ਰੋਮਾਂਸਵਾਦ
From Wikipedia, the free encyclopedia
ਰੋਮਾਂਸਵਾਦ ਇੱਕ ਕਲਾਤਮਿਕ, ਸਾਹਿਤਕ ਅਤੇ ਬੌਧਿਕ ਅੰਦੋਲਨ ਹੈ ਜੋ 18ਵੀਂ ਸਦੀ ਦੇ ਪਿਛਲੇ ਅੱਧ ਵਿੱਚ ਯੂਰਪ ਵਿੱਚ ਸ਼ੁਰੂ ਹੋਇਆ ਅਤੇ ਅੰਸ਼ਕ ਤੌਰ ਤੇ ਉਦਯੋਗਕ ਕ੍ਰਾਂਤੀ ਦੀ ਪ੍ਰਤੀਕਿਰਿਆ ਦੇ ਰੂਪ ਵਿੱਚ ਇਹ ਕਿਤੇ ਵਧੇਰੇ ਤਾਕਤ ਫੜ ਗਿਆ ਅਤੇ 19ਵੀਂ ਸਦੀ ਦੇ ਪਹਿਲੇ ਅੱਧ (ਲਗਪਗ 1800 ਤੋਂ 1840) ਦੇ ਸਮੇਂ ਦੌਰਾਨ ਬਹੁਤੇ ਖੇਤਰਾਂ ਵਿੱਚ ਆਪਣੀ ਸਿਖਰ ਉੱਤੇ ਸੀ। ਕਲਾਸਕੀਵਾਦ ਅਤੇ ਨਵਕਲਾਸਕੀਵਾਦ ਦੇ ਕਰੜੇ ਅਨੁਸ਼ਾਸਨ ਤੋਂ ਵਿਦਰੋਹ ਦੇ ਨਾਲ ਨਾਲ ਇਹ ਕੁਝ ਹੱਦ ਤੱਕ ਵੀ ਪ੍ਰਬੁੱਧਤਾ ਦੇ ਅਤੇ 18ਵੀਂ ਸਦੀ ਦੇ ਬੁੱਧੀਵਾਦ ਦੇ ਖਿਲਾਫ ਇੱਕ ਪ੍ਰਤੀਕਰਮ ਵੀ ਸੀ।[1] ਰੋਮਾਂਸਵਾਦ ਦੀ ਸੰਸਾਰ ਸਾਹਿਤ ਨੂੰ ਉਹ ਇਤਿਹਾਸਕ ਤੇ ਜ਼ਿਕਰਯੋਗ ਦੇਣ ਹੈ ਜਿਸ ਸਦਕਾ ਸਾਹਿਤ ਨੂੰ ਆਜ਼ਾਦ ਤੌਰ ਤੇ ਵਿਚਰਨ ਦਾ ਅਵਸਰ ਹੀ ਪ੍ਰਾਪਤ ਨਹੀਂ ਹੋਇਆ ਸਗੋਂ ਇਸ ਖੇਤਰ ਵਿਚ ਨਵੇਂ ਨਵੇਂ ਪ੍ਰਯੋਗਾਂ, ਪ੍ਰਗਤੀ ਤੇ ਵਿਕਾਸ ਦੀਆਂ ਸੰਭਾਵਨਾਵਾਂ ਵੀ ਉਜਾਗਰ ਹੋਈਆਂ। ਰੋਮਾਂਸਵਾਦ ਤੋਂ ਪਹਿਲਾਂ ਸਾਹਿਤ ਪੂਰੀ ਤਰ੍ਹਾਂ ਸਨਾਤਨੀ ਕਾਵਿ-ਸਿਧਾਂਤਾਂ ਦੀ ਜਕੜ ਵਿਚ ਸੀ। ਇਸ ਜਕੜ ਕਾਰਨ ਸਨਾਤਨੀ ਨੇਮਾਵਲੀ ਅਧੀਨ ਵਿਚਰਦਾ ਸਾਹਿਤ ਸਨਾਤਨੀ ਐਲਾਨੀਆਂ ਗਈਆਂ ਰਚਨਾਵਾਂ ਦਾ ਵਸਤੂ, ਰੂਪ, ਭਾਸ਼ਾ, ਸ਼ੈਲੀ ਪੱਖੋਂ ਅਨੁਸਰਣ ਕਰਨਾ ਆਪਣਾ ਫ਼ਰਜ਼ ਸਮਝਦਾ ਸੀ। ਅਜਿਹਾ ਹੋਣ ਕਾਰਨ ਇਹ ਸੀ ਕਿ ਸਨਾਤਨੀ ਸਮਝੀਆਂ ਜਾਂਦੀਆਂ ਸਾਹਿਤ ਕਿਰਤਾਂ ਦਾ ਵਸਤੂ ਤੇ ਰਚਨਾਤਮਕ ਸੰਗਠਨ ਵਜੋਂ ਅਨੁਸਰਨ ਕਰਨਾ ਉੱਤਮ ਸਾਹਿਤਕਾਪੀ ਦਾ ਸਬੂਤ ਮੰਨਿਆਂ ਜਾਂਦਾ ਸੀ। ਸਿੱਟੇ ਵੱਜੋਂ ਸਾਹਿਤਕਾਰੀ ਆਪਣੇ ਪੂਰਵਵਰਤੀ ਸਨਾਤਨੀ ਸਾਹਿਤ ਨੂੰ ਆਪਣਾ ਆਦਰਸ਼ ਮਿੱਥਦੀ ਹੋਈ ਇਸਦੀ ਰੀਸ ਕਰਨ ਵਿੱਚ ਪੂਰਨ ਵਿਸ਼ਵਾਸ ਰੱਖਦੀ ਸੀ। ਇਸ ਨਾਲ ਸਾਹਿਤ-ਖੇਤਰ ਅੰਦਰ ਵਿਕਾਸ ਲਈ ਲੋੜੀਂਦੇ ਨਵੇਂ ਪ੍ਰਯੋਗਾਂ ਦੀ ਕਿਸੇ ਸੰਭਾਵਨਾ ਦੀ ਕੋਈ ਗੁੰਜਾਇਸ਼ ਨਹੀਂ ਸੀ ਇਸ ਤਰ੍ਹਾਂ ਸਨਾਤਨੀ ਨੇਮਾਵਲੀ ਦੀ ਜਕੜਨ ਸਾਹਿਤਕ ਪ੍ਰਗਤੀ ਲਈ ਪੂਰੀ ਤਰ੍ਹਾਂ ਬਾਧਕ ਬਣੀ ਹੋਈ ਸੀ। ਇਸ ਰੁਕਾਵਟ ਖਿਲਾਫ਼ ਰੋਮਾਂਸਵਾਦ ਇਕ ਵਿਦ੍ਰੋਹ ਬਣਕੇ ਸਾਹਮਣੇ ਆਇਆ ਜਿਸ ਨੇ ਸਨਾਤਨੀ ਰਚਨਾਤਮਕ ਦ੍ਰਿਸ਼ਟੀ ਨੂੰ ਵੰਗਾਰਦਿਆਂ ਇਸਦੀ ਸਰਦਾਰੀ ਮੰਨਣ ਤੋਂ ਇਨਕਾਰ ਕੀਤਾ। ਰੋਮਾਂਸਵਾਦ ਦੀ ਇਸ ਕਰਨੀ ਨਾਲ ਸਾਹਿਤ ਕਲਾ ਨੂੰ ਸਨਾਤਨੀ ਕਾਵਿ-ਸਿਧਾਂਤਾਂ ਦੀ ਕੈਦ ਤੋਂ ਮੁਕਤ ਹੋਣ ਦਾ ਅਵਸਰ ਮਿਲਿਆ। ਇਸ ਤਰ੍ਹਾਂ ਰੋਮਾਂਸਵਾਦੀ ਪ੍ਰਵਿਰਤੀ ਸਾਹਿਤ-ਖੇਤਰ ਅੰਦਰ ਜ਼ਿਕਰਯੋਗ ਤਬਦੀਲੀ ਲਿਆਉਣ ਦਾ ਸਬੱਬ ਬਣੀ।[2]