸਨ। ਪਰਿਵਾਰ ਆਪਣੀ ਇੱਛਾ ਨਾਲ ਬੱਚਿਆਂ ਨੂੰ ਇਸ ਆਮਦਨ ਦੇ ਸਰੋਤ ਨੂੰ ਵਧਾਉਣ ਲਈ ਆਪਣੇ ਨਾਲ ਲਾ ਲੈਂਦੇ ਸਨ।
ਜਨਗਣਨਾ ਸਾਲ | 10-14 ਸਾਲ ਉਮਰ ਵਰਗ ਦੇ ਲੜਕਿਆਂ ਦੀ ਬਾਲ ਮਜ਼ਦੂਰ ਦੇ ਰੂਪ ਵਿੱਚ ਲੇਬਰ % ਵਿਚ |
---|---|
1881 | 22.9 |
1891 | 26.0 |
1901 | 21.9 |
1911 | 18.3 |
ਸੂਚਨਾ: ਇਹ ਅੰਕੜੇ | |
ਸਰਤ: ਜਨਗਣਨਾ ਦੇ ਇੰਗਲਡ ਅਤੇ ਵੇਲਜ਼ |
ਅੱਜ ਵੀ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਾਲ ਮਜ਼ਦੂਰੀ ਆਮ ਵਰਤਾਰਾ ਹੈ। ਪਰ ਇਸ ਦੇ ਅੰਦਾਜ਼ੇ ਵੱਖੋ-ਵੱਖਰੇ ਹਨ। ਮੰਨਿਆ ਜਾਂਦਾ ਹੈ ਕਿ ਜੇ 5 ਤੋਂ 17 ਸਾਲ ਦੇ ਬੱਚਿਆਂ ਨੂੰ ਕਿਸੇ ਆਰਥਕ ਕਿਰਿਆ ਵਿੱਚ ਲੱਗੇ ਹੋਏ ਗਿਣਿਆ ਜਾਵੇ ਤਾਂ ਇਸ ਗਿਣਤੀ 250 ਤੋਂ 304 ਮਿਲੀਅਨ ਬਣਦੀ ਹੈ। ਅੰਤਰਰਾਸ਼ਟਰੀ ਕਿਰਤ ਸੰਗਠਨ ਦਾ ਮੰਨਣਾ ਹੈ ਕਿ ਜੇ ਹਲਕੇ ਕੰਮ ਨੂੰ ਛੱਡ ਦਿੱਤਾ ਜਾਵੇ ਤਾਂ ਵੀ ਵਿਸ਼ਵ ਭਰ ਵਿੱਚ 2008 ਵਿੱਚ 5 ਤੋਂ 14 ਸਾਲ ਉਮਰ ਦੇ 153 ਮਿਲੀਅਨ ਬੱਚੇ ਕੰਮ ਕਰ ਰਹੇ ਸਨ। ਇਹ ਅੰਦਾਜ਼ਾ ਇਸੇ ਸੰਗਠਨ ਦੇ 2004 ਦੇ ਅੰਦਾਜ਼ੇ ਤੋਂ 20 ਮਿਲੀਅਨ ਘੱਟ ਹੈ। ਤਕਰੀਬਨ 60 ਫ਼ੀਸਦ ਬਾਲ ਮਜ਼ਦੂਰੀ ਖੇਤੀ ਦੇ ਕੰਮਾਂ ਖੇਤਾਂ, ਮੱਛੀ ਪਾਲਣ, ਵਣ ਖੇਤੀ, ਡੇਅਰੀ ਆਦਿ ਵਿੱਚ ਲੱਗੀ ਹੋਈ ਹੈ। ਹੋਰ 25 ਫ਼ੀਸਦ ਬੱਚੇ ਸੇਵਾ ਕੰਮਾਂ ਜਿਵੇਂ ਕਰਿਆਨਾ, ਢਾਬਿਆਂ, ਚੀਜ਼ਾਂ ਦੀ ਢੋਆ-ਢੁਆਈ, ਸਟੋਰ ਕਰਨਾ, ਬੂਟ ਪਾਲਿਸ਼, ਘਰੇਲੂ ਮਦਦ ਆਦਿ ਵਿੱਚ ਲੱਗੇ ਹੋਏ ਹਨ। ਬਾਕੀ ਰਹਿੰਦੇ 15 ਫ਼ੀਸਦ ਬੱਚੇ ਘਰ ਆਧਾਰਿਤ ਸਨਅਤਾਂ ਵਿੱਚ ਨਿਰਮਾਣ ਅਤੇ ਪੁਰਜ਼ੇ ਫਿੱਟ ਕਰਨ, ਕਾਰਖਾਨਿਆਂ, ਖਾਣਾਂ, ਨਮਕ ਪੈਕ ਕਰਨ ਆਦਿ ਦੇ ਕੰਮਾਂ ਵਿੱਚ ਲੱਗੇ ਹਨ। ਤਿੰਨਾਂ ਵਿਚੋਂ ਦੋ ਬੱਚੇ ਆਪਣੇ ਮਾਪਿਆਂ ਨਾਲ ਬਿਨਾਂ ਤਨਖਾਹ ਦੇ ਕੰਮ ਕਰਾਉਂਦੇ ਹਨ।
ਅੰਤਰਰਾਸ਼ਟਰੀ ਕਿਰਤ ਸੰਗਠਨ (ਆਈ ਐਲ ਓ) ਦਾ ਕਹਿਣਾ ਹੈ ਕਿ ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਕਰਨ ਗਰੀਬੀ ਹੈ[32]। ਚਾਹੇ ਬੱਚੇ ਦੀ ਮਜ਼ਦੂਰੀ ਤੋਂ ਘੱਟ ਹੀ ਆਮਦਨ ਹੁੰਦੀ ਹੈ ਪਰ ਗਰੀਬੀ ਦੇ ਭੰਨੇ ਘਰਾਂ ਵਿੱਚ ਇਹ ਘਰ ਦੀ ਕੁਲ ਆਮਦਨ ਦਾ 25 ਤੋਂ 40 ਫ਼ੀਸਦ ਤਕ ਹੁੰਦੀ ਹੈ। ਹੋਰ ਅਧਿਐਨ ਕਰਤਾ ਤੇ ਮਾਹਿਰ ਵੀ ਇਸੇ ਨਤੀਜ਼ੇ ਤੇ ਪਹੁੰਚੇ ਹਨ।
ਅੰਤਰਰਾਸ਼ਟਰੀ ਕਿਰਤ ਸੰਗਠਨ (ਆਈ ਐਲ ਓ) ਅਨੁਸਾਰ ਸਕੂਲਾਂ ਅਤੇ ਗੁਣਵੱਤਾਯੋਗ ਸਦਿਖਕਹਿਆ ਦੀ ਘਾਟ ਵਰਗੇ ਸਾਰਥਕ ਬਦਲਾਂ ਦੀ ਕਮੀ ਇੱਕ ਇੱਕ ਹੋਰ ਮੁੱਖ ਤੱਤ ਹੈ ਜੋ ਜੋ ਬੱਚਿਆਂ ਨੂੰ ਖਤਰਨਾਕ ਮਜ਼ਦੂਰ ਬਣਨ ਵੱਲ ਧੱਕ ਰਿਹਾ ਹੈ। ਬੱਚੇ ਇਸ ਲਈ ਕੰਮ ਕਰਦੇ ਹਨ ਕਿ ਉਹਨਾਂ ਕੋਲ ਕਰਨ ਲਈ ਇਸ ਤੋਂ ਚੰਗਾ ਹੋਰ ਕੁਝ ਨਹੀਂ ਹੁੰਦਾ। ਜਿਹੜੇ ਸਮਾਜਾਂ, ਖਾਸਕਰ ਦਿਹਾਤੀ ਇਲਾਕਿਆਂ ਵਿੱਚ 60 ਤੋਂ 70 ਫ਼ੀਸਦ ਬਾਲ ਮਜ਼ਦੂਰ ਹਨ ਉਹ ਇਲਾਕੇ ਜਾਂ ਫ਼ਿਰਕੇ ਹਨ ਜਿਹਨਾਂ ਕੋਲ ਸਕੂਲਾਂ ਦੀ ਲੋੜੀਂਦੀ ਸਹੂਲਤ ਨਹੀਂ ਹੈ। ਜਿਹੜੇ ਵੀ ਸਕੂਲ ਉਪਲਬਧ ਹਨ, ਉਹ ਉਹਨਾਂ ਦੀ ਪਹੁੰਚ ਤੋਂ ਦੂਰ ਹਨ ਜਾਂ ਤਾਂ ਉਥੇ ਪਹੁੰਚਿਆ ਨਹੀਂ ਜਾ ਸਕਦਾ ਜਾਂ ਉਹਨਾਂ ਵਿੱਚ ਪੜ੍ਹ ਸਕਣ ਦੀ ਸਮਰੱਥਾ ਨਹੀਂ ਹੈ ਜਾਂ ਫਿਰ ਉਹਨਾਂ ਸਕੂਲਾਂ ਦਾ ਮਿਆਰ ਏਨਾ ਘਟੀਆ ਹੈ ਕਿ ਮਾਪੇ ਸੋਚਦੇ ਹਨ ਕਿ ਇਹਨਾਂ ਵਿੱਚ ਭੇਜਣ ਦਾ ਅਸਲੋਂ ਕੋਈ ਲਾਭ ਨਹੀਂ ਹੈ।
ਜਦੋਂ ਯੂਰਪ ਵਿੱਚ ਬਾਲ ਮਜ਼ਦੂਰੀ ਆਮ ਸੀ ਜਾਂ ਹੁਣ ਵੀ ਜਿਹੜੇ ਸਮਾਜਾਂ ਵਿੱਚ ਬਾਲ ਮਜ਼ਦੂਰੀ ਦਾ ਪ੍ਰਚਲਨ ਹੈ, ਉਥੋਂ ਦੇ ਲੋਕਾਂ ਦਾ ਵਿਸ਼ਵਾਸ, ਤਰਕ, ਮੁੱਲ ਵਿਧਾਨ ਇਸ ਨੂੰ ਸਹੀ ਠਹਿਰਾਉਂਦੇ ਹਨ ਅਤੇ ਇਸ ਦੀ ਹੌਸਲਾ ਅਫਜਾਈ ਕਰਦੇ ਹਨ। ਕੁਝ ਅਜਿਹੇ ਵਿਚਾਰ ਵੀ ਹਨ ਕਿ ਬੱਚੇ ਦੇ ਚਰਿੱਤਰ ਅਤੇ ਕੌਸ਼ਲ ਵਿਕਾਸ ਲਈ ਕੰਮ ਚੰਗੀ ਚੀਜ਼ ਹੈ। ਕੁਝ ਅਜਿਹੇ ਸੱਭਿਆਚਾਰਾਂ ਵਿੱਚ ਜਿੱਥੇ ਘਰੇਲੂ ਪੱਧਰ ਤੇ ਕਾਰੋਬਾਰ ਚਲਦੇ ਹਨ ਜਾਂ ਗ਼ੈਰਰਸਮੀ ਆਰਥਿਕਤਾਵਾਂ ਹਨ, ਉਥੇ ਬੱਚਿਆਂ ਦੀ ਮਾਪਿਆਂ ਦੇ ਕਦਮ ਤੇ ਚੱਲਣ ਦੀ ਸੱਭਿਆਚਾਰਕ ਪਰੰਪਰਾ ਵੀ ਹੈ ਕਿਉਂਕਿ ਫਿਰ ਬਾਲ ਮਜ਼ਦੂਰੀ ਬਿਲਕੁਲ ਸ਼ੁਰੂ ਤੋਂ ਹੀ ਉਸ ਕਾਰੋਬਾਰ ਨੂੰ ਸਿੱਖਣ, ਅਭਿਆਸ ਕਰਨ ਦਾ ਜ਼ਰੀਆ ਬਣ ਜਾਂਦੀ ਹੈ। ਇਵੇਂ ਹੀ ਕੁਝ ਸੱਭਿਆਚਾਰਾਂ ਵਿੱਚ ਜਿੱਥੇ ਕੁੜੀਆਂ ਦੀ ਸਿੱਖਿਆ ਘੱਟ ਮਹੱਤਵ ਰਖਦੀ ਹੈ ਜਾਂ ਲੜਕੀਆਂ ਦੀ ਰਸਮੀ ਸਿੱਖਿਆ ਦੀ ਲੋੜ ਨਹੀਂ ਸਮਝੀ ਜਾਂਦੀ ਉਥੇ ਲੜਕੀਆਂ ਨੂੰ ਘਰੇਲੂ ਕੰਮਾਂ ਆਦਿ ਵਰਗੇ ਸੇਵਾ ਖੇਤਰ ਵਿੱਚ ਬਾਲ ਮਜ਼ਦੂਰ ਦੇ ਤੌਰ 'ਤੇ ਦਾਖਲ ਕਰ ਦਿੱਤਾ ਜਾਂਦਾ ਹੈ।
ਕੁਝ ਅਧਿਐਨ ਬਾਲ ਮਜ਼ਦੂਰੀ ਵਿੱਚ ਸੂਖਮ ਆਰਥਿਕ ਕਾਰਨਾਂ ਬਾਰੇ ਹੋਏ ਹਨ। ਬਿੱਗੇਰੀ ਅਤੇ ਮਲਹੋਤਰਾ ਨੇ ਇਸ ਬਾਰੇ ਜ਼ਿਕਰਯੋਗ ਅਧਿਐਨ ਕੀਤਾ ਹੈ। ਉਹਨਾਂ ਦੇ ਅਧਿਐਨ ਦਾ ਮੁੱਖ ਖੇਤਰ ਪੰਜ ਏਸ਼ਿਆਈ ਦੇਸ਼ ਭਾਰਤ, ਪਾਕਿਸਤਾਨ, ਇੰਡੋਨੇਸ਼ੀਆ, ਥਾਈਲੈਂਡ ਅਤੇ ਫਿਲੀਪੀਂਸ ਰਹੇ ਹਨ। ਉਹ ਕਹਿੰਦੇ ਹਨ ਕਿ ਬਾਲ ਮਜ਼ਦੂਰੀ ਇਹਨਾਂ ਪੰਜਾਂ ਵਿੱਚ ਹੀ ਗੰਭੀਰ ਸਮੱਸਿਆ ਹੈ ਪਰ ਇਹ ਕੋਈ ਨਵੀਂ ਸਮੱਸਿਆ ਨਹੀਂ ਹੈ। ਸੂਖਮ ਆਰਥਿਕ ਕਾਰਣ ਦੁਨੀਆ ਭਰ ਵਿੱਚ ਮਨੁੱਖੀ ਇਤਿਹਾਸ ਵਿੱਚ ਬਾਲ ਮਜ਼ਦੂਰੀ ਨੂੰ ਵਧਾਉਣ ਵਿੱਚ ਭੂਮਿਕਾ ਨਿਭਾਉਂਦੇ ਰਹੇ ਹਨ।ਬਾਲ ਮਜ਼ਦੂਰਾਂ ਦੀ ਮੰਗ ਅਤੇ ਪੂਰਤੀ ਵਾਲੇ ਕਾਰਨ ਇਸ ਲਈ ਮੁੱਖ ਕਾਰਨ ਹੈ। ਗਰੀਬੀ ਅਤੇ ਚੰਗੇ ਸਕੂਲਾਂ ਦੀ ਅਪ੍ਰਾਪਤਤਾ ਪੂਰਤੀ ਵਾਲੇ ਪਾਸੇ ਦੇ ਕਾਰਣ ਹਨ ਅਤੇ ਘੱਟ ਉਜਾਰਤਾਂ ਦੇਣ ਵਾਲੀ ਗੈਰ ਰਸਮੀ ਆਰਥਿਕਤਾ ਇਸ ਦੇ ਮੰਗ ਵਾਲੇ ਕਾਰਨ ਹਨ।ਕੁਝ ਹੋਰ ਮਾਹਿਰਾਂ ਨੇ ਤਕਨੀਕੀ ਵਿਕਾਸ ਵਿੱਚ ਪਛੜੇਵੇਂ ਅਤੇ ਲਚਕਹੀਣ ਮਜ਼ਦੂਰ ਮੰਡੀ ਨੂੰ ਵੀ ਇੱਕ ਸੂਖਮ ਕਾਰਨ ਮੰਨਿਆ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.