From Wikipedia, the free encyclopedia
ਧਰਤੀ ਦੇ ਇਤਿਹਾਸ ਦਾ ਵਾਸਤਾ ਧਰਤੀ ਗ੍ਰਹਿ ਦੀ ਉਪਜ ਤੋਂ ਲੈ ਕੇ ਅੱਜ ਤੱਕ ਹੋਏ ਉਸ ਦੇ ਵਿਕਾਸ ਨਾਲ਼ ਹੈ।[1] ਕੁਦਰਤੀ ਵਿਗਿਆਨ ਦੀਆਂ ਤਕਰੀਬਨ ਸਾਰੀਆਂ ਸ਼ਾਖਾਂ ਨੇ ਧਰਤੀ ਦੇ ਅਤੀਤ ਦੀਆਂ ਮੁੱਖ ਘਟਨਾਵਾਂ ਨੂੰ ਸਮਝਣ ਵਿੱਚ ਯੋਦਗਾਨ ਪਾਇਆ ਹੈ। ਧਰਤੀ ਦੀ ਉਮਰ ਬ੍ਰਹਿਮੰਡ ਦੀ ਉਮਰ ਦਾ ਲਗਭਗ ਤੀਜਾ ਹਿੱਸਾ ਹੈ। ਇਸ ਸਮੇਂ ਦੌਰਾਨ ਬੇਹੱਦ ਜੀਵ-ਵਿਗਿਆਨਕ ਅਤੇ ਭੂ-ਵਿਗਿਆਨਕ ਤਬਦੀਲੀਆਂ ਵਾਪਰ ਚੁੱਕੀਆਂ ਹਨ।
ਧਰਤੀ ਸੂਰਜੀ ਧੁੰਦ ਦੇ ਵਾਧੇ ਸਦਕਾ ਤਕਰੀਬਨ 4.54 ਬਿਲੀਅਨ (4.54×109) ਵਰ੍ਹੇ ਪਹਿਲਾਂ ਹੋਂਦ ਵਿੱਚ ਆਈ। ਜਵਾਲਾਮੁਖੀਆਂ 'ਚੋਂ ਨਿੱਕਲਦੀਆਂ ਗੈਸਾਂ ਕਰ ਕੇ ਸ਼ਾਇਦ ਸ਼ੁਰੂਆਤੀ ਹਵਾ-ਮੰਡਲ ਬਣ ਗਿਆ ਪਰ ਇਸ ਵਿੱਚ ਕੋਈ ਆਕਸੀਜਨ ਨਹੀਂ ਸੀ ਅਤੇ ਇਹ ਮਨੁੱਖਾਂ ਅਤੇ ਬਹੁਤੇ ਅਜੋਕੇ ਜੀਵਨ ਵਾਸਤੇ ਜ਼ਹਿਰੀਲਾ ਹੁੰਦਾ। ਅਨੇਕਾਂ ਜਵਾਲਾਮੁਖੀਆਂ ਫਟਣ ਕਰ ਕੇ ਅਤੇ ਹੋਰ ਕਈ ਤਰਾਂ ਦੇ ਪਿੰਡਾਂ ਨਾਲ਼ ਹੁੰਦੀਆਂ ਟੱਕਰਾਂ ਕਰ ਕੇ ਧਰਤੀ ਦਾ ਡਾਢਾ ਹਿੱਸਾ ਪਿਘਲਿਆ ਹੋਇਆ ਸੀ। ਇੱਕ ਬਹੁਤ ਹੀ ਜ਼ਬਰਦਸਤ ਟੱਕਰ ਦਾ ਨਤੀਜਾ ਧਰਤੀ ਦਾ ਇੱਕ ਕੋਣ ਉੱਤੇ ਟੇਢਾ ਹੋਣਾ ਅਤੇ ਚੰਨ ਦੀ ਉਪਜ ਹੋਣਾ ਮੰਨਿਆ ਜਾਂਦਾ ਹੈ। ਸਮਾਂ ਪੈਣ ਉੱਤੇ ਧਰਤੀ ਠੰਢੀ ਹੋਣ ਲੱਗੀ ਅਤੇ ਇੱਕ ਠੋਸ ਪੇਪੜੀ ਬਣ ਗਈ ਜਿਸ ਸਦਕਾ ਧਰਤੀ ਦੇ ਤਲ ਉੱਤੇ ਤਰਲ ਪਾਣੀ ਦੇ ਇਕੱਠੇ ਹੋਣ ਦਾ ਸਬੱਬ ਬਣਿਆ।
ਜ਼ਿੰਦਗੀ ਦੇ ਸਭ ਤੋਂ ਪਹਿਲੇ ਰੂਪ 3.8 ਤੋਂ 3.5 ਅਰਬ ਸਾਲ ਪਹਿਲਾਂ ਹੋਂਦ ਵਿੱਚ ਆਏ। ਧਰਤੀ ਉੱਤੇ ਜੀਵਨ ਦੇ ਸਭ ਤੋਂ ਪੁਰਾਣੇ ਸਬੂਤ, ਪੱਛਮੀ ਗਰੀਨਲੈਂਡ ਦੇ 3.7 ਅਰਬ ਸਾਲ ਪੁਰਾਣੇ ਗਾਦ-ਭਰੇ ਪੱਥਰਾਂ ਵਿੱਚ ਮਿਲਿਆ ਜੀਵ-ਉਪਜਾਊ ਸਿੱਕਾ[2] ਅਤੇ ਪੱਛਮੀ ਆਸਟਰੇਲੀਆ ਵਿੱਚ 3.48 ਸਾਲ ਪੁਰਾਣੇ ਰੇਤ-ਪੱਥਰ ਵਿੱਚ ਮਿਲੇ ਜੀਵਾਣੂਆਂ ਦੇ ਪਥਰਾਟ ਹਨ।[3][4] ਪ੍ਰਕਾਸ਼ ਸੰਸਲੇਸ਼ਣ ਕਰਨ ਵਾਲ਼ੇ ਪ੍ਰਾਣੀ ਲਗਭਗ 2 ਅਰਬ ਵਰ੍ਹੇ ਪਹਿਲਾਂ ਹੋਂਦ ਵੋੱਚ ਆਏ ਜਿਹਨਾਂ ਨੇ ਹਵਾ-ਮੰਡਲ ਨੂੰ ਆਕਸੀਜਨ ਨਾਲ਼ ਲੈਸ ਕਰ ਦਿੱਤਾ। 58 ਕਰੋੜ ਸਾਲ ਪਹਿਲਾਂ ਤੱਕ ਜੰਤੂ ਬਹੁਤਾ ਕਰ ਕੇ ਨਿੱਕੇ-ਨਿੱਕੇ ਅਤੇ ਸੂਖ਼ਮ ਸਨ ਜਿਸ ਮਗਰੋਂ ਗੁੰਝਲਦਾਰ ਬਹੁ-ਕੋਸ਼ੀ ਜੀਵਨ ਦੀ ਉਪਜ ਹੋਈ। ਕੈਂਬਰੀਆਈ ਕਾਲ ਵੇਲੇ ਇਸ ਜੀਵਨ ਦਾ ਅਜੋਕੀਆਂ ਮੁੱਖ ਜਾਤੀਆਂ ਵਿੱਚ ਵੰਨ-ਸੁਵੰਨੀਕਰਨ ਹੋਇਆ।
ਇਸ ਗ੍ਰਹਿ ਉੱਤੇ ਮੁੱਢ ਤੋਂ ਹੀ ਭੂ-ਵਿਗਿਆਨਕ ਤਬਦੀਲੀਆਂ ਅਤੇ ਮੁੱਢਲੀ ਜ਼ਿੰਦਗੀ ਦੀ ਹੋਂਦ ਤੋਂ ਸ਼ੁਰੂ ਹੋ ਕੇ ਜੀਵ-ਵਿਗਿਆਨਕ ਤਬਦੀਲੀਆਂ ਲਗਾਤਾਰ ਵਾਪਰਦੀਆਂ ਆ ਰਹੀਆਂ ਹਨ। ਜਾਤੀਆਂ ਦਾ ਅਟੁੱਟ ਵਿਕਾਸ ਹੁੰਦਾ ਹੈ, ਨਵੇਂ ਰੂਪ ਲੈਂਦੀਆਂ ਹਨ, ਅਗਲੀ ਪੀੜ੍ਹੀ 'ਚ ਵੰਡੀਆਂ ਜਾਂਦੀਆਂ ਹਨ ਜਾਂ ਇਸ ਲਗਾਤਾਰ ਬਦਲਦੇ ਗ੍ਰਹਿ ਸਦਕਾ ਗੁੰਮ ਹੋ ਜਾਂਦੀਆਂ ਹਨ। ਪਲੇਟ ਨਿਰਮਾਣਕੀ ਨੇ ਧਰਤੀ ਦੇ ਸਮੁੰਦਰਾਂ ਅਤੇ ਮਹਾਂਦੀਪਾਂ ਨੂੰ ਅਤੇ ਇਹਨਾਂ ਉਤਲੇ ਜੀਵਨ ਨੂੰ ਘੜ੍ਹਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਜੀਵ-ਮੰਡਲ ਦਾ ਹਵਾ-ਮੰਡਲ ਅਤੇ ਹੋਰ ਅਜੀਵੀ ਹਾਲਤਾਂ ਉੱਤੇ ਡਾਢਾ ਅਸਰ ਪਿਆ ਹੈ, ਜਿਵੇਂ ਕਿ ਓਜ਼ੋਨ ਪਰਤ, ਆਕਸੀਜਨ ਦਾ ਵਾਧਾ ਅਤੇ ਮਿੱਟੀ ਦੀ ਪੈਦਾਵਾਰ।
