From Wikipedia, the free encyclopedia
ਜ਼ਿੰਦਗੀ ਜਾਂ ਜੀਵਨ ਉਹ ਗੁਣ ਹੈ ਜੋ ਧੜਕਦੀਆਂ ਅਤੇ ਆਪਣੇ ਆਪ ਵਿਗਸ ਰਹੀਆਂ ਸ਼ੈਆਂ ਨੂੰ ਅਜਿਹੀਆਂ ਕਿਰਿਆਵਾਂ ਤੋਂ ਰਹਿਤ ਨਿਰਜਿੰਦ ਸ਼ੈਆਂ ਤੋਂ ਅੱਡ ਕਰਦਾ ਹੈ।[1][2] ਜੀਵ-ਵਿਗਿਆਨ ਜੀਵਨ ਦੇ ਅਧਿਐਨ ਦੇ ਨਾਲ ਸੰਬੰਧਿਤ ਹੈ।
ਅਸੀਂ ਐਟਮਾਂ (ਪ੍ਰਮਾਣੂ) ਦੇ ਬਣੇ ਹਾਂ, ਉਹਨਾਂ ਐਟਮਾਂ ਦੇ ਜਿਹਨਾਂ ਦੇ ਤਾਰੇ, ਸੂਰਜ, ਚੰਦਰਮਾ, ਪ੍ਰਿਥਵੀ ਆਦਿ ਬਣੇ ਹੋਏ ਹਨ ਅਤੇ ਵਿਸ਼ਵ ਅੰਦਰਲੀ ਹਰ ਸ਼ੈਅ ਬਣੀ ਹੋਈ ਹੈ। ਪੌਣ, ਪਾਣੀ, ਪੱਥਰ, ਮਿੱਟੀ ਆਦਿ ਐਟਮਾਂ ਦਾ ਹੀ ਸਮੂਹ ਹਨ। ਇਹੋ ਨਹੀਂ, ਵਿਸ਼ਵ ਦਾ ਸਮੁੱਚਾ ਢਾਂਚਾ ਐਟਮਾਂ ਦੁਆਰਾ ਸਿਰਜਿਆ ਹੋਇਆ ਹੈ। ਐਧਰ-ਓਧਰ ਭਟਕ ਰਹੇ ਖ਼ਰਬਾਂ ਐਟਮ ਵਿਉਂਤਬੱਧ ਹੋ ਕੇ ਸੈੱਲ ਬਣਦੇ ਹਨ ਅਤੇ ਇਹੋ ਸੈੱਲ, ਖ਼ਰਬਾਂ ਦੀ ਗਿਣਤੀ ’ਚ, ਤੁਹਾਡੇ ਅਤੇ ਮੇਰੇ[3] ਸਰੀਰ ’ਚ ਵਿਸ਼ੇਸ਼ ਵਿਉਂਤ ਨਾਲ ਸੰਗਿਠਤ ਹਨ। ਐਟਮਾਂ ਦੀ ਅਜਿਹੀ ਤਰਤੀਬ ਇਕੋ ਵਾਰ ਹੋਂਦ ’ਚ ਆਉਂਦੀ ਹੈ, ਕੇਵਲ ਇਕੋ ਵਾਰ, ਨਾ ਪਹਿਲਾਂ ਅਤੇ ਨਾ ਇਸ ਦੇ ਭੰਗ ਹੋ ਜਾਣ ਉਪਰੰਤ, ਦੁਬਾਰਾ। ਇਸ ਤੋਂ ਸਪਸ਼ਟ ਹੈ ਕਿ ਹਰ ਇੱਕ ਵਿਅਕਤੀ ਆਪਣੇ ਜਿਹਾ ਕੇਵਲ ਆਪ ਹੀ ਹੈ। ਐਟਮਾਂ ਦੀ ਤਰਤੀਬ ਦੇ ਵਿਸਥਾਰ ’ਚ ਹਰ ਕੋਈ ਇੱਕ ਦੂਜੇ ਤੋਂ ਭਿੰਨ ਹੈ। ਬੁੱਧ, ਗਾਂਧੀ ਚਰਚਿਲ ਜਾਂ ਕੋਈ ਵੀ ਮੁੜਕੇ ਹੋਂਦ ’ਚ ਨਹੀਂ ਆਉਂਦਾ। ਸਹੀ ਹੈ ਕਿ ਅਸੀਂ ਆਪਣੇ ਅੰਦਰ ਸਮਾਏ ਐਟਮਾਂ ਬਾਰੇ ਕੁਝ ਨਹੀਂ ਜਾਣਦੇ: ਇਹ ਕੀ ਕਰ ਰਹੇ ਹਨ, ਕਿੰਨੇ ਕੁ ਅਣੂਆਂ ’ਚ ਇਹ ਗੁਠਬੰਦ ਤੇ ਕਿਵੇਂ ਕ੍ਰਿਆਸ਼ੀਲ ਹਨ? ਇਹ ਅਸੀਂ ਜ਼ਰੂਰ ਜਾਣਦੇ ਹਾਂ ਕਿ ਇਨ੍ਹਾਂ ਅਣੂਆਂ ’ਚ ਡੀ ਐਨ ਏ ਹੈ, ਆਰ ਐਨ ਏ ਹੈ, ਅਣਗਿਣਤ ਪ੍ਰਕਾਰ ਦੇ ਐਨਜ਼ਾਈਮ ਹਨ, ਪ੍ਰੋਟੀਨਾਂ ਹਨ, ਤੇਜ਼ਾਬ ਅਤੇ ਸ਼ੱਕਰ-ਮੈਦੇ ਦੇ ਅਣੂ ਹਨ, ਜਿਹਨਾਂ ਦਾ ਆਪਸ ’ਚ ਲਗਾਤਾਰ ਟਕਰਾਓ ਵੀ ਹੁੰਦਾ ਰਹਿੰਦਾ ਹੈ। ਸੌ ਤੋਂ ਵੀ ਵੱਧ ਵੰਨਗੀ ਦੇ ਐਟਮ ਵਿਸ਼ਵ ਵਿੱਚ ਹਨ ਅਤੇ ਪ੍ਰਿਥਵੀ ਉਪਰ ਵੀ ਇਨ੍ਹਾਂ ਦੀ ਇੰਨੀ ਹੀ ਵੰਨਗੀ ਹੈ। ਇਨ੍ਹਾਂ ਦੀ ਗਿਣੀ-ਚੁਣੀ ਵੰਨਗੀ ਹੀ ਅਜਿਹੀ ਤਰਤੀਬ ’ਚ ਵਿਉਂਤਬਧ ਹੋ ਸਕੀ ਹੈ, ਜਿਸ ’ਚੋਂ ਜੀਵਨ ਪੁੰਗਰ ਰਿਹਾ ਹੈ, ਪ੍ਰਿਥਵੀ ਉਪਰਲਾ ਸਾਰਾ ਜੀਵਨ। ਮੁੱਖ ਤੌਰ ’ਤੇ ਕਾਰਬਨ, ਹਾਈਡ੍ਰੋਜਨ, ਆਕਸੀਜ਼ਨ ਅਤੇ ਨਾਈਟ੍ਰੋਜਨ ਦੇ ਐਟਮ ਜੀਵਨ ਦਾ ਆਧਾਰ ਹਨ, ਜਿਹਨਾਂ ’ਚ ਕਿਧਰੇ ਕਿਧਰੇ ਕੈਲਸ਼ੀਅਮ, ਫਾਸਫੋਰਸ ਅਤੇ ਸਲਫਰ (ਗੰਧਕ) ਦੇ ਐਟਮ ਫਿੱਟ ਹਨ। ਇਨ੍ਹਾਂ ’ਚ ਹੋਰ ਵੀ ਵੰਨਗੀ ਦੇ ਐਟਮ ਕਿਧਰੇ ਕਿਧਰੇ ਖਿੰਡੇ-ਪੁੰਡੇ ਹਨ, ਪਰ ਇਨ੍ਹਾਂ ਦੀ ਗਿਣਤੀ ਆਟੇ ’ਚ ਲੂਣ ਨਾਲੋਂ ਵੀ ਅਲਪ ਹੈ। ਜੀਵਨ ਦੇ ਪੁੰਗਰਨ ਨੂੰ ਸੰਭਵ ਬਣਾਉਣ ’ਚ ਕਾਰਬਨ ਐਟਮ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਕਾਰਬਨ ਦੇ ਐਟਮ, ਆਪਸ ’ਚ ਇੱਕ ਦੂਜੇ ਨਾਲ ਜੁੜ ਕੇ, ਲੰਬੇ ਲੰਬੇ ਅਣੂਆਂ ’ਚ ਵਿਉਂਤਬਧ ਹੋਣ ਯੋਗ ਹਨ, ਜਦਕਿ ਹੋਰ ਐਟਮ ਇਸ ਵਿਸ਼ੇਸ਼ਤਾ ਤੋਂ ਕੋਰੇ ਹਨ। ਇਸੇ ਕਾਰਨ, ਜੀਵਨ ਦਾ ਵਿਖਾਲਾ ਕਰ ਰਹੇ ਅਣੂਆਂ ਦਾ ਗਠਨ ਕਾਰਬਨ ਬਿਨਾਂ ਸੰਭਵ ਨਹੀਂ।[4]
ਇਹ ਸਪਸ਼ਟ ਨਹੀਂ ਕਿ ਪ੍ਰਿਥਵੀ ਉਪਰ ਜੀਵਨ ਕਿਵੇਂ ਪੁੰਗਰਿਆ, ਪਰ ਇਹ ਸਪਸ਼ਟ ਹੈ ਕਿ ਇਹ ਰਸਾਇਣਕ ਪ੍ਰਕਿਰਿਆਵਾਂ ਦੀ ਉਧੇੜ-ਬੁਣ ’ਚੋਂ ਅਤਿ ਸਰਲ ਸਰੂਪ ’ਚ ਪੁੰਗਰਿਆ ਸੀ। ਬੀਤਦੇ ਸਮੇਂ ਨਾਲ ਇਸ ਦੀ ਸਰਲ ਬਣਤਰ ਪੇਚੀਦਗੀਆਂ ’ਚ ਉਲਝਦੀ ਰਹੀ ਅਤੇ ਭਿੰਨ ਭਿੰਨ ਪ੍ਰਕਾਰ ਦੇ ਜੀਵ ਹੋਂਦ ਵਿੱਚ ਆਉਂਦੇ ਰਹੇ। ਜੀਵਨ ਦਾ ਇਸ ਪ੍ਰਕਾਰ ਵਿਕਾਸ ਹੋਏ ਹੋਣ ਦੇ ਪ੍ਰਮਾਣ ਵੱਖ ਵੱਖ ਸਰੋਤਾਂ ਤੋਂ ਮਿਲੇ ਹਨ ਅਤੇ ਮਿਲ ਵੀ ਰਹੇ ਹਨ। ਉਂਜ ਵੀ, ਸਿਰਫ਼ ਵਿਕਾਸ ਦੇ ਪਿਛੋਕੜ ’ਚ ਹੀ ਜੀਵਨ ਨੂੰ ਸਮਝ ਸਕਣਾ ਸੰਭਵ ਹੈ। ਅਸੀਂ ਆਪ ਵੀ ਆਪਣੇ-ਆਪ ਨੂੰ ਅਤੇ ਆਪਣੇ ਕੁਦਰਤੀ ਸੁਭਾਅ ਨੂੰ ਜਿੰਨਾ ਵੀ ਸਮਝ ਸਕੇ ਹਾਂ, ਇਸ ਸਭ ਦੇ ਪਿਛੋਕੜ ’ਚ ਸਮਝ ਸਕੇ ਹਾਂ। ਜਦੋਂ ਦੀ ਡੀ.ਐੱਨ.ਏ. ਨਾਲ ਸਾਡੀ ਪਛਾਣ ਹੋਈ ਹੈ, ਉਦੋਂ ਤੋਂ ਤਾਂ ਜੀਵਨ ਦੇ ਵਿਕਾਸ ਪ੍ਰਤੀ ਅਟਕੇ ਰਹਿ ਗਏ ਸੰਦੇਹ ਵੀ ਜਾਂਦੇ ਰਹੇ। ਅੱਜ ਤੋਂ ਸਾਢੇ ਤਿੰਨ ਅਰਬ ਵਰ੍ਹੇ ਪਹਿਲਾਂ ਡੀ.ਐੱਨ.ਏ. ਹੋਂਦ ’ਚ ਆ ਗਿਆ ਸੀ। ਤਦ ਤੋਂ ਇਹ ਬਣਿਆ-ਬਣਾਇਆ ਅਤੇ ਇੱਕ ਦੇ ਦੋ ਬਣਦਾ ਹੋਇਆ ਚਲਿਆ ਆ ਰਿਹਾ ਹੈ। ਜਦੋਂ ਵੀ ਇਸ ਅੰਦਰਲੀ ਵਿਉਂਤ ’ਚ ਕਿਸੇ ਵੀ ਕਾਰਨ ਤਬਦੀਲੀ ਆਉਂਦੀ ਰਹੀ, ਨਵੀਂ ਜੀਵ-ਨਸਲ ਦੇ ਹੋਂਦ ’ਚ ਆਉਣ ਦੀ ਸੰਭਾਵਨਾ ਉਤਪੰਨ ਹੋ ਜਾਂਦੀ ਰਹੀ। ਸੰਸਾਰ ਵਿੱਚ ਜੀਵਾਂ ਦੀ ਵੰਨ-ਸੁਵੰਨਤਾ ਡੀ.ਐੱਨ.ਏ. ਦੀ ਅੰਤ੍ਰੀਵੀ ਤਰਤੀਬ ਅੰਦਰ ਆਈਆਂ ਤਬਦੀਲੀਆਂ ਦਾ ਸਿੱਟਾ ਹੈ।
ਪ੍ਰਿਥਵੀ ਉਪਰ ਜੀਵ-ਸੰਸਾਰ ਦਾ ਆਰੰਭ ਜੀਵਨ ਦੇ ਪੁੰਗਰ ਆਉਣ ਨਾਲ ਹੋਇਆ ਸੀ। ਇਹ ਘਟਨਾ 3.5 ਅਰਬ ਵਰ੍ਹੇ ਪਹਿਲਾਂ ਵਾਪਰੀ। ਉਸ ਉਪਰੰਤ ਜੀਵਨ ਕੁਦਰਤੀ ਵਿਧਾਨ ਦੀ ਪੈਰਵੀ ਕਰਦਾ ਹੋਇਆ ਵਿਕਸਿਤ ਹੁੰਦਾ ਰਿਹਾ। ਵਿਕਾਸ ਦੌਰਾਨ ਇਹ ਕਿਹੋ ਜਿਹੇ ਰੰਗ-ਰੂਪ ਧਾਰਨ ਕਰਦਾ ਰਿਹਾ, ਇਸ ਦਾ ਪਤਾ ਪਥਰਾਟਾਂ ’ਚ ਅੰਕਿਤ ਹੋਏ ਸੰਕੇਤ ਦੇ ਰਹੇ ਹਨ। ਪਥਰਾਟ ’ਚ ਬਦਲਣ ਲਈ ਜੀਵ ਦੀ ਦੇਹ ਦੇ ਨਮ ਭੂਮੀ ’ਚ ਧਸ ਜਾਣ ਜਾਂ ਤਰਲ ਦੁਆਲੇ ’ਚ ਡੁੱਬ ਜਾਣ ਦੀ ਲੋੜ ਹੁੰਦੀ ਹੈ। ਸਮੇਂ ਨਾਲ ਨਮਦਾਰ ਪਰਤ ਦਬਾਓ ਅਧੀਨ ਸਖ਼ਤ ਹੁੰਦੀ ਹੁੰਦੀ ਪਥਰਾ ਜਾਂਦੀ ਹੈ ਅਤੇ ਇਸ ਅੰਦਰ ਧਸੀ ਜੀਵ ਦੀ ਦੇਹ ਦੇ ਨਕਸ਼ ਪਥਰਾਈ ਚੱਟਾਨ ’ਚ ਭਲੀ ਪ੍ਰਕਾਰ ਖੁਣ ਕੇ ਮਹਿਫੂਜ਼ ਹੋ ਜਾਂਦੇ ਹਨ। ਜਿਸ ਚੱਟਾਨੀ ਪਰਤ ਵਿੱਚ ਪਥਰਾਟ ਦਫ਼ਨ ਹੁੰਦਾ ਹੈ, ਉਸ ਦੀ ਉਮਰ ਨਿਰਧਾਰਤ ਕਰਨ ਉਪਰੰਤ ਉਸ ਜੀਵ ਦੇ ਵਿਚਰਨ ਦੇ ਸਮਿਆਂ ਬਾਰੇ ਜਾਣਨਾ ਵੀ ਸੰਭਵ ਹੋ ਜਾਂਦਾ ਹੈ। ਪਥਰਾਟ ਦਰਸਾ ਰਹੇ ਹਨ ਕਿ ਇੱਕ ਵਾਰ ਪੁੰਗਰਿਆ ਜੀਵਨ ਫਿਰ ਹਰ ਹਾਲ ਬਣਿਆ ਰਿਹਾ। ਵਿਆਪਕ ਹਾਲਾਤ ਅਨੁਕੂਲ ਜੀਵ ਢਲਦੇ ਰਹੇ ਅਤੇ ਜਿਉਂ ਜਿਉਂ ਹਾਲਾਤ ਬਦਲਦੇ ਰਹੇ, ਜੀਵ ਵੀ ਬਦਲਦੇ ਰਹੇ ਅਤੇ ਇਨ੍ਹਾਂ ਦੀ ਵੰਨਗੀ ’ਚ ਵਾਧਾ ਹੁੰਦਾ ਰਿਹਾ।[5]
ਜੀਵਨ ਦਾ ਇਤਿਹਾਸ ਸਪਸ਼ਟ ਦਰਸਾ ਰਿਹਾ ਹੈ ਕਿ ਜੀਵਨ ਖ਼ੁਦਮੁਖ਼ਤਾਰ ਨਹੀਂ; ਇਹ ਹਾਲਾਤ ਦਾ ਗ਼ੁਲਾਮ ਹੈ।[5]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.