ਕਰੰਡੀ
From Wikipedia, the free encyclopedia
ਕਰੰਡੀ (ਅੰਗ੍ਰੇਜ਼ੀ ਵਿੱਚ ਨਾਮ: ਟਰੋਵਲ) ਇੱਕ ਛੋਟਾ ਹੱਥ ਵਾਲਾ ਸੰਦ ਹੈ, ਜੋ ਉਸਾਰੀ ਦੇ ਕੰਮਾਂ ਵਿੱਚ ਥੋੜੀ ਮਾਤਰਾ ਵਿੱਚ ਲੇਸਦਾਰ ਜਾਂ ਕਣ ਵਾਲੀ ਸਮੱਗਰੀ ਨੂੰ ਲਾਗੂ ਕਰਨ ਲਈ, ਸਮੂਥ (ਪੱਧਰ) ਕਰਨ ਲਈ ਵਰਤਿਆ ਜਾਂਦਾ ਹੈ।
ਕਰੰਡ ਹੋਈ ਬੀਜੀ ਫਸਲ ਨੂੰ ਕਰੰਡ ਭੰਨਣ ਵਾਲੇ ਖੇਤੀ ਸੰਦ ਨੂੰ ਕਰੰਡੀ ਕਹਿੰਦੇ ਹਨ। ਜੇ ਕਰ ਬੀਜੀ ਫਸਲ ਉੱਪਰ ਉੱਗਣ ਤੋਂ ਪਹਿਲਾਂ ਥੋੜਾ ਜਿਹਾ ਮੀਂਹ ਪੈ ਜਾਵੇ ਤਾਂ ਜ਼ਮੀਨ ਦੀ ਉਤਲੀ ਤਹਿ ਸਖ਼ਤ ਹੋ ਜਾਂਦੀ ਹੈ ਜਿਸ ਕਰਕੇ ਬੀਜਿਆ ਬੀਜ ਨਹੀਂ ਉੱਗਦਾ। ਖੇਤ ਦੀ ਅਜਿਹੀ ਅਵਸਥਾ ਨੂੰ ਕਰੰਡ ਕਹਿੰਦੇ ਹਨ। ਇਸ ਕਰੰਡ ਨੂੰ ਭੰਨਣ ਲਈ ਹੀ ਕਰੰਡੀ ਦੀ ਵਰਤੋਂ ਕੀਤੀ ਜਾਂਦੀ ਹੈ। ਕਰੰਡ ਭੰਨਣ ਤੋਂ ਪਿੱਛ ਬੀਜਿਆ ਬੀਜ ਉੱਗ ਆਉਂਦਾ ਹੈ। ਕਰੰਡ ਆਮ ਤੌਰ 'ਤੇ ਪਹਿਲੇ ਸਮੇਂ ਦੀਆਂ ਹਾੜੀ ਦੀਆਂ ਫਸਲਾਂ ਜਿਵੇਂ ਕਣਕ, ਜੌਂ, ਛੋਲੇ, ਸਰ੍ਹੋਂ ਆਦਿ ਬੀਜਣ ਤੇ ਜੇ ਮੱਘਰ ਵਿਚ ਮੀਂਹ ਪੈ ਜਾਂਦਾ ਸੀ ਤਾਂ ਇਨ੍ਹਾਂ ਫਸਲਾਂ ਨੂੰ ਕਰੰਡ ਹੋ ਜਾਂਦੀ ਸੀ।[1]
ਕਰੰਡੀ ਬਣਾਉਣ ਲਈ 6 ਕੁ ਫੁੱਟ ਲੰਮਾ ਮੋਟਾ ਫੱਟਾ ਜਾਂ ਥੋੜ੍ਹੀ ਜਿਹੀ ਚੌੜੀ ਲੱਕੜ ਲਈ ਜਾਂਦੀ ਸੀ। ਇਸ ਦੇ ਹੇਠਾਂ ਥੋੜ੍ਹੀ ਥੋੜ੍ਹੀ ਦੂਰੀ 'ਤੇ 8/10 ਕੁ ਇੰਚ ਲੰਮੇ ਸਰੀਏ ਦੇ ਟੋਟੇ ਲਾਏ ਜਾਂਦੇ ਸਨ। ਇਸ ਲੱਕੜ ਦੇ ਉਪਰਲੇ ਹਿੱਸੇ ਦੇ ਵਿਚਾਲੇ ਜੰਘੀ ਲਾਈ ਜਾਂਦਾ ਸੀ। ਜੰਘੀ ਵਿਚ ਹੱਥੀ ਲੱਗੀ ਹੁੰਦੀ ਸੀ। ਫੱਟੇ ਦੇ ਸਿਰਿਆਂ ਦੇ ਦੋ ਦੋ ਕੁ ਫੁੱਟ ਅੰਦਰ ਕਰਕੇ ਦੋ ਲੋਹੇ ਦੇ ਕੁੰਡੇ ਲਾਏ ਜਾਂਦੇ ਸਨ। ਇਨ੍ਹਾਂ ਕੁੰਡਿਆਂ ਵਿਚ ਰੱਸੇ ਪਾ ਕੇ ਬਲਦਾਂ ਦੀ ਜੋੜੀ ਦੇ ਗਲਾਂ ਵਿਚ ਪਾਈ ਪੰਜਾਲੀ ਵਿਚ ਬੰਨ੍ਹੇ ਜਾਂਦੇ ਸਨ। ਕਰੰਡੀ ਵਿਚ ਲੱਗੀ ਹੱਥੀ ਨੂੰ ਫੜ ਕੇ ਜਿਮੀਂਦਾਰ ਕਰੰਡੀ ਚਲਾਉਂਦਾ ਸੀ। ਕਰੰਡੀ ਬਲਦਾਂ ਦੀ ਇਕ ਜੋੜੀ ਨਾਲ ਚਲਾਈ ਜਾਂਦੀ ਸੀ। ਕਰੰਡੀ ਦੀ ਵਰਤੋਂ ਖੇਤ ਵਿਚੋਂ ਘਾਹ ਫੂਸ ਕੱਠਾ ਕਰਨ ਲਈ ਵੀ ਕੀਤੀ ਜਾਂਦੀ ਸੀ।[2]
ਹੁਣ ਸਾਰੀ ਖੇਤੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਹੁਣ ਟਰੈਕਟਰ ਨਾਲ ਚੱਲਣ ' ਵਾਲੀਆਂ ਕਰੰਡੀਆਂ ਹਨ, ਜਿਸ ਨੂੰ ਬਾਰ ਹੈਰੋ ਵੀ ਕਹਿੰਦੇ ਹਨ। ਲੱਕੜ ਦੀ ਬਣੀ ਉਹ ਕਰੰਡੀ ਅੱਜ ਦੀ ਖੇਤੀ ਵਿਚੋਂ ਅਲੋਪ ਹੋ ਗਈ ਹੈ।