ਧਰਤੀ ਦੇ ਅਤੀਤ ਨੂੰ ਸਮੇਂ ਮੁਤਾਬਕ ਇੱਕ ਭੂ-ਵਿਗਿਆਨਕ ਵਦਤੀ ਪੈਮਾਨਾ ਨਾਮਕ ਸਾਰਨੀ ਵਿੱਚ ਤਰਤੀਬਬੱਧ ਕੀਤਾ ਹੋਇਆ ਹੈ ਜਿਸ ਨੂੰ ਪਰਤਾਂ ਦੀ ਪੜ੍ਹਾਈ ਅਤੇ ਘੋਖ ਮਗਰੋਂ ਕਈ ਮਿਆਦਾਂ ਵਿੱਚ ਵੰਡਿਆ ਹੋਇਆ ਹੈ।[1] ਹੇਠ ਦਿੱਤੀਆਂ ਚਾਰ ਵਕਤੀ-ਲਕੀਰਾਂ ਭੂ-ਵਿਗਿਆਨਕ ਵਕਤੀ ਪੈਮਾਨੇ ਨੂੰ ਦਰਸਾਉਂਦੀਆਂ ਹਨ। ਪਹਿਲੀ ਵਿੱਚ ਧਰਤੀ ਬਣਨ ਤੋਂ ਹੁਣ ਤੱਕ ਦੇ ਸਮੁੱਚੇ ਸਮੇਂ ਨੂੰ ਵਿਖਾਇਆ ਗਿਆ ਹੈ ਪਰ ਏਸ ਨਾਲ਼ ਸਭ ਤੋਂ ਹਾਲੀਆ ਜੁੱਗ ਸੁੰਗੜ ਜਾਂਦਾ ਹੈ। ਇਸੇ ਕਰਕੇ ਦੂਜੇ ਪੈਮਾਨੇ ਵਿੱਚ ਸਭ ਤੋਂ ਹਾਲੀਆ ਜੁੱਗ ਨੂੰ ਇੱਕ ਵੱਡੇ ਪੈਮਾਨੇ 'ਤੇ ਵਿਖਾਇਆ ਗਿਆ ਹੈ। ਦੂਜੇ ਪੈਮਾਨੇ 'ਤੇ ਸਭ ਤੋਂ ਹਾਲੀਆ ਦੌਰ ਸੁੰਗੜ ਜਾਂਦਾ ਹੈ ਸੋ ਇਸ ਦੌਰ ਨੂੰ ਤੀਜੇ ਪੈਮਾਨੇ ਵਿੱਚ ਦਰਾਇਆ ਗਿਆ ਹੈ। ਕਿਉਂਕਿ ਚੌਥਾ ਦੌਰ ਛੋਟੇ ਜ਼ਮਾਨਿਆਂ ਵਾਲ਼ਾ ਇੱਕ ਬਹੁਤ ਛੋਟਾ ਕਾਲ ਹੈ ਇਸ ਕਰਕੇ ਇਹਨੂੰ ਚੌਥੇ ਪੈਮਾਨੇ ਵਿੱਚ ਫੈਲਾਇਆ ਗਿਆ ਹੈ। ਸੋ ਦੂਜੀ, ਤੀਜੀ ਅਤੇ ਚੌਥੀ ਵਕਤੀ-ਲਕੀਰਾਂ ਆਪਣੇ ਤੋਂ ਉਤਲੀ ਵਕਤੀ-ਲਕੀਰਾਂ ਦੇ ਹਿੱਸੇ ਹਨ ਜਿਵੇਂ ਕਿ ਤਾਰਿਆਂ ਨਾਲ਼ ਦੱਸਿਆ ਗਿਆ ਹੈ। ਹੋਲੋਸੀਨ (ਸਭ ਤੋਂ ਨਵਾਂ ਜ਼ਮਾਨਾ) ਤੀਜੇ ਪੈਮਾਨੇ ਵਿੱਚ ਸੱਜੇ ਪਾਸੇ ਵਿਖਾਉਣ ਲਈ ਬਹੁਤ ਨਿੱਕਾ ਹੈ ਜਿਸ ਕਰਕੇ ਵੀ ਚੌਥਾ ਪੈਮਾਨਾ ਫੈਲਾਇਆ ਗਿਆ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.