From Wikipedia, the free encyclopedia
ਟਾਹਲੀ (ਵਿਗਿਆਨਕ ਨਾਂ:Dalbergia sissoo) ਦਰਮਿਆਨੇ ਤੋਂ ਵੱਡੇ ਅਕਾਰ ਅਤੇ ਕੱਦ ਦਾ ਇੱਕ ਦਰੱਖ਼ਤ ਹੈ। ਬਲੈਕਵੁੱਡ, ਸ਼ੀਸ਼ਮ, ਰੋਜ਼ਵੁੱਡ ਅਤੇ ਡਾਲੀ ਆਦਿ ਨਾਵਾਂ ਨਾਲ਼ ਜਾਣੇ ਜਾਂਦੇ ਟਾਹਲੀ ਦੇ ਰੁੱਖ ਦਾ ਵਿਗਿਆਨਕ ਨਾਂ Dalbergia Sissoo ਹੈ।[1] ਸ਼ੀਸ਼ਮ,ਸਿਸੂ ਡੈਲਬਰਜੀਆ ਨਾਂ 18ਵੀਂ-19ਵੀਂ ਸਦੀ ਦੇ ਸਵੀਡਨੀ ਬਨਸਪਤ-ਵਿਗਆਨੀ ਐਨ. ਡੈਲਬਰਜ ਦੇ ਸਨਮਾਨ ਵਿੱਚ ਰੱਖਿਆ ਗਿਆ। ਇਹ 10 ਤੋਂ ਲੈ ਕੇ 30 ਮੀਟਰ ਤੱਕ ਉੱਚਾ ਹੁੰਦਾ ਹੈ ਅਤੇ ਇਸਦੇ ਤਣੇ ਦਾ ਘੇਰਾ 2 ਤੋਂ 4 ਮੀਟਰ ਤੱਕ ਹੋ ਸਕਦਾ ਹੈ।
ਭਾਰਤ ਵਿੱਚ ਇਹ ਹਿਮਾਲਿਆ ਪਰਬਤ ਦੀਆਂ ਹੇਠਲੀਆਂ ਪਹਾੜੀਆਂ ਤੋਂ ਲੈ ਕੇ ਪੰਜਾਬ, ਮਹਾਰਾਸ਼ਟਰ, ਕਰਨਾਟਕ ਅਤੇ ਦੱਖਣੀ ਸੂਬਿਆਂ ਕੇਰਲ, ਤਾਮਿਲਨਾਡੂ ਅਤੇਹਰਿਆਣਾ ਤੱਕ ਮਿਲਦਾ ਹੈ।
ਨਵੰਬਰ–ਦਸੰਬਰ ਵਿੱਚ ਇਸਦੇ ਪੱਤੇ ਝੜ ਜਾਂਦੇ ਨੇ ਅਤੇ ਜਨਵਰੀ–ਫ਼ਰਵਰੀ ਵਿੱਚ ਨਵੇਂ ਆ ਜਾਂਦੇ ਹਨ ਜੋ ਸ਼ੁਰੂ ਵਿੱਚ ਹਲਕੇ-ਹਰੇ ਹੁੰਦੇ ਹਨ ਅਤੇ ਬਾਅਦ ਵਿੱਚ ਗੂੜ੍ਹੇ-ਹਰੇ ਹੋ ਜਾਂਦੇ ਹਨ। ਮਾਰਚ –ਅਪ੍ਰੈਲ ਵਿੱਚ ਇਸ ’ਤੇ ਬਹੁਤ ਛੋਟੇ-ਛੋਟੇ ਸਫ਼ੈਦ-ਕਰੀਮ ਰੰਗ ਦੇ ਅਤੇ ਹਲਕੀ ਮਹਿਕ ਵਾਲ਼ੇ ਫੁੱਲ ਲਗਦੇ ਹਨ। ਇਹ ਛੇਤੀ ਹੀ ਚਪਟੀਆਂ ਫਲ਼ੀਆਂ ਵਿਦਾ ਰੂਪ ਧਾਰ ਲੈਂਦੇ ਹਨ। ਚਾਬੀਆਂ ਦੇ ਗੁੱਛਿਆਂ ਵਰਗੀਆਂ ਇਹ ਫਲ਼ੀਆਂ ਕਈ ਮਹੀਨੇ ਟਾਹਲੀ ’ਤੇ ਲਮਕਦੀਆਂ ਰਹਿੰਦੀਆਂ ਹਨ।
ਇਹ ਦਰਖ਼ਤ ਮੈਦਾਨੀ ਇਲਾਕਿਆਂ ਤੋਂ ਲੈ ਕੇ 1500 ਮੀਟਰ ਦੀ ਉਚਾਈ ਵਾਲ਼ੇ, –4 ਤੋਂ 45 ਦਰਜਾ ਸੈਲਸੀਅਸ ਗਰਮੀ ਵਾਲ਼ੇ ਅਤੇ 500 ਤੋਂ 4500 ਮਿਲੀਮੀਟਰ ਸਲਾਨਾ ਵਰਖਾ ਵਾਲ਼ੇ ਇਲਾਕਿਆਂ ਵਿੱਚ ਹੁੰਦਾ ਹੈ।[1] ਵਗਦੇ ਪਾਣੀਆਂ ਦੇ ਕੰਢੇ ਟਾਹਲੀਆਂ ਜ਼ਿਆਦਾ ਗਿਣਤੀ ਵਿੱਚ ਦੇਖਣ ਨੂੰ ਮਿਲਦੀਆਂ ਹਨ। ਟਾਹਲੀ ਦੇ ਪੌਦੇ ਬੀਜ ਅਤੇ ਜੜ੍ਹਾਂ ਤੋਂ ਫੁੱਟੀਆਂ ਹੋਈਆਂ ਕਰੂੰਬਲਾਂ ਤੋਂ ਤਿਆਰ ਕੀਤੇ ਜਾਂਦੇ ਹਨ। ਪਨੀਰੀ ਤਿਆਰ ਕਰਨ ਲਈ ਫਰਵਰੀ ਜਾਂ ਸਾਵਣ ਦੀ ਰੁੱਤ ਵਧੇਰੇ ਢੁਕਵੀਂ ਹੈ। ਪਨੀਰੀ ਲਗਭਗ 9-10 ਮਹੀਨਿਆਂ ਦੌਰਾਨ ਲਾਉਣ ਯੋਗ ਹੋ ਜਾਂਦੀ ਹੈ।
ਟਾਹਲੀ ਦੀ ਲੱਕੜੀ ਮਜ਼ਬੂਤ ਪਾਏਦਾਰ ਅਤੇ ਲਚਕਦਾਰ ਹੁੰਦੀ ਹੈ ਇਸ ਲਈ ਇਹ ਫ਼ਰਨੀਚਰ, ਇਮਾਰਤੀ ਸਾਮਾਨ ਅਤੇ ਹੋਰ ਕਈ ਦੂਜੀਆਂ ਚੀਜ਼ਾਂ ਬਣਾਉਣ ਵਿੱਚ ਵਰਤੀ ਜਾਂਦੀ ਹੈ[2]।
ਕੁਝ ਲੋਕ ਇਸ ਤੋਂ ਬਾਲਣ, ਲੱਕੜੀ, ਚਾਰਕੋਲ ਅਤੇ ਤੇਲ ਦੀ ਪ੍ਰਾਪਤੀ ਵੀ ਕਰਦੇ ਹਨ। ਟਾਹਲੀ ਦਾ ਤੇਲ ਚਮੜੀ ਰੋਗ, ਪੱਤੇ ਔਰਤਾਂ ਦੇ ਛਾਤੀ ਅਤੇ ਮਾਸਿਕ ਧਰਮ ਰੋਗਾਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਪੰਜਾਬ ਵਿੱਚ ਟਾਹਲੀ ਦੀ ਵਰਤੋਂ ਦਾਤਣ ਵਜੋਂ ਵੀ ਕੀਤੀ ਜਾਂਦੀ ਹੈ। ਟਾਹਲੀ ਹਵਾ ਵਿਚੋਂ ਨਾਈਟ੍ਰੋਜਨ ਨੂੰ ਵਰਤ ਲੈਂਦੀ ਹੋਣ ਕਰਕੇ ਜ਼ਮੀਨ ਨੂੰ ਉਪਜਾਊ ਬਣਾਉਂਦੀ ਹੈ। ਸੋਕੇ ਦੇ ਦਿਨਾਂ ਵਿੱਚ ਪਸ਼ੂਆਂ ਦੇ ਹਰੇ ਚਾਰੇ ਵਜੋਂ ਵੀ ਵਰਤੀ ਜਾਂਦੀ ਹੈ। ਪੰਜਾਬ ਵਿੱਚ ਸਾਂਝੀਆਂ ਥਾਵਾਂ ’ਤੇ ਇਸ ਨੂੰ ਛਾਂ ਦਾਰ ਰੁੱਖ ਵਜੋਂ ਆਮ ਵਰਤਿਆ ਜਾਂਦਾ ਰਿਹਾ ਹੈ। ਕਈ ਧਰਮਾਂ ਵਿੱਚ ਇਸਦੀ ਪੂਜਾ ਵੀ ਕੀਤੀ ਜਾਂਦੀ ਹੈ।
ਪੰਜਾਬੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਕਰਕੇ ਪੰਜਾਬੀ ਸੱਭਿਆਚਾਰ ਅਤੇ ਲੋਕ ਗੀਤਾਂ ਵਿੱਚ ਇਸਦਾ ਆਮ ਜ਼ਿਕਰ ਹੈ:
“ਉੱਚੀਆਂ ਲੰਮੀਆਂ ਟਾਹਲੀਆਂ, ਕੋਈ ਵਿੱਚ ਗੁਜਰੀ ਦੀ ਪੀਂਘ.. ..ਵੇ ਮਾਹੀਆ
ਕੋਈ ਝੂਟ ਝੁਟੇਂਦੇ ਦੋ ਜਣੇ, ਵੇ ਕੋਈ ਆਸ਼ਕ ’ਤੇ ਮਾਸ਼ੂਕ.. ..ਵੇ ਮਾਹੀਆ
ਅਤੇ
ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ
ਹੇਠ ਵਗੇ ਦਰਿਆ,
ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ
ਬਗਲਾ ਬਣ ਕੇ ਆ।”
ਟਾਹਲੀ ਦੀ ਲੱਕੜ ਲਈ ਤਰਜੀਹ ਵੀ ਪੰਜਾਬੀ ਲੋਕਮਨ ਤੱਕ ਲਹਿ ਚੁੱਕੀ ਹੈ। ਮਿਸਾਲ ਲਈ: ਕਿੱਕਰ ਦਾ ਮੇਰਾ ਚਰਖਾ ਮਾਏ, ਟਾਹਲੀ ਦਾ ਕਢਵਾ ਦੇ।[3] ਜਾਂ ਫਿਰ:
ਚਰਖੀ ਮੇਰੀ ਟਾਹਲੀ ਦੀ,
ਗੁੱਝ ਪਵਾਵਾਂ ਤੂਤ ਦੀ
ਮੈਂ ਕੱਤਾਂ ਤੇ ਚਰਖੀ ਘੂਕਦੀ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.